ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕਾਮਿਆਂ ਦਾ ਸ਼ੋਸ਼ਣ
ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਹੋਣ ਵਾਲੀਆਂ ਪ੍ਰਾਪਤੀਆਂ ਸਬੰਧੀ ਮੀਡੀਆ ਵਿੱਚ ਇੱਕ ਗੱਲ ਆਮ ਸਾਹਮਣੇ ਆ ਰਹੀ ਹੈ ਕਿ ਇਸ ਨਾਲ ਵਿਸ਼ਵ ਪੱਧਰ ’ਤੇ ਉਤਪਾਦਕਤਾ ਅਤੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਹੋਵੇਗਾ। ਇਹ ਦਾਅਵਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੂੰ ਵਿਕਸਤ ਕਰਨ ਲਈ ਲੱਖਾਂ...
ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਹੋਣ ਵਾਲੀਆਂ ਪ੍ਰਾਪਤੀਆਂ ਸਬੰਧੀ ਮੀਡੀਆ ਵਿੱਚ ਇੱਕ ਗੱਲ ਆਮ ਸਾਹਮਣੇ ਆ ਰਹੀ ਹੈ ਕਿ ਇਸ ਨਾਲ ਵਿਸ਼ਵ ਪੱਧਰ ’ਤੇ ਉਤਪਾਦਕਤਾ ਅਤੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਹੋਵੇਗਾ। ਇਹ ਦਾਅਵਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੂੰ ਵਿਕਸਤ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਕੰਮ ਕਰ ਰਹੇ ਵਰਕਰਾਂ ਦੇ ਤਜਰਬੇ ਨਾਲ ਮੇਲ ਨਹੀਂ ਖਾਂਦਾ। ਇਸ ਸਮੇਂ ਦੁਨੀਆ ਦੇ ਗਰੀਬ ਜਾਂ ਵਿਕਾਸਸ਼ੀਲਾਂ ਦੇਸ਼ਾਂ ਨਾਲ ਸਬੰਧਿਤ ਇਹ ਲੱਖਾਂ ਵਰਕਰ ਬਹੁਤ ਘੱਟ ਤਨਖਾਹਾਂ ਅਤੇ ਕੰਮ ਦੀਆਂ ਮਾੜੀਆਂ ਹਾਲਤਾਂ ਵਿੱਚ ਕੰਮ ਕਰ ਰਹੇ ਹਨ ਅਤੇ ਏਆਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਕੰਪਨੀਆਂ ਵੱਲੋਂ ਕੀਤੇ ਜਾਂਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਡਲਾਂ ਜਿਵੇਂ ਚੈਟ ਜੀਪੀਟੀ ਨੂੰ ਸਿਖਲਾਈ ਦੇਣ ਲਈ ਬਹੁਤ ਸਾਰੇ ਡੇਟਾ (ਜਾਣਕਾਰੀ) ਦੀ ਲੋੜ ਪੈਂਦੀ ਹੈ। ਇਸ ਡੇਟਾ ਵਿੱਚ ਲਿਖਤ (ਟੈਕਸਟ), ਤਸਵੀਰਾਂ (ਇਮੇਜ), ਆਵਾਜ਼ (ਆਡੀਓ), ਵੀਡੀਓ ਆਦਿ ਸ਼ਾਮਲ ਹਨ। ਏਆਈ ਦੇ ਮਾਡਲ ਇਸ ਡੇਟਾ ਤੋਂ ਤਾਂ ਹੀ ਸਿੱਖ ਸਕਦੇ ਹਨ, ਜੇ ਇਹ ਠੀਕ ਤਰ੍ਹਾਂ ਲੇਬਲ ਅਤੇ ਸ਼੍ਰੇਣੀਬੱਧ ਕੀਤਾ ਗਿਆ ਹੋਵੇ। ਜਿਵੇਂ ਕਿ ਆਪਣੇ ਆਪ ਚੱਲਣ ਵਾਲੀਆਂ ਕਾਰਾਂ ਨਾਲ ਸਬੰਧਿਤ ਏਆਈ ਮਾਡਲਾਂ ਨੂੰ ਸੜਕ ’ਤੇ ਲੱਗੇ ਸਾਈਨਾਂ, ਪੈਦਲ ਚੱਲਣ ਵਾਲਿਆਂ, ਖੰਭਿਆਂ ਆਦਿ ਬਾਰੇ ਫ਼ਰਕ ਸਿੱਖਣ ਲਈ ਜ਼ਰੂਰੀ ਹੈ ਕਿ ਵੀਡੀਓਜ਼ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਹੀ ਅਤੇ ਸਪੱਸ਼ਟ ਤੌਰ ’ਤੇ ਲੇਬਲ ਕੀਤਾ ਗਿਆ ਹੋਵੇ। ਇਸ ਹੀ ਤਰ੍ਹਾਂ ਬੋਲੀ ਨਾਲ ਸਬੰਧਿਤ ਏਆਈ ਮਾਡਲਾਂ ਨੂੰ ਬੋਲੀ ਵਿੱਚ ਗਾਲ੍ਹਾਂ, ਅਸ਼ਲੀਲ ਭਾਸ਼ਾ, ਨਫ਼ਰਤ ਅਤੇ ਵਿਤਕਰੇ ਭਰੀ ਸ਼ਬਦਾਵਲੀ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਲਿਖਤਾਂ ਵਿੱਚ ਇਨ੍ਹਾਂ ਚੀਜ਼ਾਂ ਦੀ ਚੰਗੀ ਤਰ੍ਹਾਂ ਪਛਾਣ ਕੀਤੀ ਗਈ ਹੋਵੇ। ਇਸ ਲਈ ਇਹ ਕੰਮ ਕਰਨ ਲਈ ਲੱਖਾਂ ਲੋਕਾਂ ਦੀ ਲੋੜ ਪੈਂਦੀ ਹੈ ਅਤੇ ਇਨ੍ਹਾਂ ਨੂੰ ਲੇਬਲਰ (ਲੇਬਲ ਲਾਉਣ ਵਾਲੇ) ਜਾਂ ਐਨੋਨੇਟਰ (ਨੋਟ ਲਿਖਣ ਵਾਲੇ) ਕਿਹਾ ਜਾਂਦਾ ਹੈ। ਇਹ ਲੇਬਲਰ ਜਾਂ ਐਨੋਨੇਟਰ ਦਿਨ ਵਿੱਚ ਘੰਟਿਆਂ ਬੱਧੀ ਆਪਣੇ ਫੋਨਾਂ ਜਾਂ ਕੰਪਿਊਟਰਾਂ ਦੀਆਂ ਸਕਰੀਨਾਂ ਅੱਗੇ ਬੈਠੇ ਫੋਟੋਆਂ, ਵੀਡੀਓ ਅਤੇ ਲਿਖਤਾਂ ਨੂੰ ਦੇਖਦੇ ਹਨ ਅਤੇ ਵਸਤੂਆਂ ਦੁਆਲੇ ਗੋਲ ਦਾਇਰੇ ਵਾਹ ਕੇ ਉਨ੍ਹਾਂ ’ਤੇ ਲੇਬਲ ਲਾਉਂਦੇ ਹਨ ਤਾਂ ਕਿ ਏਆਈ ਮਾਡਲ ਇਨ੍ਹਾਂ ਫੋਟੋਆਂ, ਵੀਡੀਓ ਆਦਿ ਤੋਂ ਸਿੱਖ ਸਕੇ। ਉਹ ਘਰ ਵਿਚਲੇ ਫਰਨੀਚਰ ’ਤੇ ਨਿਸ਼ਾਨ ਲਾਉਂਦੇ ਹਨ ਕਿ ਇਹ ਟੀਵੀ ਹੈ, ਇਹ ਮਾਈਕ੍ਰੋਵੇਵ ਓਵਨ ਹੈ। ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਚਿਹਰਿਆਂ ਬਾਰੇ ਦੱਸਣ ਲਈ ਚਿਹਰਿਆਂ ’ਤੇ ਨਿਸ਼ਾਨ ਲਾ ਕੇ ਲੇਬਲ ਲਾਉਂਦੇ ਹਨ, ਇਹ ਗੋਰਾ ਹੈ, ਇਹ ਕਾਲਾ ਹੈ, ਇਹ ਏਸ਼ੀਅਨ ਹੈ।
ਲੇਬਲ ਲਾਉਣ ਜਾਂ ਨੋਟ ਲਿਖਣ ਦਾ ਕੰਮ ਕਰਨ ਵਾਲੇ ਇਨ੍ਹਾਂ ਲੱਖਾਂ ਲੋਕਾਂ ਵਿੱਚੋਂ ਬਹੁਗਿਣਤੀ ਅਮਰੀਕਾ ਦੀ ਸਿਲੀਕੋਨ ਵੈਲੀ ਤੋਂ ਹਜ਼ਾਰਾਂ ਮੀਲ ਦੂਰ ਗਰੀਬ ਜਾਂ ਵਿਕਾਸਸ਼ੀਲ ਦੇਸ਼ਾਂ ਵਿੱਚ ਕੰਮ ਕਰਦੇ ਹਨ। ਇਨ੍ਹਾਂ ਵਿੱਚ ਫਿਲੀਪੀਨਜ਼, ਕੀਨੀਆ, ਭਾਰਤ, ਪਾਕਿਸਤਾਨ, ਵੈਂਜ਼ੂਏਲਾ, ਕੋਲੰਬੀਆ ਆਦਿ ਸ਼ਾਮਲ ਹਨ। 2023 ਦੀ ਇੱਕ ਰਿਪੋਰਟ ਅਨੁਸਾਰ ਉਸ ਸਮੇਂ ਇਕੱਲੇ ਫਿਲੀਪੀਨਜ਼ ਵਿੱਚ 20 ਲੱਖ ਤੋਂ ਜ਼ਿਆਦਾ ਲੋਕ ਇਸ ਤਰ੍ਹਾਂ ਦਾ ਕੰਮ ਕਰ ਰਹੇ ਸਨ। 2022 ਦੀ ਇੱਕ ਰਿਪੋਰਟ ਅਨੁਸਾਰ ਉਸ ਸਮੇਂ ਭਾਰਤ ਵਿੱਚ 70,000 ਲੋਕ ਇਸ ਖੇਤਰ ਵਿੱਚ ਕੰਮ ਕਰਦੇ ਸਨ ਅਤੇ ਉਸ ਸਮੇਂ ਦੇਸ਼ ਵਿੱਚ ਡੇਟਾ ਲੇਬਲਿੰਗ ਦੀ ਇੰਡਸਟਰੀ ਦੀ ਕੀਮਤ 25 ਕਰੋੜ (250 ਮਿਲੀਅਨ) ਡਾਲਰ ਦੇ ਬਰਾਬਰ ਸੀ। ਉਸ ਵੇਲੇ ਆਉਣ ਵਾਲੇ ਸਾਲਾਂ ਵਿੱਚ ਦੇਸ਼ ਵਿੱਚ ਇਸ ਇੰਡਸਟਰੀ ਦੇ ਪਸਾਰ ਦੇ ਅੰਦਾਜ਼ੇ ਲਾਏ ਜਾ ਰਹੇ ਸਨ। ਫਰਵਰੀ 2024 ਵਿੱਚ ਕੀਨੀਆ ਵਿੱਚ 12 ਲੱਖ ਲੋਕ ਆਨਲਾਈਨ ਕੰਮ ਕਰਦੇ ਸਨ।
ਇਹ ਲੋਕ ਏਆਈ ਦੇ ਖੇਤਰ ਵਿੱਚ ਵੱਡੀਆਂ ਕੰਪਨੀਆਂ ਜਿਵੇਂ ਮੇਟਾ, ਗੂਗਲ, ਓਪਨ ਆਈ, ਮਾਈਕਰੋਸਾਫਟ, ਐਮਾਜ਼ੋਨ ਲਈ ਡੇਟਾ ਨੂੰ ਲੇਬਲ ਕਰਨ ਦਾ ਕੰਮ ਕਰਦੇ ਹਨ, ਪਰ ਇਹ ਕੰਪਨੀਆਂ ਇਨ੍ਹਾਂ ਵਰਕਰਾਂ ਤੋਂ ਸਿੱਧਾ ਕੰਮ ਨਹੀਂ ਕਰਾਉਂਦੀਆਂ ਸਗੋਂ ਇਹ ਹੋਰ ਕੰਪਨੀਆਂ ਨੂੰ ਠੇਕੇ ਦੇ ਦਿੰਦੀਆਂ ਹਨ ਅਤੇ ਉਹ ਕੰਪਨੀਆਂ ਇਨ੍ਹਾਂ ਤੋਂ ਕੰਮ ਕਰਾਉਂਦੀਆਂ ਹਨ। ਵੱਡੀਆਂ ਕੰਪਨੀਆਂ ਲਈ ਠੇਕੇ ’ਤੇ ਕੰਮ ਕਰਵਾਉਣ ਵਾਲੀਆਂ ਇਹ ਕੰਪਨੀਆਂ ਆਪਣੇ ਆਪ ਵਿੱਚ ਹੀ ਕਾਫ਼ੀ ਵੱਡੀਆਂ ਕੰਪਨੀਆਂ ਬਣ ਗਈਆਂ ਹਨ। 2024 ਵਿੱਚ ਇਨ੍ਹਾਂ ਵਿੱਚੋਂ ਇੱਕ ਕੰਪਨੀ ਸਕੇਲ ਆਈ ਦੀ ਕੁਲ ਕੀਮਤ 14 ਅਰਬ (ਬਿਲੀਅਨ) ਡਾਲਰ ਸੀ।
ਬਿਨਾਂ ਸ਼ੱਕ ਇਹ ਵਰਕਰ ਬਹੁਤ ਕੀਮਤੀ ਕੰਮ ਕਰਦੇ ਹਨ ਜੋ ਏਆਈ ਦੇ ਮਾਡਲਾਂ ਨੂੰ ਸਿੱਖਿਅਤ ਕਰਨ ਲਈ ਜ਼ਰੂਰੀ ਹੈ, ਪਰ ਇਨ੍ਹਾਂ ਵਰਕਰਾਂ ਨੂੰ ਇਸ ਕੰਮ ਦੀ ਬਹੁਤ ਘੱਟ ਮਜ਼ਦੂਰੀ ਮਿਲਦੀ ਹੈ। ਬਹੁਤੀਆਂ ਹਾਲਤਾਂ ਵਿੱਚ ਇਹ ਮਜ਼ਦੂਰੀ ਉਨ੍ਹਾਂ ਦੇ ਦੇਸ਼ਾਂ ਵਿੱਚ ਨਿਸ਼ਚਿਤ ਕੀਤੀ ਗਈ ਘੱਟੋ ਘੱਟ ਉਜਰਤ ਦੇ ਨੇੜੇ ਹੁੰਦੀ ਹੈ ਅਤੇ ਕਈ ਹਾਲਤਾਂ ਵਿੱਚ ਉਸ ਤੋਂ ਵੀ ਘੱਟ। ਉਦਾਹਰਨ ਲਈ 2023-2024 ਦੌਰਾਨ ਕੀਨੀਆ ਵਿੱਚ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਵਰਕਰਾਂ ਬਾਰੇ ਕਈ ਰਿਪੋਰਟਾਂ ਛਪੀਆਂ ਹਨ। ਕੀਨੀਆ ਦੇ ਵਰਕਰਾਂ ਅਨੁਸਾਰ ਉਨ੍ਹਾਂ ਨੂੰ ਇਹ ਕੰਮ ਕਰਨ ਦੇ 1.32 ਡਾਲਰ ਤੋਂ 2.0 ਡਾਲਰ ਪ੍ਰਤੀ ਘੰਟੇ ਮਿਲਦੇ ਹਨ। ਭਾਵੇਂ ਕਿ ਕੀਨੀਆ ਵਿੱਚ ਸਾਰੇ ਵਰਕਰਾਂ ਲਈ ਕੋਈ ਨਿਸ਼ਚਿਤ ਘੱਟੋ ਘੱਟ ਤਨਖਾਹ ਨਹੀਂ ਹੈ, ਪਰ ਜਿਸ ਸਮੇਂ ਦੀ ਇਹ ਵਰਕਰ ਗੱਲ ਕਰਦੇ ਹਨ, ਉਸ ਸਮੇਂ ਕੀਨੀਆ ਵਿੱਚ ਇੱਕ ਰਿਸੈਪਸ਼ਨਿਸਟ ਦੀ ਘੱਟੋ ਘੱਟ ਤਨਖਾਹ ਫਿਲੀਪੀਨਜ਼ ਦੇ ਵਰਕਰਾਂ ਨੂੰ ਅਕਸਰ ਉੱਥੇ ਨਿਸ਼ਚਿਤ ਘੱਟੋ ਘੱਟ ਤਨਖਾਹ ਤੋਂ ਘੱਟ ਪੈਸੇ ਮਿਲਦੇ ਹਨ। ਵੈਂਜ਼ੁਏਲਾ ਵਿੱਚ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਪ੍ਰਤੀ ਘੰਟੇ ਦੇ 90 ਸੈਂਟ ਤੋਂ 2 ਡਾਲਰ ਦੇ ਵਿਚਕਾਰ ਮਿਲਦੇ ਹਨ।
ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਹ ਮਜ਼ਦੂਰੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ, ਪੂਰੀ ਨਹੀਂ ਦਿੱਤੀ ਜਾਂਦੀ ਜਾਂ ਬਿਲਕੁਲ ਹੀ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਕਰਨ ਲਈ ਇਹ ਕੰਪਨੀਆਂ ਕੋਈ ਨਾ ਕੋਈ ਕਾਰਨ ਲੱਭ ਲੈਂਦੀਆਂ ਹਨ। ਅਮਰੀਕਾ ਦੇ ਟੈਲੀਵਿਜ਼ਨ ਨੈੱਟਵਰਕ ਸੀਬੀਐੱਸ ਦੀ ਸਾਈਟ ’ਤੇ ਉਨ੍ਹਾਂ ਦੇ 60 ਮਿੰਟ ਦੇ ਇੱਕ ਪ੍ਰੋਗਰਾਮ ਦੀ ਟ੍ਰਾਂਸਕ੍ਰਿਪਟ ਛਾਪੀ ਗਈ ਹੈ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਕੀਨੀਆ ਵਿੱਚ ਡੇਟਾ ਨੂੰ ਲੇਬਲ ਕਰਨ ਦਾ ਕੰਮ ਕਰਨ ਵਾਲਿਆਂ ਨਾਲ ਇੰਟਰਵਿਊਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਇਹ ਵਰਕਰ ਦੱਸਦੇ ਹਨ ਕਿ ਸਬੰਧਿ਼ ਕੰਪਨੀ ਨੇ ਕਈ ਵਾਰੀ ਉਨ੍ਹਾਂ ਨੂੰ ਮਜ਼ਦੂਰੀ ਨਹੀਂ ਦਿੱਤੀ। ਜਦੋਂ ਤਨਖਾਹ ਦੇਣ ਦਾ ਸਮਾਂ ਆਉਂਦਾ ਸੀ ਤਾਂ ਇਹ ਕੰਪਨੀ ਉਸ ਤੋਂ ਕੁਝ ਦਿਨ ਪਹਿਲਾਂ ਵਰਕਰਾਂ ਨੂੰ ਇਹ ਕਹਿ ਕੇ ਉਨ੍ਹਾਂ ਦਾ ਅਕਾਊਂਟ ਬੰਦ ਕਰ ਦਿੰਦੀ ਸੀ ਕਿ ਉਨ੍ਹਾਂ ਨੇ ‘ਕਿਸੇ ਪਾਲਿਸੀ ਦੀ ਉਲੰਘਣਾ ਕੀਤੀ ਹੈ।’ ਰਿਪੋਰਟ ਵਿੱਚ ਇੱਕ ਵਰਕਰ ਦੀ ਭਾਰਤ ਬਾਰੇ ਕਹਾਣੀ ਹੈ। ਇਹ ਵਰਕਰ ਆਊਟਲੀਅਰ ਨਾਂ ਦੀ ਕੰਪਨੀ ਲਈ ਕੰਮ ਕਰਦਾ ਸੀ। ਆਊਟਲੀਅਰ ਸਕੇਲ ਆਈ ਕੰਪਨੀ ਦਾ ਹੀ ਹਿੱਸਾ ਹੈ। ਵਰਕਰ ਨੇ ਜਦੋਂ 5 ਡਾਲਰ ਦੇ ਬਰਾਬਰ ਦਾ ਕੰਮ ਕਰ ਲਿਆ ਤਾਂ ਇੱਕ ਹਫ਼ਤਾ ਬਾਅਦ ਤੱਕ ਕੰਪਨੀ ਨੇ ਉਸ ਨੂੰ ਕੋਈ ਅਦਾਇਗੀ ਨਹੀਂ ਕੀਤੀ। ਉਹ ਫਿਰ ਵੀ ਕੰਮ ਕਰਦਾ ਰਿਹਾ ਅਤੇ ਉਸ ਦੇ ਕੰਪਨੀ ਵੱਲ 20-30 ਡਾਲਰ ਬਣ ਗਏ। ਜਦੋਂ ਉਹ ਇਸ ਅਦਾਇਗੀ ਦੀ ਉਡੀਕ ਕਰ ਰਿਹਾ ਸੀ ਤਾਂ ਉਸ ਨੂੰ ਕੰਪਨੀ ਵੱਲੋਂ ਇੱਕ ਈਮੇਲ ਮਿਲੀ ਕਿ ਉਸ ਨੇ ਕੰਪਨੀ ਦੀ ਪਾਲਿਸੀ ਦੀ ਉਲੰਘਣਾ ਕੀਤੀ ਹੈ ਅਤੇ ਉਸ ਦਾ ਅਕਾਊਂਟ ਮੁਲਤਵੀ ਕਰ ਦਿੱਤਾ ਗਿਆ ਹੈ। ਜਦੋਂ ਵਰਕਰ ਨੇ ਕੰਪਨੀ ਨੂੰ ਇਸ ਦੇ ਕਾਰਨ ਬਾਰੇ ਪੁੱਛਿਆ ਤਾਂ ਉਸ ਨੂੰ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਅਤੇ ਉਸ ਨੂੰ ਕੋਈ ਪੈਸਾ ਵੀ ਨਹੀਂ ਦਿੱਤਾ।
ਸਾਲ 2023 ਵਿੱਚ ‘ਵਾਸ਼ਿੰਗਟਨ ਪੋਸਟ’ ਵਿੱਚ ਫਿਲੀਪੀਨਜ਼ ਵਿੱਚ ਡੇਟਾ ਲੇਬਲ ਕਰਨ ਵਾਲੇ ਵਰਕਰਾਂ ਬਾਰੇ ਕਿਹਾ ਗਿਆ ਸੀ ਕਿ ਉੱਥੇ ਸਕੇਲ ਆਈ ਕੰਪਨੀ ਨੇ ਵਰਕਰਾਂ ਨੂੰ ਬਹੁਤ ਘੱਟ ਤਨਖਾਹਾਂ ਦਿੱਤੀਆਂ ਸਨ, ਤਨਖਾਹਾਂ ਬਹੁਤੀ ਵਾਰ ਲੇਟ ਦਿੱਤੀਆਂ ਗਈਆਂ ਜਾਂ ਦਿੱਤੀਆਂ ਹੀ ਨਹੀਂ ਸਨ। ਰਿਪੋਰਟ ਵਿੱਚ ਫਿਲੀਪੀਨਜ਼ ਦੀ 23 ਸਾਲਾ ਸ਼ੈਰੀਸ ਨੇ ਦੱਸਿਆ ਕਿ ਉਸ ਨੇ ਇੱਕ ਕੰਮ ’ਤੇ ਚਾਰ ਘੰਟੇ ਲਾਏ, ਜਿਸ ਲਈ ਉਸ ਨੂੰ 2 ਡਾਲਰ ਮਿਲਣੇ ਸਨ, ਸਕੇਲ ਆਈ ਦੀ ਕੰਪਨੀ ਰੀਮੋਟਟਾਸਕਸ ਨੇ ਉਸ ਨੂੰ 30 ਸੈਂਟ ਦਿੱਤੇ। ਇੱਕ ਹੋਰ ਵਰਕਰ ਜੈਕੀ ਨੇ ਦੱਸਿਆ ਕਿ ਉਸ ਨੇ ਇੱਕ ਕੰਮ ’ਤੇ ਤਿੰਨ ਦਿਨ ਕੰਮ ਕੀਤਾ ਅਤੇ ਉਸ ਨੂੰ 50 ਡਾਲਰ ਮਿਲਣੇ ਸਨ, ਪਰ ਉਸ ਨੂੰ ਇਸ ਲਈ ਸਿਰਫ਼ 12 ਡਾਲਰ ਮਿਲੇ। 36 ਸਾਲਾ ਬੈਨਜ਼ ਨੇ 150 ਡਾਲਰ ਤੋਂ ਵੱਧ ਦਾ ਕੰਮ ਕੀਤਾ ਸੀ, ਪਰ ਉਸ ਨੂੰ ਅਚਾਨਕ ਪਲੈਟਫਾਰਮ ਤੋਂ ਕੱਢ ਦਿੱਤਾ ਗਿਆ ਅਤੇ ਉਸ ਨੂੰ ਕੁਝ ਨਹੀਂ ਮਿਲਿਆ। ਇੱਕ ਹੋਰ ਵਰਕਰ ਨੇ ਦੱਸਿਆ ਕਿ ਜੇ ਤੁਸੀਂ ਸੁਪਰਵਾਈਜ਼ਰ ਕੋਲ ਥੋੜ੍ਹੀ ਜਿਹੀ ਵੀ ਸ਼ਿਕਾਇਤ ਕਰੋ ਤਾਂ ਉਹ ਤੁਹਾਡਾ ਅਕਾਊਂਟ ਬੰਦ ਕਰ ਦਿੰਦੇ ਹਨ ਅਤੇ ਫਿਰ ਤੁਸੀਂ ਉਨ੍ਹਾਂ ਨਾਲ ਹੋਰ ਕੰਮ ਨਹੀਂ ਕਰ ਸਕਦੇ।
