‘ਕਿੰਗ’ ਵਿੱਚ ਸ਼ਾਹਰੁਖ਼ ਖ਼ਾਨ ਨਾਲ ਨਜ਼ਰ ਆਵੇਗੀ ਦੀਪਿਕਾ ਪਾਦੂਕੋਣ
ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੀ ਅਗਲੀ ਫ਼ਿਲਮ ‘ਕਿੰਗ’ ਵਿੱਚ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨਾਲ ਨਜ਼ਰ ਆਵੇਗੀ। ਸ਼ਾਹਰੁਖ਼ ਨਾਲ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦੀਪਿਕਾ ਨੇ ਸੋਸ਼ਲ ਮੀਡੀਆ ’ਤੇ ਭਾਵੁਕ ਨੋਟ ਲਿਖਿਆ ਹੈ। ‘ਕਿੰਗ’ ਦੋਵਾਂ ਦੀ ਛੇਵੀਂ ਫ਼ਿਲਮ ਹੈ। ਇਹ ਜੋੜੀ ਇਸ ਤੋਂ ਪਹਿਲਾਂ ਕਈ ਫਿਲਮਾਂ ਵਿੱਚ ਇਕੱਠਿਆਂ ਕੰਮ ਕਰ ਚੁੱਕੀ ਹੈ ਜਿਸ ਦੀ ਸ਼ੁਰੂਆਤ 2007 ਵਿੱਚ ਆਈ ‘ਓਮ ਸ਼ਾਂਤੀ ਓਮ’ ਤੋਂ ਹੋਈ ਸੀ। ਇਸ ਫ਼ਿਲਮ ਨਾਲ ਦੀਪਿਕਾ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ ਕਦਮ ਰੱਖਿਆ ਸੀ। ਉਸ ਨੇ ਸ਼ਾਹਰੁਖ਼ ਨਾਲ 2013 ਵਿੱਚ ਆਈ ਰੁਮਾਂਟਿਕ ਕਾਮੇਡੀ ਫ਼ਿਲਮ ‘ਚੇਨੱਈ ਐਕਸਪ੍ਰੈੱਸ’, 2014 ਵਿੱਚ ‘ਹੈਪੀ ਨਿਊ ਈਅਰ’ ਅਤੇ 2023 ਵਿੱਚ ਰਿਲੀਜ਼ ਹੋਈ ‘ਪਠਾਨ’ ਵਿੱਚ ਵੀ ਕੰਮ ਕੀਤਾ ਹੈ। ਉਹ ਆਖ਼ਰੀ ਵਾਰ ‘ਜਵਾਨ’ (2023) ਵਿੱਚ ਇਕੱਠੇ ਨਜ਼ਰ ਆਏ। ਪਾਦੂਕੋਣ ਨੇ ਅੱਜ ਆਪਣੇ ਇੰਸਟਾਗ੍ਰਾਮ ਪਲੇਟਫਾਰਮ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਅਦਾਕਾਰਾ ਨੇ ‘ਓਮ ਸ਼ਾਂਤੀ ਓਮ’ ਦੀ ਸ਼ੂਟਿੰਗ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਾਹਰੁਖ ਨੇ ਉਸ ਨੂੰ ਇੱਕ ਸਬਕ ਸਿਖਾਇਆ ਸੀ ਜਿਸ ਨੂੰ ਉਸ ਨੇ ਉਦੋਂ ਤੋਂ ਆਪਣੇ ਹਰ ਫ਼ੈਸਲੇ ’ਤੇ ਲਾਗੂ ਕੀਤਾ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ‘ਕਿੰਗ’ ਵਿੱਚ ਸ਼ਾਹਰੁਖ਼ ਦੀ ਧੀ ਸੁਹਾਨਾ ਖ਼ਾਨ ਵੀ ਨਜ਼ਰ ਆਵੇਗੀ।