ਅਨੁਪਮ ਖੇਰ ਨੇ ‘ਦਿ ਬੰਗਾਲ ਫਾਈਲਜ਼’ ਦੇ ਪਰਦੇ ਦੇ ਪਿੱਛੇ ਦੀ ਵੀਡੀਓ ਸਾਂਝੀ ਕੀਤੀ
ਅਦਾਕਾਰ ਅਨੁਪਮ ਖੇਰ ਨੇ ਵਿਵੇਕ ਅਗਨੀਹੋਤਰੀ ਵੱਲੋਂ ਬਣਾਈ ਫ਼ਿਲਮ ‘ਦਿ ਬੰਗਾਲ ਫਾਈਲਜ਼’ ਦੇ ਪਰਦੇ ਦੇ ਪਿੱਛੇ ਦੀ ਵੀਡੀਓ ਸਾਂਝੀ ਕੀਤੀ ਹੈ। ਉਸ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਵੀਡੀਓ ਪਾਈ ਹੈ। ਵੀਡੀਓ ਵਿੱਚ ਉਹ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨਾਲ ਮਹਾਤਮਾ ਗਾਂਧੀ ਦਾ ਪਹਿਰਾਵਾ ਪਾ ਕੇ ਘੁੰਮਦਾ ਦਿਖਾਈ ਦੇ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ਅਨੁਸਾਰ, ਅਦਾਕਾਰ ‘ਦਿ ਬੰਗਾਲ ਫਾਈਲਜ਼’ ਵਿੱਚ ਮਹਾਤਮਾ ਗਾਂਧੀ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਕੋਲਕਾਤਾ ਵਿੱਚ ‘ਦਿ ਬੰਗਾਲ ਫਾਈਲਜ਼’ ਦਾ ਟ੍ਰੇਲਰ ਰਿਲੀਜ਼ ਹੋਣ ਮਗਰੋਂ ਫ਼ਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਵਿਵਾਦਾਂ ਵਿੱਚ ਘਿਰ ਗਏ ਸਨ। ਦੋ ਵਾਰ ਦੇ ਕੌਮੀ ਪੁਰਸਕਾਰ ਜੇਤੂ ਵਿਵੇਕ ਅਗਨੀਹੋਤਰੀ ਆਪਣੀ ਸੁਪਰਹਿੱਟ ਫਿਲਮ ‘ਦਿ ਕਸ਼ਮੀਰ ਫਾਈਲਜ਼’ ਤੋਂ ਬਾਅਦ ਵੱਡੇ ਪਰਦੇ ’ਤੇ ਵਾਪਸ ਆ ਰਹੇ ਹਨ। ਇਸ ਵਿੱਚ ਅਨੁਪਮ ਖੇਰ ਮੁੱਖ ਭੂਮਿਕਾ ਵਿੱਚ ਹਨ। ਫ਼ਿਲਮ ‘ਦਿ ਬੰਗਾਲ ਫਾਈਲਜ਼’ 1940 ਦੇ ਦਹਾਕੇ ਦੌਰਾਨ ਅਣਵੰਡੇ ਬੰਗਾਲ ਵਿੱਚ ਹੋਈ ਫਿਰਕੂ ਹਿੰਸਾ ਦੀ ਪੜਚੋਲ ਕਰਦੀ ਹੈ, ਜਿਸ ਵਿੱਚ 1946 ਦੇ ਡਾਇਰੈਕਟ ਐਕਸ਼ਨ ਡੇਅ ਅਤੇ 1946 ਦੇ ਦੰਗੇ ਅਤੇ ਹਿੰਦੂ ਨਸਲਕੁਸ਼ੀ ਵਰਗੀਆਂ ਘਟਨਾਵਾਂ ਸ਼ਾਮਲ ਹਨ। ਟ੍ਰੇਲਰ ਵਿੱਚ ਅਨੁਪਮ ਖੇਰ, ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ ਅਤੇ ਦਰਸ਼ਨ ਕੁਮਾਰ ਹਨ। ਇਹ ਫਿਲਮ 5 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।