ਇਨ੍ਹਾਂ ਵਰਕਰਾਂ ਨੇ ਇੱਕ ਹੋਰ ਸ਼ਿਕਾਇਤ ਕੀਤੀ ਕਿ ਉਨ੍ਹਾਂ ਦਾ ਕੰਮ ਉਨ੍ਹਾਂ ’ਤੇ ਮਾਨਸਿਕ ਤੌਰ ’ਤੇ ਬੁਰਾ ਅਸਰ ਪਾਉਂਦਾ ਹੈ। ਉਨ੍ਹਾਂ ਨੂੰ ਕਈ ਵਾਰੀ ਘੰਟਿਆਂ ਬੱਧੀ ਅਸ਼ਲੀਲ, ਅਣਮਨੁੱਖੀ, ਹਿੰਸਾ ਅਤੇ ਨਫ਼ਰਤ ਨਾਲ ਭਰਪੂਰ ਲਿਖਤਾਂ, ਤਸਵੀਰਾਂ, ਵੀਡੀਓ ਆਦਿ ਦੇਖ ਕੇ ਲੇਬਲ ਕਰਨੀਆਂ ਪੈਂਦੀਆਂ ਹਨ ਤਾਂ ਕਿ ਏਆਈ ਦੇ ਮਾਡਲਾਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਸਿਖਲਾਈ ਦਿੱਤੀ ਜਾ ਸਕੇ। ਸੀਬੀਐੱਸ ਨੈੱਟਵਰਕ ਦੀ ਪਹਿਲਾਂ ਦਰਜ ਕੀਤੀ ਰਿਪੋਰਟ ਵਿੱਚ ਕੀਨੀਆ ਦੇ ਇੱਕ ਵਰਕਰ ਨੇ ਦੱਸਿਆ ਕਿ ਉਸ ਦੀ ਡਿਊਟੀ ਏਆਈ ਦੇ ਮਾਡਲ ਨੂੰ ਪੋਰੋਨੋਗ੍ਰਾਫੀ, ਨਫ਼ਰਤ ਭਰੀ ਬੋਲਚਾਲ ਅਤੇ ਅਤਿ ਦੀ ਹਿੰਸਾ ਦੀ ਪਛਾਣ ਕਰਨਾ ਸਿਖਾਉਣਾ ਸੀ। ਇਸ ਲਈ ਉਸ ਨੂੰ ਹਰ ਰੋਜ਼ 8 ਘੰਟੇ, ਹਫ਼ਤੇ ਦੇ 40 ਘੰਟੇ ਅਜਿਹੀ ਸਮੱਗਰੀ ਦੇਖਣੀ ਪੈਂਦੀ ਸੀ ਜਿਸ ਵਿੱਚ ਲੋਕਾਂ ਨੂੰ ਵੱਢਿਆ-ਟੁੱਕਿਆ ਜਾ ਰਿਹਾ ਹੁੰਦਾ ਸੀ, ਲੋਕ ਜਾਨਵਰਾਂ ਨਾਲ ਸੰਭੋਗ ਕਰ ਰਹੇ ਹੁੰਦੇ ਸਨ ਅਤੇ ਬੱਚਿਆਂ ਨਾਲ ਸਰੀਰਕ ਅਤੇ ਲਿੰਗਕ ਤੌਰ ’ਤੇ ਦੁਰਵਿਹਾਰ ਕਰ ਰਹੇ ਹੁੰਦੇ ਸਨ। ਇਸ ਤਰ੍ਹਾਂ ਦੀ ਸਮੱਗਰੀ ਦੇਖਣ ਨਾਲ ਇਹ ਵਰਕਰ ਮਾਨਸਿਕ ਤੌਰ ’ਤੇ ਬਹੁਤ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਕੀਨੀਆ ਵਿੱਚ ਹੀ ਇਸ ਤਰ੍ਹਾਂ ਦੀ ਸਮੱਗਰੀ ਦੇਖਣ ਵਾਲੀ ਇੱਕ ਹੋਰ ਵਰਕਰ ਨੇ ਸੀਬੀਐੱਸ ਨੈੱਟਵਰਕ ਨੂੰ ਦੱਸਿਆ ਕਿ ਇਸ ਕੰਮ ਦੇ ਨਤੀਜੇ ਵਜੋਂ ਉਸ ਨੂੰ ਲੋਕਾਂ ਨਾਲ ਗੱਲਬਾਤ ਕਰਨੀ ਬਹੁਤ ਮੁਸ਼ਕਿਲ ਲੱਗਦੀ ਹੈ ਅਤੇ ਉਸ ਨੂੰ ਗੱਲ ਕਰਨ ਦੀ ਥਾਂ ਰੋਣਾ ਸੌਖਾ ਲੱਗਦਾ ਹੈ।
