ਧਨੁਸ਼ ਨੇ ਵਾਰਾਣਸੀ ਦੀਆਂ ਯਾਦਾਂ ਕੀਤੀਆਂ ਸਾਂਝੀਆਂ
ਅਦਾਕਾਰ ਧਨੁਸ਼ ਅਤੇ ਕ੍ਰਿਤੀ ਸੈਨਨ ਨੇ ਆਪਣੀ ਭਲਕੇ ਸ਼ੁੱਕਰਵਾਰ ਨੂੰ ਆਉਣ ਵਾਲੀ ਫ਼ਿਲਮ ‘ਤੇਰੇ ਇਸ਼ਕ ਮੇਂ’ ਲਈ ਪ੍ਰਚਾਰ ਕੀਤਾ। ਫਿਲਮ ਦੀ ਪ੍ਰਮੋਸ਼ਨ ਲਈ ਅਦਾਕਾਰ ਵਾਰਾਣਸੀ ਪਹੁੰਚੇ ਅਤੇ ਇਸ ਪ੍ਰਾਚੀਨ ਸ਼ਹਿਰ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਅਤੇ ਭਾਵਨਾਵਾਂ ਸਾਂਝੀਆਂ ਕੀਤੀਆਂ। ਧਨੁਸ਼ ਨੇ ਦੱਸਿਆ ਕਿ ਇਸ ਸ਼ਹਿਰ ਨੇ ਉਸ ਦੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਂਦੀ। ਉਸ ਨੇ ਕਿਹਾ, ‘‘ਮੈਂ ਇੱਥੋਂ ਦੀ ਹਰ ਗਲੀ, ਘਾਟ ਅਤੇ ਮੰਦਰ ਨਾਲ ਜੁੜਿਆ ਹੋਇਆ ਹਾਂ। ਇਸ ਸ਼ਹਿਰ ਕਰਕੇ ਮੇਰੇ ਅੰਦਰ ਜਾਗਰੂਕਤਾ ਆਈ ਅਤੇ ਮੈਂ ਖੁਦ ਨੂੰ ਮਹਾਦੇਵ ਦੇ ਹਵਾਲੇ ਕਰ ਦਿੱਤਾ।’’ ਫਿਲਮਸਾਜ਼ ਆਨੰਦ ਐੱਲ ਰਾਏ ਨੇ ਕਿਹਾ ਕਿ ਬਨਾਰਸ ਨੇ ਉਸ ਦੇ ਨਿੱਜੀ ਜੀਵਨ ਦਰਸ਼ਨ ਨੂੰ ਘੜਿਆ ਹੈ। ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਪਹਿਲੀ ਵਾਰਾਣਸੀ ਫੇਰੀ ਯਾਦ ਕਰਦਿਆਂ ਦੱਸਿਆ ਕਿ ਉਹ ਇੱਥੇ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਲਈ ਆਈ ਸੀ, ਜਿਸ ਦਾ ਨਿਰਦੇਸ਼ਨ ਵੀ ਆਨੰਦ ਰਾਏ ਨੇ ਹੀ ਕੀਤਾ ਸੀ। ਭਾਵੇਂ ਉਹ ਇਸ਼ਤਿਹਾਰ ਕਦੇ ਰਿਲੀਜ਼ ਨਹੀਂ ਹੋਇਆ ਪਰ ਯਾਦਾਂ ਰਹਿ ਗਈਆਂ। ਕ੍ਰਿਤੀ ਨੇ ਅਫ਼ਸੋਸ ਜਤਾਇਆ ਕਿ ਉਹ ਫਿਲਮ ਦੇ ਆਪਣੇ ਹਿੱਸੇ ਦੀ ਸ਼ੂਟਿੰਗ ਇਸ ਸ਼ਹਿਰ ਵਿੱਚ ਨਹੀਂ ਕਰ ਸਕੀ। ਉਸ ਨੇ ਕਿਹਾ, ‘‘ਮੈਂ ਸਰ ਨੂੰ ਕਿਹਾ ਸੀ ਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਮੈਂ ਇੱਥੇ ਆ ਕੇ ਆਸ਼ੀਰਵਾਦ ਜ਼ਰੂਰ ਲਵਾਂਗੀ।’’ ਫਿਲਮ ਦੇ ਸੰਗੀਤ ਬਾਰੇ ਕ੍ਰਿਤੀ ਨੇ ਏ ਆਰ ਰਹਿਮਾਨ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਭਲਕੇ 28 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।
