DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ

ਸੁਖਵਿੰਦਰ ਸਿੰਘ ਮੁੱਲਾਂਪੁਰ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਕਈ ਮਹਾਨ ਸ਼ਖਸੀਅਤਾਂ ਨੇ ਜਨਮ ਲਿਆ। ਉਹ ਗੁਰੂ ਉਪਮਾ ਕਰ ਕੇ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਰਹੇ। ਜੇ ਕੀਰਤਨ ਰਾਹੀਂ ਗੁਰੂ ਲੜ ਲਾਉਣ ਵਾਲੇ ਗੁਰੂ ਘਰ ਦੇ...
  • fb
  • twitter
  • whatsapp
  • whatsapp
featured-img featured-img
ਭਾਈ ਨਿਰਮਲ ਸਿੰਘ ਖਾਲਸਾ (ਵਿਚਾਲੇ) ਕੀਰਤਨ ਕਰਦੇ ਹੋਏ।
Advertisement

ਸੁਖਵਿੰਦਰ ਸਿੰਘ ਮੁੱਲਾਂਪੁਰ

ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਕਈ ਮਹਾਨ ਸ਼ਖਸੀਅਤਾਂ ਨੇ ਜਨਮ ਲਿਆ। ਉਹ ਗੁਰੂ ਉਪਮਾ ਕਰ ਕੇ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਰਹੇ। ਜੇ ਕੀਰਤਨ ਰਾਹੀਂ ਗੁਰੂ ਲੜ ਲਾਉਣ ਵਾਲੇ ਗੁਰੂ ਘਰ ਦੇ ਸੇਵਕਾਂ ਦੀ ਗੱਲ ਕਰੀਏ ਤਾਂ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਨਾਮ ਪਹਿਲੀ ਕਤਾਰ ਵਿਚ ਆਉਂਦਾ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਦਾ ਜਨਮ 12 ਅਪਰੈਲ 1958 ਨੂੰ ਪਿੰਡ ਜੰਡਵਾਲਾ ਭੀਮਸ਼ਾਹ ਜ਼ਿਲ੍ਹਾ ਫਿਰੋਜ਼ਪੁਰ ਵਿਚ ਚੰਨਣ ਸਿੰਘ ਤੇ ਗੁਰਦੇਵ ਕੌਰ ਦੇ ਘਰ ਹੋਇਆ। ਉਨ੍ਹਾਂ ਪਿੰਡ ਦੇ ਸਕੂਲ ਤੋਂ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ।

