ਡਾਇਨਾ ਪੇਂਟੀ ਵੱਲੋਂ ਦਿਲਜੀਤ ਦੁਸਾਂਝ ਦੀਆਂ ਸਿਫ਼ਤਾਂ
ਨਵੀਂ ਦਿੱਲੀ:
ਫ਼ਿਲਮ ‘ਡਿਟੈਕਟਿਵ ਸ਼ੇਰਦਿਲ’ ਰਿਲੀਜ਼ ਹੋਣ ਲਈ ਤਿਆਰ ਹੈ। ਪ੍ਰਸ਼ੰਸਕਾਂ ’ਚ ਫ਼ਿਲਮ ਲਈ ਕਾਫ਼ੀ ਉਤਸ਼ਾਹ ਹੈ। ਫ਼ਿਲਮ 20 ਜੂਨ ਤੋਂ ਜ਼ੀ5 ’ਤੇ ਰਿਲੀਜ਼ ਹੋ ਰਹੀ ਹੈ। ਇਸ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਦਿਲਜੀਤ ਦੁਸਾਂਝ, ਡਾਇਨਾ ਪੇਂਟੀ, ਬੋਮਨ ਇਰਾਨੀ, ਰਤਨਾ ਪਾਠਕ ਸ਼ਾਹ ਵਰਗੇ ਬਿਹਤਰੀਨ ਅਦਾਕਾਰਾਂ ਦੀ ਮੌਜੂਦਗੀ ਨੇ ਫ਼ਿਲਮ ਲਈ ਉਤਸੁਕਤਾ ਹੋਰ ਵਧਾ ਦਿੱਤੀ ਹੈ। ਡਾਇਨਾ ਪੇਂਟੀ ਇਸ ਵਿੱਚ ਨਤਾਸ਼ਾ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਡਿਟੈਕਟਿਵ ਹੈ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਪੇਂਟੀ ਨੇ ਦੁਸਾਂਝ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ। ਉਸ ਨੇ ਕਿਹਾ ਕਿ ਦਿਲਜੀਤ ਨਾਲ ਕੰਮ ਕਰ ਕੇ ਕਾਫ਼ੀ ਮਜ਼ਾ ਆਇਆ। ਉਸ ਦੇ ਮਜ਼ਾਕੀਆ ਅੰਦਾਜ਼ ਨੇ ਸੈੱਟ ਨੂੰ ਸਹਿਜ ਬਣਾ ਦਿੱਤਾ। ਉਸ ਨੇ ਕਿਹਾ, ‘‘ਮੈਂ (ਸੈੱਟ ’ਤੇ) ਸੁਣਦੀ ਤੇ ਦੇਖਦੀ ਰਹਿੰਦੀ ਸੀ ਕਿ ਉਹ ਪੰਜਾਬੀ ਵਿੱਚ ਕੁੱਝ ਨਾ ਕੁੱਝ ਬੋਲ ਦਿੰਦੇ ਸਨ ਅਤੇ ਮੈਂ ਇਸ ਨੂੰ ਕਾਫ਼ੀ ਹੱਦ ਤੱਕ ਸਮਝਦੀ ਸੀ ਪਰ ਹਾਂ, ਉਹ ਸੈੱਟ ’ਤੇ ਬਹੁਤ ਮਜ਼ਾਕੀਆ ਵਿਅਕਤੀ ਸਨ ਅਤੇ ਬਹੁਤ ਚੰਗੇ ਇਨਸਾਨ ਵੀ।’’ ਪੇਂਟੀ ਨੇ ਦਿਲਜੀਤ ਦੇ ਨਿਮਰ ਅਤੇ ਸਤਿਕਾਰਤ ਸੁਭਾਅ ਨੂੰ ਯਾਦ ਕਰਦਿਆਂ ਉਸ ਨੂੰ ਅਜਿਹੀ ਸ਼ਖਸੀਅਤ ਵਜੋਂ ਪੇਸ਼ ਕੀਤਾ, ਜੋ ਕਦੇ ਆਪਣੀ ਗੱਲ ਦੂਸਰਿਆਂ ’ਤੇ ਥੋਪਦਾ ਨਹੀਂ, ਸਗੋਂ ਸੈੱਟ ’ਤੇ ਸਹਿਜ ਅਤੇ ਨਿੱਘ ਵਾਲਾ ਮਾਹੌਲ ਬਣਾ ਕੇ ਰੱਖਦਾ ਹੈ। ਉਸ ਨੇ ਕਿਹਾ ਕਿ ਦਿਲਜੀਤ ਬਹੁਤ ਹੀ ਨਿਮਰ ਅਤੇ ਆਪਣੇ ਆਲੇ-ਦੁਆਲੇ ਲੋਕਾਂ ਦਾ ਸਤਿਕਾਰ ਕਰਨ ਵਾਲਾ ਵਿਅਕਤੀ ਹੈ। -ਏਐੱਨਆਈ