ਅਰਜੁਨ ਕਪੂਰ ਨੇ ਮਲਾਇਕਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ
ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਅੱਜ ਇੰਸਟਾਗ੍ਰਾਮ ਸਟੋਰੀ ਵਿੱਚ ਆਪਣੀ ਸਾਬਕਾ ਪ੍ਰੇਮਿਕਾ ਤੇ ਅਦਾਕਾਰਾ ਮਲਾਇਕਾ ਅਰੋੜਾ ਨੂੰ ਉਸ ਦੇ 52ਵੇਂ ਜਨਮ ਦਿਨ ’ਤੇ ਵਧਾਈ ਦਿੱਤੀ। ਅਦਾਕਾਰ ਨੇ ਪੈਰਿਸ ਵਿੱਚ ਖਿੱਚੀ ਅਰੋੜਾ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ਵਿੱਚ ਉਸ ਦੇ ਪਿੱਛੇ ਆਈਫਲ ਟਾਵਰ ਨਜ਼ਰ ਆ ਰਿਹਾ ਹੈ। ਇਸ ਪੋਸਟ ਵਿੱਚ ਕਪੂਰ ਨੇ ਲਿਖਿਆ ਹੈ, ‘‘ਜਨਮ ਦਿਨ ਮੁਬਾਰਕ ਹੋਵੇ ਮਲਾਇਕਾ ਅਰੋੜਾ, ਉੱਚੀ ਉਡਾਣ ਭਰਦੇ ਰਹੋ ਅਤੇ ਨਵੀਆਂ ਚੀਜ਼ਾਂ ਦੀ ਭਾਲ ਕਰਦੇ ਰਹੋ...।’’ ਅਦਾਕਾਰਾ ਮਲਾਇਕਾ ਅਰੋੜਾ ਨੇ ਇਸ ਤੋਂ ਪਹਿਲਾਂ ਸਾਲ 1998 ਵਿੱਚ ਅਰਬਾਜ਼ ਖ਼ਾਨ ਨਾਲ ਵਿਆਹ ਕਰਵਾਇਆ ਸੀ। ਇਸ ਜੋੜੇ ਨੇ ਸਾਲ 2016 ਵਿੱਚ ਵੱਖ ਹੋਣ ਦਾ ਐਲਾਨ ਕੀਤਾ ਸੀ ਅਤੇ ਸਾਲ 2017 ਵਿੱਚ ਤਲਾਕ ਲੈ ਲਿਆ ਸੀ। ਅਰਜੁਨ ਅਤੇ ਮਲਾਇਕਾ ਨੇ ਸਾਲ 2018 ਵਿੱਚ ਇਹ ਖ਼ੁਲਾਸਾ ਕੀਤਾ ਸੀ ਕਿ ਉਹ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਸਾਲ 2023 ਵਿੱਚ ਇਨ੍ਹਾਂ ਦੋਵਾਂ ਦਾ ਰਿਸ਼ਤਾ ਖ਼ਤਮ ਹੋ ਗਿਆ। ਅਰਜੁਨ ਨੇ ਭੂਮੀ ਪੇਡਨੇਕਰ ਅਤੇ ਰਾਕੁਲਪ੍ਰੀਤ ਸਿੰਘ ਨਾਲ ਫਿਲਮ ‘ਮੇਰੇ ਹਸਬੈਂਡ ਕੀ ਬੀਵੀ’ ਕੀਤੀ ਸੀ। ਦੂਜੇ ਪਾਸੇ, ਮਲਾਇਕਾ ਹਾਲ ਹੀ ਵਿੱਚ ‘ਥੰਮਾ’ ਦੇ ਗੀਤ ‘ਪੁਆਇਜ਼ਨ ਬੇਬੀ’ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਮਲਾਇਕਾ ਰਿਆਇਲਟੀ ਸੀਰੀਜ਼ ‘ਇੰਡੀਅਨ ਗੌਟ ਟੈਲੇਂਟ’ ਵਿੱਚ ਸ਼ਾਨ ਅਤੇ ਨਵਜੋਤ ਸਿੰਘ ਸਿੱਧੂ ਨਾਲ ਜੱਜ ਵਜੋਂ ਵੀ ਨਜ਼ਰ ਆ ਰਹੀ ਹੈ।
