ਦੰਗਲ ਦੀ ਜ਼ਾਇਰਾ ਨੇ ਨਿਕਾਹ ਕਰਵਾਇਆ
ਫਿਲਮੀ ਜਗਤ ਨੂੰ ਕਰੀਬ ਛੇ ਸਾਲ ਪਹਿਲਾਂ ਅਲਵਿਦਾ ਕਹਿਣ ਵਾਲੀ ਅਦਾਕਾਰਾ ਜ਼ਾਇਰਾ ਵਸੀਮ ਨੇ ਆਪਣੇ ਚਾਹੁੰਣ ਵਾਲਿਆਂ ਨੂੰ ਵਿਆਹ ਦੀ ਖੁਸ਼ਖ਼ਬਰੀ ਦਿੱਤੀ ਹੈ। ਜ਼ਾਇਰਾ ਨੇ ਆਪਣੇ ਵਿਆਹ ਵਾਲੇ ਦਿਨ ਦੀਆਂ ਦੋ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ ਪਰ ਉਸ ਨੇ ਆਪਣੇ ਪਤੀ ਦਾ ਨਾ ਚਿਹਰਾ ਦਿਖਾਇਆ ਅਤੇ ਨਾ ਹੀ ਨਾਮ ਦੱਸਿਆ। ਉਸ ਨੇ ਆਪਣੇ ਵਿਆਹ ਵਾਲੇ ਦਿਨ ਸੁਨਹਿਰੀ ਕਢਾਈ ਵਾਲਾ ਸੂਹਾ ਲਿਬਾਸ ਪਹਿਨਿਆ ਹੋਇਆ ਸੀ। ਸੋਸ਼ਲ ਮੀਡੀਆ ’ਤੇ ਤਸਵੀਰਾਂ ’ਚ ਜੋੜੇ ਨੂੰ ਨਿਕਾਹਨਾਮੇ ’ਤੇ ਦਸਤਖ਼ਤ ਕਰਦਿਆਂ ਦੇਖਿਆ ਜਾ ਸਕਦਾ ਹੈ ਅਤੇ ਇਨ੍ਹਾਂ ਤਸਵੀਰਾਂ ਵਿੱਚ ਨਵ-ਵਿਆਹੇ ਜੋੜੇ ਦੀ ਪਿੱਠ ਨਜ਼ਰ ਆ ਰਹੀ ਹੈ। ਜ਼ਾਇਰਾ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ‘‘ਕਬੂਲ ਹੈ।’’ ਜ਼ਾਇਰਾ ਨੇ ਸਾਲ 2016 ਵਿੱਚ ਆਈ ਫਿਲਮ ‘ਦੰਗਲ’ ਨਾਲ ਬੌਲੀਵੁੱਡ ਵਿਚ ਪੈਰ ਧਰਿਆ ਸੀ, ਜਿਸ ਵਿੱਚ ਉਸ ਨੇ ਗੀਤਾ ਫੋਗਾਟ ਦਾ ਕਿਰਦਾਰ ਨਿਭਾਇਆ ਸੀ। ਆਮਿਰ ਖ਼ਾਨ ਦੀ ਅਦਾਕਾਰੀ ਵਾਲੀ ਇਹ ਫਿਲਮ ਸੁਪਰਹਿੱਟ ਰਹੀ ਸੀ ਅਤੇ ਜ਼ਾਇਰਾ ਵਸੀਮ ਨੂੰ ‘ਬੈਸਟ ਸਪੋਰਟਿੰਗ ਅਦਾਕਾਰਾ’ ਦਾ ਕੌਮੀ ਫਿਲਮ ਐਵਾਰਡ ਮਿਲਿਆ ਸੀ। ਜ਼ਾਇਰਾ ਦੀ ਆਖ਼ਰੀ ਫਿਲਮ ਸਾਲ 2019 ਵਿੱਚ ‘ਦਿ ਸਕਾਈ ਇੱਜ਼ ਪਿੰਕ’ ਆਈ ਸੀ ਅਤੇ ਇਸ ਫ਼ਿਲਮ ’ਚ ਪ੍ਰਿਯੰਕਾ ਚੋਪੜਾ ਤੇ ਫ਼ਰਹਾਨ ਅਖ਼ਤਾਰ ਅਹਿਮ ਭੂਮਿਕਾਵਾਂ ਵਿਚ ਸਨ। ਇਸ ਤੋਂ ਤੁਰੰਤ ਬਾਅਦ ਜ਼ਾਇਰਾ ਨੇ ਫਿਲਮੀ ਜਗਤ ਨੂੰ ਅਲਵਿਦਾ ਆਖ ਦਿੱਤਾ ਸੀ।