DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਗਾਤਾਰ ਉਬਲਦਾ ਬਲੋਚਿਸਤਾਨ

ਦਰਬਾਰਾ ਸਿੰਘ ਕਾਹਲੋਂ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਪ੍ਰਾਂਤ ਬਲੋਚਿਸਤਾਨ ਵਿੱਚ ਆਪਣੀ ਆਜ਼ਾਦੀ ਖ਼ਾਤਿਰ ਹਿੰਸਾ, ਵੱਖਵਾਦ, ਰਾਜਕੀ ਅਤੇ ਗ਼ੈਰ-ਰਾਜਕੀ ਅਤਿਵਾਦ ਦੇ ਭਾਂਬੜ ਮਚੇ ਹੋਏ ਹਨ। ਇੱਕ ਪਾਸੇ ਫ਼ੌਜੀ ਅਤੇ ਅਰਧ-ਫ਼ੌਜੀ ਬਲਾਂ ਦੇ ਦਮਨ ਦੀ ਹਨੇਰੀ ਚੱਲ ਰਹੀ ਹੈ। ਬਲੋਚਿਸਤਾਨੀ ਰਾਸ਼ਟਰਵਾਦੀ ਅਤੇ...

  • fb
  • twitter
  • whatsapp
  • whatsapp
Advertisement
ਦਰਬਾਰਾ ਸਿੰਘ ਕਾਹਲੋਂ

ਇਨ੍ਹੀਂ ਦਿਨੀਂ ਪਾਕਿਸਤਾਨ ਦੇ ਪ੍ਰਾਂਤ ਬਲੋਚਿਸਤਾਨ ਵਿੱਚ ਆਪਣੀ ਆਜ਼ਾਦੀ ਖ਼ਾਤਿਰ ਹਿੰਸਾ, ਵੱਖਵਾਦ, ਰਾਜਕੀ ਅਤੇ ਗ਼ੈਰ-ਰਾਜਕੀ ਅਤਿਵਾਦ ਦੇ ਭਾਂਬੜ ਮਚੇ ਹੋਏ ਹਨ। ਇੱਕ ਪਾਸੇ ਫ਼ੌਜੀ ਅਤੇ ਅਰਧ-ਫ਼ੌਜੀ ਬਲਾਂ ਦੇ ਦਮਨ ਦੀ ਹਨੇਰੀ ਚੱਲ ਰਹੀ ਹੈ। ਬਲੋਚਿਸਤਾਨੀ ਰਾਸ਼ਟਰਵਾਦੀ ਅਤੇ ਇਸ ਪ੍ਰਤੀ ਹਮਦਰਦੀ ਰੱਖਣ ਵਾਲੇ ਲੋਕ ਸਥਾਨਕ ਪੁਲੀਸ, ਖ਼ੁਫ਼ੀਆ ਏਜੰਸੀਆਂ ਅਤੇ ਪਾਕਿਸਤਾਨ ਸਰਕਾਰ ਪੱਖੀਆਂ ਦੀ ਮਿਲੀਭੁਗਤ ਨਾਲ ਘਰਾਂ, ਬੱਸਾਂ, ਟ੍ਰੇਨਾਂ, ਜਨਤਕ ਸਥਾਨਾਂ, ਕੰਮ-ਕਾਜੀ, ਵਪਾਰਕ ਤੇ ਸਰਕਾਰੀ ਅਦਾਰਿਆਂ ਵਿੱਚੋਂ ਫ਼ੌਜੀ ਦਸਤਿਆਂ ਵਿੱਚੋਂ ਉਠਾ ਲਏ ਜਾਂਦੇ ਹਨ ਅਤੇ ਫਿਰ ਗਾਇਬ ਕਰ ਦਿੱਤੇ ਜਾਂਦੇ ਹਨ।

Advertisement

ਦੂਸਰੇ ਪਾਸੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਅਤੇ 2011 ਵਿੱਚ ਇਸ ਵੱਲੋਂ ਬਣਾਈ ‘ਮਾਜ਼ਿਦ ਬ੍ਰਿਗੇਡ’ ਬਸਾਂ ਜਾਂ ਟੇ੍ਰਨਾਂ ਜਾਂ ਨਿੱਜੀ ਵਾਹਨਾਂ ਵਿੱਚੋਂ ਸ਼ਨਾਖਤ ਕਰਨ ਬਾਅਦ ਗ਼ੈਰ-ਬਲੋਚੀ, ਪੰਜਾਬੀ, ਪੁਲੀਸ ਅਤੇ ਸੁਰੱਖਿਆ ਬਲਾਂ ਨਾਲ ਸਬੰਧਿਤ ਲੋਕਾਂ ਨੂੰ ਉਤਾਰ ਕੇ ਮੌਤ ਦੇ ਘਾਟ ਉਤਾਰੇ ਜਾ ਰਹੇ ਹਨ।

Advertisement

11 ਮਾਰਚ 2025 ਨੂੰ ਕੁਇਟਾ ਤੋਂ ਪਿਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈੱਸ ਟ੍ਰੇਨ ਬੀਐੱਲਏ ਦੇ ਹਥਿਆਰਬੰਦ ਲੜਾਕੂਆਂ ਨੇ ਧਾਦਰ ਵਿਖੇ ਸੁਰੰਗ ਵਿੱਚ ਰੋਕ ਲਈ। ਇਸ ਵਿੱਚ ਕਰੀਬ 500 ਯਾਤਰੀ ਸਫ਼ਰ ਕਰ ਰਹੇ ਸਨ। ਕਰੀਬ 440 ਬੰਦੀ ਬਣਾ ਲਏ ਗਏ। ਇਸ ਟ੍ਰੇਨ ਦੇ 9 ਡੱਬੇ ਸਨ। ਯਾਤਰੀ ਵਿਸ਼ੇਸ਼ ਕਰ ਕੇ ਸੁਰੱਖਿਆ ਬਲਾਂ ਅਤੇ ਅਮਨ ਕਾਨੂੰਨ ਸਥਾਪਿਤ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਦੇ ਸਿਵਲ ਅਧਿਕਾਰੀਆਂ ਨਾਲ ਸਬੰਧਿਤ ਸਨ। ਇਸ ਘਟਨਾ ਨੇ ਪਾਕਿਸਤਾਨ ਫ਼ੌਜ, ਕੇਂਦਰ ਅੰਦਰ ਸ਼ਾਹਬਾਜ਼ ਸ਼ਰੀਫ ਸਰਕਾਰ ਅਤੇ ਆਈਐੱਸਆਈ ਦੀ ਨੀਂਦ ਉਡਾ ਕੇ ਰੱਖ ਦਿੱਤੀ। ਬੀਐੱਲਏ ਲੜਾਕੂਆਂ ਵਿਰੁੱਧ ਬੰਦੀ ਛੁਡਾਉਣ ਲਈ ਵੱਡੇ ਪੱਧਰ ’ਤੇ ਕਾਰਵਾਈ ਹੋਈ ਜਿਸ ਵਿੱਚ ਪਾਕਿਸਤਾਨ ਅਨੁਸਾਰ 33 ਹਮਲਾਵਰ, 26 ਸਿਵਲੀਅਨ ਅਤੇ ਸੁਰੱਖਿਆ ਦਸਤਿਆਂ ਦੇ 30ਜਵਾਨ ਮਾਰੇ ਗਏ ਲੇਕਿਨ ਇਹ ਅੰਕੜੇ ਸਹੀ ਨਹੀਂ।

ਫਿਰ 16 ਮਾਰਚ ਨੂੰ ਨੁਸਖੀ ਤੋਂ ਤੁਫ਼ਤਾਨ ਜਾ ਰਹੀਆਂ 8 ਬਸਾਂ ’ਤੇ ਮਾਜ਼ਿਦ ਬ੍ਰਿਗੇਡ ਨੇ ਘਾਤ ਲਗਾ ਕੇ ਹਮਲਾ ਕੀਤਾ। ਪਾਕਿਸਤਾਨ ਏਜੰਸੀਆਂ ਅਨੁਸਾਰ, ਸੁਰੱਖਿਆ ਬਲਾਂ ਦੇ 5 (ਬੀਐੱਲਏ ਅਨੁਸਾਰ 90) ਅਤੇ 2 ਸਿਵਲੀਅਨ ਮਾਰੇ ਗਏ, 10 ਦੇ ਕਰੀਬ ਜ਼ਖਮੀ ਹੋਏ। ਇਤਲਾਹ ਇਹ ਵੀ ਹੈ ਕਿ ਆਧੁਨਿਕ ਵਿਸਫੋਟਕ ਅਤੇ ਤਾਬੜ-ਤੋੜ ਗੋਲੀਬਾਰੀ ਨਾਲ ਸੁਰੱਖਿਆ ਦਸਤਿਆਂ ਦੇ ਕਾਫਲੇ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਸੇ ਦਿਨ ਕਿਰਾਨੀ ਰੋਡ, ਕੁਇਟਾ ਵਿੱਚ ਇੱਕ ਪੁਲੀਸ ਵਾਹਨ ’ਤੇ ਬੰਬ ਚਲਾਇਆ ਜਿਸ ਵਿੱਚ ਇੱਕ ਅਫਸਰ ਮਰ ਗਿਆ, 6 ਜ਼ਖ਼ਮੀ ਹੋਏ।

ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ। ਫ਼ੌਜ ਦੇ ਮੀਡੀਆ ਵਿੰਗ ਦੇ ਡਾਇਰੈਕਟਰ ਜਨਰਲ ਲੈਫ. ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇਨ੍ਹਾਂ ਹਮਲਿਆਂ ਪਿੱਛੇ ਭਾਰਤ ਦਾ ਹੱਥ ਦਰਸਾਉਂਦੇ ਹੋਏ ਕਿਹਾ ਹੈ ਕਿ ਬਲੋਚਿਸਤਾਨ ਅਤੇ ਹੋਰ ਥਾਵਾਂ ’ਤੇ ਜਿਹੜੇ ਅਤਿਵਾਦੀ ਹਮਲੇ ਹੋ ਰਹੇ ਹਨ, ਇਸ ਪਿੱਛੇ ਪੂਰਬੀ ਗੁਆਂਢੀ ਦੇਸ਼ ਦਾ ਹੱਥ ਹੈ।

ਬਲੋਚਿਸਤਾਨ ਪਹਿਲਾਂ ਕਾਲਾਤ ਸੂਬੇ ਵਜੋਂ ਮਸ਼ਹੂਰ ਸੀ ਜੋ ਬ੍ਰਿਟਿਸ਼ ਕਾਲ ਵੇਲੇ ਖ਼ੁਦਮੁਖ਼ਤਾਰ ਰਾਜ ਸੀ ਜਿਸ ਨੇ ਭਾਰਤ ਦੀ ਵੰਡ ਵੇਲੇ ਪਾਕਿਸਤਾਨ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਕਾਲਾਤ ਦੇ ਖਾਨ ਨੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪੱਤਰ ਲਿਖ ਕੇ ਸਪੱਸ਼ਟ ਕਹਿ ਦਿੱਤਾ ਸੀ ਕਿ ਉਹ ਆਜ਼ਾਦ ਰਹਿਣਾ ਚਾਹੁੰਦਾ ਹੈ ਜਾਂ ਭਾਰਤ ਵਿੱਚ ਰਲਣਾ ਚਾਹੁੰਦਾ ਹੈ। ਬਲੋਚਿਸਤਾਨ ਦੀ ਸਰਹੱਦ ਕਿਉਂਕਿ ਭਾਰਤ ਨਾਲ ਨਹੀਂ ਲਗਦੀ, ਇਸ ਲਈ ਪੰਡਿਤ ਨਹਿਰੂ ਨੇ ਉਸ ਨੂੰ ਸੁਝਾਅ ਦਿੱਤਾ ਕਿ ਉਹ ਇਸ ਬਾਰੇ ਮੁਹੰਮਦ ਅਲੀ ਜਿਨਾਹ ਨਾਲ ਗੱਲ ਕਰੇ।