Advertisement

1958 ਵਿੱਚ ਪਿੰਡ ਮੰਡਾਲਾ ਜ਼ਿਲ੍ਹਾ ਜਲੰਧਰ ਦੇ ਮੰਡ ਖੇਤਰ ’ਚ ਜ਼ਮੀਨ ਅਲਾਟ ਹੋਣ ਕਰ ਕੇ ਉਨ੍ਹਾਂ ਦਾ ਪਰਿਵਾਰ ਇੱਥੇ ਆ ਵਸਿਆ। ਪਿਤਾ ਪੁਰਖੀ ਖੇਤੀਬਾੜੀ ਦਾ ਕੰਮ ਹੋਣ ਕਰ ਕੇ ਇਨ੍ਹਾਂ ਨੂੰ ਵੀ ਕੁਝ ਸਮਾਂ ਖੇਤਾਂ ਵਿਚ ਕੰਮ ਕਰਨਾ ਪਿਆ। ਭਾਈ ਨਿਰਮਲ ਸਿੰਘ ਛੋਟੇ ਹੁੰਦਿਆਂ ਪਿੰਡ ਦੇ ਪੰਚਾਇਤੀ ਰੇਡੀਓ ਤੋਂ ਪਾਕਿਸਤਾਨ ਦੇ ਪ੍ਰੋਗਰਾਮ ‘ਪੰਜਾਬੀ ਦਰਬਾਰ’ ਵਿਚ ਭਾਈ ਮਰਦਾਨੇ ਦੀ ਵੰਸ਼ ’ਚੋਂ ਭਾਈ ਲਾਲ ਸਿੰਘ ਅਤੇ ਹੋਰ ਭਾਈ ਸਮੁੰਦ ਸਿੰਘ, ਭਾਈ ਸੰਤਾ ਸਿੰਘ ਅਤੇ ਭਾਈ ਚਾਂਦ ਸਿੰਘ ਆਦਿ ਰਾਗੀਆਂ ਦੇ ਸ਼ਬਦ ਸੁਣਦੇ ਰਹਿੰਦੇ ਸਨ। ਭਾਈ ਨਿਰਮਲ ਸਿੰਘ ਨੂੰ ਗਾਉਣ ਦਾ ਸ਼ੌਕ ਪਹਿਲਾਂ ਹੀ ਸੀ। ਉਹ ਖੇਤਾਂ ਵਿਚ ਕੰਮ ਕਰਦੇ ਉੱਚੀ ਆਵਾਜ਼ ’ਚ ਗਾਉਂਦੇ ਰਹਿੰਦੇ। ਸੱਥਾਂ ਵਿਚ ਬੈਠੇ ਬਜ਼ੁਰਗਾਂ ਨੂੰ ਲੋਕ ਗਾਥਾਵਾਂ ਗਾ ਕੇ ਸਣਾਉਂਦੇ ਰਹਿੰਦੇ। ਪਰਿਵਾਰ ਨੇ ਉਨ੍ਹਾਂ ਦਾ ਇਹ ਸ਼ੌਕ ਵੇਖ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਸੰਗੀਤ ਦੇ ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਕੋਲ ਦਾਖ਼ਲਾ ਦਿਵਾ ਦਿੱਤਾ। ਇੱਥੇ ਉਨ੍ਹਾਂ ਸੰਗੀਤਕ ਸੁਰਾਂ ਨੂੰ ਬਾਰੀਕੀ ਨਾਲ ਜਾਚਿਆ ਅਤੇ ਦੋ ਸਾਲ ਦਾ ਡਿਪਲੋਮਾ 1976 ਵਿਚ ਪਾਸ ਕੀਤਾ।

ਉਹ ਸਭ ਤੋਂ ਪਹਿਲਾਂ ਰਾਗੀ ਦੇ ਤੌਰ ’ਤੇ ਬੰਗਲਾ ਸਾਹਿਬ ਰੋਹਤਕ ਵਿੱਚ ਨਿਯੁਕਤ ਹੋਏ। ਕੁਝ ਸਮਾਂ ਰਿਸ਼ੀਕੇਸ਼ ਤੇ ਤਰਨ ਤਾਰਨ ਵਿਚ ਵੀ ਡਿਊਟੀ ਕੀਤੀ। 1978 ਵਿਚ ਕੁਝ ਸਮਾਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਕੰਡਕਟਰ ਦੇ ਤੌਰ ’ਤੇ ਨੌਕਰੀ ਕੀਤੀ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋਹੜ (ਰਾਜਸਥਾਨ) ਵਿੱਚ ਦੋ ਸਾਲ ਗੁਰਮਤਿ ਸੰਗੀਤ ਦੀ ਵਿਦਿਆ ਵਿਦਿਆਰਥੀਆਂ ਨੂੰ ਦਿੱਤੀ।

1979 ਵਿਚ ਭਾਈ ਨਿਰਮਲ ਸਿੰਘ ਦੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਹਾਇਕ ਰਾਗੀ ਵਜੋਂ ਨਿਯੁਕਤੀ ਹੋ ਗਈ ਅਤੇ ਉਹ 1985 ਤੱਕ ਭਾਈ ਗੁਰਮੇਜ ਸਿੰਘ ਨਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾਉਂਦੇ ਰਹੇ। 1986 ਵਿਚ ਉਨ੍ਹਾਂ ਆਪਣਾ ਰਾਗੀ ਜਥਾ ਬਣਾ ਲਿਆ ਅਤੇ ਲੰਮਾ ਸਮਾਂ ਭਾਈ ਦਰਸ਼ਨ ਸਿੰਘ ਸਹਾਇਕ ਰਾਗੀ ਅਤੇ ਭਾਈ ਕਰਤਾਰ ਸਿੰਘ ਤਬਲੇ ’ਤੇ ਸੇਵਾ ਨਿਭਾਉਂਦੇ ਰਹੇ। 1987 ਵਿਚ ਸਰਕਾਰ ਦੇ ਅਪ੍ਰੇਸ਼ਨ ‘ਬਲੈਕ ਥੰਡਰ’ ਦੌਰਾਨ ਪੁਲੀਸ ਤਸ਼ੱਦਦ ਵੀ ਝੱਲਣਾ ਪਿਆ।

