ਮੁੱਖ ਮੰਤਰੀ ਵੱਲੋਂ ਹਰਮੀਤ ਸੰਧੂ ਦੇ ਹੱਕ ’ਚ ਰੋਡ ਸ਼ੋਅ
ਗੁਰਬਖਸ਼ਪੁਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਨਾਲ ਲੈ ਕੇ ਇਲਾਕੇ ਦੇ ਪਿੰਡ ਬਾਲਾ ਚੱਕ, ਗੋਹਲਵੜ, ਕੋਟ ਦਸੰਧੀ ਮੱਲ, ਪੰਡੋਰੀ ਸਿੱਧਵਾਂ, ਮੰਨਣ, ਖੈਰਦੀਨਕੇ, ਠੱਠਗੜ੍ਹ, ਜਗਤਪੁਰਾ ਅਤੇ ਢੰਡ ਸਣੇ ਕਈ ਪਿੰਡਾਂ ਵਿੱਚ ਰੋਡ ਸ਼ੋਅ ਕੀਤਾ। ਲੋਕਾਂ ਨੇ ਮੁੱਖ ਮੰਤਰੀ ਤੇ ‘ਆਪ’ ਆਗੂਆਂ ਦਾ ਭਰਵਾਂ ਸਵਾਗਤ ਕੀਤਾ|
ਇਸ ਦੌਰਾਨ ਮੁੱਖ ਮੰਤਰੀ ਨਾਲ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਸਨ| ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਚੋਣ ਤਰਨ ਤਾਰਨ ਦੇ ਭਵਿੱਖ ਦਾ ਫ਼ੈਸਲਾ ਕਰਨ ਵਾਲੀ ਹੈ। ਇਸ ਨੇ ਹਲਕੇ ਲਈ ਵਿਕਾਸ ਦੇ ਦਰਵਾਜ਼ੇ ਖੋਲ੍ਹਣੇ ਹਨ| ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੀ
ਸਰਕਾਰ ਆਉਣ ਨਾਲ ਝੂਠੇ ਵਾਅਦਿਆਂ ਅਤੇ ਪਰਿਵਾਰਵਾਦ ਦਾ ਯੁੱਗ ਖ਼ਤਮ ਹੋ ਗਿਆ ਹੈ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸੂਬਾ ਵਾਸੀਆਂ ਨੂੰ ਮੁਫ਼ਤ ਬਿਜਲੀ, ਗ਼ਰੀਬਾਂ ਤੱਕ ਰਾਸ਼ਨ ਪਹੁੰਚਾਉਣ, ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਸੁਧਾਰ ਕਰਨ ਤੋਂ ਇਲਾਵਾ 55,000 ਸਰਕਾਰੀ ਨੌਕਰੀਆਂ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ| ਉਨ੍ਹਾਂ ਕਿਹਾ ਕਿ ਉਹ ਮੰਗਲਵਾਰ ਨੂੰ ਫਿਰ ਤਰਨ ਤਾਰਨ ਆਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ| ਇਸ ਦੌਰਾਨ ਵਿਰੋਧੀ ਸਿਆਸੀ ਪਾਰਟੀਆਂ ’ਤੇ ਤਿੱਖਾ ਹਮਲਾ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਕਦੇ ਪੰਜਾਬ ’ਤੇ ਰਾਜ ਕੀਤਾ, ਉਹ ਅਕਾਲੀ ਅਤੇ ਕਾਂਗਰਸੀ ਪੰਜ ਸਾਲ ਖ਼ੁਦ ਨੂੰ ਚੰਡੀਗੜ੍ਹ ਦੇ ਬੰਗਲਿਆਂ ਵਿੱਚ ਬੰਦ ਕਰ ਲੈਂਦੇ ਸਨ। ਉਨ੍ਹਾਂ ਨੇ ਕਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਪਰਵਾਹ ਨਹੀਂ ਸੀ ਕੀਤੀ ਕਿਉਂਕਿ ਉਹ ਲੋਕ ਸਿਰਫ਼ ਆਪਣੇ ਪਰਿਵਾਰਾਂ ਬਾਰੇ ਸੋਚਦੇ ਹਨ, ਪੰਜਾਬ ਬਾਰੇ ਨਹੀਂ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਲੋਕਾਂ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਵੋਟ ਦੇਣ ਨਾਲ ਹਲਕੇ ਦੇ ਵਿਕਾਸ ਲਈ ਚਾਰ-ਚੁਫੇਰਿਓਂ ਦਰਵਾਜ਼ੇ ਖੁੱਲ੍ਹਣਗੇ। ਇਸ ਕਰ ਕੇ ਹਲਕੇ ਦੇ ਲੋਕ ਦੂਜੀਆਂ ਪਾਰਟੀਆਂ ਨੂੰ ਵੋਟ ਨਹੀਂ ਦੇਣਗੇ।