1948 ਵਿੱਚ ਪਾਕਿਸਤਾਨ ਨੇ ਕਾਲਾਤ ਦੇ ਖਾਨ ਨੂੰ ਆਪਣੀ ਰਿਆਸਤ ਪਾਕਿਸਤਾਨ ਵਿੱਚ ਸ਼ਾਮਲ ਕਰਨ ਲਈ ਮਜਬੂਰ ਕਰ ਦਿੱਤਾ। ਇਸ ਜ਼ੋਰ-ਜਬਰੀ ਨੇ ਰਿਆਸਤ ਅੰਦਰ ਵਿਦਰੋਹ ਅਤੇ ਆਜ਼ਾਦੀ ਦੀ ਨੀਂਹ ਉਸਾਰ ਦਿੱਤੀ। ਇਹ ਸੂਬਾ ਪਾਕਿਸਤਾਨ ਦੇ 45 ਪ੍ਰਤੀਸ਼ਤ ਜ਼ਮੀਨੀ ਹਿੱਸੇ ਦਾ ਮਾਲਕ ਹੈ। ਇਹ ਖਣਿਜ ਪਦਾਰਥਾਂ ਨਾਲ ਭਰਭੂਰ ਹੈ ਜਿਵੇਂ ਗੈਸ, ਸੋਨਾ, ਤਾਂਬਾ, ਕੋਇਲਾ ਆਦਿ। ਇੱਥੇ ਆਬਾਦੀ ਬਹੁਤ ਘੱਟ ਹੈ- ਕਰੀਬ ਇੱਕ ਕਰੋੜ 20 ਲੱਖ। 1973 ਦੇ ਸੰਵਿਧਾਨ ਅਨੁਸਾਰ, ਇਸ ਇਲਾਕੇ ਨੂੰ ਬਲੋਚਿਸਤਾਨ ਵਜੋਂ ਪੂਰੇ ਰਾਜ ਦਾ ਦਰਜਾ ਦੇ ਦਿੱਤਾ। ਸੂਬੇ ਦੇ ਸਰਦਾਰ ਲੋਕ ਅਤੇ ਅਮੀਰ ਪਰਿਵਾਰ ਕਰਾਚੀ, ਕੋਇਟਾ, ਇਸਲਾਮਾਬਾਦ ਆਦਿ ਸ਼ਹਿਰਾਂ ਵਿੱਚ ਰਹਿੰਦੇ ਹਨ। ਪਿਛਲੇ 78 ਸਾਲਾਂ ਵਿੱਚ ਕਿਧਰੇ ਕੋਈ ਵਿਕਾਸ ਨਹੀਂ ਹੋਇਆ। ਸਿਰਫ਼ ਚਾਰਮੰਗ, ਰੀਕੋਡਿਕ, ਚੀਨ, ਪਾਕਿਸਤਾਨ ਆਰਥਿਕ ਕਾਰੀਡੋਰ (ਸੀਪੀਈਸੀ) ਅਤੇ ਗਵਾਦਰ ਬੰਦਰਗਾਹ ਪ੍ਰਾਜੈਕਟ ਕੁਝ ਰੁਜ਼ਗਾਰ ਲੈ ਕੇ ਆਏ।

ਬਲੋਚਿਸਤਾਨ ਦੀ ਤਰੱਕੀ ਅਤੇ ਆਧੁਨਿਕੀਕਰਨ ਵਿੱਚ ਵੱਡਾ ਅੜਿੱਕਾ ਇੱਥੋਂ ਦਾ ਸਦੀਆਂ ਪੁਰਾਣਾ ਸਰਦਾਰੀ ਸਿਸਟਮ ਹੈ। ਕਿਸੇ ਆਗੂ, ਸਰਦਾਰ ਜਾਂ ਹਕੂਮਤ ਨੇ ਕਦੇ ਇੱਥੋਂ ਦੀ ਸਿੱਖਿਆ, ਭਾਸ਼ਾ, ਸਿਹਤ, ਸੜਕ ਅਤੇ ਸੰਚਾਰ ਸਿਸਟਮ ਵੱਲ ਕੋਈ ਧਿਆਨ ਨਾ ਕੀਤਾ। ਸਰਦਾਰਾਂ ਨੇ ਸਿਰਫ਼ ਆਪਣੇ ਪਰਿਵਾਰਾਂ ਅਤੇ ਕਾਰੋਬਾਰਾਂ ਵੱਲ ਧਿਆਨ ਰੱਖਿਆ। ਅੱਜ ਇਸ ਰਾਜ ਵਿੱਚ ਔਰਤਾਂ ਦੀ ਸਾਖਰਤਾ 20 ਪ੍ਰਤੀਸ਼ਤ ਹੈ; ਪਾਕਿਸਤਾਨ ਵਿੱਚ ਸਭ ਤੋਂ ਘੱਟ। ਇੱਕ ਲੱਖ ਵਿੱਚੋਂ 98 ਔਰਤਾਂ ਜਣੇਪੇ ਵੇਲੇ ਮਰ ਜਾਂਦੀਆਂ ਹਨ। ਸੰਵਿਧਾਨ ਦੀ 18ਵੀਂ ਸੋਧ ਅਨੁਸਾਰ, ਪਾਕਿਸਤਾਨ ਸਰਕਾਰਾਂ ਆਪਣੇ ਵਾਅਦੇ ਵਫ਼ਾ ਨਾ ਕਰ ਸਕੀਆਂ।

