ਰਿਆਧ ’ਚ ਇਕੱਠੀ ਨਜ਼ਰ ਆਈ ਖ਼ਾਨ ਤਿੱਕੜੀ
ਬੌਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਦੀ ਤਿਕੜੀ ਸਾਊਦੀ ਅਰਬ ਦੇ ਰਿਆਧ ਵਿੱਚ ਕਿਸੇ ਸਮਾਗਮ ਦੌਰਾਨ ਇਕੱਠੀ ਨਜ਼ਰ ਆਈ। ਉਨ੍ਹਾਂ ਨੇ ਦੋਸਤੀ ਅਤੇ ਆਪਣੇ ਤਿੰਨ ਦਹਾਕੇ ਲੰਮੇ ਹਿੰਦੀ ਸਿਨੇਮਾ ਦੇ ਸਫ਼ਰ ਬਾਰੇ ਸਾਫ਼ਗੋਈ ਨਾਲ ਗੱਲ...
ਬੌਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਦੀ ਤਿਕੜੀ ਸਾਊਦੀ ਅਰਬ ਦੇ ਰਿਆਧ ਵਿੱਚ ਕਿਸੇ ਸਮਾਗਮ ਦੌਰਾਨ ਇਕੱਠੀ ਨਜ਼ਰ ਆਈ। ਉਨ੍ਹਾਂ ਨੇ ਦੋਸਤੀ ਅਤੇ ਆਪਣੇ ਤਿੰਨ ਦਹਾਕੇ ਲੰਮੇ ਹਿੰਦੀ ਸਿਨੇਮਾ ਦੇ ਸਫ਼ਰ ਬਾਰੇ ਸਾਫ਼ਗੋਈ ਨਾਲ ਗੱਲ ਕੀਤੀ। ਇਨ੍ਹਾਂ ਤਿੰਨਾਂ ਸੁਪਰਸਟਾਰਾਂ ਨੇ ‘ਜੁਆਏ ਫੋਰਮ 2025’ ਦੇ ਸੈਸ਼ਨ ਦੌਰਾਨ ਸੰਬੋਧਨ ਕੀਤਾ। ਸਲਮਾਨ ਖ਼ਾਨ ਨੇ ਆਖਿਆ, ‘‘ਉਹ ਤਿੰਨੇ ਕਦੇ ਵੀ ਖੁਦ ਨੂੰ ਸਟਾਰ ਨਹੀਂ ਮੰਨਦੇ। ਕੁੱਝ ਪੱਤਰਕਾਰ ਲਿਖਦੇ ਹਨ ਕਿ ਸਲਮਾਨ ਖ਼ਾਨ ਸਟਾਰ ਹੈ ਜਾਂ ਆਮਿਰ ਖ਼ਾਨ ਸੁਪਰ ਸਟਾਰ ਹੈ ਪਰ ਅਸੀਂ ਇਨ੍ਹਾਂ ਗੱਲਾਂ ’ਚ ਵਿਸ਼ਵਾਸ ਨਹੀਂ ਰੱਖਦੇ। ਅਸੀਂ ਘਰ ’ਚ ਆਮ ਲੋਕਾਂ ਵਾਂਗ ਹੀ ਰਹਿੰਦੇ ਹਾਂ। ਮੇਰੇ ਮਾਤਾ-ਪਿਤਾ ਹਾਲੇ ਵੀ ਮੈਨੂੰ ਝਿੜਕਦੇ ਹਨ।’’ ਸ਼ਾਹਰੁਖ਼ ਖ਼ਾਨ ਨੇ ਆਖਿਆ,‘‘ਆਮਿਰ ਖ਼ਾਨ ਕਹਾਣੀ ’ਤੇ ਬਹੁਤ ਮਿਹਨਤ ਕਰਦਾ ਹੈ। ਸਲਮਾਨ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ ਕਿਉਂਕਿ ਉਹ ਦਿਲੋਂ ਕੰਮ ਕਰਦਾ ਹੈ। ਮੈਂ ਹਮੇਸ਼ਾ ਇਹ ਦਰਸ਼ਕਾਂ ਦਾ ਮਨੋਰੰਜਨ ਕਰਨਾ ਯਕੀਨੀ ਬਣਾਉਂਦ ਹਾਂ ਅਤੇ ਮੈਂ 35 ਸਾਲਾਂ ਤੋਂ ਦਰਸ਼ਕਾਂ ਕੋਲੋਂ ਮਿਲ ਰਹੇ ਪਿਆਰ ਦੇ ਸਹਿਯੋਗ ਲਈ ਬਹੁਤ ਸ਼ੁਕਰਗੁਜ਼ਾਰ ਹਾਂ।’’ ਆਖਿਰ ਨੇ ਆਖਿਆ,‘‘ਅਸੀਂ ਤਿੰਨੇ ਖੁਸ਼ਕਿਸਮਤ ਹਾਂ ਕਿ ਅਸੀਂ ਭਾਰਤ ’ਚ ਜਨਮੇ ਅਤੇ ਹਿੰਦੀ ਸਿਨੇਮਾ ਦਾ ਹਿੱਸਾ ਬਣੇ। ਜੇ ਸਾਡਾ ਜਨਮ ਕਿਤੇ ਹੋਰ ਹੁੰਦਾ ਤਾਂ ਅਸੀਂ ਇਥੇ ਨਾ ਹੁੰਦੇ। ਹਰ ਕੋਈ ਸਖ਼ਤ ਮਿਹਨਤ ਕਰਦਾ ਹੈ ਪਰ ਕੁਝ ਚੀਜ਼ਾਂ ਤੁਹਾਡੇ ਪੱਖ ’ਚ ਚਲੀਆਂ ਜਾਂਦੀਆਂ ਹਨ ਤੇ ਇਹ ਤੁਹਾਡੇ ਵੱਸ ਵਿੱਚ ਨਹੀਂ ਹੁੰਦਾ।’’