ਇਨ੍ਹਾਂ ਵਰਕਰਾਂ ’ਤੇ ਕੰਪਿਊਟਰ ਪ੍ਰੋਗਰਾਮਾਂ ਨਾਲ ਬਹੁਤ ਸਖ਼ਤ ਨਿਗਰਾਨੀ ਰੱਖੀ ਜਾਂਦੀ ਹੈ। ਇਹ ਕੰਪਿਊਟਰ ਪ੍ਰੋਗਰਾਮ ਵਰਕਰਾਂ ਦੇ ਕੰਮ ਦੇ ਸਕਿੰਟ ਸਕਿੰਟ ਦਾ ਹਿਸਾਬ ਰੱਖਦੇ ਹਨ। ਜੇ ਵਰਕਰਾਂ ਨੇ ਟਾਇਲਟ ਵਗੈਰਾ ਜਾਣਾ ਹੋਵੇ ਤਾਂ ਉਨ੍ਹਾਂ ਨੂੰ ਆਪਣੇ ਅਕਾਊਂਟ ਤੋਂ ਲੌਗ ਆਊਟ ਹੋ ਕੇ ਜਾਣਾ ਪੈਂਦਾ ਹੈ ਅਤੇ ਸਮਾਂ ਉਨ੍ਹਾਂ ਦੇ ਕੰਮ ਦੇ ਸਮੇਂ ਵਿੱਚੋਂ ਕੱਟ ਲਿਆ ਜਾਂਦਾ ਹੈ। ਇਨ੍ਹਾਂ ਨੂੰ ਬਹੁਤ ਤੇਜ਼ ਕੰੰਮ ਕਰਨਾ ਪੈਂਦਾ ਹੈ ਅਤੇ ਕਈ ਵਾਰੀ ਇਨ੍ਹਾਂ ਨੂੰ ਆਪਣਾ ਕੰਮ ਮੁਕਾਉਣ ਲਈ ਵਾਧੂ ਸਮਾਂ ਲਾਉਣਾ ਪੈਂਦਾ ਹੈ, ਜਿਸ ਦੇ ਉਨ੍ਹਾਂ ਨੂੰ ਪੈਸੇ ਨਹੀਂ ਮਿਲਦੇ। ਜਿਸ ਕੰੰਮ ਲਈ ਕੰਪਨੀ ਵੱਲੋਂ ਇੱਕ ਘੰਟੇ ਦਾ ਸਮਾਂ ਨਿਸ਼ਚਿਤ ਕੀਤਾ ਹੁੰਦਾ ਹੈ, ਉਹ ਕੰਮ ਇੱਕ ਘੰਟੇ ਵਿੱਚ ਖ਼ਤਮ ਨਹੀਂ ਹੁੰਦਾ ਅਤੇ ਇਸ ਸਮੇਂ ਵਰਕਰਾਂ ਕੋਲ ਦੋ ਚੋਣਾਂ ਹੁੰਦੀਆਂ ਹਨ। ਇੱਕ ਕੰਮ ਨੂੰ ਅੱਧ ਵਿਚਾਲੇ ਛੱਡ ਦਿੱਤਾ ਜਾਵੇ, ਜਿਸ ਬਦਲੇ ਉਨ੍ਹਾਂ ਨੂੰ ਆਪਣੇ ਵੱਲੋਂ ਲਾਏ ਸਮੇਂ ਦੇ ਕੋਈ ਪੈਸੇ ਨਹੀਂ ਮਿਲਦੇ ਜਾਂ ਵਾਧੂ ਸਮਾਂ ਲਾ ਕੇ ਕੰਮ ਨੂੰ ਮੁਕੰਮਲ ਕੀਤਾ ਜਾਵੇ, ਜਿਸ ਦੇ ਉਨ੍ਹਾਂ ਨੂੰ ਪੈਸੇ ਨਹੀਂ ਮਿਲਦੇ। ਇਸ ਤੋਂ ਬਿਨਾਂ ਉਨ੍ਹਾਂ ਨੂੰ ਕੰਮ ਦੀ ਕੋਈ ਸਕਿਉਰਿਟੀ ਨਹੀਂ ਹੁੰਦੀ। ਇਹ ਕੰਪਨੀਆਂ ਜਦੋਂ ਚਾਹੁਣ ਉਨ੍ਹਾਂ ਦੇ ਅਕਾਊਂਟ ਬੰਦ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਕੰਮ ਤੋਂ ਵਿਹਲੇ ਕਰ ਸਕਦੀਆਂ ਹਨ।
ਇਨ੍ਹਾਂ ਵਰਕਰਾਂ ਕੋੋਲ ਆਪਣੀ ਸ਼ਿਕਾਇਤ ਕਰਨ ਦਾ ਕੋਈ ਰਸਤਾ ਨਹੀਂ। ਉਨ੍ਹਾਂ ਦੀਆਂ ਮਾਲਕ ਕੰਪਨੀਆਂ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ। ਜੇ ਵਰਕਰ ਆਪਣੀਆਂ ਮੁਸ਼ਕਿਲਾਂ ਦੇ ਹੱਲ ਲੱਭਣ ਲਈ ਇਕੱਠੇ ਹੋ ਕੇ ਕੋਈ ਸੰਗਠਨ ਜਾਂ ਯੂਨੀਅਨ ਬਣਾਉਣਾ ਚਾਹੁੰਦੇ ਹਨ ਤਾਂ ਇਹ ਕੰਪਨੀਆਂ ਵਰਕਰਾਂ ਨੂੰ ਕੰਮ ਤੋਂ ਕੱਢ ਦਿੰਦੀਆਂ ਹਨ। ਮਈ 2024 ਵਿੱਚ ਕੀਨੀਆ ਵਿੱਚ ਅਮਰੀਕਾ ਦੀਆਂ ਕੰਪਨੀਆਂ ਲਈ ਡੇਟਾ ਨੂੰ ਲੇਬਲ ਕਰਨ ਅਤੇ ਕੰਟਟੈਂਟ ਮਾਡਰੇਟਰਾਂ ਦਾ ਕੰਮ ਕਰਨ ਵਾਲੇ 97 ਵਰਕਰਾਂ ਨੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜੋ ਬਾਇਡਨ ਨੂੰ ਆਪਣੀਆਂ ਕੰਮ ਦੀਆਂ ਭੈੜੀਆਂ ਹਾਲਤਾਂ ਬਾਰੇ ਇੱਕ ਖੁੱਲ੍ਹਾ ਖ਼ਤ ਲਿਖਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਅਮਰੀਕਾ ਦੀਆਂ ਵੱਡੀਆਂ ਟੈੱਕ ਕੰਪਨੀਆਂ ਯੋਜਨਾਬੱਧ ਢੰਗ ਨਾਲ ਅਫ਼ਰੀਕਾ ਦੇ ਵਰਕਰਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਕੀਨੀਆ ਵਿੱਚ ਉਹ ਦੇਸ਼ ਦੇ ਕਿਰਤ ਕਾਨੂੰਨਾਂ, ਨਿਆਂ ਪ੍ਰਣਾਲੀ ਅਤੇ ਅੰਤਰਰਾਸ਼ਟਰੀ ਕਿਰਤ ਮਿਆਰਾਂ ਦੀ ਉਲੰਘਣਾ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਯੂਨੀਅਨਾਂ ਬਣਾਉਣ ਵਿੱਚ ਰੁਕਾਵਟਾਂ ਪਾਉਣਾ ਆਮ ਗੱਲ ਹੈ। ਜਦੋਂ ਕੀਨੀਆ ਵਿੱਚ ਫੇਸਬੁੱਕ ਨਾਲ ਕੰਟਟੈਂਟ ਮਾਡਰੇਟਰਾਂ ਦਾ ਕੰਮ ਕਰਨ ਵਾਲੇ ਵਰਕਰਾਂ ਨੇ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਸਾਰੇ ਵਰਕਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਅਤੇ ਫੇਸਬੁੱਕ ਦੀ ਮਾਲਕ ਕੰਪਨੀ ਸਾਰਾ ਕੰਮ ਕੀਨੀਆ ਵਿੱਚ ਬੰਦ ਕਰਕੇ ਘਾਨਾ ਵਿੱਚ ਲੈ ਗਈ। ਇਸ ਹੀ ਤਰ੍ਹਾਂ ਕੀਨੀਆ ਵਿੱਚ ਸਕੇਲ ਆਈ ਦੀ ਕੰਪਨੀ ਰੀਮੋਟਟਾਸਕ ਵਿੱਚ ਵਾਪਰਿਆ।
ਉਕਤ ਤੱਥਾਂ ਦੇ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵਿਕਸਤ ਕਰਨ ਵਿੱਚ ਆਪਣੇ ਖੂਨ ਅਤੇ ਪਸੀਨੇ ਨਾਲ ਯੋਗਦਾਨ ਪਾਉਣ ਵਾਲੇ ਇਹ ਲੱਖਾਂ ਵਰਕਰ ਬਹੁਤ ਭੈੜੀਆਂ ਅਤੇ ਸਖ਼ਤ ਹਾਲਤਾਂ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਇਨ੍ਹਾਂ ਹਾਲਤਾਂ ਵਿਰੁੱਧ ਸ਼ਿਕਾਇਤ ਕਰਨ ਅਤੇ ਇਨ੍ਹਾਂ ਦਾ ਹੱਲ ਲੱਭਣ ਲਈ ਚਾਰਾਜੋਈ ਕਰਨ ਦਾ ਕੋਈ ਰਸਤਾ ਨਹੀਂ। ਕੀਨੀਆ ਦੇ ਵਰਕਰਾਂ ਅਨੁਸਾਰ ਉਨ੍ਹਾਂ ਦਾ ਇਹ ਕੰਮ ਅੱਜ ਦੇ ਯੁੱਗ ਦੀ ਗ਼ੁਲਾਮੀ ਹੈ। ਦੂਜੇ ਪਾਸੇ ਇਸ ਤਕਨਾਲੋਜੀ ਤੋਂ ਪੈਦਾ ਹੋਣ ਵਾਲੀ ਦੌਲਤ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਿਤ ਮੁੱਠੀ ਭਰ ਕਾਰਪੋੋਰੇਸ਼ਨਾਂ ਅਤੇ ਉਨ੍ਹਾਂ ਦੇ ਮਾਲਕਾਂ/ਸ਼ੇਅਰਹੋਲਡਰਾਂ ਕੋਲ ਇਕੱਠੀ ਹੋਈ ਜਾਂਦੀ ਹੈ।

