ਦਰਬਾਰਾ ਸਿੰਘ ਕਾਹਲੋਂਸਿਰਫ ਕੈਨੇਡਾ ਦੇ 4 ਕਰੋੜ 10 ਲੱਖ ਲੋਕਾਂ ਦੀਆਂ ਹੀ ਨਹੀਂ ਬਲਕਿ ਪੂਰੇ ਵਿਸ਼ਵ ਭਰ ਦੇ ਲੋਕਾਂ ਦੀਆਂ ਨਜ਼ਰਾਂ ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕਾ ਦੇ ਆਪਹੁਦਰੇ, ਬੜਬੋਲੇ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ 6 ਮਈ 2025 ਨੂੰ ਪਹਿਲੀ ਡਿਪਲੋਮੈਟਿਕ, ਸਦਾਚਾਰਕ, ਵਪਾਰਕ, ਰਾਜਨੀਤਕ ਅਤੇ ਹੋਰ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ਸਬੰਧੀ ਮਿਲਣੀ ’ਤੇ ਟਿਕੀਆਂ ਹੋਈਆਂ ਸਨ। ਅਮਰੀਕਾ ਦੇ ਦੂਸਰੀ ਵਾਰ 47ਵੇਂ ਰਾਸ਼ਟਰਪਤੀ ਵਜੋਂ 20 ਜਨਵਰੀ 2025 ਨੂੰ ਪਦ ਸੰਭਾਲਣ ਬਾਅਦ ਉਸ ਦਾ ਹਮਲਾਵਰ ਵਤੀਰਾ ਦਰਸਾਉਂਦਾ ਹੈ ਕਿ ਉਹ ਦੂਸਰੇ ਵਿਸ਼ਵ ਯੁੱਧ ਬਾਅਦ ਸਥਾਪਿਤ ਗਲੋਬਲ ਨਿਜ਼ਾਮ ਨੂੰ ਅਮਰੀਕਾ ਕੇਂਦਰਤ ਕਰਨ ’ਤੇ ਤੁਲਿਆ ਹੋਇਆ ਹੈ। ਉਸ ਦੀ ‘ਟੈਰਿਫ ਵਾਰ’ ਨੇ ਪੂਰੇ ਵਿਸ਼ਵ ਦੀਆਂ ਚੂਲਾਂ (ਸਿਵਾਏ ਤਾਕਤਵਰ ਚੀਨ ਦੇ) ਹਿਲਾ ਕੇ ਰੱਖ ਦਿੱਤੀਆਂ। ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਦੇ ਮੁਖੀ ਆਪਣੀ ਆਰਥਿਕ ਬਰਬਾਦੀ ਦੇ ਬਚਾਅ ਲਈ ਉਸ ਕੋਲ ਟੈਰਿਫ ਕਟੌਤੀ ਦੀ ਭੀਖ ਮੰਗ ਰਹੇ ਹਨ ਅਤੇ ਉਹ ਹਰ ਇੱਕ ਨਾਲ ਤਾਨਸ਼ਾਹੀ ਭਰਿਆ ਵਰਤਾਉ ਕਰ ਰਿਹਾ ਹੈ। ਉਹ ਆਪਣੇ ਸੁਪਰ ਕਾਰਪੋਰੇਟਰਵਾਦੀ ਗੈਂਗ ਨਾਲ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਬੈਠ ਜਾਂਦਾ ਹੈ ਤੇ ਮੁਲਕਾਤ ਲਈ ਆਏ ਰਾਸ਼ਟਰ ਮੁਖੀ ਅਤੇ ਉਸ ਨਾਲ ਆਈ ਗੁੰਗੀ ਟੀਮ ਨੂੰ ਘੇਰ ਲੈਂਦਾ ਹੈ। ਖੂਬ ਖ਼ਰੀਆਂ-ਖਰੀਆਂ ਸੁਣਾ ਕੇ ਉਸ ਦੀਆਂ ਸ਼ਰਤਾਂ ਅਨੁਸਾਰ, ਸਮਝੌਤੇ ਸੰਧੀਆਂ ਕਰਨ ਲਈ ਮਜਬੂਰ ਕਰ ਦਿੰਦਾ ਹੈ। ਜਾਰਡਨ ਦੇ ਸ਼ਾਹ ’ਤੇ ਗਾਜ਼ਾ ਪੱਟੀ ਦੇ ਉੱਜੜੇ ਹਮਾਸ ਲੋਕਾਂ ਨੂੰ ਉਸ ਦੇ ਦੇਸ਼ ਵਿਚ ਵਸਾਉਣ ਜਾਂ ਯੂਕਰੇਨ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਅਮਰੀਕੀ ਸ਼ਰਤਾਂ ’ਤੇ ਰੂਸ ਨਾਲ ਸਮਝੌਤਾ ਕਰਨ ਲਈ ਮਜਬੂਰ ਕਰਨ ਬਾਰੇ ਕਹੇ ਜਾਣ ਤੋਂ ਕੌਣ ਜਾਣੂ ਨਹੀਂ? ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰ ਜਸਟਿਨ ਟਰੂਡੋ ਨੂੰ ‘ਸ੍ਰੀਮਾਨ ਗਵਰਨਰ’ ਅਤੇ ਕੈਨੇਡਾ ਨੂੰ ਅਮਰੀਕਾ ਦੇ 51ਵੇਂ ਰਾਜ ਬਣਾਉਣ ਦੇ ਡਰਾਵੇ ਤੇ ਸ਼ਰਮਨਾਕ ਵਰਤਾਓ ਤੋਂ ਕੌਣ ਵਾਕਿਫ ਨਹੀਂ?ਕਾਰਨੀ ਨਾਲ ਮਿਲਣੀਕੈਨੇਡਾ ਦੇ ਸਬੰਧਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਲਿਬਰਲ ਪਾਰਟੀ ਅੰਦਰੋਂ ਬਗਾਵਤ ਹੋਣ ਕਰ ਕੇ ਉਨ੍ਹਾਂ ਦੇ ਅਸਤੀਫੇ ਬਾਅਦ ਮਾਰਕ ਕਾਰਨੀ 85 ਪ੍ਰਤੀਸ਼ਤ ਲਿਬਰਲਾਂ ਦੀ ਹਮਾਇਤ ਨਾਲ ਪਾਰਟੀ ਆਗੂ ਚੁਣੇ ਗਏ ਅਤੇ ਫਿਰ 14 ਮਾਰਚ 2025 ਨੂੰ ਪ੍ਰਧਾਨ ਮੰਤਰੀ ਬਣੇ। 28 ਅਪਰੈਲ ਵਾਲੀਆਂ ਫੈਡਰਲ ਚੋਣਾਂ ਵਿਚ ਉਹ ਮੁੜ ਘੱਟਗਿਣਤੀ ਲਿਬਰਲ ਪਾਰਟੀ ਸਰਕਾਰ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ। ਕਾਰਨੀ ਰਾਜਨੀਤਕ ਆਗੂ ਨਹੀਂ ਹੈ, ਬੁਨਿਆਦੀ ਤੌਰ ’ਤੇ ਉਹ ਅਰਥ ਸ਼ਾਸਤਰੀ ਹੈ ਜੋ ਬੈਂਕ ਆਫ ਕੈਨੇਡਾ, ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਭੂਮਿਕਾ ਨਿਭਾਉਣ ਤੋਂ ਇਲਾਵਾ ਵਿਸ਼ਵ ਬੈਂਕ ਅਤੇ ਹੋਰ ਅਨੇਕ ਆਰਥਿਕ ਸੰਸਥਾਵਾਂ ਨਾਲ ਕੰਮ ਕਰ ਚੁੱਕਾ ਹੈ। ਇਸੇ ਕਰ ਕੇ ਗਲੋਬਲ ਪੱਧਰ ’ਤੇ ਉਹ ਕਿਸੇ ਪਛਾਣ ਦਾ ਮੁਥਾਜ ਨਹੀਂ। ਉਹ ਸਫਲ ਬਿਜ਼ਨਸ ਮੀਟਿੰਗਾਂ ਲਈ ਤਾਂ ਮਸ਼ਹੂਰ ਹੈ ਪਰ ਰਾਜਨੀਤਕ ਮੀਟਿੰਗਾਂ ਦਾ ਉਸ ਕੋਲ ਕੋਈ ਤਜਰਬਾ ਨਹੀਂ। ਪ੍ਰਧਾਨ ਮੰਤਰੀ ਬਣਨ ਬਾਅਦ ਅਮਰੀਕਾ ’ਤੇ ਦਬਾਅ ਬਣਾਉਣ ਲਈ ਉਸ ਨੇ ਯੂਕੇ ਅਤੇ ਫਰਾਂਸ ਦਾ ਦੌਰਾ ਜ਼ਰੂਰ ਕੀਤਾ। ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਜੋ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੌਕੀ ਭਰ ਗਿਆ ਸੀ, ਬਰਤਾਨੀਆਂ ਦੇ ਬਾਦਸ਼ਾਹ ਚਾਰਲਸ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਨਾਲ ਮੁਲਾਕਾਤਾਂ ਕੀਤੀਆਂ ਤਾਂ ਕਿ ਭਵਿੱਖ ਵਿਚ ਵਪਾਰਕ, ਰਾਜਨੀਤਕ, ਡਿਪਲੋਮੈਟਿਕ, ਸੁਰੱਖਿਆ ਅਤੇ ਯੁੱਧਨੀਤਕ ਸਮਝੌਤੇ ਕੀਤੇ ਜਾ ਸਕਣ ਪਰ ਉਸ ਦੀ ਟਰੰਪ ਵਰਗੇ ਆਪਹੁਦਰੇ ਆਗੂ ਨਾਲ 6 ਮਈ ਦੀ ਮੁਲਾਕਾਤ ਚੁਣੌਤੀ ਭਰਿਆ ਟੈਸਟ ਸੀ। ਦਰਅਸਲ, ਬੁਰੀ ਤਰ੍ਹਾਂ ਲਤਾੜੀ ਅਤੇ ਲੋਕ ਰੋਹ ਦਾ ਸ਼ਿਕਾਰ ਲਿਬਰਲ ਪਾਰਟੀ ਮੁੜ ਸੱਤਾ ਵਿਚ ਲਿਆਉਣ ਦਾ ਕਾਰਨ ਹੀ ਮਾਰਕ ਕਾਰਨੀ ਸੀ ਜਿਸ ਦੀ ਆਰਥਿਕ ਸੂਝ-ਬੂਝ ’ਤੇ ਕੈਨੇਡੀਅਨਾਂ ਨੇ ਭਰੋਸਾ ਜਿਤਾਇਆ।