ਅਦਾਲਤ ਨੇ 56 ਵੈੱਬਸਾਈਟਾਂ ਨੂੰ ‘ਮਾਲਿਕ’ ਅਤੇ ‘ਸਰਬਾਲਾ ਜੀ’ ਦੀ ਸਟ੍ਰੀਮਿੰਗ ਤੋਂ ਰੋਕਿਆ
ਦਿੱਲੀ ਹਾਈ ਕੋਰਟ ਨੇ 56 ਵੈੱਬਸਾਈਟਾਂ ਨੂੰ ਟਿਪਸ ਫਿਲਮਜ਼ ਲਿਮਿਟਡ ਵੱਲੋਂ ਪੇਸ਼ ਕੀਤੀਆਂ ਬੌਲੀਵੁੱਡ ਫਿਲਮਾਂ ‘ਮਾਲਿਕ’ ਅਤੇ ‘ਸਰਬਾਲਾ ਜੀ’ ਦੀ ਨਾਜਾਇਜ਼ ਸਟ੍ਰੀਮਿੰਗ ਤੋਂ ਰੋਕ ਦਿੱਤਾ ਹੈ। ਜਸਟਿਸ ਅਮਿਤ ਬਾਂਸਲ ਨੇ ਇਨ੍ਹਾਂ ਵੈੱਬਸਾਈਟਾਂ ਨੂੰ ਨਿਰਮਾਤਾ ਦੀ ਕਿਸੇ ਵੀ ਤਰ੍ਹਾਂ ਦੀ ਕਾਪੀਰਾਈਟ ਵਾਲੀ ਸਮੱਗਰੀ ਨੂੰ ਬਿਨਾਂ ਅਧਿਕਾਰ ਹਾਸਲ ਕੀਤੇ ਸਟ੍ਰੀਮਿੰਗ ਆਦਿ ’ਤੇ ਪਾਬੰਦੀ ਲਗਾ ਦਿੱਤੀ ਹੈ। ਅਦਾਕਾਰ ਰਾਜਕੁਮਾਰ ਰਾਓ ਅਤੇ ਮਾਨੂਸ਼ੀ ਛਿੱਲਰ ਦੀ ਫਿਲਮ ‘ਮਾਲਿਕ’ 11 ਜੁਲਾਈ ਨੂੰ ਰਿਲੀਜ਼ ਹੋਈ ਸੀ ਜਦੋਂਕਿ ਐਮੀ ਵਿਰਕ ਅਤੇ ਗਿੱਪੀ ਗਰੇਵਾਲ ਦੀ ਫਿਲਮ ‘ਸਰਬਾਲਾ ਜੀ’ 18 ਜੁਲਾਈ ਨੂੰ ਰਿਲੀਜ਼ ਹੋਣੀ ਹੈ। ਇਨ੍ਹਾਂ ਵੈੱਬਸਾਈਟਾਂ ਨੂੰ ਇਨ੍ਹਾਂ ਫਿਲਮਾਂ ਨੂੰ ਦਿਖਾਉਣ ਤੋਂ ਰੋਕਦੇ ਹੋਏ ਅਦਾਲਤ ਨੇ ਕਿਹਾ ਕਿ ਅਪੀਲਕਰਤਾ ਨੂੰ ਇਸ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪੈ ਸਕਦਾ ਹੈ। ਅਦਾਲਤ ਨੇ ਕਿਹਾ ਕਿ ਇਹ ਕੇਸ ਅਪੀਲਕਰਤਾ ਦੇ ਹੱਕ ਵਿੱਚ ਜਾਂਦਾ ਹੈ। ਜੇ ਅਦਾਲਤ ਨੇ ਹੁਣੇ ਫ਼ੈਸਲਾ ਨਾ ਦਿੱਤਾ ਤਾਂ ਇਸ ਨਾਲ ਪਟੀਸ਼ਨਕਰਤਾ ਨੂੰ ਨੁਕਸਾਨ ਹੋਵੇਗਾ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 17 ਨਵੰਬਰ ਨੂੰ ਰੱਖੀ ਹੈ। ਟਿਪਸ ਫਿਲਮਜ਼ ਲਿਮਿਟਡ ਨੇ ਕਿਹਾ ਕਿ ਆਨਲਾਈਨ ਪਾਇਰੇਸੀ ਦਾ ਖ਼ਤਰਾ ਗੰਭੀਰ ਹੈ। ਇਸ ’ਤੇ ਅਦਾਲਤ ਨੇ 56 ਵੈੱਬਸਾਈਟਾਂ ’ਤੇ ਰੋਕ ਲਾਈ ਹੈ।