23 ਨਵੰਬਰ 2009 ਨੂੰ ਯੂਸਫ ਰਜ਼ਾ ਜਿਲਾਨੀ ਦੀ ਕੇਂਦਰੀ ਹਕੂਮਤ ਨੇ ਸੂਬੇ ਵਿੱਚ ਆਮ ਵਰਗੇ ਹਾਲਾਤ ਪੈਦਾ ਕਰਨ ਲਈ ‘ਅਗਜ਼-ਏ-ਹਕੂਕ-ਏ-ਬਲੋਚਿਤਾਨ’ ਪੈਕੇਜ ਰਾਹੀਂ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿੱਚ 61 ਨੁਕਾਤੀ ਰਿਆਇਤਾਂ ਦਾ ਐਲਾਨ ਕੀਤਾ। ਆਪਣੇ ਇਤਿਹਾਸਕ ਗੁਨਾਹ ਬਖ਼ਸ਼ਾਉਣ ਲਈ ਨਵਾਬ ਅਕਬਰ ਬੁੱਗਤੀ ਅਤੇ ਤਿੰਨ ਹੋਰ ਆਗੂਆਂ ਨੂੰ ਮਾਰ ਮੁਕਾਉਣ ਸਬੰਧੀ ਜਾਂਚ ਕਮਿਸ਼ਨ ਬਣਾਇਆ। ਸੂਬੇ ਦੇ ਕੁਦਰਤੀ ਸ੍ਰੋਤਾਂ ਦੀ ਰਾਇਲਟੀ ਦੇਣ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਦਾ ਐਲਾਨ ਕੀਤਾ।

ਅਪਰੈਲ 2010 ਵਿੱਚ ਨੈਸ਼ਨਲ ਅਸੈਂਬਲੀ ਵਿੱਚ 18ਵੀਂ ਸੰਵਿਧਾਨਕ ਸੋਧ ਅਨੁਸਾਰ, ਸੂਬਾਈ ਖ਼ੁਦਮੁਖ਼ਤਾਰੀ ਦੇ ਸੰਕਲਪ ਦਾ ਐਲਾਨ ਕੀਤਾ। 7ਵੇਂ ਰਾਸ਼ਟਰੀ ਵਿੱਤੀ ਕਮਿਸ਼ਨ ਐਵਾਰਡ ਰਾਹੀਂ ਪੰਜਾਬ ਦਾ 1.27 ਵਿੱਤੀ ਹਿੱਸਾ ਕੁਰਬਾਨ ਕਰ ਕੇ ਬਲੋਚਿਸਤਾਨ ਨੂੰ ਦੇਣ ਦਾ ਫ਼ੈਸਲਾ ਕੀਤਾ। 61 ਨੁਕਾਤੀ ਰਿਆਇਤਾਂ ’ਤੇ ਅਮਲ ਲਈ ਮਾਰਚ 2011 ਵਿੱਚ ਸੈਨੇਟਰ ਰਜ਼ਾ ਰਬਾਨੀ ਦੀ ਅਗਵਾਈ ਵਿੱਚ ਕਮੇਟੀ ਬਣਾਈ। ਸਿਰਫ਼ 15 ਨੁਕਤਿਆਂ ’ਤੇ ਅਮਲ ਹੋਇਆ, 2013 ਵਿੱਚ ਨਾਰਾਜ਼ ਰਬਾਨੀ ਅਸਤੀਫਾ ਦੇ ਕੇ ਲਾਂਭੇ ਹੋ ਗਏ।