ਬੜੇ ਖੁਸ਼ਮਿਜ਼ਾਜ ਅਤੇ ਇੱਕ-ਦੂਸਰੇ ਦੀ ਤਾਰੀਫ ਭਰੇ ਲਹਿਜੇ ਬਾਅਦ ਜਦੋਂ ਕਾਰਨੀ ਆਪਣੇ ਵਫ਼ਦ ਨਾਲ ਡੋਨਲਡ ਟਰੰਪ ਦੀ ਕਾਰਪੋਰਟਰ ਜੁੰਡਲੀ ਸਾਹਮਣੇ ਓਵਲ ਦਫ਼ਤਰ ਵਿਚ ਪੱਤਰਕਾਰਾਂ ਦੀ ਮੌਜੂਦਗੀ ਵਿਚ ਬੈਠੇ ਤਾਂ ਰਾਸ਼ਟਰਪਤੀ ਹੋ ਗਏ ਸ਼ੁਰੂ। ਉਨ੍ਹਾਂ ਦੀ ਸੁਰ ਦਬਾਅ ਭਰੀ, ਲਹਿਜਾ ਤਾਨਾਸ਼ਾਹੀ ਭਰਿਆ ਅਤੇ ਗਲਬਾਤ ਏਕਾਧਿਕਾਰ ਭਰੀ ਸੀ ਜਿਸ ਨੇ ਕਾਰਨੀ ਵਰਗੇ ਅਰਥ ਸ਼ਾਸਤਰੀ, ਸ਼ਰੀਫ ਅਤੇ ਪ੍ਰਬੁੱਧ ਵਿਅਕਤੀ ਨੂੰ ਗੰਭੀਰ ਤੇ ਹੈਰਾਨੀ ਭਰੀ ਅਸ਼ਾਂਤ ਮਨੋਦਿਸ਼ਾ ਵੱਲ ਧੱਕ ਦਿਤਾ ਪਰ ਉਨ੍ਹਾਂ ਮੌਕਾ ਵਿਚਾਰਿਆ ਅਤੇ ਇਸ ਅਨੁਸਾਰ ਆਪਣੀ ਕਾਰਵਾਈ ਪਾਈ।35 ਮਿੰਟ ਦੀ ਮੀਟਿੰਗ ਵਿਚ ਟਰੰਪ ਆਪਣੇ ਕਸੀਦੇ ਕੱਢਦਾ ਰਿਹਾ। ਕਰੀਬ 5525 ਮੀਲ ਸਰਹੱਦੀ ਖੂਬਸੂਰਤ ਗੁਆਂਢੀ, ਨਿੱਘੇ ਮਿੱਤਰ, 77 ਪ੍ਰਤੀਸ਼ਤ ਵਪਾਰਕ ਸਾਥੀ, ਜੰਗਾਂ-ਯੁੱਧਾਂ ਵਿਚ ਅਮਰੀਕਾ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੇ ਕੈਨੇਡਾ ਨਾਲ ਅਮਰੀਕਾ ਮੈਕਸਿਕੋ ਕੈਨੇਡਾ ਵਪਾਰਕ ਸਮਝੌਤਾ ਜੋ ਉਸ ਨੇ 2018 ਵਿਚ ਪਹਿਲੇ ਨਾਫਟਾ ਸਮਝੌਤੇ ਨੂੰ ਤੋੜ ਕੇ ਕੈਨੇਡਾ ਅਤੇ ਮੈਕਸਿਕੋ ਗੁਆਂਢੀ ਦੇਸ਼ਾਂ ਨਾਲ ਕੀਤਾ ਸੀ ਅਤੇ ਜਿਸ ਦੀ ਮੁੜ ਨਜ਼ਰਸਾਨੀ 2026 ਵਿਚ ਤੈਅ ਹੈ, ਨੂੰ ਨਕਾਰ ਕੇ ਟਰੰਪ ਆਪਣੇ ਵੱਲੋਂ ਠੋਕੇ 25 ਪ੍ਰਤੀਸ਼ਤ ਟੈਰਿਫ ਨੂੰ ਸਹੀ ਠਹਿਰਾ ਰਿਹਾ ਸੀ। ਕੈਨੇਡਾ ਦੀ ਸਨਅਤ ਅਮਰੀਕਾ ਵਿਚ ਆਉਣ ਦੀ ਮਜਬੂਰੀ ਟੈਰਿਫ ਦਬਾਅ ਹੇਠ ਦਰਸਾ ਰਿਹਾ ਸੀ। ਗੱਲਬਾਤ ਕੈਨੇਡਾ ਅਮਰੀਕਾ ਵਪਾਰਕ ਮਿਲਵਰਤਣ, ਵਿਕਾਸ ਵਾਲੇ ਸਬੰਧਾਂ ਤੋਂ ਬੇਲੋੜੇ ਸਾਬਕਾ ਰਾਸ਼ਟਰਪਤੀ ਬਾਰਾਕ ਓਬਾਮਾ ਦੀ ਰਾਸ਼ਟਰਪਤੀ ਲਾਇਬਰੇਰੀ ਤੋਂ ਰੇਲ ਪ੍ਰਾਜੈਕਟਾਂ, ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਆਪਣੀਆਂ ਪ੍ਰਾਪਤੀਆਂ ਸੁਣਾ ਕੇ ਕਾਰਨੀ ਨੂੰ ਪ੍ਰਭਾਵਿਤ ਅਤੇ ਲੀਹੋਂ ਉਤਾਰਨ ਲਈ ਕਰ ਰਿਹਾ ਸੀ। ਕਾਰਨੀ ਇਸ ਸਭ ਬਾਰੇ ਚੁੱਪ ਸੀ।ਕਰਾਰਾ ਜਵਾਬ: ਕਸੀਦੇ ਕੱਢਦੇ-ਕੱਢਦੇ ਆਖਿ਼ਰ ਟਰੰਪ ਉਸ ਨੁਕਤੇ ’ਤੇ ਆ ਗਿਆ ਜੋ ਕਿਸੇ ਵੀ ਰਾਸ਼ਟਰ ਦੇ ਮੁਖੀ ਨੂੰ ਸਹਿਣ ਨਹੀਂ ਹੁੰਦਾ। ਕੈਨੇਡਾ ਨਾਲ ਆਪਣੇ ਪਿਆਰ, ਆਪਣੀ ਮਾਂ ਦੇ ਪਿਛੋਕੜ, ਇਸ ਨੂੰ ਮੁਫ਼ਤ ਸੁਰੱਖਿਆ ਦੇਣ, ਟੈਰਿਫ ਅਤੇ ਟੈਕਸ ਮੁਆਫੀਆਂ, ਵਧੀਆ ਸਿਹਤ ਸੇਵਾਵਾਂ ਦੇਣ ਦੀਆਂ ਗੱਲਾਂ ਦਸਵੀਂ ਜਮਾਤ ਦੇ ਮੁੰਡੇ ਵਾਂਗ ਕਰਦਾ-ਕਰਦਾ ਆਪਣੇ ਰੀਅਲ ਐਸਟੇਟ ਤਜਰਬੇ ’ਤੇ ਆ ਪੁੱਜਾ ਕਿ ਕਿਵੇਂ ਮਸਨੂਈ ਲਕੀਰ ਹਟਾਉਣ ਨਾਲ ਖੂਬਸੂਰਤ ਤਸਵੀਰ ਸਾਹਮਣੇ ਬਣ ਜਾਂਦੀ ਹੈ। ਉਹ ਕਲਾ ਪ੍ਰੇਮੀ ਹੈ ਅਤੇ ਐਸਾ ਮਹਿਸੂਸ ਕਰਦਾ ਹੈ; ਭਾਵ, ਕੈਨੇਡਾ ਦੀ ਅਮਰੀਕਾ ਵਿਚ ਸ਼ਮੂਲੀਅਤ (51ਵੇਂ ਪ੍ਰਾਂਤ ਵਜੋਂ)।ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਬੜੇ ਸੁਘੜ ਢੰਗ ਨਾਲ ਜਵਾਬ ਦਿੱਤਾ ਕਿ ਤੁਸੀਂ ਰੀਅਲ ਐਸਟੇਟ ਬਾਰੇ ਜਾਣਦੇ ਹੋ ਕਿ ਕੁਝ ਥਾਵਾਂ ਐਸੀਆਂ ਹੁੰਦੀਆਂ ਹਨ ਜੋ ਵਿਕਾਊ ਨਹੀਂ ਹੁੰਦੀਆਂ ਜਿਵੇਂ ਇੱਕ (ਵ੍ਹਾਈਟ ਹਾਊਸ) ਜਿਸ ਵਿਚ ਅਸੀਂ ਬੈਠੇ ਹਾਂ; ਦੂਜੇ ਬਕਿੰਘਮ ਪੈਲਸ (ਬਰਤਾਨਵੀ ਸ਼ਾਹੀ ਘਰਾਣੇ ਦਾ ਮਹਿਲ)। ਉਹ ਚੋਣਾਂ ਦੌਰਾਨ ਪੂਰੇ ਕੈਨੇਡਾ ਵਿਚ ਘੁੰਮੇ। ਉਸ ਦੇ ਮਾਲਿਕਾਂ ਦਾ ਕਹਿਣਾ ਹੈ ਕਿ ਕੈਨੇਡਾ ਵਿਕਾਊ ਨਹੀਂ ਹੈ, ਕਦੇ ਵੀ। ਪਰ ਭਾਈਵਾਲੀ ਸਾਨੂੰ ਮੌਕਾ ਮੁਹੱਈਆ ਕਰਦੀ ਹੈ ਕਿ ਅਸੀਂ ਮਿਲ ਕੇ ਤਰੱਕੀ ਕਰ ਸਕਦੇ ਹਾਂ। ਫਿਰ ਟਰੰਪ ਬੋਲਿਆ, “ਪਰ ਇਹ ਕਦੇ ਨਾ ਕਹੋ, ਕਦੇ ਨਹੀਂ।” ਬਾਅਦ ਵਿਚ ਦੋਹਾਂ ਆਗੂਆਂ ਦੀ ਬੰਦ ਕਮਰੇ ਵਿਚ ਵੱਖਰੀ ਗੱਲਬਾਤ ਸਮੇਂ ਕਾਰਨੀ ਨੇ ਟਰੰਪ ਨੂੰ ਸਪਸ਼ਟ ਕਿਹਾ ਕਿ ਉਹ ਕੈਨੇਡਾ ਨੂੰ 51ਵੇਂ ਸੂਬੇ ਵਜੋਂ ਸ਼ਾਮਲ ਕਰਨ ਦੀ ਗੱਲ ਨਾ ਕਰਿਆ ਕਰਨ।ਫੌਕਸ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਕੈਨੇਡਾ ਦੇ ਐਕਟਰ ਵਿਲੀਅਮ ਸ਼ੈਂਟਰ ਨੇ ਕਿਹਾ ਕਿ ਜੇ ਅਮਰੀਕਾ ਨੂੰ ਕੈਨੇਡਾ ਨਾਲ ਇੰਨਾ ਪ੍ਰੇਮ ਹੈ ਤਾਂ ਉਹ ਉਸ ਦਾ 11ਵਾਂ ਸੂਬਾ ਬਣ ਜਾਵੇ, ਕੀ ਹਰਜ ਹੈ?ਦੁਪਹਿਰ ਦੇ ਖਾਣੇ ਵੇਲੇ ਟਰੰਪ ਨੇ ਕਾਰਨੀ ਨੂੰ ਵਿਦੇਸ਼ ਨੀਤੀ ਬਾਰੇ ਗੱਲ ਕਰਦਿਆਂ ਪੁੱਛਿਆ ਕਿ ਉਹ ਰੂਸ, ਯੂਕਰ੍ਰਨ, ਚੀਨ, ਇਰਾਨ, ਗਾਜ਼ਾ ਆਦਿ ਦੇ ਮਸਲਿਆਂ ਬਾਰੇ ਕੈਸੇ ਵਿਚਾਰ ਰੱਖਦੇ ਹਨ? ਬੰਦ ਕਮਰਾ ਗੱਲਬਾਤ ਵਿਚ ਕਾਰਨੀ ਨੇ ਪ੍ਰਸ਼ਨ ਉਠਾਇਆ ਕਿ ਕੈਨੇਡਾ ਤੇ ਅਮਰੀਕੀ ਟੈਰਿਫਾਂ ਦੀ ਕੋਈ ਤੁੱਕ ਨਹੀਂ। ਦੋਹਾਂ ਨੇ ਇਸਪਾਤ, ਆਟੋ ਪਾਰਟਸ, ਫੈਂਟਾਨਾਈਲ (ਨਸ਼ੀਲਾ ਪਦਾਰਥ), ਰੱਖਿਆ, ਖਣਿਜ ਪਦਾਰਥਾਂ ਅਤੇ ਸਰਹੱਦੀ ਸੁਰੱਖਿਆ ਵਿਸ਼ਿਆਂ ’ਤੇ ਗੱਲ ਕੀਤੀ। ਅੰਦਰੂਨੀ ਸ੍ਰੋਤ ਦਰਸਾਉਂਦੇ ਹਨ ਕਿ ਟਰੰਪ ਦਾ ਵਤੀਰਾ ਕਾਰਨੀ ਪ੍ਰਤੀ ਜਸਟਿਨ ਟਰੂਡੋ ਨਾਲੋਂ ਬਹੁਤ ਭਿੰਨ ਸੀ। ਉਸ ਨੇ ਉਸ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਸੁਣਿਆ। ਕਈ ਸਵਾਲ ਵੀ ਪੁੱਛੇ। ਫੈਂਟਾਨਾਈਲ ਵਰਗੇ ਨਸ਼ੇ ਬੰਦ ਕਰਨੇ, ਨਸ਼ੀਲੇ ਪਦਾਰਥਾਂ ਦੇ ਸਰਗਨਿਆਂ ’ਤੇ ਕਾਬੂ ਪਾਉਣ, ਆਰਕਟਿਕ ਖੇਤਰ ਦੀ ਸੁਰੱਖਿਆ, ਕੈਨੇਡਾ ਦੀ ਫੌਜੀ ਸ਼ਕਤੀ ਦੇ ਵਿਸਥਾਰ ਵਰਗੇ ਨੁਕਤਿਆਂ ’ਤੇ ਵਿਚਾਰ ਵਟਾਂਦਰਾ ਕੀਤਾ।ਆਰਥਿਕ ਮਾਹਿਰ ਵਜੋਂ ਕਾਰਨੀ ਟਰੰਪ ਨਾਲ ਸਹਿਮਤ ਨਹੀਂ ਕਿ ਅਮਰੀਕਾ ਨੂੰ ਕੈਨੇਡਾ ਵਿਚ ਬਣਦੇ ਵਾਹਨਾਂ ਦੀ ਖਰੀਦ ਦੀ ਲੋੜ ਨਹੀਂ। ਅਮਰੀਕੀ ਆਟੋ ਸਨਅਤ ਦਾ ਸੱਚ ਇਹ ਹੈ ਅਤੇ ਉਸ ਦਾ ਵਿਚਾਰ ਵੀ ਇਹ ਹੈ ਕਿ ਉਹ ਕੈਨੇਡੀਅਨ ਆਟੋ ਵਰਕਰਾਂ, ਆਟੋ ਕੰਪਨੀਆਂ, ਕੈਨੇਡੀਅਨ ਸਟੀਲ, ਅਲਮੂਨੀਅਮ ਅਤੇ ਤਕਨੀਕ ਬਗੈਰ ਚੱਲ ਨਹੀਂ ਸਕਦੀ, ਟਰੰਪ ਭਾਵੇਂ ਜੋ ਮਰਜ਼ੀ ਮੁਹਾਰਨੀ ਪੜ੍ਹੀ ਜਾਵੇ।ਅਮਰੀਕਾ ਵੱਲੋਂ ਟੈਰਿਫ ਠੋਕਣ ਅਤੇ ਕੈਨੇਡਾ ਵੱਲੋਂ ਜਵਾਬੀ ਕਾਰਵਾਈ ਕਰਨ ਬਾਅਦ ਕੈਨੇਡਾ ਦਾ ਅਮਰੀਕਾ ਨੂੰ ਪਹਿਲੇ ਮਹੀਨੇ ਵਿਚ ਬਰਾਮਦ 6.6 ਅਤੇ ਦਰਾਮਦ 2.9 ਪ੍ਰਤੀਸ਼ਤ ਘਟੀ ਹੈ। ਦੂਸਰੇ ਪਾਸੇ ਗੈਰ ਅਮਰੀਕੀ ਦੇਸ਼ਾਂ ਜਿਵੇਂ ਨੈਦਰਲੈਂਡ ਤੇ ਹਾਂਗਕਾਂਗ ਨੂੰ ਕੱਚੇ ਤੇਲ, ਬ੍ਰਿਟੇਨ ਨੂੰ ਸੋਨੇ, ਜਰਮਨੀ ਨੂੰ ਹੋਰ ਕਈ ਵਸਤਾਂ ਦੀ ਬਰਾਮਦ 24.8 ਪ੍ਰਤੀਸ਼ਤ ਵਧੀ ਹੈ।