‘ਬਾਗੀ 4’ ਨੇ ਪਹਿਲੇ ਦਿਨ 13.20 ਕਰੋੜ ਰੁਪਏ ਕਮਾਏ
ਅਦਾਕਾਰ ਟਾਈਗਰ ਸ਼ਰਾਫ ਅਤੇ ਸੰਜੈ ਦੱਤ ਦੀ ਫਿਲਮ ‘ਬਾਗੀ 4’ ਨੇ ਰਿਲੀਜ਼ ਹੋਣ ਮਗਰੋਂ ਬਾਕਸ ਆਫਿਸ ’ਤੇ ਪਹਿਲੇ ਦਿਨ 13.20 ਕਰੋੜ ਰੁਪਏ ਕਮਾਏ। ਇਹ ਐਲਾਨ ਅੱਜ ਫਿਲਮ ਨਿਰਮਾਤਾਵਾਂ ਨੇ ਕੀਤਾ। ਮਸ਼ਹੂਰ ਕੰਨੜ ਨਿਰਦੇਸ਼ਕ ਏ. ਹਰਸ਼ ਵੱਲੋਂ ਨਿਰਦੇਸ਼ਿਤ ਇਹ ਫਿਲਮ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਨਿਰਮਾਤਾ ਸਾਜਿਦ ਨਾਡੀਆਡਵਾਲਾ ਦੇ ਬੈਨਰ ਨਾਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਨੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਸਬੰਧੀ ਨਿਰਮਾਤਾਵਾਂ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਪੋਸਟ ਦੀ ਕੈਪਸ਼ਨ ਵਿੱਚ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਆਪਣੇ ਨੇੜਲੇ ਸਿਨੇਮਾਘਰਾਂ ਵਿੱਚ ਫਿਲਮ ‘ਬਾਗੀ 4’ ਦੇਖਣ ਦੀ ਅਪੀਲ ਕੀਤੀ ਗਈ ਹੈ। ਇਹ ਫਿਲਮ ਟਾਈਗਰ ਦੀ ‘ਬਾਗੀ’ ਫ੍ਰੈਂਚਾਇਜ਼ੀ ਦਾ ਚੌਥਾ ਭਾਗ ਹੈ, ਜਿਸ ਦੀ ਸ਼ੁਰੂਆਤ 2016 ਦੀ ‘ਬਾਗੀ’ ਨਾਲ ਹੋਈ ਸੀ। ਇਸ ਮਗਰੋਂ ‘ਬਾਗੀ 2’ (2018) ਅਤੇ ‘ਬਾਗੀ 3’ (2020) ਆਈਆਂ ਸਨ। ਫਿਲਮ ‘ਬਾਗੀ 4’ ਵਿੱਚ ਟਾਈਗਰ, ਰੌਨੀ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਇਸ ਫਿਲਮ ਵਿੱਚ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਬੌਲੀਵੁੱਡ ਵਿੱਚ ਪੈਰ ਧਰਿਆ ਹੈ ਅਤੇ ਇਸ ਵਿੱਚ ਸੋਨਮ ਬਾਜਵਾ, ਸ਼੍ਰੇਅਸ ਤਲਪੜੇ ਅਤੇ ਸੌਰਭ ਸਚਦੇਵਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।