ਅਮਿਤਾਭ ਵੱਲੋਂ ਅਭਿਸ਼ੇਕ ਬੱਚਨ ਦੇ ਕੰਮ ਦੀ ਪ੍ਰਸ਼ੰਸਾ
ਨਵੀਂ ਦਿੱਲੀ: ਅਦਾਕਾਰ ਅਮਿਤਾਭ ਬੱਚਨ ਨੇ ਚੁਣੌਤੀਪੂਰਨ ਭੂਮਿਕਾਵਾਂ ਨਿਭਾਉਣ ਦੇ ਦਲੇਰੀ ਵਾਲੇ ਫ਼ੈਸਲੇ ਲਈ ਆਪਣੇ ਪੁੱਤਰ ਅਭਿਸ਼ੇਕ ਬੱਚਨ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਸਬੰਧੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਬੀਤੀ ਦੇਰ ਰਾਤ ਆਪਣੇ ਨਿੱਜੀ ਬਲੌਗ ’ਤੇ ਅਭਿਸ਼ੇਕ ਦੀ ਤਸਵੀਰ ਨਾਲ ਇਹ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਹਰ ਕਿਰਦਾਰ, ਜਿਸ ਨੂੰ ਅਭਿਸ਼ੇਕ ਨੇ ਸਵੀਕਾਰ ਕੀਤਾ, ਉਸ ਨੂੰ ਪੂਰਾ ਸਮਰਪਿਤ ਹੋ ਕੇ ਨਿਭਾਇਆ। ਫਿਲਮਾਂ ਅਤੇ ਕਿਰਦਾਰਾਂ ਦੀ ਚੋਣ ਨੇ ਉਸ ਨੂੰ ਵੱਖ-ਵੱਖ ਅਤੇ ਚੁਣੌਤੀਪੂਰਨ ਭੂਮਿਕਾਵਾਂ ਕਰਨ ਦਾ ਮੌਕਾ ਦਿੱਤਾ।’’ ਅਮਿਤਾਭ (82) ਨੇ ਲਿਖਿਆ, ‘‘ਮੈਨੂੰ ਮੇਰੇ ਬਚਪਨ ਦੀ ‘ਆਟੋਗ੍ਰਾਫ ਬੁੱਕ’ ਵਿੱਚ ਲਿਖੇ ਮਹਾਨ ਕਵੀ ਸ੍ਰੀ ਰਾਮਧਾਰੀ ਸਿੰਘ ‘ਦਿਨਕਰ’ ਦੇ ਸ਼ਬਦ ਯਾਦ ਹਨ, ਜਦੋਂ ਉਹ ਅਕਸਰ ਅਲਾਹਾਬਾਦ (ਹੁਣ ਪ੍ਰਯਾਗਰਾਜ) ਵਿੱਚ ਸਾਡੇ ਘਰ ਆਉਂਦੇ ਸਨ। ਉਨ੍ਹਾਂ ਨੇ ਮੇਰੀ ‘ਆਟੋਗ੍ਰਾਫ ਬੁੱਕ’ ਵਿੱਚ ਲਿਖਿਆ ਸੀ, ‘ਸਫਲਤਾ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਹਿੰਮਤ ਕਰਦੇ ਹਨ ਅਤੇ ਕਰਮ ਕਰਦੇ ਹਨ’। ਇੱਥੇ ‘ਕਰਮ’ ਦਾ ਅਰਥ ਮੰਚ ਜਾਂ ਫਿਲਮਾਂ ਵਿੱਚ ਅਦਾਕਾਰੀ ਕਰਨਾ ਨਹੀਂ, ਸਗੋਂ ਜ਼ਿੰਦਗੀ ਵਿੱਚ ਹਿੰਮਤ ਰੱਖਣਾ ਅਤੇ ਇਸ ’ਤੇ ਅਮਲ ਕਰਨਾ ਹੈ। ਅਭਿਸ਼ੇਕ ਨੇ ਵੀ ਅਜਿਹਾ ਹੀ ਕੀਤਾ।’’ ਉਨ੍ਹਾਂ ਅਖ਼ੀਰ ਵਿੱਚ ਲਿਖਿਆ, ‘‘ਉਸ ਨੇ ਚੁਣੌਤੀਪੂਰਨ ਭੂਮਿਕਾਵਾਂ ਨਿਭਾਈਆਂ ਅਤੇ ਉਨ੍ਹਾਂ ਨੂੰ ਸਵੀਕਾਰ ਕੀਤਾ। ਮੈਂ ਆਪਣੇ ਜਾਨਸ਼ੀਨ ਪੁੱਤਰ ਦੀ ਸ਼ਲਾਘਾ ਕਰਦਾ ਹਾਂ।’’ ਅਭਿਸ਼ੇਕ ਨੇ ਸਾਲ 2000 ਵਿੱਚ ਜੇਪੀ ਦੱਤਾ ਦੀ ‘ਰਿਫਿਊਜੀ’ ਨਾਲ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਨਵੀਂ ਫਿਲਮ ‘ਹਾਊਸਫੁੱਲ 5’, 6 ਜੂਨ ਨੂੰ ਰਿਲੀਜ਼ ਹੋਈ ਹੈ। ਇਸ ਵਿੱਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ ਅਤੇ ਹੋਰ ਕਲਾਕਾਰ ਵੀ ਹਨ। -ਪੀਟੀਆਈ