ਵਿਦੇਸ਼ਾਂ ਵਿੱਚ ਪਰਵਾਸੀਆਂ ਵਿਰੁੱਧ ਵਿਖਾਵੇ
31 ਅਗਸਤ ਵਾਲੇ ਐਤਵਾਰ ਨੂੰ ਆਸਟਰੇਲੀਆ ਦੇ ਸ਼ਹਿਰਾਂ ਵਿੱਚ ਭਾਰਤੀ ਪਰਵਾਸੀਆਂ ਵਿਰੁੱਧ ਵਿਖਾਵਿਆਂ ਪਿਛੋਂ ਯੂ ਕੇ ਅਤੇ ਕੈਨੇਡਾ ਵਿੱਚ ਵੀ ਪਰਵਾਸੀਆਂ ਵਿਰੁੱਧ ਨਸਲੀ ਮੁਜ਼ਾਹਰੇ ਹੋਏ ਹਨ। ਲੰਡਨ ਵਿੱਚ ਕੀਤਾ ਗਿਆ ਮੁਜ਼ਾਹਰਾ ਪਰਵਾਸੀਆਂ ਵਿਰੁੱਧ ਹੋਏ ਵਿਖਾਵਿਆਂ ’ਚੋਂ ਸਭ ਤੋਂ ਵੱਡਾ ਸੀ...
31 ਅਗਸਤ ਵਾਲੇ ਐਤਵਾਰ ਨੂੰ ਆਸਟਰੇਲੀਆ ਦੇ ਸ਼ਹਿਰਾਂ ਵਿੱਚ ਭਾਰਤੀ ਪਰਵਾਸੀਆਂ ਵਿਰੁੱਧ ਵਿਖਾਵਿਆਂ ਪਿਛੋਂ ਯੂ ਕੇ ਅਤੇ ਕੈਨੇਡਾ ਵਿੱਚ ਵੀ ਪਰਵਾਸੀਆਂ ਵਿਰੁੱਧ ਨਸਲੀ ਮੁਜ਼ਾਹਰੇ ਹੋਏ ਹਨ। ਲੰਡਨ ਵਿੱਚ ਕੀਤਾ ਗਿਆ ਮੁਜ਼ਾਹਰਾ ਪਰਵਾਸੀਆਂ ਵਿਰੁੱਧ ਹੋਏ ਵਿਖਾਵਿਆਂ ’ਚੋਂ ਸਭ ਤੋਂ ਵੱਡਾ ਸੀ ਜਿਸ ਵਿੱਚ 1,10,000 ਲੋਕ ਸ਼ਾਮਿਲ ਹੋਏ। ਨਸਲਵਾਦੀ ਸੱਜ-ਪਿਛਾਖੜ ਨੂੰ ਜਿਨ੍ਹਾਂ ਵੱਡਾ ਸਮਰਥਨ ਮਿਲਿਆ, ਉਸ ਦੀ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਰਾਜਨੀਤਕ ਮਾਹਿਰਾਂ ਨੂੰ ਇੰਨੀ ਉਮੀਦ ਸੀ।
ਇਹ ਬਿਨਾਂ ਸ਼ੱਕ ਆਉਣ ਵਾਲੇ ਸਮੇਂ ਵਿੱਚ ਪਰਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਲਈ ਮੁਸ਼ਕਿਲਾਂ ਪੈਦਾ ਕਰਨ ਵਾਲਾ ਲਗਦਾ ਹੈ। ਵ੍ਹਾਈਟ ਹਾਲ ਜਿੱਥੇ ਪ੍ਰਧਾਨ ਮੰਤਰੀ ਸਮੇਤ ਹੋਰ ਸਰਕਾਰੀ ਦਫ਼ਤਰ ਹਨ, ਨੇੜੇ ਇੰਨੀ ਵੱਡੀ ਭੀੜ ਨੂੰ ਪਰਵਾਸੀਆਂ ਦੇ ਇਕੱਠ ਤੋਂ ਵੱਖ ਰੱਖਣ ਲਈ ਪੁਲੀਸ ਨੂੰ ਕਾਫੀ ਮੁਸ਼ਕਿਲ ਪੇਸ਼ ਆਈ, ਜਿਸ ਨੂੰ ਖੱਬੇ ਪੱਖੀ ਨੇਤਾ ਜੋਹਨ ਮੈਕਡੋਨਲ ਅਤੇ ਡਿਆਨ ਐਬਟ ਸੰਬੋਧਨ ਕਰ ਰਹੇ ਸਨ। ਇਨ੍ਹਾਂ ਝੜਪਾਂ ਵਿੱਚ 26 ਪੁਲੀਸ ਕਰਮੀ ਜ਼ਖ਼ਮੀ ਹੋਏ। ਪਰਵਾਸ ਵਿਰੋਧੀ ਪ੍ਰਦਰਸ਼ਨ ਦੀ ਅਗਵਾਈ ਇੰਗਲਿਸ਼ ਡਿਫੈਂਸ ਲੀਗ ਨੇਤਾ ਟੌਮੀ ਰੋਬਿਨਸਨ ਕਰ ਰਿਹਾ ਸੀ, ਜਿਸ ਨੂੰ ਅਮਰੀਕੀ ਅਰਬ ਪਤੀ ਐਲਨ ਮਸਕ ਨੇ ਵੀਡੀਓ ਲਿੰਕ ਰਾਹੀਂ ਸੰਬੋਧਨ ਕੀਤਾ। ਇਸ ਵਿਖਾਵੇ ਦੀ ਦੂਜੇ ਸੱਜ-ਪਿਛਾਖੜ ਨੇਤਾ ਪੀਟਰ ਬਿਸਟ੍ਰੋਨ ਅਤੇ ਐਰਿਕ ਜੈੱਮਰ ਵੀ ਅਗਵਾਈ ਕਰ ਰਹੇ ਸਨ।
ਆਸਟਰੇਲੀਆ ਵਿੱਚ ਭਾਰਤੀ ਪਰਵਾਸੀਆਂ ਵਿਰੁੱਧ ਕੀਤੇ ਇਹ ਵਿਖਾਵੇ ਦੇਸ਼ ਦੀ ਸੱਜ-ਪਿਛਾਖੜ ‘ਵਨ ਨੇਸ਼ਨ’ ਪਾਰਟੀ ਅਤੇ ਨਵ-ਨਾਜੀ ਗਰੁੱਪ ਨੇ ਕੀਤੇ। ਉਨ੍ਹਾਂ ਨੇ ਇਹ ਵਿਖਾਵੇ ਸਿਡਨੀ, ਮੈਲਬਰਨ, ਬ੍ਰਿਸਬੇਨ ਅਤੇ ਕੈਨਬਰਾ ਸਮੇਤ ਕਈ ਸ਼ਹਿਰਾਂ ਵਿੱਚ ਕੀਤੇ। ਭਾਰਤੀਆਂ ਨੇ ਉਨ੍ਹਾਂ ਦੇ ਵਿਰੋਧ ਵਿੱਚ ਸਮਾਨਾਂਤਰ ਪ੍ਰਦਰਸ਼ਨ ਕੀਤੇ ਜਿਨ੍ਹਾਂ ਦੀ ਮੈਲਬਰਨ ਵਿੱਚ ‘ਮਾਰਚ ਫਾਰ ਆਸਟਰੇਲੀਆ’ ਨਾਲ ਝੜਪ ਵੀ ਹੋਈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਲੇਬਰ ਪਾਰਟੀ ਸਰਕਾਰ ਨੇ ਇਸ ਨੂੰ ਨਸਲੀ ਅਤੇ ਨਵ-ਨਾਜੀ ਕਾਰਵਾਈ ਦੱਸਦਿਆਂ ਕਿਹਾ ਕਿ ਸਰਕਾਰ ਸਮਾਜ ਨੂੰ ਵੰਡਣ ਵਾਲੀਆਂ ਅਤੇ ਨਫਰਤ ਫੈਲਾਉਣ ਵਾਲੀਆਂ ਅਜਿਹੀਆਂ ਤਾਕਤਾਂ ਦਾ ਵਿਰੋਧ ਕਰਦੀ ਹੈ।
ਭਾਰਤੀਆਂ ਦਾ ਵਿਰੋਧ ਕਰਨ ਵਾਲੇ ਇਹ ਲੋਕ ਪਰਵਾਸੀਆਂ ਨੂੰ ਰੁਜ਼ਗਾਰ, ਵੇਤਨ, ਮਹਿੰਗਾਈ, ਘਰਾਂ ਦੀ ਥੋੜ, ਟਰੈਫਿਕ, ਵਾਟਰ ਸਪਲਾਈ, ਸਿਹਤ ਸਹੂਲਤਾਂ ’ਚ ਕਮੀ ਅਤੇ ਜੁਰਮਾਂ ਲਈ ਜਿ਼ੰਮੇਵਾਰ ਦੱਸਦੇ ਹਨ। ਲੇਬਰ ਪਾਰਟੀ ਸਰਕਾਰ ਅਤੇ ਸੱਜੇ ਪੱਖੀ ਲਿਬਰਲ ਪਾਰਟੀ ਦੀ ਵਿਰੋਧੀ ਧਿਰ ਦੇ ਆਗੂਆਂ ਨੇ ‘ਮਾਰਚ ਫਾਰ ਆਸਟਰੇਲੀਆ’ ਦੀਆਂ ਰੈਲੀਆਂ ਵਿੱਚ ਸੱਜ-ਪਛਾਖੜੀਆਂ ਦੀ ਸ਼ਮੂਲੀਅਤ ’ਤੇ ਚਿੰਤਾ ਜਤਾਈ। ‘ਮਾਰਚ ਫਾਰ ਆਸਟਰੇਲੀਆ’ ਦੀ ਕਾਰਵਾਈ ਭਾਰਤੀ ਪਰਵਾਸੀਆਂ ਵੱਲ ਸੇਧਿਤ ਸੀ ਜਿਨ੍ਹਾਂ ਦੀ ਗਿਣਤੀ ਉਨ੍ਹਾਂ ਅਨੁਸਾਰ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤੀ ਪਰਵਾਸੀਆਂ ਦਾ ਵਿਰੋਧ ਕਰਨ ਵਾਲੇ ਇਹ ਲੋਕ ਵੀ ਪੁਰਾਤਨ ਆਸਟਰੇਲੀਅਨ ਨਹੀਂ ਅਤੇ ਉਨ੍ਹਾਂ ਦੇ ਵੱਡ-ਵਡੇਰੇ ਵੀ ਯੂਰੋਪੀਅਨ ਦੇਸ਼ਾਂ ਜਾਂ ਹੋਰ ਥਾਵਾਂ ਤੋਂ ਆਏ ਸਨ। ‘ਮਾਰਚ ਫਾਰ ਆਸਟਰੇਲੀਆ’ ਵਾਲੇ ਇਹ ਰੂੜੀਵਾਦੀ ਆਸਟਰੇਲੀਆ ਦੇ ਲੋਕਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਸਗੋਂ ਉਹ ਨਸਲਵਾਦੀ ਗਰੁੱਪ ਹੈ ਜੋ ਦੇਸ਼ ਦੀ ਮੁੱਖ ਧਾਰਾ ਤੋਂ ਕੱਟੇ ਹੋਏ ਹਨ।
ਆਸਟਰੇਲੀਆ ਦੇ ਪ੍ਰਾਚੀਨ ਬਾਸਿ਼ੰਦੇ ਉਹ ਹਨ ਜਿਨ੍ਹਾਂ ਨੂੰ 1788 ਵਿੱਚ ਆਏ ਧਾੜਵੀਆਂ ਨੇ ਐਬੋਰੀਜਨਲ ਦਾ ਨਾਂ ਦਿੱਤਾ। ਉਹ ਆਦਿਵਾਸੀਆਂ ਵਰਗੇ ਸਨ ਜੋ ਸ਼ਿਕਾਰ ਅਤੇ ਮੱਛੀ ’ਤੇ ਗੁਜ਼ਾਰਾ ਕਰਦੇ ਸਨ। ਉਨ੍ਹਾਂ ਨੂੰ ਜੰਗਲਾਂ ਵੱਲ ਖਦੇੜ ਦਿੱਤਾ ਗਿਆ ਅਤੇ ਉਨ੍ਹਾਂ ਦੀ ਨਸਲਕੁਸ਼ੀ ਕੀਤੀ ਗਈ। ਉਨ੍ਹਾਂ ਦੀ ਆਬਾਦੀ 2021 ਦੀ ਜਨਗਣਨਾ ਅਨੁਸਾਰ ਆਸਟਰੇਲੀਆ ਦੀ ਕੁੱਲ 2,54,23,000 ਵਿੱਚੋਂ ਕੇਵਲ 8,12,000 ਹੀ ਸੀ। ਆਸਟਰੇਲੀਆ ਦੀ ਲਗਭਗ ਤੀਸਰਾ ਹਿੱਸਾ ਆਬਾਦੀ ਉਨ੍ਹਾਂ ਲੋਕਾਂ ਦੀ ਹੈ ਜੋ ਇਸ ਦੇਸ਼ ਵਿੱਚ ਨਹੀਂ ਜਨਮੇ। ਜਦੋਂ 1788 ਵਿੱਚ 11 ਜਹਾਜ਼ਾਂ ਦਾ ਬਹਿਰੀ ਬੇੜਾ ਆਸਟਰੇਲੀਆ ਦੇ ਤੱਟ ’ਤੇ ਪੁੱਜਾ, ਉਦੋਂ ਬਰਤਾਨਵੀ ਸਰਕਾਰ ਦਾ ਮਨੋਰਥ ਕੈਦੀਆਂ ਨੂੰ ਉੱਥੇ ਪਹੰਚਾਉਣਾ ਸੀ।
ਗਾਜ਼ਾ ਵਿੱਚ ਫ਼ਲਸਤੀਨੀਆਂ ਦੀ ਨਸਲਕੁਸ਼ੀ ਅਤੇ ਔਰਤਾਂ ਬੱਚਿਆਂ ਸਮੇਤ ਭੁੱਖ ਅਤੇ ਗੋਲੀਆਂ ਨਾਲ ਮਾਰੇ ਜਾ ਰਹੇ ਹਜ਼ਾਰਾਂ ਲੋਕਾਂ ਦੇ ਹੱਕ ਵਿੱਚ ਇਜ਼ਰਾਈਲ ਵਿਰੁੱਧ ਆਸਟਰੇਲੀਆ ਵਿੱਚ ਅਗਸਤ ਮਹੀਨੇ ਕੀਤੀਆਂ ਗਈਆਂ ਵਿਸ਼ਾਲ ਰੈਲੀਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀਆਂ ਨੇ ਭਾਗ ਲਿਆ ਸੀ, ਨੇ ਵੀ ‘ਮਾਰਚ ਫਾਰ ਆਸਟਰੇਲੀਆ’ ਨੂੰ ਰੈਲੀਆਂ ਕਰਨ ਲਈ ਉਕਸਾਇਆ ਪਰ ਜਿਸ ਤਰ੍ਹਾਂ ‘ਮਾਰਚ ਫਾਰ ਆਸਟਰੇਲੀਆ’ ਵਾਲਿਆਂ ਨੇ ਭਾਰਤੀਆਂ ਨੂੰ ਨਿਖੇੜ ਕੇ ਨਿਸ਼ਾਨਾ ਬਣਾਇਆ, ਉਸ ਨੇ ਇੱਧਰ ਵੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ 2008 ਵਿੱਚ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ’ਤੇ ਜਾਨਲੇਵਾ ਨਸਲੀ ਹਮਲੇ ਹੋਏ ਸਨ।
ਸਿਡਨੀ ਦੇ ਵਿਸ਼ਵ ਪ੍ਰਸਿੱਧ ਹਾਰਬਰ ਬਰਿੱਜ ’ਤੇ ਕੀਤੇ ਵਿਸ਼ਾਲ ਮਾਰਚ ਨੂੰ ਪੁਲ ਪਾਰ ਕਰਨ ਲਈ 3 ਘੰਟੇ ਦਾ ਸਮਾਂ ਲੱਗਾ। ਪੁਲੀਸ ਨੇ ਚਿਤਾਵਨੀ ਦਿੱਤੀ ਕਿ ਇੰਨੀ ਵੱਡੀ ਭੀੜ ਵਿੱਚ ਜਾਨਾਂ ਜਾ ਸਕਦੀਆਂ ਹਨ, ਇਸ ਲਈ ਮਾਰਚ ਵਾਪਸ ਵਿਨਯਾਰਡ ਨੂੰ ਪਰਤ ਜਾਵੇ। ਪੁਲੀਸ ਬੰਦੋਬਸਤ ਵਿੱਚ 1000 ਪੁਲਿਸ ਕਰਮੀ ਅਤੇ ਉਪਰ ਇਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ। ਕਰਾਊਡ ਸੇਫਟੀ ਮੈਨੇਜਮੈਂਟ ਨੇ ਹਾਰਬਰ ਬਰਿੱਜ ਮਾਰਚ ਵਿੱਚ ਲੋਕਾਂ ਦੀ ਗਿਣਤੀ ਸਵਾ ਦੋ ਲੱਖ ਤੋਂ 3 ਲੱਖ ਤੱਕ ਦੱਸੀ।
