ਭਾਰਤੀਆਂ ਦੀ ਘਟ ਰਹੀ ਔਸਤ ਉਮਰ
ਅਮਨਿੰਦਰ ਸਿੰਘ ਕੁਠਾਲਾ
ਭਾਰਤੀ ਲੋਕਾਂ ਦੀ ਉਮਰ ਦਿਨੋ-ਦਿਨ ਸੁੰਗੜ ਰਹੀ ਹੈ। ਇਹ ਬਹੁਤ ਹੀ ਸੋਚਣ ਵਾਲਾ ਅਤੇ ਗੰਭੀਰ ਵਿਸ਼ਾ ਹੈ। ਕੌਮਾਂਤਰੀ ਸਿਹਤ ਸੰਸਥਾਵਾਂ ਅਤੇ ਭਾਰਤੀ ਸਿਹਤ ਮਾਹਿਰਾਂ ਮੁਤਾਬਿਕ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਹ ਬਹੁਤ ਹੀ ਦਿਲ ਦਹਿਲਾਉਣ ਵਾਲੇ ਹਨ। ਭਾਰਤ ਅੱਜ ਵਿਕਾਸਸ਼ੀਲ ਦੇਸ਼ ਤੋਂ ਵਿਕਸਿਤ ਦੇਸ਼ ਬਣਨ ਦੀ ਦੌੜ ਵਿੱਚ ਲੱਗਾ ਹੋਇਆ ਹੈ। ਆਰਥਿਕ ਵਿਕਾਸ, ਟੈਕਨੋਲੋਜੀ ਅਤੇ ਨਵੇਂ-ਨਵੇਂ ਪ੍ਰੋਗਰਾਮਾਂ ਦੇ ਬਾਵਜੂਦ ਭਾਰਤੀ ਲੋਕਾਂ ਦੀ ਔਸਤ ਉਮਰ ਦੁਨੀਆ ਦੇ ਕਈ ਹੋਰ ਦੇਸ਼ਾਂ ਨਾਲੋਂ ਕਾਫੀ ਘੱਟ ਰਹਿ ਗਈ ਹੈ। ਜਿੱਥੇ ਮੋਨਾਕੋ, ਜਪਾਨ ਅਤੇ ਸਾਨ ਮਾਰਿਨੋ ਵਰਗੇ ਦੇਸ਼ਾਂ ਵਿੱਚ ਜੀਵਨ ਦੀ ਆਸ ਉਮਰ 85 ਤੋਂ ਵੱਧ ਹੈ, ਉੱਥੇ ਭਾਰਤ ਦੀ ਔਸਤ ਉਮਰ 72 ਸਾਲ ਦੇ ਆਸ-ਪਾਸ ਰਹਿ ਗਈ ਹੈ। ਇਹ ਅੰਕੜੇ ਸਾਡੀ ਸਿਹਤ ਸਬੰਧੀ ਨੀਤੀਆਂ, ਜੀਵਨ ਸ਼ੈਲੀ ਅਤੇ ਸਮਾਜਿਕ ਚੇਤਨਾ ’ਤੇ ਵੱਡੇ ਸਵਾਲ ਖੜ੍ਹੇ ਕਰਦੇ ਹਨ।
ਸਾਡੇ ਪੁਰਖਿਆਂ ਨੇ ਆਪਣੇ ਬਲਬੂਤੇ ਹੜੱਪਾ ਸੱਭਿਅਤਾ ਜਿਹੀ ਅਦੁੱਤੀ ਸੱਭਿਅਤਾ ਨੂੰ ਜਨਮ ਦਿੱਤਾ। ਇਤਿਹਾਸ ਨੂੰ ਪਿੰਡੇ ਉੱਤੇ ਹੰਢਾਅ ਕੇ ਉਨ੍ਹਾਂ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ। ਉਨ੍ਹਾਂ ਅਜਿਹੀ ਲਾਸਾਨੀ ਸਭਿਅਤਾ ਦੁਨੀਆ ਸਾਹਮਣੇ ਪੇਸ਼ ਕੀਤੀ ਜਿਸ ਨੇ ਸਾਰੀਆਂ ਹੀ ਸਮਕਾਲੀ ਸੱਭਿਅਤਾਵਾਂ ਨੂੰ ਖੁੱਲ੍ਹ ਕੇ ਚੁਣੌਤੀ ਦਿੱਤੀ। ਹੌਲੀ-ਹੌਲੀ ਸਮਾਂ ਪੈਣ ’ਤੇ ਕਿੰਨੇ ਹੀ ਸਿਹਤ ਸਬੰਧੀ ਗ੍ਰੰਥ, ਵੇਦ ਭਾਰਤ ਵਿੱਚ ਲਿਖੇ ਗਏ। ਅਥਰਵੇਦ ਜਿਹੇ ਗ੍ਰੰਥਾਂ ਨੇ ਅਜੋਕੀ ਮੈਡੀਕਲ ਸਾਇੰਸ ਵੱਲ ਰਾਹ ਖੋਲ੍ਹਿਆ। ਜੇਕਰ ਸਿਹਤ ਦੇ ਇਲਾਜ ਸਬੰਧੀ ਸਾਡਾ ਇਤਿਹਾਸ ਇੰਨਾ ਤਾਕਤਵਰ ਹੈ ਤਾਂ ਅਜਿਹੇ ਕੀ ਕਾਰਨ ਹਨ ਕਿ ਅੱਜ ਸਾਡੇ ਮੁਲਕ ਦੇ ਲੋਕਾਂ ਦੀ ਸਿਹਤ ਆਏ ਦਿਨ ਕਮਜ਼ੋਰ ਹੋ ਰਹੀ ਹੈ।
ਭਾਰਤ ਨੇ ਅੱਜ 21ਵੀਂ ਸਦੀ ਵਿੱਚ ਭਾਵੇਂ ਬਹੁਤ ਤਰੱਕੀ ਕੀਤੀ ਹੈ ਪਰ ਅੱਜ ਵੀ ਸਾਡਾ ਦੇਸ਼ ਬਣਦੀਆਂ ਸਿਹਤ ਸਹੂਲਤਾਂ ਲਈ ਬੁਰੀ ਤਰ੍ਹਾਂ ਜੂਝ ਰਿਹਾ ਹੈ। ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਅੱਜ ਵੀ ਪੂਰਨ ਤੌਰ ’ਤੇ ਸਿਹਤ ਸਹੂਲਤਾਂ ਉਪਲਬਧ ਨਹੀਂ। ਕਈ ਥਾਵਾਂ ’ਤੇ ਸਰਕਾਰੀ ਹਸਪਤਾਲ ਨਹੀਂ ਹਨ; ਜੇ ਹਨ ਵੀ ਤਾਂ ਉੱਥੇ ਡਾਕਟਰਾਂ ਦੀ ਘਾਟ ਹੈ। ਚੰਗੇ ਇਲਾਜ ਲਈ ਲੋਕ ਪ੍ਰਾਈਵੇਟ ਹਸਪਤਾਲਾਂ ਵੱਲ ਭੱਜਦੇ ਹਨ ਜਿੱਥੇ ਉਨ੍ਹਾਂ ਦੀ ਬਹੁਤ ਜਿ਼ਆਦਾ ਆਰਥਿਕ ਲੁੱਟ-ਖਸੁੱਟ ਕੀਤੀ ਜਾਂਦੀ ਹੈ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਬੀਤੇ ਕੁਝ ਕੁ ਦਹਾਕਿਆਂ ਦੌਰਾਨ ਅਜਿਹੇ ਕੀ ਕਾਰਨ ਬਣੇ ਕਿ ਲੋਕਾਂ ਦੀ ਸਿਹਤ ਦਿਨ-ਬਦਿਨ ਕਮਜ਼ੋਰ ਹੋ ਰਹੀ ਹੈ।
ਮੁਨਾਕੋ, ਜਪਾਨ ਵਰਗੇ ਦੇਸ਼ਾਂ ਵਿੱਚ ਲੋਕਾਂ ਦੀ ਸਿਹਤ ਅਤੇ ਔਸਤ ਉਮਰ ਦੇ ਅੰਕੜੇ ਬਹੁਤ ਵਧੀਆ ਹਨ। ਇਸ ਦਾ ਇੱਕੋ-ਇੱਕ ਵੱਡਾ ਕਾਰਨ ਹੈ ਉਥੋਂ ਦੇ ਖਾਧ ਪਦਾਰਥ ਅਤੇ ਉਨ੍ਹਾਂ ਦੇ ਖਾਣ-ਪੀਣ ਦੇ ਤਰੀਕੇ। ਇਨ੍ਹਾਂ ਮੁਲਕਾਂ ਵਿੱਚ ਫਸਲਾਂ ਉੱਤੇ ਕੀਟਨਾਸ਼ਕਾਂ ਦੀ ਵਰਤੋਂ ਨਾ-ਮਾਤਰ ਹੈ ਅਤੇ ਇਹ ਮੁਲਕ ਕਦੇ ਵੀ ਪੈਕ ਕੀਤੇ ਖਾਣੇ ਨੂੰ ਤਰਜੀਹ ਨਹੀਂ ਦਿੰਦੇ ਸਗੋਂ ਹਮੇਸ਼ਾ ਤਾਜ਼ਾ ਤੇ ਤੰਦਰੁਸਤ ਭੋਜਨ ਹੀ ਖਾਂਦੇ ਹਨ। ਇਸ ਦੇ ਉਲਟ ਸਾਡੇ ਦੇਸ਼ ਵਿੱਚ ਮਿਲਾਵਟੀ ਤੇ ਅਸੰਤੁਲਿਤ ਖੁਰਾਕ ਦੀ ਭਰਮਾਰ ਹੈ। ਪੈਕਿੰਗ ਭੋਜਨ ਦੇ ਨਾਮ ਉੱਤੇ ਸਾਡੇ ਲੋਕਾਂ ਅਤੇ ਬੱਚਿਆਂ ਨੂੰ ਜ਼ਹਿਰ ਖੁਆਇਆ ਜਾ ਰਿਹਾ ਹੈ।
ਅੱਜ ਦੇ ਸਮੇਂ ਵਿੱਚ ਲੋਕ ਫਾਸਟ ਫੂਡ ਦੀ ਆਦਤ ਵਿੱਚ ਫਸ ਚੁੱਕੇ ਹਨ। ਪੂਰਕ ਪੋਸ਼ਣ ਵਾਲੀਆਂ ਚੀਜ਼ਾਂ ਅੱਜ ਵੀ ਗਰੀਬਾਂ ਦੀ ਪਹੁੰਚ ਤੋਂ ਕੋਹਾਂ ਦੂਰ ਹਨ। ਇਸੇ ਕਾਰਨ ਗਰੀਬ ਵਰਗ ਦੇ ਬੱਚੇ ਅਤੇ ਬਜ਼ੁਰਗ ਬਹੁਤ ਸਾਰੇ ਸਰੀਰਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਰਹਿੰਦੀ ਖੂੰਹਦੀ ਕਸਰ ਨਸ਼ਿਆਂ ਅਤੇ ਅਨੇਕ ਪ੍ਰਕਾਰ ਦੀਆਂ ਗ਼ਲਤ ਆਦਤਾਂ ਨੇ ਪੂਰੀ ਕੀਤੀ ਹੋਈ ਹੈ। ਸਿਗਰਟ, ਸ਼ਰਾਬ, ਗੁਟਕਾ ਤੇ ਹੋਰ ਨਸ਼ਿਆਂ ਦੀ ਆਸਾਨ ਉਪਲਬਧਤਾ ਵੀ ਭਾਰਤੀ ਲੋਕਾਂ ਦੀ ਜੀਵਨ ਦਰ ਨੂੰ ਘਟਾ ਰਹੀ ਹੈ। ਦੁੱਖ ਦੀ ਗੱਲ ਹੈ ਕਿ ਸ਼ਰਾਬ ਅਤੇ ਗੁਟਕੇ ਵਰਗੀਆਂ ਚੀਜ਼ਾਂ ਨੂੰ ਉਤਸ਼ਾਹਤ ਕਰਨ ਵਾਲੇ ਵੱਡੇ ਖਿਡਾਰੀ ਅਤੇ ਕਲਾਕਾਰ ਹੀ ਹਨ। ਨੌਜਵਾਨ ਚੜ੍ਹਦੀ ਉਮਰੇ ਹੀ ਜਿਗਰ, ਗੁਰਦੇ, ਫੇਫੜੇ ਅਤੇ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਨਸ਼ਾ ਅਤੇ ਗਰੀਬੀ ਹਮੇਸ਼ਾ ਸਾਡੇ ਲੋਕਾਂ ਦੀ ਮਾਨਸਿਕ ਸਿਹਤ ’ਤੇ ਅਸਰ ਪਾਉਂਦੇ ਰਹੇ ਹਨ। ਨੌਜਵਾਨ ਮੁੰਡੇ ਕੁੜੀਆਂ ਵੱਡੇ ਪੱਧਰ ਉੱਤੇ ਅੱਜ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਆਤਮ-ਹੱਤਿਆ ਦੀਆਂ ਵਧਦੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਭਾਰਤ ਵਿੱਚ ਮਾਨਸਿਕ ਸਿਹਤ ਨੂੰ ਅਜੇ ਵੀ ਦੂਜਾ ਦਰਜਾ ਦਿੱਤਾ ਜਾਂਦਾ ਹੈ। ਨਿੱਤ ਦਿਨ ਆਤਮ-ਹੱਤਿਆ ਕਰਨ ਦੇ ਅੰਕੜੇ ਗੰਭੀਰ ਹੋ ਰਹੇ ਹਨ। ਅੱਜ ਹਰ ਮਨੁੱਖ ਕੁਦਰਤ ਨੂੰ ਚੁਣੌਤੀ ਦੇ ਰਿਹਾ ਹੈ ਅਤੇ ਵਾਤਾਵਰਨ ਤੇ ਪਾਣੀ ਨੂੰ ਗੰਦਾ ਕਰ ਰਿਹਾ ਹੈ। ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਿਨੋ-ਦਿਨ ਵਧ ਰਿਹਾ ਹੈ। ਪੀਣ ਵਾਲੇ ਪਾਣੀ ਵਿੱਚ ਅਨੇਕ ਪ੍ਰਕਾਰ ਦੇ ਰਸਾਇਣ ਮਿਲ ਰਹੇ ਹਨ। ਹਸਪਤਾਲਾਂ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਲੋਕ ਪਾਣੀ ਕਰ ਕੇ ਕਿੰਨੀਆਂ ਭਿਅੰਕਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।
ਮਸਲਾ ਇੰਨਾ ਗੰਭੀਰ ਬਣ ਗਿਆ ਹੈ ਕਿ ਸਿਸਟਮ ਜਾਂ ਕਿਸੇ ਇੱਕ ਸ਼ਖ਼ਸ ਨੂੰ ਦੋਸ਼ ਦੇ ਕੇ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਸਰਕਾਰਾਂ ਅਤੇ ਲੋਕਾਂ ਨੂੰ ਮਿਲ ਕੇ ਜ਼ੋਰਦਾਰ ਮੁਹਿੰਮ ਚਲਾਉਣੀ ਪਵੇਗੀ, ਖਾਸ ਕਰ ਕੇ ਪਿੰਡਾਂ ਵਿੱਚ ਪਹੁੰਚ ਕਰ ਕੇ ਲੋਕਾਂ ਨੂੰ ਸਹੀ ਸਿਹਤ ਸਬੰਧੀ ਅੰਕੜਿਆਂ ਦੀ ਜਾਣਕਾਰੀ ਦੇਣੀ ਬਣਦੀ ਹੈ। ਸਿਹਤ ਸਬੰਧੀ ਹਰ ਛੋਟੇ ਤੋਂ ਛੋਟੇ ਪਹਿਲੂ ਨੂੰ ਉਨ੍ਹਾਂ ਸਾਹਮਣੇ ਨਿਰੋਲ ਰੂਪ ਵਿੱਚ ਰੱਖਣਾ ਪਵੇਗਾ। ਸਰਕਾਰੀ ਹਸਪਤਾਲਾਂ ਵਿੱਚ ਵੀ ਵੱਡੇ ਪੱਧਰ ’ਤੇ ਸੁਧਾਰ ਹੋਣੇ ਚਾਹੀਦੇ ਹਨ। ਪਿੰਡ ਪੱਧਰ ’ਤੇ ਸਿਹਤ ਕੇਂਦਰ, ਮੋਬਾਈਲ ਕਲੀਨਿਕ ਅਤੇ ਸਸਤੇ ਜਾਂ ਮੁਫ਼ਤ ਇਲਾਜ ਦੀ ਉਪਲਬਧਤਾ ਵਧਾਉਣੀ ਹੋਵੇਗੀ। ਸਾਡੇ ਦੇਸ਼ ਵਿੱਚ ਡਾਕਟਰਾਂ ਦੀ ਭਾਰੀ ਕਮੀ ਹੈ। ਇਸ ਕਮੀ ਲਈ ਵੀ ਪਹਿਲ ਦੇ ਆਧਾਰ ’ਤੇ ਉਪਰਾਲਿਆਂ ਦੀ ਜ਼ਰੂਰਤ ਹੈ।
ਸਾਡੇ ਸਿਸਟਮ ਨੂੰ ਪੌਸ਼ਟਿਕ ਖਾਣੇ ਅਤੇ ਸਾਫ-ਸਫਾਈ ਦੇ ਪ੍ਰਬੰਧਾਂ ਨੂੰ ਵੀ ਸੁਧਾਰਨਾ ਪਵੇਗਾ। ਮਿਡ-ਡੇ ਮੀਲ ਯੋਜਨਾ, ਆਂਗਣਵਾੜੀ ਕੇਂਦਰ ਅਤੇ ਮਾਂ-ਬੱਚੇ ਲਈ ਪੋਸ਼ਣ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੋਵੇਗਾ। ਇਨ੍ਹਾਂ ਦੇ ਨਾਲ-ਨਾਲ ਮਨੋਵਿਗਿਆਨਕ ਸਹੂਲਤਾਂ ਦਾ ਵਿਸਥਾਰ ਕਰਨਾ ਪਵੇਗਾ। ਸਕੂਲਾਂ, ਕਾਲਜਾਂ ਅਤੇ ਕੰਮ-ਕਾਜ ਵਾਲੀਆਂ ਥਾਵਾਂ ’ਤੇ ਮਨੋਵਿਗਿਆਨਕ ਸਲਾਹ ਕੇਂਦਰ ਲਾਜ਼ਮੀ ਬਣਾਏ ਜਾਣ ਚਾਹੀਦੇ ਹਨ। ਭਾਰਤ ਦੇ ਲੋਕਾਂ ਦੀ ਘਟ ਰਹੀ ਔਸਤ ਉਮਰ ਸਿਰਫ਼ ਅੰਕੜਾ ਨਹੀਂ, ਇਹ ਸਾਡੀਆਂ ਸਰਕਾਰੀ ਨੀਤੀਆਂ, ਸਾਡੀ ਖ਼ੁਦ ਦੀ ਜੀਵਨ ਸ਼ੈਲੀ ਅਤੇ ਜਿ਼ੰਮੇਵਾਰੀਆਂ ਪ੍ਰਤੀ ਵੱਡੀ ਚਿਤਾਵਨੀ ਹੈ। ਜੇ ਅਸੀਂ ਅੱਜ ਤੋਂ ਹੀ ਆਪਣੀ ਸਿਹਤ, ਖੁਰਾਕ ਅਤੇ ਆਦਤਾਂ ਬਾਰੇ ਜਾਗਰੂਕ ਨਹੀਂ ਹੋਏ ਤਾਂ ਭਵਿੱਖ ਵਿੱਚ ਪੀੜ੍ਹੀਆਂ ਨੂੰ ਇਸ ਦਾ ਭਾਰੀ ਮੁੱਲ ਚੁਕਾਉਣਾ ਪੈ ਸਕਦਾ ਹੈ। ‘ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ’ ਦਾ ਨਾਅਰਾ ਹੁਣ ਸਾਰਿਆਂ ਲਈ ਜ਼ਿੰਮੇਵਾਰੀ ਬਣ ਚੁੱਕਾ ਹੈ।
ਸੰਪਰਕ: 94633-17199