ਬਾਲੀਵੁੱਡ ਸਿਤਾਰਿਆਂ ਨੇ ਮਨਾਈ ‘ਰੱਖੜੀ’
ਭੈਣ-ਭਰਾ ਦੇ ਪਵਿੱਤਰ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬਾਲੀਵੁੱਡ ਸਿਤਾਰਿਆਂ ਨੇ ਉਤਸ਼ਾਹ ਨਾਲ ਮਨਾਇਆ। ਅਦਾਕਾਰ ਅਰਜੁਨ ਕਪੂਰ, ਰਣਬੀਰ ਕਪੂਰ, ਅਪਾਰਸ਼ਕਤੀ ਖੁਰਾਣਾ ਅਤੇ ਹੋਰ ਕਈ ਬਾਲੀਵੁੱਡ ਸਿਤਾਰਿਆਂ ਨੇ ਇਹ ਤਿਉਹਾਰ ਮਨਾਇਆ। ਅਦਾਕਾਰ ਅਰਜੁਨ ਕਪੂਰ ਨੇ ਆਪਣੀਆਂ ਭੈਣਾਂ ਅੰਸ਼ੁਲਾ, ਜਾਨਵੀ ਅਤੇ ਖੁਸ਼ੀ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਉਸ ਨੇ ਆਪਣੀਆਂ ਛੇ ਭੈਣਾਂ ਨਾਲ ਸੋਸ਼ਲ ਮੀਡੀਆ ’ਤੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ‘ਰੱਖੜੀ ਦਾ ਤਿਉਹਾਰ ਮੁਬਾਰਕ’। ਅਦਾਕਾਰ ਰਣਬੀਰ ਕਪੂਰ ਨੇ ਵੀ ਆਪਣੀ ਭੈਣ ਰਿਧਿਮਾ ਕਪੂਰ ਸਾਹਨੀ ਨਾਲ ਰੱਖੜੀ ਦਾ ਤਿਉਹਾਰ ਮਨਾਉਂਦਿਆਂ ਤਸਵੀਰ ਸਾਂਝੀ ਕੀਤੀ। ਉਸ ਦੀ ਭੈਣ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦੋਵਾਂ ਦੀ ਪੁਰਾਣੀ ਯਾਦਗਾਰੀ ਤਸਵੀਰ ਸਾਂਝੀ ਕੀਤੀ ਅਤੇ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਹਾਲ ਹੀ ’ਚ ਰਿਲੀਜ਼ ਹੋਈ ਬਾਲੀਵੁੱਡ ਫ਼ਿਲਮ ‘ਸਾਇਯਾਰਾ’ ਦੇ ਅਦਾਕਾਰ ਅਹਾਨ ਪਾਂਡੇ ਦੀ ਭੈਣ ਅਲਾਨਾ ਨੇ ਵੀ ਆਪਣੇ ਭਰਾ ਨਾਲ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ ‘ਛੋਟੇ ਭਰਾ ਨੂੰ ਰੱਖੜੀ ਦਾ ਤਿਉਹਾਰ ਮੁਬਾਰਕ, ਬਹੁਤ ਸਾਰਾ ਪਿਆਰ।’ ਸੁਨੀਲ ਸ਼ੈੱਟੀ ਨੇ ਵੀ ਆਪਣੀਆਂ ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਭੇਜੀ। ਸੰਜੇ ਦੱਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਆਪਣੀਆਂ ਭੈਣਾਂ ਪ੍ਰਿਯਾ ਅਤੇ ਨਮਰਤਾ ਲਈ ਪਿਆਰ ਭਰਿਆ ਸੁਨੇਹਾ ਲਿਖਿਆ। ਇਨ੍ਹਾਂ ਤੋਂ ਇਲਾਵਾ ਸਾਰਾ ਅਲੀ ਖਾਨ ਅਤੇ ਇਬਰਾਹਿਮ ਅਲੀ ਖਾਨ, ਸੋਹਾ ਅਲੀ ਖਾਨ ਤੇ ਸੈਫ਼ ਅਲੀ ਖਾਨ ਅਤੇ ਨਵਯਾ ਨੰਦਾ ਤੇ ਅਗਸਤਿਆ ਨੰਦਾ ਨੇ ਵੀ ਰੱਖੜੀ ਦਾ ਤਿਉਹਾਰ ਮਨਾਇਆ।