ਅਮਿਤਾਭ ਨੇ ਦਿਲਜੀਤ ਨੂੰ ਕਿਹਾ ‘ਪੰਜਾਬ ਦਾ ਪੁੱਤਰ’
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਬੌਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਦੇ ‘ਕੌਣ ਬਣੇਗਾ ਕਰੋੜਪਤੀ’ (ਕੇ ਬੀ ਸੀ) ਦੇ 17ਵੇਂ ਸੀਜ਼ਨ ਵਿੱਚ ਸ਼ਿਰਕਤ ਕਰਦਿਆਂ ਪੰਜਾਬੀ ਅੰਦਾਜ਼ ਵਿੱਚ ਚਾਰ ਚੰਨ ਲਾ ਦਿੱਤੇ। ਕੁੱਝ ਦਿਨ ਪਹਿਲਾਂ ਦਿਲਜੀਤ ਇਸ ਸ਼ੋਅ ਵਿੱਚ...
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਬੌਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਦੇ ‘ਕੌਣ ਬਣੇਗਾ ਕਰੋੜਪਤੀ’ (ਕੇ ਬੀ ਸੀ) ਦੇ 17ਵੇਂ ਸੀਜ਼ਨ ਵਿੱਚ ਸ਼ਿਰਕਤ ਕਰਦਿਆਂ ਪੰਜਾਬੀ ਅੰਦਾਜ਼ ਵਿੱਚ ਚਾਰ ਚੰਨ ਲਾ ਦਿੱਤੇ। ਕੁੱਝ ਦਿਨ ਪਹਿਲਾਂ ਦਿਲਜੀਤ ਇਸ ਸ਼ੋਅ ਵਿੱਚ ਆਇਆ। ਇਸ ਸ਼ੋਅ ਵਿੱਚ ਉਸ ਨੇ ਨਾ ਸਿਰਫ਼ ਸਵਾਲਾਂ ਦੇ ਜਵਾਬ ਦਿੱਤੇ, ਸਗੋਂ ਆਪਣੀਆਂ ਦਿਲਚਸਪ ਗੱਲਾਂ ਤੇ ਗੀਤਾਂ ਰਾਹੀਂ ਦਰਸ਼ਕਾਂ ਦਾ ਦਿਲ ਵੀ ਜਿੱਤ ਲਿਆ। ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨੇ ਇਸ ਐਪੀਸੋਡ ਦਾ ਪਰੋਮੋ ਜਾਰੀ ਕੀਤਾ ਹੈ, ਜੋ 31 ਅਕਤੂਬਰ ਨੂੰ ਟੀ ਵੀ ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਪਰੋਮੋ ਵਿੱਚ ਦਿਲਜੀਤ ਦੋਸਾਂਝ ਨਿਮਰਤਾ ਨਾਲ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਂਦਿਆਂ ਉਸ ਤੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਿਹਾ ਹੈ, ਜਿਸ ’ਤੇ ਬਿੱਗ ਬੀ ਉਸ ਨੂੰ ਗਲ ਨਾਲ ਲਾ ਲੈਂਦਾ ਹੈ। ਸਭ ਤੋਂ ਸ਼ਾਨਦਾਰ ਪਲ ਉਦੋਂ ਆਉਂਦਾ ਹੈ, ਜਦੋਂ ਅਮਿਤਾਭ ਪਿਆਰ ਨਾਲ ਦਿਲਜੀਤ ਦੋਸਾਂਝ ਨੂੰ ‘ਪੰਜਾਬ ਦਾ ਪੁੱਤਰ’ ਕਹਿ ਕੇ ਸੰਬੋਧਨ ਕਰਦਾ ਹੈ। ਅਮਿਤਾਭ ਬੱਚਨ ਨੇ ਕਿਹਾ, ‘‘ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਦਾ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ।’’ ਇਸ ਸਾਲ ਦੇ ਸ਼ੁਰੂ ਵਿੱਚ ‘ਕੌਣ ਬਣੇਗਾ ਕਰੋੜਪਤੀ’ ਨੇ 25 ਸਾਲ ਪੂਰੇ ਕਰ ਲਏ ਹਨ। ਇਹ ਸ਼ੋਅ ਪਹਿਲੀ ਵਾਰ 3 ਜੁਲਾਈ 2000 ਨੂੰ ਲਾਂਚ ਹੋਇਆ ਸੀ। ਛੇਤੀ ਹੀ ਇਹ ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚੋਂ ਇੱਕ ਬਣ ਗਿਆ। ਇਸ ਨਾਲ ਅਮਿਤਾਭ ਬੱਚਨ ਨੇ ਪਹਿਲੀ ਵਾਰ ਛੋਟੇ ਪਰਦੇ ’ਤੇ ਕਦਮ ਰੱਖਿਆ ਸੀ ਅਤੇ ਇਸ ਨੇ ਬਿੱਗ ਬੀ ਦੇ ਕਰੀਅਰ ਨੂੰ ਨਵਾਂ ਦਿਸ਼ਾ ਦਿੱਤੀ ਸੀ।

