ਪੰਜਾਬੀ ਸਾਹਿਤ ਦੀ ਸਿਰਜਣ ਪ੍ਰਕਿਰਿਆ
ਜਤਿੰਦਰ ਸਿੰਘ ਇੱਕ ਪੁਸਤਕ - ਇੱਕ ਨਜ਼ਰ ‘ਸਾਹਿਤ ਸ਼ਬਦ ਸੰਸਾਰ’ (ਕੀਮਤ 295 ਰੁਪਏ; ਆੱਟਮ ਆਰਟ, ਪਟਿਆਲਾ) ਰਾਜੇਸ਼ ਸ਼ਰਮਾ ਦੀ ਅੱਠਵੀਂ ਪ੍ਰਕਾਸ਼ਿਤ ਕਿਤਾਬ ਹੈ। ਅੰਗਰੇਜ਼ੀ ਦਾ ਪ੍ਰਾਅਧਿਆਪਕ ਹੋਣ ਨਾਤੇ ਰਾਜੇਸ਼ ਸ਼ਰਮਾ ਕੋਲ ਪੰਜਾਬੀ ਅਤੇ ਅੰਗਰੇਜ਼ੀ ਬੋਲੀ ਦੀ ਮੁਹਾਰਤ ਹੈ। ਇਸੇ ਲਈ...
ਜਤਿੰਦਰ ਸਿੰਘ
ਇੱਕ ਪੁਸਤਕ - ਇੱਕ ਨਜ਼ਰ
‘ਸਾਹਿਤ ਸ਼ਬਦ ਸੰਸਾਰ’ (ਕੀਮਤ 295 ਰੁਪਏ; ਆੱਟਮ ਆਰਟ, ਪਟਿਆਲਾ) ਰਾਜੇਸ਼ ਸ਼ਰਮਾ ਦੀ ਅੱਠਵੀਂ ਪ੍ਰਕਾਸ਼ਿਤ ਕਿਤਾਬ ਹੈ। ਅੰਗਰੇਜ਼ੀ ਦਾ ਪ੍ਰਾਅਧਿਆਪਕ ਹੋਣ ਨਾਤੇ ਰਾਜੇਸ਼ ਸ਼ਰਮਾ ਕੋਲ ਪੰਜਾਬੀ ਅਤੇ ਅੰਗਰੇਜ਼ੀ ਬੋਲੀ ਦੀ ਮੁਹਾਰਤ ਹੈ। ਇਸੇ ਲਈ ਉਸ ਨੇ ਪਾਸ਼, ਲਾਲ ਸਿੰਘ ਦਿਲ ਅਤੇ ਹਰਭਜਨ ਸਿੰਘ ਹੁੰਦਲ ਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਅਨੁਵਾਦ ਕਲਾ ਅਤੇ ਅਨੁਵਾਦ ਦੀਆਂ ਬਾਰੀਕੀਆਂ ਤੋਂ ਉਹ ਚੰਗੀ ਤਰ੍ਹਾਂ ਵਾਕਿਫ਼ ਹੈ। ਇਸ ਕਿਤਾਬ ਵਿੱਚ ਬਹੁਤ ਸਾਰੇ ਲੇਖ ਅਨੁਵਾਦ ਕਲਾ ਦੀਆਂ ਵਿਧੀਆਂ ਅਤੇ ਚੁਣੌਤੀਆਂ ਨੂੰ ਨਜਿੱਠਣ ਦਾ ਉਪਰਾਲਾ ਕਰਦੇ ਨਜ਼ਰ ਆਉਂਦੇ ਹਨ।
ਲੇਖਕ ਵਿਸ਼ਵੀਕਰਨ, ਗਲੋਬਲੀਕਰਨ, ਗ਼ੈਰ-ਬਰਾਬਰੀ ਦੇ ਵਰਤਾਰਿਆਂ ਬਾਰੇ ਚਿੰਤਤ ਹੈ। ਇਸ ਦਾ ਪ੍ਰਭਾਵ ਸਾਹਿਤ ਸਿਰਜਣਾ ਅਤੇ ਆਲੋਚਨਾ ਵਿਧੀ ਦੇ ਵਰਤਾਰਿਆਂ ਉੱਪਰ ਪੈਣਾ ਵੀ ਸੁਭਾਵਿਕ ਹੈ। ਰਾਜੇਸ਼ ਸ਼ਰਮਾ ਮਕਾਨਕੀ ਢੰਗ ਨਾਲ ਕੀਤੀ ਜਾ ਰਹੀ ਸਾਹਿਤਕ ਆਲੋਚਨਾ ਤੋਂ ਗੁਰੇਜ਼ ਕਰਕੇ ਸੁਭਾਵਿਕ ਤੌਰ ’ਤੇ ਪਾਠ ਕੇਂਦਰਤ ਆਲੋਚਨਾ ਦੇ ਮਾਪਦੰਡ ਅਪਨਾਉਣ ਨੂੰ ਤਰਜੀਹ ਦਿੰਦਾ ਹੈ ਅਤੇ ਨਾਲ ਹੀ ਦੂਜੀਆਂ ਭਾਸ਼ਾਵਾਂ ਵਿੱਚ ਰਚੇ ਗਏ ਸਾਹਿਤ ਨੂੰ ਤੁਲਨਾਤਮਕ ਸਾਹਿਤ ਸਿਧਾਂਤ ਦੇ ਸਨਮੁੱਖ ਪਰਖਣ ਉੱਤੇ ਬਲ ਦਿੰਦਾ ਹੈ। ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰੀ ਸਾਹਿਤ ਵਜੋਂ ਮਾਨਤਾ ਲਈ ਅਨੁਵਾਦ ਕਰਕੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋਣ ਨਾਲ ਹੀ ਸੰਭਵ ਹੋਣਾ ਮੰਨਦਾ ਹੈ। ਇਸ ਤਰ੍ਹਾਂ ਕਹਿ ਲਿਆ ਜਾਵੇ ਕਿ ਪੰਜਾਬੀ ਸਾਹਿਤ ਵਿੱਚ ਕੀ ਵਿਸ਼ਵ ਪੱਧਰੀ ਭਾਵ ਨੋਬੇਲ ਜੇਤੂ ਸਾਹਿਤਕ ਰਚਨਾ ਰਚੀ ਗਈ ਹੈ, ਵਰਗੇ ਗੰਭੀਰ ਸਵਾਲਾਂ ਨੂੰ ਉਸ ਨੇ ਉਜਾਗਰ ਕੀਤਾ ਹੈ। ਜੇ ਰਚੀ ਗਈ ਤਾਂ ਭਾਸ਼ਾ ਉਸ ਲਈ ਰੁਕਾਵਟ ਤਾਂ ਨਹੀਂ ਬਣ ਰਹੀ? ਪੰਜਾਬੀ ਸਾਹਿਤ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਹੀ ਇਸ ਦੀ ਵਿਸ਼ਵ ਪੱਧਰੀ ਪਛਾਣ ਬਣ ਸਕਦੀ ਹੈ। ਵਿਸ਼ਿਆਂ ਦੀ ਵੰਨ-ਸੁੁਵੰਨਤਾ ਅਤੇ ਸਮਰੱਥਾ ਪੰਜਾਬੀ ਸਾਹਿਤ ਵਿੱਚ ਬਹੁਤ ਪਈ ਹੈ। ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਨਾਲ ਇਸ ਦਾ ਮੁੱਲ ਵਧੇਰੇ ਬਣਦਾ ਲੱਗਦਾ ਹੈ। ਇਸ ਦਾ ਪੈਰਾਮੀਟਰ ਅਨੁਵਾਦ ਕਲਾ ਉੱਪਰ ਵੀ ਨਿਰਭਰ ਕਰਦਾ ਹੈ। ਇਸੇ ਲਈ ਰਾਜੇਸ਼ ਸ਼ਰਮਾ ਅਨੁਵਾਦ ਕਲਾ ਦੇ ਸਿਧਾਂਤ ਤੇ ਮਸਲਿਆਂ ਬਾਰੇ ਚਿੰਤਾ ਜ਼ਾਹਿਰ ਕਰਦਾ ਹੈ ਪਰ ਨਾਲ ਹੀ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੁੰਦਾ ਕਿ ਸਾਹਿਤ ਲਿਪੀਆਂ ਤੋਂ ਪਾਰ ਹੈ। ਇਸ ਦੀ ਮਿਸਾਲ ਸ਼ਾਹਮੁਖੀ ਅਤੇ ਗੁਰਮੁਖੀ ਲਿਪੀ ਬਾਰੇ ਦਿੰਦਾ ਹੈ।
ਡਾ. ਰਾਜੇਸ਼ ਸ਼ਰਮਾ ਸਾਹਿਤਕ ਕਿਰਤ ਨੂੰ ਪਰਿਭਾਸ਼ਤ ਕਰਦਿਆਂ ਲਿਖਦਾ ਹੈ ਕਿ ਸਾਹਿਤ ਦਾ ਬੁਨਿਆਦੀ ਕਾਰਜ ਅਤੇ ਉਦੇਸ਼ ਸਿਰਫ਼ ਮਨਪ੍ਰਚਾਵੇ ਅਤੇ ਯਥਾਰਥ ਦੀ ਪੇਸ਼ਕਾਰੀ ਹੀ ਨਹੀਂ ਸਗੋਂ ਸਮਾਜ ਦੀਆਂ ਜਟਿਲਤਾਵਾਂ ਨੂੰ ਪੇਸ਼ ਕਰਨਾ ਹੁੰਦਾ ਹੈ। ਉਹ ਸਾਹਿਤਕਾਰਾਂ ਨੂੰ ਆਦਰਸ਼ ਵਜੋਂ ਤਸੱਵਰ ਕਰਦਾ ਹੈ।
‘ਸਾਹਿਤ ਸ਼ਬਦ ਸੰਸਾਰ’ ਕਿਤਾਬ ਦੀ ਖ਼ਾਸੀਅਤ ਅਨੁਵਾਦ ਕਲਾ ਅਤੇ ਅਨੁਵਾਦਿਤ ਸਾਹਿਤ ਬਾਰੇ ਵਿਚਾਰ ਪੇਸ਼ ਕਰਨਾ ਹੈ। ਪੁਸਤਕ ਦਾ ਕਰਤਾ ਅਜੀਤ ਕੌਰ ਦੀਆਂ ਕਹਾਣੀਆਂ ਦੀ ਪੁਸਤਕ ਦੇ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਹੋਏ ਅਨੁਵਾਦ ‘ਲਾਈਫ ਵਾਜ਼ ਹਿਅਰ ਸਮਵੇਅਰ’ ਦੀਆਂ ਗੜਬੜੀਆਂ ਦਾ ਹਵਾਲਾ ਦਿੰਦਾ ਹੈ। ਦੂਜੇ ਪਾਸੇ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਦੇ ਅਨੁਵਾਦ ਨੂੰ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਮੀਂਹ ਜਾਵੋ ਹਨ੍ਹੇਰੀ ਜਾਵੋ Come Rain Come Storm, ਮੁੜ ਵਿਧਵਾ Widow Again, ਪੇਮੀ ਦੇ ਨਿਆਣੇ Pemi’s Children ਆਦਿ ਕਹਾਣੀਆਂ ਉਚਤਮ ਅਨੁਵਾਦਤ ਸਾਹਿਤ ਦੀ ਕਸਵੱਟੀ ’ਤੇ ਪਰਖੀਆਂ ਜਾ ਸਕਦੀਆਂ ਹਨ।
ਰਾਜ਼ੇਸ ਸ਼ਰਮਾ ਇਸ ਪੁਸਤਕ ਵਿੱਚ ਨਵੀਨ ਸਾਹਿਤਕ ਸਿਰਜਣ ਅਤੇ ਨਵੀਨ ਆਲੋਚਨਾ ਜੁਗਤਾਂ ਵੱਲ ਵੀ ਇਸ਼ਾਰਾ ਕਰਦਾ ਹੈ। ਇਹ ਵਿਸ਼ਿਆਂ ਦੀ ਵਿਭਿੰਨਤਾ ਅਤੇ ਸਮਕਾਲੀ ਚਿੰਤਨ ਦੀਆਂ ਗਹਿਰ ਗੰਭੀਰ ਦ੍ਰਿਸ਼ਟੀਆਂ ਬਾਰੇ ਵੀ ਮੁੱਲਵਾਨ ਪੁਸਤਕ ਹੈ। ਪੁਸਤਕ ਦਾ ਕਰਤਾ ਲਿਖਣ ਸਿਰਜਣ ਪ੍ਰਕਿਰਿਆ ਲਈ ਭਾਸ਼ਾ, ਸਿਰਜਣਾ ਅਤੇ ਸਵੈ ਇਨ੍ਹਾਂ ਤਿੰਨ ਬਿੰਦੂਆਂ ਤੋਂ ਬਣਦੇ ਤਿਕੋਣ ਬਾਰੇ ਚਰਚਾ ਕਰਦਾ ਹੈ ਜਿਸ ਲਈ ਉਹ ਲਿਖਤ ਲਈ ਭਾਸ਼ਾ ਦੀ ਅਹਿਮ ਭੂਮਿਕਾ ਦਾ ਤਸੱਵਰ ਕਰਦਾ ਹੈ। ਭਾਸ਼ਾ ਦੀ ਮੁਹਾਰਤ ਹੋਣ ਨਾਲ ਸਿਰਜਣ ਪ੍ਰਕਿਰਿਆ ਸਹਿਜ ਲੱਗਣ ਲੱਗਦੀ ਹੈ ਅਤੇ ਅਨੁਵਾਦ ਕਰਨ ਸਮੇਂ ਸੱਭਿਆਚਾਰਕ ਬੋਲੀ ਹੋਣਾ ਮਹੱਤਵਪੂਰਨ ਤੇ ਸਾਰਥਿਕ ਬਣਦਾ ਹੈ। ਇਸ ਗੱਲ ਦੀ ਪੁਸ਼ਟੀ ਉਹ ਹਾਇਡੈਗਰ ਦੇ ਹਵਾਲੇ ਨਾਲ ਕਰਦਾ ਹੈ ਕਿ ਭਾਸ਼ਾ ਉਹ ਆਫ ਬੀਇੰਗ ਹੈ ਸਾਡਾ ਹੋਣਾ ਭਾਸ਼ਾ ਵਿੱਚ ਹੁੰਦਾ ਹੈ। ਭਾਸ਼ਾ ਦੇ ਹਾਊਸ ਆਫ ਬੀਇੰਗ ਹੋਣ ਦੇ ਕੀ ਅਰਥ ਹੋ ਸਕਦੇ ਹਨ? ਦੂਜੇ ਪਾਸੇ ਨਾਬਕੋਵ ਦੇ ਤਰੀਕੇ ਨੂੰ ਵਿਚਾਰਦਾ ਹੈ ਕਿ ਵਾਕ ਵਿਚਲੀ ਸ਼ਬਦ ਵਿਵਸਥਾ ਨੂੰ ਅੱਗੇ ਪਿੱਛੇ ਕਰਨਾ ਸਿਰਫ਼ ਕਿਸੇ ਮਸ਼ੀਨ ਦੇ ਪੁਰਜ਼ੇ ਖੋਲ ਕੇ ਨਵੀਂ ਤਰ੍ਹਾਂ ਜੜ੍ਹਣ ਵਾਂਗ ਹੀ ਹੈ। ਕਿਤਾਬ ਦਾ ਲੇਖਕ ਆਪ ਯਾਯਾਵਰੀ ਰਾਜੇਸ਼ਵਰ ਦੇ ਵਿਚਾਰ ਦੀ ਪ੍ਰੋੜ੍ਹਤਾ ’ਤੇ ਬਲ ਦਿੰਦਾ ਹੈ ਕਿ ਕਾਵਿ ਸਿਰਜਣਾ ਦੇ ਦੋ ਪੱਖ ਹਨ ਇੱਕ ਹੈ ਪਦ ਅਤੇ ਵਾਕ ਦੀ ਵਿਵਸਥਾ ਦੇ ਪੱਧਰ ਉੱਪਰ ਸਿਰਜਣਾ ਇਹ ਵਿਰਚਨਾ ਕਹਾਉਂਦੀ ਹੈ ਅਤੇ ਦੂਜਾ ਇਸ ਤੋਂ ਪਰ੍ਹੇ ਦਾ ਪੱਧਰ।
ਇਸ ਪੁਸਤਕ ਦਾ ਖਾਸਾ ਇਹ ਵੀ ਹੈ ਕਿ ਇਸ ਵਿੱਚ ਸਾਹਿਤ ਅਤੇ ਖੋਜ ਪ੍ਰਤੀ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ, ਮਿਥਿਹਾਸ ਦੇ ਸਮਕਾਲ ਵਿੱਚ ਮਹੱਤਵ, ਨਵੇਂ ਪੰਜਾਬੀ ਆਲੋਚਕਾਂ ਅਤੇ ਜੀਵਨ ਦੀਆਂ ਕੁਝ ਤਲਖ਼ ਹਕੀਕਤਾਂ ਸਬੰਧੀ ਲੇਖ ਹਨ ਅਤੇ ਨਾਲ ਹੀ ਸਮਕਾਲ ਤੇ ਤਕਨਾਲੋਜੀ ਦੇ ਪ੍ਰਭਾਵ ਨਾਲ ਪੰਜਾਬੀ ਸਿਰਜਣ ਪ੍ਰਕਿਰਿਆ ਅਤੇ ਆਲੋਚਨਾ ’ਤੇ ਪਏ ਪ੍ਰਭਾਵ ਨਾਲ ਸਬੰਧਿਤ ਨਵੀਂ ਭਾਸ਼ਾ ਦੀ ਘਾੜਤ ਦਾ ਨਮੂਨਾ ਵੀ ਇਸ ਕਿਤਾਬ ਦਾ ਹਿੱਸਾ ਹੈ ਜਿਸ ਵਿੱਚ ਸੰਤਾਪ ਦਾ ਵਾਇਰਸ ਅਤੇ ਇਹ ਇਨਕਲਾਬ ਵਾਇਰਲ ਲੇਖ ਹਨ।
ਸੰਪਰਕ: 94174-78446