ਪ੍ਰਧਾਨ ਮੰਤਰੀ ਕਾਰਨੀ ਹੁਣ ਅਮਰੀਕਾ ਨਾਲ ਵਪਾਰ ’ਤੇ ਨਿਰਭਰ ਨਹੀਂ ਰਹਿਣਗੇ। ਉਨ੍ਹਾਂ ਇਸ ਨੂੰ ਵਿਸ਼ਵ ਦੇ ਹੋਰ ਦੇਸ਼ਾਂ ਲਾਲ ਵਧਾਉਣ ਦਾ ਨੀਤੀਗਤ ਫੈਸਲਾ ਕਰ ਲਿਆ ਹੈ। ਉਹ ਦੇਸ਼ ਅੰਦਰ ਵੱਖ-ਵੱਖ ਸੂਬਿਆਂ ਦਰਮਿਆਨ ਟੈਰਿਫ ਬੈਰੀਅਰ ਸੂਬਾਈ ਮੁੱਖ ਮੰਤਰੀਆਂ ਦੀ ਸਹਿਮਤੀ ਨਾਲ ਖ਼ਤਮ ਕਰ ਰਹੇ ਹਨ। ਆਪਣੇ ਦੇਸ਼ ਦਾ ਆਵਾਜਾਈ ਅਤੇ ਬਾਜ਼ਾਰ ਸਿਸਟਮ ਮਜ਼ਬੂਤ ਬਣਾ ਰਹੇ ਹਨ।ਬੰਦ ਕਮਰਾ ਗੱਲਬਾਤ ਬਾਅਦ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਟਰੰਪ ਕੈਨੇਡਾ ਨਾਲ ਵਪਾਰ ਅਤੇ ਗੱਲਬਾਤ ਦੇ ਹਾਮੀ ਹਨ। 26 ਜੂਨ 2025 ਨੂੰ ਅਲਬਰਟਾ (ਕੈਨੇਡਾ) ਵਿਚ ਜੀ-7 ਦੇਸ਼ਾਂ ਦੀ ਮੀਟਿੰਗ ਵਿਚ ਮੁੜ ਟਰੰਪ ਅਤੇ ਉਹ ਗੱਲ ਕਰਨਗੇ। ਹਕੀਕਤ ਇਹ ਹੈ ਕਿ ਜੇ ਅਮਰੀਕਾ ਸਵਿਟਜ਼ਰਲੈਂਡ ਵਿੱਚ ਚੀਨ ਨਾਲ ਵਪਾਰ ਜੰਗ ਦੇ ਹੱਲ ਲਈ ਗੱਲਬਾਤ ਕਰ ਰਿਹਾ ਹੈ ਤਾਂ ਕੈਨੇਡਾ ਨਾਲ ਕਿਵੇਂ ਬੰਦ ਕਰ ਸਕਦਾ ਹੈ?ਅਮਰੀਕਨ ਰਿਪਬਲਿਕਨ ਅਤੇ ਡੈਮੋਕਰੈਟਿਕ ਪਾਰਟੀਆਂ, ਅਮਰੀਕੀ ਲੋਕਾਂ, ਨੌਜਵਾਨਾਂ ਅਤੇ ਬੁੱਧੀਜੀਵੀਆਂ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਸ ਦੇ ਕਾਰਪੋਰੇਟਰਵਾਦੀ ਜੋਟੀਦਾਰਾਂ ਨੂੰ ਸਖ਼ਤੀ ਨਾਲ ਵਰਜਣਾ ਚਾਹੀਦਾ ਹੈ ਕਿ ਉਹ ਕੈਨੇਡਾ ਵਰਗੇ ਖੂਬਸੂਰਤ ਦੇਸ਼, ਭਰੋਸੇਯੋਗ ਮਿੱਤਰ ਅਤੇ ਮੈਕਸਿਕੋ ਵਰਗੇ ਗੁਆਂਢੀ ਦੇਸ਼ਾਂ ਨਾਲ ਦੁਸ਼ਮਣੀ ਮੁੱਲ ਨਾ ਲੈਣ। ਇਹ ਦੇਸ਼ ਗਰੀਨਲੈਂਡ ਜਜ਼ੀਰਾ, ਪਨਾਮਾ ਨਹਿਰ, ਗਾਜ਼ਾਪੱਟੀ ਨਹੀਂ ਜਿਨ੍ਹਾਂ ’ਤੇ ਕਬਜ਼ਾ ਕਰਨ ਦੀਆਂ ਗੋਂਦਾਂ ਟਰੰਪ ਗੁੰਦ ਰਿਹਾ ਹੈ।ਸੰਪਰਕ: +1-289-829-2929