ਅਮਿਤਾਭ ਬੱਚਨ ਦੇ ਜਨਮ ਦਿਨ ਮੌਕੇ ਜਲਸਾ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ
ਉੱਘੇ ਅਦਾਕਾਰ ਅਮਿਤਾਭ ਬੱਚਨ ਅੱਜ 83 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 11 ਅਕਤੂਬਰ 1942 ਨੂੰ ਹੋਇਆ ਸੀ। ਉਨ੍ਹਾਂ ਦੇ ਚਾਹੁੰਣ ਵਾਲੇ ਆਪਣੇ ਪਸੰਦੀਦਾ ਅਦਾਕਾਰ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਉਨ੍ਹਾਂ ਦੇ ਬੰਗਲੇ ‘ਜਲਸਾ’ ਦੇ ਬਾਹਰ ਵੱਡੀ ਗਿਣਤੀ ’ਚ ਪੁੱਜੇ ਹੋਏ ਸਨ। ਇੱਕ ਪ੍ਰਸ਼ੰਸਕ ਨੇ ਕਿਹਾ ਕਿ ਉਹ ਅਮਿਤਾਭ ਦੇ ਜਨਮ ਦਿਨ ’ਤੇ ਬਹੁਤ ਖ਼ੁਸ਼ ਹੁੰਦਾ ਹੈ। ਉਸ ਨੇ ਕਿਹਾ ਕਿ ਅੱਜ ਮੁਲਕ ਦੇ ਸੁਪਰਸਟਾਰ ਦਾ ਜਨਮ ਦਿਨ ਹੈ ਤੇ ਉਸ ਲਈ ਅੱਜ ਹੀ ਦੀਵਾਲੀ ਤੇ ਹੋਲੀ ਹੈ। ਉਸ ਨੇ ਕਿਹਾ ਕਿ ਉਹ ਸਾਰਾ ਸਾਲ 11 ਅਕਤੂਬਰ ਦੀ ਉਡੀਕ ਕਰਦਾ ਹੈ। ਇਥੇ ਪੁੱਜੇ ਵੱਡੀ ਗਿਣਤੀ ਲੋਕਾਂ ਨੇ ਅਮਿਤਾਭ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਦੌਰਾਨ ਅਦਾਕਾਰ ਦਾ ਇੱਕ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇਣ ਲਈ ਰਾਜਸਥਾਨ ਤੋਂ ਆਇਆ। ਦੂਜੇ ਪਾਸੇ ਅਮਿਤਾਭ ਬੱਚਨ ਦੇ ਜਨਮ ਦਿਨ ਮੌਕੇ ਸਿਨੇਮਾ ਨਾਲ ਜੁੜੀਆਂ ਹਸਤੀਆਂ ਤੇ ਉਨ੍ਹਾਂ ਦੇ ਨਜ਼ਦੀਕੀਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਦੀ ਦੋਹਤੀ ਨਵਿਆ ਨਵੇਲੀ ਨੰਦਾ ਨੇ ਇੰਸਟਾਗ੍ਰਾਮ ’ਤੇ ਫੋਟੋ ਸਾਂਝੀ ਕਰਦਿਆਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਅਦਾਕਾਰ ਪ੍ਰਭਾਸ ਨੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕਰ ਕੇ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਅਜੈ ਦੇਵਗਨ, ਕ੍ਰਿਤੀ ਸੈਨਨ, ਸ਼ਿਲਪਾ ਸ਼ੈੱਟੀ, ਸੋਨਮ ਕਪੂਰ, ਜੈਕੀ ਸ਼ਰੌਫ, ਫਰਹਾ ਖ਼ਾਨ, ਸ਼ੂਜੀਤ ਸਿਰਕਾਰ, ਮੋਹਿਤ ਸੂਰੀ ਨੇ ਵੀ ਅਮਿਤਾਭ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਅਮਿਤਾਭ ਨੇ ਸਾਲ 1969 ਵਿੱਚ ‘ਸਾਤ ਹਿੰਦੋਸਤਾਨੀ’ ਫਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਮਿਤਾਭ ਹੁਣ ਤਕ ਕਰੀਬ 200 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ।
ਮਮਤਾ ਬੈਨਰਜੀ ਵੱਲੋਂ ਅਮਿਤਾਭ ਨੂੰ ਜਨਮ ਦਿਨ ਦੀ ਵਧਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਅਦਾਕਾਰ ਅਮਿਤਾਭ ਬੱਚਨ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਅਦਾਕਾਰ ਨਾਲ ਸਾਲ 1984 ਵਿੱਚ ਪਾਰਲੀਮੈਂਟ ਵਿੱਚ ਗੁਜ਼ਾਰਿਆ ਸਮਾਂ ਯਾਦ ਕੀਤਾ। ਮਮਤਾ ਬੈਨਰਜੀ ਨੇ ‘ਐਕਸ’ ਦੇ ਆਪਣੇ ਖਾਤੇ ’ਤੇ ਪਾਈ ਪੋਸਟ ਵਿੱਚ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।