ਡਿਪਟੀ ਪੁਲੀਸ ਕਮਿਸ਼ਨਰ ਪੀਟਰ ਮੈੱਕੈਨਾ ਨੇ ਕਿਹਾ ਕਿ ਉਸ ਨੇ ਆਪਣੇ 35 ਸਾਲ ਦੇ ਸੇਵਾ ਕਾਲ ਵਿੱਚ ਇੰਨਾ ਵੱਡਾ ਇਕੱਠ ਕਦੇ ਨਹੀਂ ਦੇਖਿਆ। ਵਿਦੇਸ਼ ਮੰਤਰੀ ਪੈੱਨੀ ਵੌਂਗ ਨੇ ਕਿਹਾ ਕਿ ਇੰਨੀ ਵਿਸ਼ਾਲ ਭੀੜ ਦੇਖ ਕੇ ਉਸ ਨੂੰ ਹੈਰਾਨੀ ਨਹੀਂ ਹੋਈ, ਜੋ ਭੁੱਖ ਨਾਲ ਮਾਰੇ ਜਾ ਰਹੇ ਔਰਤਾਂ ਬੱਚਿਆਂ ਨੂੰ ਭੇਜੀ ਜਾ ਰਹੀ ਮਦਦ ਇਜ਼ਰਾਈਲ ਵੱਲੋਂ ਰੋਕੇ ਜਾਣ ਦੀ ਪੀੜ ਲਈ ਹਮਦਰਦੀ ਦੀ ਤਰਜਮਾਨੀ ਕਰਦੀ ਹੈ। ਦੂਸਰੇ ਪਾਸੇ ‘ਮਾਰਚ ਫਾਰ ਆਸਟਰੇਲੀਆ’ ਦੇ ਵਿਖਾਵਿਆਂ ਦੀ ਗਿਣਤੀ ਵੱਖ-ਵੱਖ ਸ਼ਹਿਰਾਂ ਵਿੱਚ 5000 ਤੋਂ 8000 ਤੱਕ ਹੀ ਸੀ।
2009 ਦੇ ਆਖਿ਼ਰੀ ਮਹੀਨੇ ਅਤੇ 2010 ਦੇ ਸ਼ੁਰੂ ਵਿੱਚ ਵੀ ਮੈਂ ਸਿਡਨੀ ਗਿਆ ਹੋਇਆ ਸਾਂ, ਉਦੋਂ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਰੌਣਕਾਂ ਵਿੱਚ ਖਬਰਾਂ ਆ ਰਹੀਆਂ ਸਨ ਕਿ ਸ੍ਰੀ ਲੰਕਾ ਦੇ 242 ਤਾਮਿਲ ਪਨਾਹਗੀਰਾਂ ਨਾਲ ਲੱਦੀ ਕਿਸ਼ਤੀ 12 ਹਫਤਿਆਂ ਤੋਂ ਇੰਡੋਨੇਸ਼ੀਆ ਦੀ ਮੇਰਾਕ ਬੰਦਰਗਾਹ ’ਤੇ ਰੁਕੀ ਹੋਈ ਹੈ ਜਿਨ੍ਹਾਂ ਨੇ ਇੰਡੋਨੇਸ਼ੀਆ ਉਤਰਨ ਤੋਂ ਨਾਂਹ ਕਰ ਦਿੱਤੀ ਸੀ। ਇਨ੍ਹਾਂ ’ਚੋਂ ਔਰਤਾਂ ਅਤੇ ਬੱਚਿਆਂ ਸਮੇਤ 16 ਤਾਮਿਲ ਆਸਟਰੇਲੀਆ ਵਿੱਚ ਸ਼ਰਨ ਲੈਣ ਲਈ ਲਿਆਂਦੇ ਜਾ ਰਹੇ ਸਨ, ਬਾਕੀਆਂ ’ਚੋਂ 21 ਅਮਰੀਕਾ ਤੇ 3 ਨਾਰਵੇ ਨੂੰ ਭੇਜੇ ਜਾ ਰਹੇ ਸਨ।
