‘ਧਮਾਲ 4’ ਦੀ ਸ਼ੂਟਿੰਗ ਪੂਰੀ, ਅਗਲੇ ਸਾਲ ਈਦ ’ਤੇ ਹੋਵੇਗੀ ਰਿਲੀਜ਼
ਹਿੰਦੀ ਫਿਲਮ ‘ਧਮਾਲ-4’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਦੇ ਅਗਲੇ ਸਾਲ ਈਦ ’ਤੇ ਰਿਲੀਜ਼ ਹੋਣ ਦੀ ਉਮੀਦ ਹੈ। ਅੱਜ ਅਜੈ ਦੇਵਗਨ ਨੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦਾ ਐਲਾਨ ਕਰਦਿਆਂ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਜੈ ਨੇ ‘ਬ੍ਰੇਕਿੰਗ ਨਿਊਜ਼’ ਵਾਂਗ ਖ਼ਬਰ ਸਾਂਝੀ ਕਰਦਿਆਂ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦਾ ਐਲਾਨ ਕੀਤਾ। ਅਜੈ ਨੇ ਪੋਸਟ ਨੂੰ ਕੈਪਸ਼ਨ ਦਿੱਤੀ,‘ਆਜ ਕੀ ਤਾਜ਼ਾ ਖ਼ਬਰ, ਬਰਾਊਟ ਟੂ ਯੂ ਬਾਇ ਦਿ ਗੈਂਗ, ਜੋ ਜਲਦ ਹੀ ਲੂਟਨੇ ਆ ਰਹੇ ਹੈਂ ਆਪਕਾ ਦਿਲ....ਔਰ ਦਿਮਾਗ!’ ਧਮਾਲ-4 ਈਦ ਮੌਕੇ 2026 ਵਿੱਚ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਫਿਲਮ ਵਿੱਚ ਅਜੈ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ, ਈਸ਼ਾ ਗੁਪਤਾ, ਸੰਜੀਦਾ ਸ਼ੇਖ, ਅੰਜਲੀ ਆਨੰਦ, ਵਿਜੈ ਪਾਟਕਰ ਅਤੇ ਰਵੀ ਕਿਸ਼ਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ ਕੀਤਾ ਹੈ। ਇਹ ਫਿਲਮ ਅਜੈ ਦੇਵਗਨ, ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਅਸ਼ੋਕ ਠਾਕੇਰੀਆ, ਇੰਦਰ ਕੁਮਾਰ, ਆਨੰਦ ਪੰਡਤ ਅਤੇ ਕੁਮਾਰ ਮੰਗਤ ਪਾਠਕ ਵੱਲੋਂ ਬਣਾਈ ਗਈ ਹੈ। ਧਮਾਲ 2007 ਦੀ ਕਾਮੇਡੀ ਫਿਲਮ ਹੈ, ਜੋ ਇੰਦਰ ਕੁਮਾਰ ਦੇ ਨਿਰਦੇਸ਼ਨ ਹੇਠ ਅਸ਼ੋਕ ਠਕੇਰੀਆ ਵੱਲੋਂ ਬਣਾਈ ਗਈ ਹੈ। ਇਹ ਫਿਲਮ ਆਉਂਦਿਆਂ ਹੀ ਹਿੱਟ ਹੋ ਗਈ ਸੀ ਅਤੇ ਬਾਅਦ ਵਿੱਚ ਇਸ ਦੇ ਅਗਲੇ ਭਾਗ ‘ਡਬਲ ਧਮਾਲ’ (2011) ਅਤੇ ‘ਟੋਟਲ ਧਮਾਲ’ (2019) ਵਿੱਚ ਬਣਾਏ ਗਏ ਸਨ।