ਅਨੁਪਮ ਖੇਰ ਵੱਲੋਂ ਸੋਫੀਆ ਕੁਰੈਸ਼ੀ ਨੂੰ ਪੁਸਤਕ ਭੇਟ
ਬੌਲੀਵੁੱਡ ਦੇ ਉੱਘੇ ਅਦਾਕਾਰ ਅਨੁਪਮ ਖੇਰ ਨੇ ਅਪਰੇਸ਼ਨ ਸਿੰਧੂਰ ਦੌਰਾਨ ਮੀਡੀਆ ਨੂੰ ਜਾਣਕਾਰੀ ਸਮੇਂ ਚਰਚਾ ’ਚ ਰਹਿਣ ਵਾਲੀ ਭਾਰਤੀ ਫੌਜ ਦੀ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਨਵੀਂ ਕਿਤਾਬ ਭੇਟ ਕੀਤੀ ਹੈ। ਅਨੁਪਮ ਖੇਰ ਨੇ ਇੰਸਟਾਗ੍ਰਾਮ ’ਤੇ ਕਰਨਲ ਸੋਫੀਆ ਕੁਰੈਸ਼ੀ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਆਖਿਆ, ‘‘ਅਪਰੇਸ਼ਨ ਸਿੰਧੂਰ: ਮੈਂ ਹਾਲ ਹੀ ਵਿੱਚ ਕਰਨਲ ਸੋਫੀਆ ਕੁਰੈਸ਼ੀ ਨੂੰ ਆਪਣੀ ਚੌਥੀ ਕਿਤਾਬ ਭੇਟ ਕੀਤੀ ਹੈ। ਭਾਰਤੀ ਫੌਜ ਦੀ ਅਧਿਕਾਰੀ ਨੂੰ ਮਿਲ ਕੇ ਮੈਂ ਬਹੁਤ ਖੁਸ਼ ਅਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਕਰਨਲ ਕੁਰੈਸ਼ੀ ਤੁਹਾਡਾ ਬਹੁਤ ਧੰਨਵਾਦ! ਜੈ ਹਿੰਦ!’’ ਦੱਸਣਯੋਗ ਹੈ ਕਿ ਅਨੁਪਮ ਖੇਰ ਨੇ ਜੂਨ ਮਹੀਨੇ ਐਲਾਨ ਕੀਤਾ ਸੀ ਕਿ ਉਹ ‘ਡਿਫਰੈਂਟ ਬਟ ਨੋ ਲੈੱਸ’ ਸਿਰਲੇਖ ਵਾਲੀ ਆਪਣੀ ਚੌਥੀ ਕਿਤਾਬ ਲੈ ਕੇ ਆ ਰਿਹਾ ਹੈ। ਇਸ ਕਿਤਾਬ ਬਾਰੇ ਉਨ੍ਹਾਂ ਇੱਕ ਵੀਡੀਓ ਸਾਂਝੀ ਕਰ ਕੇ ਇਸ ਨੂੰ ਬਹੁਤ ਖਾਸ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਉਨ੍ਹਾਂ ਦੇ ਅਸਲ ਜੀਵਨ ਦੇ ਤਜਰਬਿਆਂ ’ਤੇ ਆਧਾਰਿਤ ਹੈ। ਇਹ ਕਿਤਾਬ ਉਸ ਦੀ ਫਿਲਮ ‘ਤਨਵੀ ਦਿ ਗ੍ਰੇਟ’ ਦੇ ਪਿੱਛੇ ਦੀ ਕਹਾਣੀ ਸਾਂਝੀ ਕਰਦੀ ਹੈ ਅਤੇ ਇਸ ਫਿਲਮ ਨੂੰ ਬਣਾਉਣ ਸਮੇਂ ਆਈਆਂ ਚੁਣੌਤੀਆਂ ਬਾਰੇ ਜਾਣੂ ਕਰਵਾਉਂਦੀ ਹੈ। ਅਦਾਕਾਰ ਨੇ ਕਿਹਾ,‘‘ਪੁਸਤਕ ਔਕੜਾਂ ਬਾਰੇ ਨਹੀਂ ਹੈ ਸਗੋਂ ਉਨ੍ਹਾਂ ਨੂੰ ਪਾਰ ਕਰਨ ਬਾਰੇ ਹੈ। ਇਹ ਕਿਤਾਬ ਤੁਹਾਡੇ ਖੁਦ ਦੇ ਵਿਸ਼ਵਾਸ ਨੂੰ ਪਰਖਣ ਬਾਰੇ ਹੈ, ਆਸ਼ਾਵਾਦੀ ਅਤੇ ਉਮੀਦ ਬਾਰੇ ਹੈ। ਇਹ ਹਫੜਾ-ਦਫੜੀ ਵਿੱਚੋਂ ਆਪਣਾ ਰਸਤਾ ਲੱਭਣ ਬਾਰੇ ਹੈ।’’