DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫ਼ਲਸਤੀਨ ਮਸਲੇ ਦੇ ਜਮਹੂਰੀ ਪੱਖ

ਜਦੋਂ ਅਸੀਂ ਫ਼ਲਸਤੀਨ ਅਤੇ ਇਜ਼ਰਾਈਲ ਦੇ ਪਿਛਲੇ ਦੋ ਸਾਲਾਂ ਤੋਂ ਚੱਲ ਰਹੇ ਯੁੱਧ ਬਾਰੇ ਗੱਲ ਕਰਦੇ ਹਾਂ ਤਾਂ ਅਸਲ ਵਿੱਚ ਇਹ ਯੁੱਧ ਦੀ ਬਜਾਏ ਫ਼ਲਸਤੀਨ ਦੀ ਨਸਲ-ਕੁਸ਼ੀ ਕਰਨ ਵਿਰੁੱਧ ਬਗਾਵਤ ਦਾ ਮਾਮਲਾ ਹੈ। ਫ਼ਲਸਤੀਨੀਆਂ ਵੱਲੋਂ ਆਪਣੀ ਹੋਂਦ ਬਰਕਰਾਰ ਰੱਖਣ ਲਈ...

  • fb
  • twitter
  • whatsapp
  • whatsapp
Advertisement

ਜਦੋਂ ਅਸੀਂ ਫ਼ਲਸਤੀਨ ਅਤੇ ਇਜ਼ਰਾਈਲ ਦੇ ਪਿਛਲੇ ਦੋ ਸਾਲਾਂ ਤੋਂ ਚੱਲ ਰਹੇ ਯੁੱਧ ਬਾਰੇ ਗੱਲ ਕਰਦੇ ਹਾਂ ਤਾਂ ਅਸਲ ਵਿੱਚ ਇਹ ਯੁੱਧ ਦੀ ਬਜਾਏ ਫ਼ਲਸਤੀਨ ਦੀ ਨਸਲ-ਕੁਸ਼ੀ ਕਰਨ ਵਿਰੁੱਧ ਬਗਾਵਤ ਦਾ ਮਾਮਲਾ ਹੈ। ਫ਼ਲਸਤੀਨੀਆਂ ਵੱਲੋਂ ਆਪਣੀ ਹੋਂਦ ਬਰਕਰਾਰ ਰੱਖਣ ਲਈ ਇਸ ਜ਼ੁਲਮ ਖਿਲਾਫ਼ ਬਹਾਦਰੀ ਨਾਲ ਲੜਨ ਦੇ ਜਜ਼ਬੇ ਦੀ ਪ੍ਰਸੰਸਾ ਕਰਨੀ ਬਣਦੀ ਹੈ। ਜ਼ੁਲਮ, ਧੱਕੇਸ਼ਾਹੀ, ਬੁਰਿਆਈ ਅਤੇ ਹਰ ਗ਼ਲਤ ਵਿਰੁੱਧ ਆਵਾਜ਼ ਉਠਾਉਣਾ ਹੀ ਜਮਹੂਰੀ ਹੱਕ ਅਖਵਾਉਂਦਾ ਹੈ। ਜਮਹੂਰੀ ਹੱਕਾਂ ਦੀ ਕੋਈ ਲਿਖਤੀ ਗਿਣਤੀ ਮਿਣਤੀ ਨਹੀਂ ਹੁੰਦੀ ਸਗੋਂ ਹਰ ਗ਼ਲਤ ਵਿਰੁੱਧ ਅਵਾਜ਼ ਉਠਾਉਣਾ ਜਾਂ ਬਗਾਵਤ ਕਰਨਾ ਹਰ ਮਨੁੱਖ ਦਾ ਜਮਹੂਰੀ ਹੱਕ ਹੈ ਜੋ ਫ਼ਲਸਤੀਨੀਆਂ ਵੱਲੋਂ ਬਾਖ਼ੂਬੀ ਨਿਭਾਇਆ ਜਾ ਰਿਹਾ ਹੈ। ਇਤਿਹਾਸ ਦੱਸਦਾ ਹੈ ਕਿ ਜ਼ੁਲਮ ਦੇ ਖਿਲਾਫ਼ ਉੱਠੇ ਵਿਰੋਧ ਨੇ ਅਕਸਰ ਜਿੱਤਣਾ ਹੀ ਹੁੰਦਾ ਹੈ ਕਿਉਂਕਿ ਵਿਰੋਧ ਦੀ ਆਵਾਜ਼ ਮਨੁੱਖਤਾ ਦੀ ਆਵਾਜ਼ ਹੁੰਦੀ ਹੈ। ਮਨੁੱਖੀ ਇਤਿਹਾਸ ਅਜਿਹੀਆਂ ਬਗਾਵਤਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਸਦਕਾ ਮਨੁੱਖੀ ਵਿਕਾਸ ਅੱਗੇ ਚੱਲਦਾ ਆ ਰਿਹਾ ਹੈ ।

ਸੰਸਾਰ ਵਿੱਚ ਮੁੱਖ ਤੌਰ ’ਤੇ ਦੋ ਕਿਸਮ ਦੇ ਰਾਜ ਪ੍ਰਬੰਧ ਚੱਲਦੇ ਆ ਰਹੇ ਹਨ, ਸਾਮਰਾਜਵਾਦੀ ਅਤੇ ਸਮਾਜਵਾਦੀ। ਸਾਮਰਾਜੀ ਪ੍ਰਬੰਧ ਅਧੀਨ ਮਨੁੱਖ ਦੀ ਥਾਂ ਸਰਮਾਏ ਅਤੇ ਸਮਾਜਵਾਦੀ ਪ੍ਰਬੰਧ ਵਿੱਚ ਸਰਮਾਏ ਦੀ ਥਾਂ ਮਨੁੱਖ ਨੂੰ ਪਹਿਲੇ ਸਥਾਨ ’ਤੇ ਰੱਖਿਆ ਜਾਂਦਾ ਹੈ। ਭਾਵ ਕਿ ਸਾਮਰਾਜੀ ਪ੍ਰਬੰਧ ਸਰਮਾਏ ਦੇ ਅਤੇ ਸਮਾਜਵਾਦੀ ਪ੍ਰਬੰਧ ਮਨੁੱਖ ਦੇ ਹੱਕ ਵਿੱਚ ਭੁਗਤਦਾ ਹੈ। ਭਾਵੇਂ ਮਨੁੱਖ ਦੇ ਜਿਉਣ ਲਈ ਲੋੜੀਂਦੀਆਂ ਮੁੱਢਲੀਆਂ ਲੋੜਾਂ ਕੁੱਲੀ, ਗੁੱਲੀ, ਜੁੱਲੀ ਦੀ ਪੂਰਤੀ ਕਰਨਾ ਸੱਭਿਅਕ ਤੌਰ ’ਤੇ ਹਰ ਰਾਜ ਪ੍ਰਬੰਧ ਦੀ ਅਹਿਮ ਜ਼ਿੰਮੇਵਾਰੀ ਹੈ, ਪਰ ਮੌਜੂਦਾ ਸਾਮਰਾਜੀ ਰਾਜ ਪ੍ਰਬੰਧ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਇਸ ਤੋਂ ਉਲਟ ਭੁਗਤਦਾ ਵੇਖ ਰਹੇ ਹਾਂ ਕਿ ਕਿਵੇਂ ਮਨੁੱਖੀ ਕਦਰਾਂ ਕੀਮਤਾਂ ਦਾ ਹੀ ਨਹੀਂ, ਸਗੋਂ ਮਨੁੱਖਤਾ ਦਾ ਹੀ ਮਲੀਆਮੇਟ ਕਰਕੇ ਮੁਨਾਫ਼ੇ ਕਮਾਉਣ ਲਈ ਪੂੰਜੀ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣਾ ਮਨੁੱਖ ਦਾ ਜਮਹੂਰੀ ਹੱਕ ਹੈ ਜਿਸ ਨੂੰ ਸਾਮਰਾਜੀ ਪ੍ਰਬੰਧ ਦੇ ਰਖਵਾਲੇ ਬਗਾਵਤ ਦਾ ਨਾਂ ਦੇ ਕੇ ਕੁਚਲਣ ਦੇ ਹੱਥਕੰਡੇ ਵਰਤਦੇ ਹਨ। ਇਸ ਤਰ੍ਹਾਂ ਮਨੁੱਖੀ ਜ਼ਿੰਦਗੀਆਂ ਤੋਂ ਵੱਧ ਪੂੰਜੀ ਨੂੰ ਮਹੱਤਵ ਦੇਣ ਵਾਲੇ ਰਾਜ ਪ੍ਰਬੰਧ ਨੂੰ ਧਿਆਨ ’ਚ ਰੱਖਣਾ ਬੇਹੱਦ ਜ਼ਰੂਰੀ ਹੈ। ਸਮੇਂ ਦੇ ਮੌਜੂਦਾ ਦੌਰ ਵਿੱਚ ਇਹੋ ਸਾਮਰਾਜੀ ਪ੍ਰਬੰਧ ਦੁਨੀਆ ਭਰ ਦੇ ਦੇਸ਼ਾਂ ਵਿੱਚ ਭਾਰੂ ਹੈ ਜੋ ਕਿ ਸੰਸਾਰ ਭਰ ਵਿੱਚ ਆਪਣਾ ਕਰੂਰ ਚਿਹਰਾ ਵਿਖਾ ਰਿਹਾ ਹੈ। ਇਸ ਨੂੰ ਬਰਕਰਾਰ ਰੱਖਣ ਲਈ ਅਮਰੀਕਾ ਜੋ ਕਿ ਕੁਲ ਦੁਨੀਆ ਦਾ ਥਾਣੇਦਾਰ ਬਣ ਆਪਣੀ ਧੌਂਸ ਦੇ ਬਲਬੂਤੇ ਮਨੁੱਖਤਾ ਦੇ ਜਮਹੂਰੀ ਹੱਕਾਂ ਨੂੰ ਹੀ ਨਹੀਂ ਕੁਚਲ ਰਿਹਾ ਸਗੋਂ ਵੱਡੀ ਪੱਧਰ ’ਤੇ ਮਨੁੱਖੀ ਜਾਨ-ਮਾਲ ਦੀ ਬਰਬਾਦੀ ਕਰਨ ਲਈ ਵੀ ਜ਼ਿੰਮੇਵਾਰ ਹੈ। ਸਾਮਰਾਜੀ ਰਾਜ ਪ੍ਰਬੰਧ ਹੇਠ ਆਪਣੀਆਂ ਪਸਾਰਵਾਦੀ ਲੁੱਟ ਆਧਾਰਿਤ ਨੀਤੀਆਂ ਦਾ ਗਲ਼ਬਾ ਬਰਕਰਾਰ ਰੱਖਣ ਲਈ ਇਸ ਵੱਲੋਂ ਪੂਰੀ ਦੁਨੀਆ ਨੂੰ ਵੰਡ ਕੇ ਰੱਖਣ ਲਈ ਹਰ ਤਰ੍ਹਾਂ ਦੀਆਂ ਸਾਜ਼ਿਸ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਵੱਖ ਵੱਖ ਮੁਲਕਾਂ ਵਿੱਚ ਆਪਸੀ ਵਿਰੋਧ ਖੜ੍ਹੇ ਕਰਨਾ ਇਸ ਦੀ ਰਾਜਨੀਤੀ ਦਾ ਅਹਿਮ ਅੰਗ ਹੈ। ਮੁਲਕਾਂ ਵਿੱਚ ਆਪਸੀ ਭੇੜ ਖੜ੍ਹੇ ਕਰਕੇ ਆਪਣੇ ਮਾਰੂ ਹਥਿਆਰ ਵੇਚਣ ਅਤੇ ਹੋਰ ਵਪਾਰਕ ਸੰਧੀਆਂ ਰਾਹੀਂ ਉਨ੍ਹਾਂ ਦੀ ਲੁੱਟ ਕਰਨ ਦੇ ਮਨਸੂਬੇ ਬਣਾ ਕੇ, ਆਪਣੀ ਚੌਧਰ ਸਥਾਪਤ ਰੱਖਣ ਲਈ ਗ਼ੈਰ ਮਨੁੱਖੀ ਤੇ ਗ਼ੈਰ ਜਮਹੂਰੀ ਜੋੜ ਤੋੜ ਕਰਨੇ ਇਸ ਦੀ ਰਾਜਨੀਤੀ ਦੇ ਅਹਿਮ ਹਿੱਸੇ ਹਨ।

Advertisement

ਇਜ਼ਰਾਈਲ ਅਤੇ ਫ਼ਲਸਤੀਨ ਮਸਲਾ ਵੀ ਉਸ ਦੀ ਅਜਿਹੀ ਕੂਟਨੀਤੀ ਅਨੁਸਾਰ ਹੀ ਇਸੇ ਲੜੀ ਦਾ ਅੰਗ ਹੈ, ਜਿਸ ਬਾਰੇ ਬਹੁਤ ਕੁਝ ਵੱਖ ਵੱਖ ਸਰੋਤਾਂ ਰਾਹੀਂ ਸਪੱਸ਼ਟ ਹੋ ਚੁੱਕਾ ਹੈ। ਗਾਜ਼ਾ ਨੂੰ ਆਪਣੇ ਕਬਜ਼ੇ ਅਧੀਨ ਕਰਕੇ ਫ਼ਲਸਤੀਨੀ ਲੋਕਾਂ ਨੂੰ ਉਜਾੜਕੇ ਉੱਥੇ ਸੰਸਾਰ ਭਰ ਦੇ ਅਮੀਰਾਂ ਲਈ ਨਵੀਂ ਸੈਰਗਾਹ ਬਣਾ ਕੇ ਤੇ ਬਿਲਡਿੰਗਾਂ ਉਸਾਰ ਕੇ, ਸਰਮਾਇਆ ਕਮਾਉਣ ਦੇ ਮੰਤਵ ਨੂੰ ਪੂਰਾ ਕਰਨ ਦੀ ਲਾਲਸਾ ਪੂਰੀ ਕਰਨ ਲਈ, ਸਾਰੇ ਮਨੁੱਖੀ ਹੱਕ ਲਤਾੜਕੇ ਫ਼ਲਸਤੀਨ ਨੂੰ ਇੱਕ ਦੇਸ਼ ਵਜੋਂ ਖ਼ਤਮ ਕਰਨਾ ਚਾਹੁੰਦਾ ਹੈ। 1948 ਤੋਂ ਪਹਿਲਾਂ ਇਜ਼ਰਾਈਲ ਦੀ ਕੋਈ ਹੋਂਦ ਹੀ ਨਹੀਂ ਸੀ ਕਿਉਂਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਬ੍ਰਿਟਿਸ਼ ਹਕੂਮਤ ਵੱਲੋਂ ਧਰਮ ਦੇ ਆਧਾਰ ’ਤੇ ਇਸ ਦੀ ਸਥਾਪਨਾ ਕੀਤੀ ਗਈ ਸੀ, ਜਿਸ ਨੂੰ ਅਮਰੀਕਾ ਵੱਲੋਂ ਮਨੁੱਖੀ ਹੱਕਾਂ ਦਾ ਘਾਣ ਕਰਦਿਆਂ, ਸੰਸਾਰ ਪੱਧਰ ’ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਫ਼ਲਸਤੀਨ ਵੱਲੋਂ ਇਸ ਧੱਕੇਸ਼ਾਹੀ ਦਾ ਵਿਰੋਧ ਹੋ ਰਿਹਾ ਹੈ ਕਿਉਂਕਿ ਅਮਰੀਕਾ ਫ਼ਲਸਤੀਨ ਨੂੰ ਦੁਨੀਆ ਦੇ ਨਕਸ਼ੇ ਤੋਂ ਖ਼ਤਮ ਕਰਕੇ ਆਪਣੀ ਮਰਜ਼ੀ ਦੀ ਸੱਤਾ ਸਥਾਪਤ ਕਰਨਾ ਚਾਹੁੰਦਾ ਹੈ। ਵਿਰੋਧੀ ਆਵਾਜ਼ ਨੂੰ ਖ਼ਤਮ ਕਰਨ ਲਈ ਫ਼ਲਸਤੀਨੀਆਂ ਦੀ ਨਸਲ-ਕੁਸ਼ੀ ਕੀਤੀ ਜਾ ਰਹੀ ਹੈ ਜਿਸ ਖਿਲਾਫ਼ ਲੜਨਾ ਉਸ ਦਾ ਜਮਹੂਰੀ ਹੱਕ ਹੈ। ਜਦੋਂ ਦੁਨੀਆ ਭਰ ਵਿੱਚੋਂ ਇਸ ਹੱਕ ਨੂੰ ਸਮਝਦਿਆਂ ਫ਼ਲਸਤੀਨ ਦੇ ਪੱਖ ਵਿੱਚ ਆਵਾਜ਼ਾਂ ਉੱਠ ਰਹੀਆਂ ਹਨ ਤਾਂ ਅਜਿਹੇ ਮੌਕੇ ਅਮਰੀਕਾ ਸ਼ਾਂਤੀ ਯੋਜਨਾ ਦੇ ਨਾਂ ਹੇਠ ਆਪਣੇ ਆਰਥਿਕ ਅਤੇ ਸਿਆਸੀ ਹਿੱਤ ਪੂਰੇ ਕਰਨ ਦਾ ਦਾਅ ਵਰਤਣ ਦੇ ਯਤਨ ’ਚ ਵੀ ਹੈ। ਇਜ਼ਰਾਇਲੀ ਮੁਖੀ ਨੇਤਨਯਾਹੂ ਨੇ ਵੀ ਇਸ ਦੀ ਪ੍ਰਸੰਸਾ ਕਰਦਿਆਂ ਅਮਰੀਕਾ ਦੇ ਇਰਾਦਿਆਂ ਨੂੰ ਇਤਿਹਾਸ ਬਦਲ ਦੇਣ ਵਾਲੇ ਕਰਾਰ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹੋਰ ਬਲ ਦਿੱਤਾ ਹੈ। ਟਰੰਪ ਆਪਣਾ ਨਜ਼ਰੀਆ ਪੇਸ਼ ਕਰਦਿਆਂ ਇਸ ਨੂੰ ਰੁਜ਼ਗਾਰ ਪੈਦਾ ਕਰਨ ਲਈ, ਨਿਵੇਸ਼ ਕਰਨ ਵਜੋਂ ਪੇਸ਼ ਕਰ ਰਿਹਾ ਹੈ ਜੋ ਉਸ ਵੱਲੋਂ ਫ਼ਲਸਤੀਨ ਨੂੰ ਉਜਾੜਕੇ ਅਮਰੀਕੀ ਸਾਮਰਾਜੀਆਂ ਦੇ ਮੁਨਾਫ਼ਾਖੋਰ ਗ਼ੈਰ ਮਨੁੱਖੀ ਮਨਸੂਬਿਆਂ ਦਾ ਪ੍ਰਗਟਾਵਾ ਹਨ। ਇਜ਼ਰਾਈਲ ਦੀ ਪਿੱਠ ਪਿੱਛੇ ਖੜ੍ਹਾ ਅਮਰੀਕਾ ਜਮਹੂਰੀਅਤ ਦਾ ਵੱਡਾ ਦਾਅਵੇਦਾਰ ਬਣਨ ਦੇ ਪਾਖੰਡ ਕਰਕੇ, ਲੋਕਾਂ ਦਾ ਉਜਾੜਾ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜ ਕੇ ਆਪਣੇ ਮਨਸੂਬਿਆਂ ਦੀ ਪੂਰਤੀ ਕਰਨਾ ਚਾਹੁੰਦਾ ਹੈ।

Advertisement

ਜਦੋਂ ਅਸੀਂ ਇਸ ਮਸਲੇ ਨੂੰ ਮਨੁੱਖ ਦੇ ਜਮਹੂਰੀ ਹੱਕਾਂ ਦੇ ਚੌਖਟੇ ਵਿੱਚ ਰੱਖ ਕੇ ਵੇਖਦੇ ਹਾਂ ਤਾਂ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸਾਮਰਾਜੀ ਮੁਲਕ ਅਤੇ ਉਨ੍ਹਾਂ ਦੇ ਜੋਟੀਦਾਰ ਆਪਣੇ ਨਿੱਜੀ ਮੁਫ਼ਾਦ ਪੂਰੇ ਕਰਨ ਲਈ ਮਨੁੱਖਤਾ ਦਾ ਅਥਾਹ ਖੂਨ ਵਹਾਉਣ ਤੱਕ ਨਿੱਘਰ ਜਾਂਦੇ ਹਨ। ਫ਼ਲਸਤੀਨ ਵੱਲੋਂ ਇਸ ਦਾ ਵਿਰੋਧ ਕਰਨਾ ਉਸ ਦਾ ਜਮਹੂਰੀ ਹੱਕ ਹੈ ਜਿਸ ਵਿੱਚ ਤਕਰੀਬਨ 68 ਹਜ਼ਾਰ ਤੋਂ ਵੱਧ ਫ਼ਲਸਤੀਨੀਆਂ ਦਾ ਕਤਲੇਆਮ ਹੋ ਚੁੱਕਾ ਹੈ, ਜਿਨ੍ਹਾਂ ਵਿੱਚ ਅੱਧਿਓਂ ਵੱਧ ਬੱਚੇ ਅਤੇ ਔਰਤਾਂ ਸ਼ਾਮਲ ਹਨ। 90% ਆਬਾਦੀ ਉਜਾੜ ਦਿੱਤੀ ਗਈ ਹੈ, 94% ਹਸਪਤਾਲ ਅਤੇ 92% ਰਹਾਇਸ਼ੀ ਤੇ ਵਪਾਰਕ ਇਮਾਰਤਾਂ ਨੂੰ ਬੰਬਾਂ ਦੁਆਰਾ ਉਡਾ ਕੇ ਖੰਡਰ ਬਣਾ ਦਿੱਤਾ ਗਿਆ ਹੈ। ਵੱਡੀ ਪੱਧਰ ’ਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਕੇ ਬੇਹੱਦ ਤਰਸਯੋਗ ਹਾਲਤਾਂ ਵਿੱਚ ਜਿਉਣ ਲਈ ਮਜਬੂਰ ਹਨ। ਇਜ਼ਰਾਇਲੀ ਸੁਰੱਖਿਆ ਬਲਾਂ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਜੋ ਫ਼ਲਸਤੀਨੀਆਂ ਲਈ ਰਾਹਤ ਸਮੱਗਰੀ ਪਹੁੰਚਾਉਣ ਲਈ ਜਾ ਰਹੀਆਂ ਹਨ, ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਦੋ ਹਜ਼ਾਰ ਦੇ ਕਰੀਬ ਇਜ਼ਰਾਇਲੀ ਵੀ ਇਸ ਜੰਗ ਵਿੱਚ ਮਾਰੇ ਗਏ ਹਨ ਅਤੇ ਹੋਰ ਮਾਲੀ ਨੁਕਸਾਨ ਵੀ ਜਾਰੀ ਹੈ। ਇਸ ਦੌਰਾਨ ਭੁੱਖਮਰੀ ਦਾ ਸ਼ਿਕਾਰ ਹੋਏ ਫ਼ਲਸਤੀਨੀਆਂ ਦਾ ਕਤਲੇਆਮ ਇਜ਼ਰਾਇਲੀ ਫੌਜਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਫ਼ਲਸਤੀਨੀ ਲੋਕ ਅਜੇ ਤੱਕ ਆਪਣੇ ਦੇਸ਼ ਅਤੇ ਖ਼ੁਦਮੁਖ਼ਤਿਆਰੀ ਲਈ ਜੂਝ ਰਹੇ ਹਨ। ਦੋ ਸਾਲ ਤੋਂ ਫ਼ਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੇ ਬਾਵਜੂਦ ਨੇਤਨਯਾਹੂ ਅੱਗੇ ਗੋਡੇ ਟੇਕਣ ਨਾਲੋਂ ਕੁਰਬਾਨ ਹੋ ਜਾਣ ਦੇ ਜਜ਼ਬੇ ਦਾ ਪੱਖ ਸਾਮਰਾਜਵਾਦੀ ਢਾਂਚੇ ਵਿਰੁੱਧ ਜੂਝ ਰਹੇ ਲੋਕਾਂ ਨੂੰ ਉਤਸ਼ਾਹਿਤ ਵੀ ਕਰਦਾ ਹੈ।

ਹਮਾਸ ਦੇ ਇੱਕ ਸੀਨੀਅਰ ਆਗੂ ਮੌਸਾ ਅਬੂ ਮਰਜਾਊਕ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, “ਇਸ ਤਰ੍ਹਾਂ ਦੀ ਜੰਗ ਇਤਿਹਾਸ ਵਿੱਚ ਵੇਖਣ ਸੁਣਨ ਨੂੰ ਨਹੀਂ ਮਿਲਦੀ ਜਦੋਂ ਨਸਲਕੁਸ਼ੀ ਨੂੰ ਟੀਵੀ ’ਤੇ ਨਾਲੋ ਨਾਲ ਵਿਖਾਇਆ ਗਿਆ ਹੋਵੇ ਅਤੇ ਜਦੋਂ ਭੁੱਖਮਰੀ ਦੌਰਾਨ ਬੱਚਿਆਂ ਦੇ ਕਤਲੇਆਮ ਅਤੇ ਦਵਾਈਆਂ ਪਹੁੰਚਣ ਦੇ ਰਸਤੇ ਵੀ ਬੰਦ ਕਰ ਦਿੱਤੇ ਹੋਣ।’’ ਪੂਰੀ ਦੁਨੀਆ ਸਾਹਮਣੇ ਮਨੁੱਖ ਦੇ ਜਿਉਣ ਦੇ ਅਧਿਕਾਰ ਦਾ ਸ਼ਰੇਆਮ ਜਨਾਜਾ ਕੱਢ ਕੇ ਆਪਣੇ ਬਲ ਦਾ ਦੁਰ-ਉਪਯੋਗ ਕਰਕੇ ਸੌੜੇ ਹਿੱਤਾਂ ਦੀ ਪੂਰਤੀ ਲਈ ਬੇਸ਼ਰਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ।

