DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਵਪਾਰਕ ਜੰਗ ਬੁਰੀ ਤਰ੍ਹਾਂ ਹਾਰੇਗਾ

ਰਾਜਨੀਤਕ, ਆਰਥਿਕ, ਮਾਨਸਿਕ ਅਤੇ ਕੌਮਾਂਤਰੀ ਪੱਧਰ ’ਤੇ ਬੁਖ਼ਲਾਹਟ ਭਰੇ ਮਾਹੌਲ ਵਿੱਚ ਅਮਰੀਕੀ ਰਾਸ਼ਟਰਪਤੀ ਪਦ ਦੀਆਂ ਚੋਣਾਂ ਜਿੱਤਣ ਬਾਅਦ ਡੋਨਾਲਡ ਟਰੰਪ ਨੇ ਦੂਜੀ ਵਾਰ 20 ਜਨਵਰੀ 2025 ਨੂੰ ਇਹ ਅਹੁਦਾ ਸੰਭਾਲਿਆ। ਅਮਰੀਕੀ ਲੋਕਾਂ, ਅਮਰੀਕੀ ਲੋਕਤੰਤਰ, ਕੌਮਾਂਤਰੀ ਭਾਈਚਾਰੇ ਲਈ ਅਤਿ ਚਿੰਤਾਜਨਕ ਸਥਿਤੀ...
  • fb
  • twitter
  • whatsapp
  • whatsapp
Advertisement
ਰਾਜਨੀਤਕ, ਆਰਥਿਕ, ਮਾਨਸਿਕ ਅਤੇ ਕੌਮਾਂਤਰੀ ਪੱਧਰ ’ਤੇ ਬੁਖ਼ਲਾਹਟ ਭਰੇ ਮਾਹੌਲ ਵਿੱਚ ਅਮਰੀਕੀ ਰਾਸ਼ਟਰਪਤੀ ਪਦ ਦੀਆਂ ਚੋਣਾਂ ਜਿੱਤਣ ਬਾਅਦ ਡੋਨਾਲਡ ਟਰੰਪ ਨੇ ਦੂਜੀ ਵਾਰ 20 ਜਨਵਰੀ 2025 ਨੂੰ ਇਹ ਅਹੁਦਾ ਸੰਭਾਲਿਆ। ਅਮਰੀਕੀ ਲੋਕਾਂ, ਅਮਰੀਕੀ ਲੋਕਤੰਤਰ, ਕੌਮਾਂਤਰੀ ਭਾਈਚਾਰੇ ਲਈ ਅਤਿ ਚਿੰਤਾਜਨਕ ਸਥਿਤੀ ਇਹ ਰਹੀ ਹੈ ਕਿ ਉਨ੍ਹਾਂ ਵਿੱਚ ਉਹ ਦੂਰ-ਅੰਦੇਸ਼ੀ, ਮਰਿਯਾਦਾ, ਸਹਿਜ, ਡਿਪਲੋਮੈਟਿਕ ਤਰਕਸ਼ੀਲਤਾ ਨਜ਼ਰ ਨਹੀਂ ਆਈ ਕਿ ਉਹ ਇਸ ਸ਼ਾਨਾਮੱਤੇ, ਸ਼ਕਤੀਸ਼ਾਲੀ ਅਤੇ ਜਿ਼ੰਮੇਵਾਰ ਰੁਤਬੇ ਦੀ ਆਨ, ਬਾਨ, ਸ਼ਾਨ ਦੇ ਹਾਣੀ ਬਣ ਸਕਦੇ। ਉਨ੍ਹਾਂ ਦਾ ਪਹਿਲਾ ਕਾਰਜਕਾਲ ਤਿੱਖੇ ਵਿਵਾਦਾਂ, ਅੰਦਰੂਨੀ ਅਤੇ ਬਾਹਰੀ ਟਕਰਾਵਾਂ ਜਿਸ ਵਿੱਚ ਦੋ ਵਾਰ ਚੱਲੇ ਮਹਾਦੋਸ਼ ਵੀ ਸ਼ਾਮਿਲ ਹਨ, ਵਿੱਚ ਗੁਜ਼ਰ ਗਿਆ। ਇਸ ਕਾਰਜਕਾਲ ਵਿੱਚ ਪੈਂਦਿਆਂ ਹੀ ਉਹਨੇ ਕੌਮਾਂਤਰੀ ਵਿਸ਼ਵ ਵਪਾਰ ਸਿਸਟਮ ’ਤੇ ਤਾਬੜ-ਤੋੜ ਹਮਲਾ ਕਰਦੇ ਹੋਏ ਗਲੋਬਲ ਪੱਧਰ ’ਤੇ ਵਪਾਰਕ ਜੰਗ ਛੇੜ ਦਿੱਤੀ।ਅਮਰੀਕਾ ਮੁੜ ਮਹਾਨ ਬਣਾਉਣਾ: ਟਰੰਪ ਅਮਰੀਕਾ ਨੂੰ ‘ਮੁੜ ਮਹਾਨ ਸ਼ਕਤੀਸ਼ਾਲੀ ਦੇਸ਼’ ਬਣਾਉਣਾ ਚਾਹੁੰਦਾ ਹੈ। ਇਹ ਸ਼ਲਾਘਾਯੋਗ ਸੰਕਲਪ ਹੈ ਪਰ ਇਸ ਦੀ ਬਦਸੂਰਤੀ ਇਹ ਹੈ ਕਿ ਅਮਰੀਕਾ ਇਸ ਲਈ ਜੰਗਬਾਜ਼, ਧਮਕੀ ਭਰਪੂਰ, ਸਰਮਾਏਦਾਰ, ਬਸਤੀਵਾਦੀ, ਵਿਨਾਸ਼ਕਾਰੀ, ਹਿੰਸਕ ਅਤੇ ਖ਼ਤਰਨਾਕ ਨੀਤੀਆਂ ਅਪਣਾ ਰਿਹਾ ਹੈ।

ਅੰਦਰੂਨੀ ਖੋਖਲਾਪਣ: ਹਕੀਕਤ ਇਹ ਹੈ ਕਿ ਅਮਰੀਕੀ ਆਰਥਿਕਤਾ ਅੰਦਰੇ-ਅੰਦਰ ਬੁਰੀ ਤਰ੍ਹਾਂ ਟੁੱਟ ਰਹੀ ਹੈ। ਖੋਖਲੇਪਣ ਦਾ ਸ਼ਿਕਾਰ ਹੈ। ਆਪਣੀ ਕਮਜ਼ੋਰੀ ਛੁਪਾਉਣ ਲਈ ਇਸ ਨੇ ਭਾਰਤ ਵਿੱਚ ਆਪਣੇ ਸਾਬਕਾ ਪ੍ਰਤੀਨਿਧ ਰਾਬਰਟ ਲਾਈਟ ਹਾਈਜ਼ਰ ਜੋ ਮਈ 2017 ਤੋਂ 20 ਜਨਵਰੀ 2021 ਵਿੱਚ ਇਸ ਪਦ ’ਤੇ ਰਿਹਾ, ਰਾਹੀਂ ਭਾਰਤ ਵਿਰੋਧੀ ਪ੍ਰਾਪੇਗੰਡਾ ਸ਼ੁਰੂ ਕੀਤਾ ਹੈ ਕਿ ਇਸ ਦੇਸ਼ ਨੂੰ 15 ਧਨਾਢ ਕਾਰਪੋਰੇਟਰ ਚਲਾ ਰਹੇ ਹਨ। ਸਚਾਈ ਇਹ ਹੈ ਕਿ ਅਮਰੀਕਾ ਨੂੰ 8-10 ਧਨਾਢ ਚਲਾ ਰਹੇ ਹਨ ਜਿਨ੍ਹਾਂ ਨੇ ਅੰਨ੍ਹਾ ਧਨ ਅਤੇ ਹੋਰ ਸ੍ਰੋਤ ਵਰਤ ਕੇ ਟਰੰਪ ਨੂੰ ਮੁੜ ਰਾਸ਼ਟਰਪਤੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਧਨਾਢ ਕਾਰਪੋਰੇਟਰ ਅਮਰੀਕੀ ਸਰਦਾਰੀ ਹੇਠ ‘ਆਲਮੀ ਆਰਥਿਕ ਵਿਵਸਥਾ ਦੀ ਮੁੜ ਕ੍ਰਮਬੱਧਤਾ’ ਆਪਣੇ ਨਿੱਜੀ ਹਿੱਤਾਂ ਲਈ ਕਰਨਾ ਚਾਹੰੁਦੇ ਹਨ। ਅਮਰੀਕਾ ਦੇ ਅੰਦਰੂਨੀ ਆਰਾਥਿਕ, ਸਮਾਜਿਕ ਅਤੇ ਪ੍ਰਸ਼ਾਸਨਿਕ ਖੋਖਲੇਪਣ ਨੂੰ ਢਕਣ ਲਈ ਇਨ੍ਹਾਂ ਤੋਂ ਟਰੰਪ ਪ੍ਰਸ਼ਾਸਨ ਰਾਹੀਂ ਪਰਵਾਸੀਆਂ, ਪ੍ਰੈੱਸ, ਨਿਆਂਪਾਲਕਾ, ਵਿਦਿਅਕ ਸੰਸਥਾਵਾਂ, ਸਥਾਪਿਤ ਨਿਜ਼ਾਮ ਦੀ ਸਫਾਈ ਅਤੇ ਕਟੌਤੀ ਸਬੰਧੀ ਤਾਬੜ-ਤੋੜ ਕਾਰਵਾਈ ਕੀਤੀ ਜਾ ਰਹੀ ਹੈ।

Advertisement

ਰਣਨੀਤੀ: ‘ਆਲਮ ਆਰਥਿਕ ਵਿਵਸਥਾ ਦੀ ਮੁੜ ਕ੍ਰਮਬੱਧਤਾ’ ਲਈ ਟਰੰਪ ਪ੍ਰਸ਼ਾਸਨ ਪੂਰੇ ਵਿਸ਼ਵ ਦੇ ਪ੍ਰਭੂਸੱਤਾ ਵਾਲੇ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਵਿੱਚ ਤਬਦੀਲ ਕਰਨਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਹ ਅਮਰੀਕਾ ਅੰਦਰ ਨਿਵੇਸ਼ ਕਰਨ, ਸਨਅਤਾਂ ਤੇ ਕਾਰੋਬਾਰ ਸਥਾਪਿਤ ਕਰਨ। ਅਮਰੀਕੀ ਉਤਪਾਦਤ ਵਸਤਾਂ ਜ਼ੀਰੋ ਟੈਰਿਫ ’ਤੇ ਆਪਣੇ ਦੇਸ਼ਾਂ ਵਿੱਚ ਦਰਾਮਦ ਕਰ ਕੇ ਆਪਣੀਆਂ ਮੰਡੀਆਂ ਵਿੱਚ ਵੇਚਣ। ਉਸ ਤੋਂ ਆਟੋ ਸੰਦ, ਕਾਰਾਂ, ਤੇਲ, ਗੈਸ, ਹਥਿਆਰ, ਖਾਣ-ਪੀਣ ਦੀਆਂ ਵਸਤਾਂ ਖਰੀਦਣ। ਇਸ ਮੰਤਵ ਲਈ ਉਸ ਨੇ ਮਾਰੂ ਟਰੰਪ ਟੈਰਿਫ ਨੀਤੀ ਹਥਿਆਰ ਦੀ ਦੁਰਵਰਤੋਂ ਸ਼ੁਰੂ ਕੀਤੀ। ਇਸ ਨੀਤੀ ਦਾ ਬਦਨਾਮਘਾੜਾ ਟਰੰਪ ਦਾ ਵਪਾਰਕ ਸਲਾਹਕਾਰ ਪੀਟਰ ਨਾਵਾਰੋ ਹੈ। ਉਹ ਖੁੱਲ੍ਹੇ ਵਪਾਰ ਦਾ ਵਿਰੋਧੀ ਹੈ।