ਇਹ ਸਭ ਲੇਬਰ ਪਾਰਟੀ ਦੀ ਕੈਵਿਨ ਰੱਡ ਸਰਕਾਰ ਦੀ ਪਹਿਲਕਦਮੀ ’ਤੇ ਹੋ ਰਿਹਾ ਸੀ। ਇਸ ਦੇ ਨਾਲ ਹੀ ਖਬਰ ਸੀ ਕਿ ਥਾਈਲੈਂਡ ਦੇ ਸ਼ਰਨਾਰਥੀ ਕੈਂਪ ’ਚੋਂ ਹਮਾਂਗ ਪਨਾਹਗੀਰਾਂ ਨੂੰ ਆਸਟੇਲੀਆਂ ਵਿੱਚ ਸ਼ਰਨ ਦਿੱਤੀ ਜਾਵੇਗੀ। ਵਿਰੋਧੀ ਧਿਰ ਦੇ ਆਗੂ ਲਿਬਰਲ ਪਾਰਟੀ ਨੇਤਾ ਟੋਨੀ ਐਬਟ ਵੱਲੋਂ ਇਨ੍ਹਾਂ ਨੂੰ ਆਸਟਰੇਲੀਆ ਵਸਾਉਣ ਲਈ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਸੀ।
ਇਥੇ ਪ੍ਰੋ. ਲਾਰੀਸਾ ਬਹਿਰੈਂਟ ਦੀ ਟਿੱਪਣੀ ਬੜੀ ਢੁਕਵੀਂ ਹੈ। ਜਦੋਂ ਹਾਵਰਡ ਸਰਕਾਰ ਵੇਲੇ ਇੰਡੋਨੇਸ਼ੀਆ ਤੋਂ ਕਿਸ਼ਤੀਆਂ ਰਾਹੀਂ ਆ ਰਹੇ ਲੋਕਾਂ ਨੂੰ ਵਾਪਸ ਧੱਕਿਆ ਜਾ ਰਿਹਾ ਸੀ ਤਾਂ ਕੈਂਬਰਲੀ ਤੋਂ ਉਪਰਲੇ ਸਦਨ ਦੇ ਐਬੋਰੀਜਨਲ ਮੈਂਬਰ ਨੇ ਪਰਵਾਸ ਮੰਤਰੀ ਫਿਲਿਪ ਰੂਡੌਕ ਕੋਲ ਜਾ ਕੇ ਵਿਅੰਗ ਵਿੱਚ ਕਿਹਾ, “ਮੈਨੂੰ ਪਤਾ ਹੈ, ਤੁਸੀਂ ਕਿਸ਼ਤੀਆਂ ਵਾਲੇ ਲੋਕਾਂ ਤੋਂ ਭੈਅਭੀਤ ਕਿਉਂ ਹੋ। ਅਸਾਂ ਤੁਹਾਨੂੰ 1788 ਵਿੱਚ ਇੱਥੇ ਵੜਨ ਦਿੱਤਾ ਅਤੇ ਵੇਖੋ ਸਾਡੇ ਨਾਲ ਕੀ ਵਾਪਰ ਗਿਆ ਹੈ।”
ਯੂ ਕੇ ਵਿੱਚ ਵੀ ਪਰਵਾਸ ਵਿਰੋਧੀ ਹੁਣ ਇਸੇ ਤਰ੍ਹਾਂ ਪਰਵਾਸੀਆਂ ਨਾਲ ਲੱਦੀ ਕਿਸ਼ਤੀ ਨੂੰ ਇੰਗਲਿਸ਼ ਚੈੱਨਲ ਵਿੱਚ ਰੋਕਣ ਦੀ ਮੰਗ ਕਰ ਰਹੇ ਹਨ। ਆਸਟਰੇਲੀਆ, ਜਿੱਥੇ ਨਸਲ ਵਾਦੀ ਨਫਰਤ ਦਾ ਵਿਰੋਧ ਕਰ ਰਿਹਾ ਹੈ, ਉੱਥੇ ਉਹ ਫ਼ਲਸਤੀਨੀਆਂ ਦੀ ਕਤਲੋਗਾਰਤ ਵਿਰੁੱਧ ਲੋਕ ਰਾਏ ਪੈਦਾ ਕਰ ਕੇ ਕੌਮਾਂਤਰੀ ਭਾਈਚਾਰੇ ਨੂੰ ਇਜ਼ਰਾਈਲ ’ਤੇ ਜੰਗਬੰਦੀ ਲਈ ਦਬਾਅ ਬਣਾਉਣ ਵਾਸਤੇ ਵੀ ਯਤਨਸ਼ੀਲ ਹੈ।
ਸੰਪਰਕ: 98728-95935