ਬੋਨੀ ਕਪੂਰ ਨੇ ਸ੍ਰੀਦੇਵੀ ਨੂੰ ਜਨਮ ਦਿਨ ’ਤੇ ਕੀਤਾ ਯਾਦ
ਅਦਾਕਾਰਾ ਸ੍ਰੀਦੇਵੀ ਦੀ ਮੌਤ ਹੋਈ ਨੂੰ ਭਾਵੇਂ ਸੱਤ ਸਾਲ ਹੋ ਗਏ ਹਨ, ਪਰ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਉਹ ਅੱਜ ਵੀ ਜਿਊਂਦੀ ਹੈ। ਅੱਜ ਉਸ ਦਾ 62ਵਾਂ ਜਨਮ ਦਿਨ ਸੀ। ਇਸ ਮੌਕੇ ਉਸ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਮਹਾਨ ਅਦਾਕਾਰਾ ਨੂੰ ਯਾਦ ਕੀਤਾ। ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਵਜੋਂ ਜਾਣੀ ਜਾਂਦੀ ਸ੍ਰੀਦੇਵੀ ਦੀ ਹਿੰਦੀ, ਤਾਮਿਲ ਅਤੇ ਤੇਲਗੂ ਫ਼ਿਲਮਾਂ ਵਿੱਚ ਵੱਖਰੀ ਪਛਾਣ ਹੈ। ਸੰਨ 2018 ਵਿੱਚ ਉਸ ਦਾ ਦੇਹਾਂਤ ਹੋ ਗਿਆ ਸੀ ਪਰ ਉਸ ਦੇ ਕੰਮ ਅਤੇ ਯਾਦਾਂ ਅਜੇ ਵੀ ਪ੍ਰੇਰਨਾ ਸਰੋਤ ਹਨ। ਅੱਜ ਸ੍ਰੀਦੇਵੀ ਦੇ ਜਨਮ ਦਿਨ ਮੌਕੇ ਉਸ ਦੇ ਪਤੀ ਤੇ ਫ਼ਿਲਮ ਨਿਰਮਾਤਾ ਬੋਨੀ ਕਪੂਰ ਨੇ ਉਸ ਦੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਇਸ ਦੌਰਾਨ ਉਸ ਨੇ ਦੋ ਹੋਰ ਪੋਸਟਾਂ ਵੀ ਪਾਈਆਂ। ਪਹਿਲੀ ਪੋਸਟ ਵਿੱਚ ਉਸ ਨੇ ਲਿਖਿਆ ਕਿ ਉਸ ਦੇ ਦਿਲ ਨੂੰ ਪੁੱਛੋ ਤਾਂ ਉਹ (ਸ੍ਰੀਦੇਵੀ) ਹਮੇਸ਼ਾ ਜਵਾਨ ਹੈ। ਉਹ 62 ਸਾਲ ਦੀ ਨਹੀਂ ਬਲਕਿ ‘26’ ਦੀ ਹੈ। ਜਨਮ ਦਿਨ ਮੁਬਾਰਕ। ਦੂਜੀ ਪੋਸਟ ਵਿੱਚ ਉਸ ਨੇ 1990 ਦੀ ਜਨਮ ਦਿਨ ਪਾਰਟੀ ਨੂੰ ਯਾਦ ਕੀਤਾ। ਪੋਸਟ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ ਕਿ 1990 ਵਿੱਚ, ਚੇਨੱਈ ਵਿੱਚ ਸ੍ਰੀਦੇਵੀ ਦੀ ਜਨਮ ਦਿਨ ਦੀ ਪਾਰਟੀ ਦੌਰਾਨ ਉਸ ਨੂੰ 26ਵੇਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਭਾਵੇਂ ਉਹ ਉਸ ਦਾ 27ਵਾਂ ਜਨਮ ਦਿਨ ਸੀ। ਉਸ ਨੇ ਅਜਿਹਾ ਇਸ ਲਈ ਕਿਹਾ ਸੀ ਕਿ ਉਸ ਨੂੰ ਮਹਿਸੂਸ ਕਰਵਾਇਆ ਜਾ ਸਕੇ ਕਿ ਉਹ ਜਵਾਨ ਹੋ ਗਈ ਹੈ। ਪ੍ਰਸ਼ੰਸਕਾਂ ਨੇ ਪੋਸਟਾਂ ’ਤੇ ਪਿਆਰ ਅਤੇ ਪ੍ਰਸ਼ੰਸਾ ਨਾਲ ਟਿੱਪਣੀਆਂ ਕੀਤੀਆਂ ਹਨ।