ਅਮਰੀਕੀ ਕਾਂਗਰਸ ਅਤੇ ਸੈਨੇਟ ਵਿੱਚ ਰਿਪਬਲਿਕਨਾਂ ਦੀ ਵਾਲ ਭਰ ਬਹੁਗਿਣਤੀ ਹੈ। ਇਨ੍ਹਾਂ ਨੇ ਟਰੰਪ ਨੂੰ ਟੈਰਿਫ ਲਗਾਉਣ ਦੀ ਖੁੱਲ੍ਹ ਦੇ ਕੇ ਵੱਡੀ ਗਲਤੀ ਕੀਤੀ ਹੈ। ਇਸ ਤੋਂ ਇਲਾਵਾ ਟਰੰਪ ਕੌਮਾਂਤਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ-1977 ਦੀ ਦੁਰਵਰਤੋਂ ਕਰ ਰਿਹਾ ਹੈ ਜਿਸ ਨੂੰ ਅਮਰੀਕੀ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਗਈ ਹੈ। ਅਦਾਲਤਾਂ ਇਸ ਦੀ ਦੁਰਵਰਤੋਂ ਨੂੰ ਗਲਤ ਅਤੇ ਗੈਰ-ਸੰਵਿਧਾਨਿਕ ਠਹਿਰਾ ਰਹੀਆਂ ਹਨ।

ਅਨੈਤਿਕ ਵਪਾਰ ਸਟੈਂਡ: ਟਰੰਪ ਦਾ ਵਪਾਰਕ ਸਮਝੌਤਾ ਕਿਸੇ ਦੇਸ਼ ਨਾਲ ਸਥਾਈ ਨਹੀਂ। ਟਰੰਪ ਟੈਰਿਫ ਸਥਾਈ ਨਹੀਂ। ਧਮਕਾਊ ਅਤੇ ਮਨਮਰਜ਼ੀ ਰਾਹੀਂ ਸਮਝੌਤਾ ਕਰੋ। ਟਰੰਪ ਦਰਅਸਲ ਮਾਨਸਿਕ ਪੀੜਤ ਹੈ, ਪਤਾ ਨਹੀਂ ਕਦੋਂ ਕੀ ਕਹਿ ਦੇਵੇ। ਵ੍ਹਾਈਟ ਹਾਊਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਦੀ ਬੇਇਜ਼ਤੀ ਤੋਂ ਕੌਣ ਜਾਣੂੰ ਨਹੀਂ? ਅਮਰੀਕੀਆਂ ਦਾ ਡੀਐੱਨਏ ਏਕਾਧਿਕਾਰਵਾਦੀ, ਮੌਕਾਪ੍ਰਸਤ, ਮਤਲਬਪ੍ਰਸਤ, ਜੰਗਬਾਜ਼ ਹੈ ਜਦਕਿ ਮਾਨਸਿਕਤਾ ਹਿੰਸਕ ਅਤੇ ਤੋੜ-ਫੋੜਵਾਦੀ ਹੈ। ਟੈਰਿਫ ਡਰਾਵੇ ਨਾਲ ਟਰੰਪ ਆਜ਼ਾਦ ਰਾਸ਼ਟਰਾਂ ਦੀ ਪ੍ਰਭੂਸੱਤਾ ਨੂੰ ਹੱਥ ਪਾ ਰਿਹਾ ਹੈ।

ਦੱਖਣੀ ਅਫਰੀਕਾ ਵੱਲੋਂ ਅਮਰੀਕਾ ਵਿੱਚ 3.3 ਬਿਲੀਅਨ ਡਾਲਰ ਨਿਵੇਸ਼ ਕਰਨ ਅਤੇ 10 ਸਾਲਾਂ ਵਿੱਚ 12 ਬਿਲੀਅਨ ਦੀ ਗੈਸ ਖਰੀਦਣ ਦੀ ਪੇਸ਼ਕਸ਼ ਦੇ ਬਾਵਜੂਦ ਟਰੰਪ ਨੇ 31 ਪ੍ਰਤੀਸ਼ਤ ਉਸ ਦੀ ਦਰਾਮਦ ’ਤੇ ਟੈਰਿਫ ਠੋਕਿਆ ਜਿਸ ਨਾਲ ਸਿੱਧਾ 1 ਲੱਖ ਨੌਕਰੀਆਂ ਦਾ ਨੁਕਸਾਨ ਹੋਇਆ। ਢੁੱਚਰ ਇਹ ਲਗਾਇਆ ਕਿ ਤੁਸੀਂ ਘੱਟਗਿਣਤੀ ਗੋਰਿਆਂ ਦਾ ਨਸਲਘਾਤ ਕਰ ਰਹੇ ਹੋ।

ਬ੍ਰਾਜ਼ੀਲ ਨਾਲ ਅਮਰੀਕਾ ਦਾ 6.8 ਬਿਲੀਅਨ ਸਰਪਲਸ ਵਪਾਰ ਚਲਦਾ ਹੈ। ਉਸ ’ਤੇ 50 ਪ੍ਰਤੀਸ਼ਤ ਟੈਰਿਫ ਠੋਕਣ ਦੀ ਧਮਕੀ ਦਿੱਤੀ ਜਾ ਰਹੀ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਦਿ ਸਿਲਵਾ ਨੇ ਕਰਾਰਾ ਜਵਾਬ ਦਿੱਤਾ ਹੈ ਕਿ ਟਰੰਪ ਵਿਸ਼ਵ ਦਾ ਬਾਦਸ਼ਾਹ ਨਹੀਂ ਜਿਸ ਤੋਂ ਉਹ ਹੁਕਮ ਲੈਣਗੇ, ਅਮਰੀਕੀਆਂ ਨੇ ਉਸ ਨੂੰ ਅਮਰੀਕੀ ਸਰਕਾਰ ਚਲਾਉਣ ਲਈ ਚੁਣਿਆ ਹੈ ਨਾ ਕਿ ਗਲੋਬਲ ਪ੍ਰਸ਼ਾਸਨ ਚਲਾਉਣ ਲਈ। ਟਰੰਪ ਨੂੰ ਬ੍ਰਾਜ਼ੀਲ ਨਾਲ ਇਹ ਕਿੜ ਹੈ ਕਿ ਇੱਕ ਤਾਂ ਉਹ ਬ੍ਰਿਕਸ ਸੰਗਠਨ ਦਾ ਮੈਂਬਰ ਹੈ; ਦੂਜੇ ਉਥੇ ਰਾਸ਼ਟਰਪਤੀ ਚੋਣਾਂ ਹਾਰ ਚੁੱਕੇ ਜਾਇਰ ਬੋਲਸੋਨਾਰੋ ਵਿਰੁੱਧ ਤਖਤਾ ਪਲਟ ਸਾਜਿ਼ਸ਼ ਵਿੱਚ ਕੇਸ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਇਹ ਆਗੂ ਅਮਰੀਕਾ ਦਾ ਪਿੱਠੂ ਹੈ।