ਬਲੋਚਾਂ ਨੂੰ ਖਣਿਜ ਪਦਾਰਥਾਂ ਦੀ ਰਾਇਲਟੀ ਤੋਂ ਪਾਕਿਸਤਾਨ ਮੁੱਕਰ ਗਿਆ। ਸੀਈਪੀਸੀ, ਗਵਾਦਰ ਬੰਦਰਗਾਹ ਦੇ ਲਾਭਾਂ ਅਤੇ ਕੇਂਦਰੀ ਪ੍ਰਾਜੈਕਟਾਂ ਤੋਂ ਮਹਿਰੂਮ ਰੱਖਿਆ ਗਿਆ। ਖੁਦਮੁਖਤਾਰੀ ਦੇਣ ਤੋਂ ਨਾਂਹ ਕਰ ਦਿਤੀ। ਮੱਛੀਆਂ ਫੜਨ ਤੋਂ ਵਰਜ ਦਿੱਤਾ ਗਿਆ। ਸਨਅਤੀਕਰਨ, ਸਿਹਤ, ਸਕੂਲੀ, ਸੜਕੀ, ਆਵਾਜਾਈ ਸਹੂਲਤਾਂ ਤੋਂ ਮਹਿਰੂਮ ਰੱਖਿਆ। 40 ਪ੍ਰਤੀਸ਼ਤ ਆਬਾਦੀ ਗਰੀਬੀ ਰੇਖਾ ਹੇਠ ਜੀਵਨ ਬਸਰ ਕਰ ਰਹੀ ਹੈ। ਜੇ ਲੋਕਾਂ ਨੇ ਸਿੱਖਿਆ, ਸਿਹਤ, ਰੁਜ਼ਗਾਰ, ਘਰ, ਬਿਜਲੀ, ਸ਼ੁੱਧ ਪਾਣੀ, ਖਣਿਜਾਂ ਦੀ ਰਾਇਲਟੀ ਦੇ ਬਕਾਇਆਂ, ਖ਼ੁਦਮੁਖ਼ਤਾਰੀ ਲਈ ਆਵਾਜ਼ ਉਠਾਈ ਤਾਂ ਫ਼ੌਜੀ ਅਪਰੇਸ਼ਨ ‘ਜ਼ਰਬ-ਏ-ਅਜ਼ਬ’, ‘ਰਾਹ-ਏ-ਨਿਜਾਤ’ ਅਤੇ ‘ਰਾਹ-ਏ-ਰਾਸਤ’ ਰਾਹੀਂ ਲੋਕਾਂ ’ਤੇ ਜ਼ੁਲਮ ਢਾਹੇ।

ਬੀਐੱਲਏ ਨੇ ਆਪਣਾ ਪੱਕਾ ਹੈੱਡਕੁਆਰਟਰ ਇਰਾਨ ਵਿੱਚ ਕਾਇਮ ਕੀਤਾ ਹੋਇਆ ਹੈ। ਇਸ ਕਰ ਕੇ ਇਰਾਨ ਅਤੇ ਪਾਕਿਸਤਾਨ ਵਿਚਕਾਰ 2-3 ਵਾਰ ਫ਼ੌਜੀ ਝੜਪਾਂ ਵੀ ਹੋਈਆਂ। ਇਰਾਨ ਵਲੋਂ ਮੂੰਹ-ਤੋੜ ਕਾਰਵਾਈ ਬਾਅਦ ਪਾਕਿਸਤਾਨ ਨੇ ਮੁੜ ਉੱਧਰ ਮੂੰਹ ਨਹੀਂ ਕੀਤਾ।

ਪਾਕਿਸਤਾਨੀ ਸ਼ਾਸਕਾਂ ਨੇ ਬਲੋਚਿਸਤਾਨ ਅੰਦਰ ਭਾਰਤੀ ਸੂਬੇ ਜੰਮੂ ਕਸ਼ਮੀਰ ਵਾਂਗ ਲਸ਼ਕਰ-ਏ-ਝੰਗਵੀ ਅਤੇ ਦਿਉਬੰਦੀ ਕੱਟੜਵਾਦੀ ਸਿੱਖਿਅਤ ਅਤਿਵਾਦੀ ਭੇਜੇ ਤਾਂ ਕਿ ਸੰਘਰਸ਼ ਕਰ ਰਹੀਆਂ ਬੀਐੱਲਏ, ਬੀਐੱਲਐੱਫ ਅਤੇ ਮਾਜ਼ਿਦ ਬ੍ਰਿਗੇਡ ਤਨਜ਼ੀਮਾਂ ਨੂੰ ਬਦਨਾਮ ਕੀਤਾ ਜਾ ਸਕੇ। ਬਲੋਚਾਂ ਨੂੰ ਅਗਵਾ ਕਰ ਕੇ ਮਾਰ ਮੁਕਾਉਣਾ ਸ਼ੁਰੂ ਕਰ ਦਿੱਤਾ। ਅਮਰੀਕਾ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਸਮੇਂ ਕੁਇਟਾ ਤਾਲਿਬਾਨ ਦਾ ਕੇਂਦਰ ਰਿਹਾ। ਸੋ, ਇਸ ਖੇਤਰ ਵਿੱਚ ਔਰਤਾਂ ’ਤੇ ਜ਼ੁਲਮ ਕੀਤਾ, ਲੜਕੀਆਂ ਨੂੰ ਸਕੂਲ ਜਾਣ ਤੋਂ ਰੋਕਿਆ ਗਿਆ।

ਪਾਕਿਸਤਾਨ ਸਰਕਾਰਾਂ ਵੱਲੋਂ ਬਲੋਚ ਸਰਦਾਰਾਂ ਨਾਲ ਸੰਧੀਆਂ-ਸਮਝੌਤੇ ਕਰ ਕੇ ਉਨ੍ਹਾਂ ਦੇ ਆਮਦਨ ਦੇ ਸ੍ਰੋਤਾਂ, ਜ਼ਮੀਨਾਂ, ਖਣਿਜਾਂ ਨੂੰ ਲੁੱਟਣਾ ਜਾਰੀ ਰੱਖਿਆ। ਸਥਾਨਕ ਲੋਕਾਂ ਦੇ ਵਿਰੋਧ ’ਤੇ ਉਨ੍ਹਾਂ ਉੱਤੇ ਜ਼ੁਲਮ ਢਾਹੁਣੇ ਜਾਰੀ ਰਖੇ। ‘ਦਿ ਵਾਇਸ ਫਾਰ ਬਲੋਚ ਮਿਸਿੰਗ ਪਰਸਨ’ ਅਨੁਸਾਰ, 2004 ਤੋਂ 2024 ਤੱਕ 7000 ਲੋਕ ਲਾਪਤਾ ਕਰ ਦਿੱਤੇ ਗਏ।

ਅਫ਼ਗਾਨਿਸਤਾਨ ਵਿੱਚੋਂ 2021 ਵਿੱਚ ਅਮਰੀਕੀ ਫ਼ੌਜਾਂ ਦੀ ਵਾਪਸੀ ਬਾਅਦ ਤਾਲਿਬਾਨ ਹਕੂਮਤ ਨੇ ਸੱਤਾ ਸੰਭਾਲ ਲਈ। ਉਸ ਸਮੇਂ ਤੋਂ ਫਾਟਾ, ਖੈਬਰ ਪਖ਼ਤੂਨਵਾ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਕਾਰਵਾਈਆਂ ਤੇਜ਼ ਕਰ ਦਿੱਤੀਆਂ। ਬਲੋਚਿਸਤਾਨ ਵਿੱਚ ਟੀਟੀਪੀ ਨੇ ਬੀਐੱਲਏ, ਬੀਐੱਲਐੱਫ, ਮਾਜ਼ਿਦ ਬ੍ਰਿਗੇਡ ਨੂੰ ਮਦਦ ਦੇਣੀ ਆਰੰਭ ਦਿਤੀ। ਭਾਰਤ ਅਤੇ ਤਾਲਿਬਾਨ ਅਫ਼ਗਾਨ ਹਕੂਮਤ ਦੇ ਮਿੱਤਰਤਾ ਪੂਰਵਕ ਵਧਦੇ ਸਬੰਧਾਂ ਅਤੇ ਸਹਿਯੋਗ ਕਰ ਕੇ ਬਲੋਚਾਂ ਦੀ ਬਲੋਚ ਯਕਯਹਤੀ (ਏਕਤਾ) ਕਮੇਟੀ ਦੇ ਬੀਬੀ ਮਾਹਰੰਗ ਬਲੋਚ ਦੀ ਅਗਵਾਈ ਵਿੱਚ ਹੌਸਲੇ ਬੁਲੰਦ ਹਨ। ਉਸ ਨੇ ਬਲੋਚਿਸਤਾਨ ਤੋਂ ਇਸਲਾਮਾਬਾਦ ਤੱਕ 1600 ਕਿਲੋਮੀਟਰ ਯਾਤਰਾ ਵੀ ਕੱਢੀ। ਪਰ ਪਾਕਿਸਤਾਨ ਹਕੂਮਤ ਅਤੇ ਫ਼ੌਜ ਨੇ ਕੋਈ ਕੰਨ ਨਾ ਕੀਤਾ।