ਉਨ੍ਹਾਂ ਵੱਲੋਂ ਗਾਇਆ ਜਾਂਦਾ ਸ਼ਬਦ ‘ਬਬੀਹਾ ਅੰਮ੍ਰਿਤ ਵੇਲੇ ਬੋਲਿਆ’ ਨੂੰ ਸੰਗਤ ਵਾਰ-ਵਾਰ ਸਰਵਣ ਕਰਦੀ ਰਹਿੰਦੀ। ਭਾਈ ਨਿਰਮਲ ਸਿੰਘ ਗੁਰਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਦੀ ਮੁਹਾਰਤ ਰੱਖਦੇ ਸਨ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ’ਚ ਸ਼ਬਦ ਗਾ ਕੇ ਪੁਰਾਤਨ ਕੀਰਤਨ ਸ਼ੈਲੀ ਬਹਾਲ ਕੀਤੀ। ਉਹ ਗੁਰਬਾਣੀ ਪੁਰਾਤਨ ਰੀਤਾਂ ਅਨੁਸਾਰ ਤੰਤੀ ਸਾਜ਼ਾਂ ਨਾਲ ਗਾਉਂਦੇ ਸਨ।

ਭਾਈ ਨਿਰਮਲ ਸਿੰਘ ਨੇ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਚਨਾ ਸੁਖਮਨੀ ਸਾਹਿਬ ਨੂੰ ਗਾਉੜੀ ਰਾਗ ਵਿਚ ਗਾਇਆ। ਇਸੇ ਤਰ੍ਹਾਂ ਬਾਬਾ ਫ਼ਰੀਦ ਜੀ ਦੇ ਸਲੋਕਾਂ ਨੂੰ ਵੀ ਸੂਫ਼ੀਆਨਾ ਅੰਦਾਜ਼ ਵਿਚ ਗਾਇਆ। ਉਹ ਕੀਰਤਨੀਏ ਤੋਂ ਇਲਾਵਾ ਵਧੀਆ ਲਿਖਾਰੀ ਵੀ ਸਨ। ਉਨ੍ਹਾਂ ਦੇ ਲੇਖ ਵੱਖ-ਵੱਖ ਅਖ਼ਬਾਰਾਂ ਤੇ ਮੈਗਜ਼ੀਨਾਂ ਵਿਚ ਛਪਦੇ ਰਹਿੰਦੇ। ਉਨ੍ਹਾਂ ਦੀਆਂ ਦੋ ਪੁਸਤਕਾਂ ਵੀ ਛਪੀਆਂ। 1999 ਨੂੰ ਵਿਸਾਖੀ ’ਤੇ ਤਿੰਨ ਸੋ ਸਾਲਾ ਸ਼ਤਾਬਦੀ ਨੂੰ 50 ਤੋਂ ਵੱਧ ਮੁੱਖ ਸੰਗੀਤ ਕੰਪਨੀਆਂ ਨੇ ਇਨ੍ਹਾਂ ਦੇ ਕੀਰਤਨ ਦੀਆਂ ਐਲਬਮਾਂ ਰਿਕਾਰਡ ਕੀਤੀਆਂ। ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਕਈ ਐਵਾਰਡ ਮਿਲੇ। 1999 ਵਿਚ ਇੰਡੀਅਨ ਮਿਊਜ਼ੀਕਲ ਇੰਡਸਟਰੀ ਮੁੰਬਈ ਵੱਲੋਂ ਨੈਸ਼ਨਲ ਐਵਾਰਡ ਮਿਲਿਆ। 1999 ਵਿਚ ਹੀ ਖ਼ਾਲਸਾ ਫ਼ਤਹਿ ਜੰਗ ਵੱਲੋਂ ਗੋਲਡ ਮੈਡਲ ਅਤੇ ਸ਼੍ਰੋਮਣੀ ਰਾਗੀ ਐਵਾਰਡ ਦਿੱਤਾ ਗਿਆ। 2004 ਵਿਚ ਭਾਈ ਹੀਰਾ ਸਿੰਘ ਆਨੰਦ ਐਵਾਰਡ ਮਿਲਿਆ। 2006 ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਸ਼੍ਰੋਮਣੀ ਐਵਾਰਡ ਪ੍ਰਾਪਤ ਹੋਇਆ। ਇਸੇ ਤਰ੍ਹਾਂ 2009 ਵਿੱਚ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ ਗਿਆ।