ਅਮਰੀਕਾ ਜਿਸ ਨੇ ਇੱਕ ਪਾਸੇ ਗਾਜ਼ਾ ਨੂੰ ਮਲਬੇ ਦੇ ਢੇਰ ਵਿੱਚ ਬਦਲਣ ਲਈ ਪਹਿਲਾਂ ਤਬਾਹੀ ਕਰਨ ਲਈ ਮਾਰੂ ਹਥਿਆਰ ਵੇਚ ਕੇ ਵੱਡੇ ਮੁਨਾਫ਼ੇ ਕਮਾਏ, ਦੂਜੇ ਪਾਸੇ ਹੁਣ ਉਨ੍ਹਾਂ ਮਲਬਿਆਂ ਦੇ ਢੇਰਾਂ ਨੂੰ ਹਟਾਉਣ ਲਈ ਵੀ ਅਮਰੀਕੀ ਕੰਪਨੀਆਂ ਤਤਪਰ ਹਨ ਅਤੇ ਉੱਥੇ ਉਸਾਰੀ ਦੇ ਕੰਮ ਲੈਣ ਦੇ ਠੇਕੇ ਲੈ ਕੇ ਵੱਡੀ ਪੱਧਰ ’ਤੇ ਸਰਮਾਇਆ ਕਮਾਉਣ ਦੀ ਲਾਈਨ ਵਿੱਚ ਹਨ। ਇਸੇ ਤਰ੍ਹਾਂ ਸਾਮਰਾਜੀ ਰਾਜ ਪ੍ਰਬੰਧ ਅਧੀਨ ਦੁਨੀਆ ਭਰ ਵਿੱਚ ਕਮਾਊ ਲੋਕਾਂ ਦੇ ਮੁੱਢਲੇ ਜਮਹੂਰੀ ਅਧਿਕਾਰਾਂ ਦੀ ਪਰਵਾਹ ਨਾ ਕਰਦਿਆਂ, ਕੁਲ ਪੈਦਾਵਾਰ ਦਾ ਵੱਡਾ ਹਿੱਸਾ ਵੱਡੇ ਕਾਰਪੋਰੇਟਾਂ/ ਪੂੰਜੀਪਤੀਆਂ ਦੇ ਕਾਰੋਬਾਰਾਂ ਨੂੰ ਹੋਰ ਵਿਕਸਤ ਕਰਨ ਲਈ ਵਰਤ ਕੇ ਆਮ ਲੋਕਾਂ ਦੀ ਜ਼ਿੰਦਗੀ ਦੁੱਭਰ ਕੀਤੀ ਜਾ ਰਹੀ ਹੈ। ਆਪਣੇ ਆਰਥਿਕ ਸੰਕਟ ਦਾ ਬੋਝ ਲੋਕਾਂ ਸਿਰ ਮੜ੍ਹਿਆ ਜਾ ਰਿਹਾ ਹੈ।

ਭਾਰਤ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਇਸੇ ਸਾਮਰਾਜੀ ਨੀਤੀ ਤਹਿਤ ਲੋਕਾਂ ਤੋਂ ਜਬਰੀ ਖੋਹ ਕੇ ਆਰਥਿਕਤਾ ਦੇ ਸਾਰੇ ਵਸੀਲੇ ਕਾਰਪੋਰੇਟਾਂ ਦੀ ਝੋਲੀ ਪਾਏ ਜਾ ਰਹੇ ਹਨ। ਜਦੋਂ ਲੋਕ ਆਪਣਾ ਜਮਹੂਰੀ ਹੱਕ ਸਮਝਦਿਆਂ ਇਸ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਤਸ਼ੱਦਦ ਕਰਕੇ ਝੂਠੇ ਕੇਸ ਦਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਬਸਤਰ ਦੇ ਖੇਤਰ ਵਿੱਚ ਲੋਕ ਆਪਣੇ ਜਲ, ਜੰਗਲ, ਜ਼ਮੀਨ ਦੀ ਰਾਖੀ ਕਰਦਿਆਂ ਉੱਥੇ ਮੌਜੂਦ ਕੁਦਰਤੀ ਖਣਿਜ ਪਦਾਰਥਾਂ ਦੇ ਭੰਡਾਰਾਂ ਉੱਪਰ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣ ਦਾ ਵਿਰੋਧ ਕਰਦੇ ਹਨ ਤਾਂ ਆਦਿਵਾਸੀਆਂ ਦਾ ਸ਼ਰੇਆਮ ਕਤਲੇਆਮ ਕਰਕੇ ਪਿੰਡਾਂ ਦੇ ਪਿੰਡ ਸਾੜੇ ਜਾ ਰਹੇ ਹਨ। ਲੋਕਾਂ ਦੀ ਰੋਟੀ ਰੋਜ਼ੀ ਦਾ ਸਾਧਨ ਅਤੇ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਵਾਲੇ ਜੰਗਲ ਕਾਰਪੋਰੇਟਾਂ ਦੇ ਮੁਨਾਫ਼ਿਆਂ ਲਈ ਉਜਾੜੇ ਜਾ ਰਹੇ ਹਨ। ਇਸੇ ਤਰ੍ਹਾਂ ਖੇਤੀਬਾੜੀ ਦਾ ਧੰਦਾ ਵੀ ਲੋਕਾਂ ਤੋਂ ਜਬਰੀ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਕਾਨੂੰਨੀ ਤੌਰ ’ਤੇ ਯਤਨ ਕੀਤੇ ਜਾ ਰਹੇ ਹਨ। ਵਿਦਿਅਕ ਅਤੇ ਸਿਹਤ ਦੇ ਮਹੱਤਵਪੂਰਨ ਅਦਾਰਿਆਂ ਨੂੰ ਵੀ ਵੱਡੇ ਮੁਨਾਫ਼ਿਆਂ ਲਈ ਉਨ੍ਹਾਂ ਦੀ ਝੋਲੀ ਪਾਇਆ ਜਾ ਰਿਹਾ ਹੈ। ਜਦੋਂ ਲੋਕਾਂ ਦੀ ਕਿਰਤ ਕਮਾਈ ਰਾਹੀਂ ਉਸਾਰੇ ਇਨ੍ਹਾਂ ਅਦਾਰਿਆਂ ਦੀ ਮਾਲਕੀ ਕਾਰਪੋਰੇਟਾਂ ਨੂੰ ਦੇਣ ਦੇ ਇਸ ਵਰਤਾਰੇ ਦਾ ਲੋਕ ਵਿਰੋਧ ਕਰਦੇ ਹਨ, ਜੋ ਉਨ੍ਹਾਂ ਦਾ ਜਮਹੂਰੀ ਹੱਕ ਵੀ ਹੈ, ਤਾਂ ਉਨ੍ਹਾਂ ਉੱਪਰ ਹਕੂਮਤੀ ਜਬਰ ਢਾਹਿਆ ਜਾਂਦਾ ਹੈ ਤੇ ਝੂਠੇ ਕੇਸ ਬਣਾ ਸਾਲਾਂ ਬੱਧੀ ਜੇਲ੍ਹਾਂ ’ਚ ਡੱਕਿਆ ਜਾਂਦਾ ਹੈ। ਇਸ ਤਰ੍ਹਾਂ ਮਨੁੱਖਤਾ ਦਾ ਉਜਾੜਾ ਕਰਨ ਵਾਲੇ ਇਸ ਮੁਨਾਫ਼ਾਖੋਰ ਸਰਮਾਏ ਪੱਖੀ ਪ੍ਰਬੰਧ ਨੂੰ ਬਦਲ ਕੇ ਮਨੁੱਖ ਪੱਖੀ ਸਮਾਜਵਾਦੀ ਪ੍ਰਬੰਧ ਰਾਹੀਂ ਹੀ ਜਮਹੂਰੀ ਹੱਕਾਂ ਦੀ ਖੁਲਾਸੀ ਹੋ ਸਕਦੀ ਹੈ। ਇਸ ਦੀ ਉਸਾਰੀ ਲਈ ਅੱਗੇ ਆਉਣਾ ਹਰ ਕਮਾਊ ਮਨੁੱਖ ਦਾ ਜਮਹੂਰੀ ਹੱਕ ਹੈ।

ਸੰਪਰਕ: 98151-69825

Advertisement
×