ਦੁਖੀ ਅਤੇ ਲਾਚਾਰ ਬੀਐੱਲਏ ਨੇ ਸਿਵਲ ਸਮਾਜ ਦੀ ਹਮਾਇਤ ਨਾਲ ਪਾਕਿਸਤਾਨ ਹਕੂਮਤ, ਫ਼ੌਜ, ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ 5ਵੇਂ ਦੌਰ ਦੀ ਜੰਗ ਦਾ ਬਿਗਲ ਵਜਾਇਆ। 2022 ਵਿੱਚ ਪੰਜਗੁਰ, ਨੌਂਸ਼ਕੀ, ਤੁਰਬਤ ਜਲ ਸੈਨਿਕ ਅੱਡੇ ਅਤੇ ਪਹਿਲੀ ਨਵੰਬਰ 2023 ਨੂੰ ਗਵਾਦਰ ਬੰਦਰਗਾਹ ’ਤੇ ਹਮਲੇ ਕੀਤੇ। ਕਰੀਬ 24 ਫੌਜੀਆਂ ਦੀ ਮੌਤ ਹੋਈ। ਫੌਜ ਨੇ 25-26 ਅਗਸਤ 2024 ਨੂੰ 10 ਥਾਵਾਂ ’ਤੇ ‘ਅਪਰੇਸ਼ਨ ਕਾਲਾ ਤੂਫ਼ਾਨ’ ਅਧੀਨ ਵੱਡੀ ਪੱਧਰ ’ਤੇ ਬੇਗੁਨਾਹ ਲੋਕ ਮਾਰ ਮੁਕਾਏ। ਮਾਜ਼ੀਦ ਬ੍ਰਿਗੇਡ ਨੇ 26 ਅਗਸਤ 2024 ਨੂੰ 6 ਵੱਖ-ਵੱਖ ਹਮਲਿਆਂ ਵਿੱਚ ਸ਼ਾਹਬਾਜ਼ ਸ਼ਰੀਫ ਸਰਕਾਰ ਦੀਆਂ ਚੂਲਾਂ ਹਿਲਾ ਦਿੱਤੀਆਂ। ਸੀਪੀਈਸੀ ਸਬੰਧਿਤ ਚੀਨ ਇੰਜਨੀਅਰ ਅਗਵਾ ਕਰ ਕੇ ਮਾਰ ਦਿਤੇ।

ਪਾਕਿਸਤਾਨ ਮੁੜ ਪੂਰਬੀ ਪਾਕਿਸਤਾਨ (ਬੰਗਲਾ ਦੇਸ਼) ’ਤੇ 1971 ਵਾਂਗ ਫੌਜੀ ਅਪਰੇਸ਼ਨ ਅਤੇ ਘੇਰਾਬੰਦੀ ਰਾਹੀਂ ਬਲੋਚਿਸਤਾਨ ’ਤੇ ਰਾਸ਼ਟਰ ਐਕਸ਼ਨ ਯੋਜਨਾ ਅਧੀਨ ਫ਼ੌਜੀ ਕਾਰਵਾਈ ਰਾਹੀਂ ਲੋਕਾਂ ਦੀ ਆਜ਼ਾਦੀ ਦੀ ਆਵਾਜ਼ ਦਬਾਉਣ ਦੇ ਮਨਸੂਬੇ ਘੜ ਰਿਹਾ ਹੈ। ਪਰ ਹਾਲਾਤ ਇਸ ਦੇ ਵਿਰੁੱਧ ਹਨ। ਇਰਾਨ, ਅਫ਼ਗਾਨਿਸਤਾਨ, ਭਾਰਤ ਦੀਆਂ ਹਕੂਮਤਾਂ ਪਾਕਿਸਤਾਨ ਵਿਰੁੱਧ ਹਨ। ਚੰਗਾ ਹੋਵੇ ਜੇ ਪਾਕਿਸਤਾਨ ਫ਼ੌਜੀ ਅਪਰੇਸ਼ਨ ਦੀ ਥਾਂ ਬਲੋਚਿਸਤਾਨ ਸਮੱਸਿਆ ਦੇ ਹੱਲ ਲਈ ਸਿਆਸੀ ਅਤੇ ਡਿਪਲੋਮੈਟਿਕ ਗੱਲਬਾਤ ਵਾਲਾ ਰਸਤਾ ਅਪਣਾਏ।

ਸੰਪਰਕ: +1-289-829-2929

Advertisement
×