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜੋ ਕੁਝ ਵੀ ਹਨ, ਸਭ ਗੁਰੂ ਸ਼ਬਦ ਦੀ ਕਮਾਈ ਤੇ ਗੁਰਬਾਣੀ ਨੂੰ ਸਮਰਪਿਤ ਹੋਣ ਕਰਕੇ ਹਨ। ਮੰਡ ਖੇਤਰ ਤੋਂ ਚੱਲ ਕੇ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਨਿਵਾਸ ਅਤੇ ਕੈਨੇਡਾ ਦੀ ਪਾਰਲੀਮੈਂਟ ਤੱਕ ਦਾ ਸਫ਼ਰ ਉਨ੍ਹਾਂ ਨੇ ਗੁਰੂ ਦੀ ਮਿਹਰ ਸਦਕਾ ਹੀ ਤੈਅ ਕੀਤਾ।

ਸਾਲ 2020 ਵਿਚ ਭਾਈ ਨਿਰਮਲ ਸਿੰਘ ਕਰੋਨਾ ਦੇ ਸ਼ਿਕਾਰ ਹੋ ਗਏ। 2 ਅਪਰੈਲ 2020 ਨੂੰ ਉਹ ਅੰਮ੍ਰਿਤਸਰ ਵਿਚ ਦਮ ਤੋੜ ਗਏ। ਚਲੋ! ਜਾਣਾ ਤਾਂ ਸਭ ਨੇ ਹੀ ਹੈ ਪਰ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਜਾਣ ਕਰ ਕੇ ਬਹੁਤ ਦੁੱਖ ਹੋਇਆ ਪਰ ਇਸ ਤੋਂ ਵੱਡਾ ਦੁੱਖ ਉਸ ਵੇਲੇ ਹੋਇਆ ਜਦੋਂ ਪਿੰਡ ਵੇਰਕਾ (ਅੰਮ੍ਰਿਤਸਰ) ਦੇੇ ਕੁਝ ਵਸਨੀਕਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਸਸਕਾਰ ਨਾ ਹੋਣ ਦਿੱਤਾ। ਮਗਰੋਂ ਉਨ੍ਹਾਂ ਦਾ ਸਸਕਾਰ ਪਿੰਡ ਸ਼ੁਕਰਚੱਕ ਵਿਚ ਕੀਤਾ ਗਿਆ। ਕਰੋਨਾ ਕਰਕੇ ਕਰਫਿਊ ਲੱਗਾ ਹੋਣ ਕਾਰਨ ਕੋਈ ਵੀ ਵਿਅਕਤੀ ਉਨ੍ਹਾਂ ਦੇ ਅੰਤਿਮ ਦਰਸ਼ਨ ਨਾ ਕਰ ਸਕਿਆ।

ਸਸਕਾਰ ਵੇਲੇ ਸਿਰਫ ਉਨ੍ਹਾਂ ਦਾ ਪੁੱਤਰ ਹੀ ਹਾਜ਼ਰ ਸੀ। ਉਸ ਨੇ ਚਿਖਾ ਨੂੰ ਅਗਨੀ ਦਿਖਾਈ। ਉਹ ਆਪਣੀ ਆਵਾਜ਼ ਕਰਕੇ ਸਾਡੇ ਵਿਚ ਹਮੇਸ਼ਾ ਜਿਊਂਦੇ ਰਹਿਣਗੇ ਅਤੇ ਉਨ੍ਹਾਂ ਦਾ ਰਸ ਭਿੰਨਾ ਕੀਰਤਨ ਸਾਡੇ ਕੰਨਾਂ ਵਿਚ ਰਸ ਘੋਲਦਾ ਰਹੇਗਾ।

ਸੰਪਰਕ: 99141-84794

Advertisement
×