ਟਰੰਪ ਨੇ ਵੀਅਤਨਾਮ, ਇੰਡੋਨੇਸ਼ੀਆ, ਫਿਲਪੀਨਜ਼ ਆਦਿ ਦੀ ਧੌਣ ’ਤੇ ਗੋਡਾ ਰੱਖ ਕੇ 19 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਇਲਾਵਾ ਇਹ ਮਨਾਇਆ ਕਿ ਉਹ ਅਮਰੀਕੀ ਵਸਤਾਂ ’ਤੇ ਜ਼ੀਰੋ ਪ੍ਰਤੀਸ਼ਤ ਟੈਰਿਫ ਲਗਾਉਣਗੇ। ਉੱਧਰ, ਯੂਰੋਪੀਅਨ ਯੂਨੀਅਨ ਅਤੇ ਜਪਾਨ ਨੇ ਅਮਰੀਕਾ ਅੱਗੇ ਗੋਡੇ ਟੇਕਦਿਆਂ ਟੈਰਿਫ ਸਮਝੌਤੇ ਕੀਤੇ ਹਨ। ਇਨ੍ਹਾਂ ਨੇ ਅਮਰੀਕਾ ਅੰਦਰ ਨਿਵੇਸ਼ ਕਰਨ ਅਤੇ ਵੱਡੀ ਮਾਤਰਾ ਵਿੱਚ ਅਮਰੀਕੀ ਵਸਤਾਂ ਖਰੀਦਣ ਦਾ ਵਾਅਦਾ ਵੀ ਕੀਤਾ ਹੈ। ਯੂਰੋਪੀਅਨ ਯੂਨੀਅਨ ਨਾਲ ਅਜੇ ਅੰਤਰਿਮ ਸਮਝੌਤਾ ਹੋਇਆ ਹੈ। ਇਹ ਉਨ੍ਹਾਂ ਹਾਲ ਦੀ ਘੜੀ ਟਕਰਾਅ ਰੋਕਣ ਲਈ ਕੀਤਾ ਹੈ। ਹਕੀਕਤ ਵਿੱਚ 27 ਯੂਰੋਪੀਅਨ ਯੂਨੀਅਨ ਦੇਸ਼ ਚੀਨ ਸਮੇਤ ਹੋਰ ਦੇਸ਼ਾਂ ਨਾਲ ਵਪਾਰ ਵਧਾਉਣ ਅਤੇ ਅੰਤਰਿਮ ਸਮਝੌਤੇ ਤੋੜਨ ਦੇ ਮੌਕੇ ਦੀ ਤਲਾਸ਼ ਵਿੱਚ ਹਨ। ਬ੍ਰਿਕਸ ਦੇਸ਼ਾਂ ਵਿੱਚ ਚੀਨ, ਦੱਖਣੀ ਅਫਰੀਕਾ, ਬ੍ਰਾਜ਼ੀਲ, ਭਾਰਤ, ਮਿਸਰ, ਇਰਾਨ, ਇਥੋਪੀਆ, ਇੰਡੋਨੇਸ਼ੀਆ, ਯੂਏਈ ਆਦਿ ਸ਼ਾਮਿਲ ਹਨ ਅਤੇ ਟਰੰਪ ਨੇ ਇਨ੍ਹਾਂ ਨੂੰ 10 ਪ੍ਰਤੀਸ਼ਤ ਵਾਧੂ ਟੈਰਿਫ ਦੀ ਧਮਕੀ ਦਿੱਤੀ ਹੈ।

ਮੂਧੇ ਮੂੰਹ ਪਵੇਗਾ ਅਮਰੀਕਾ: ਦੂਜੀ ਵਿਸ਼ਵ ਜੰਗ ਅਮਰੀਕਾ ਆਪਣੇ ਮਿੱਤਰ ਦੇਸ਼ਾਂ ਅਤੇ ਸੋਵੀਅਤ ਯੂਨੀਅਨ ਕਰ ਕੇ ਜਿੱਤ ਸਕਿਆ ਸੀ। ਉਸ ਤੋਂ ਬਾਅਦ ਅੱਜ ਤੱਕ ਇਸ ਨੇ ਇੱਕ ਵੀ ਨਿਰਣਾਇਕ ਜੰਗ ਨਹੀਂ ਜਿੱਤੀ। ਵੀਅਤਨਾਮ, ਕੋਰੀਆ, ਅਫਗਾਨਿਸਤਾਨ ਵਿੱਚੋਂ ਹਜ਼ਾਰਾਂ ਅਮਰੀਕੀਆਂ ਅਤੇ ਮਿੱਤਰ ‘ਨਾਟੋ’ ਦੇਸ਼ਾਂ ਦੇ ਨੌਜਵਾਨ ਫ਼ੌਜੀਆਂ ਦੀਆਂ ਲਾਸ਼ਾਂ ਮਿਧਦਾ ਇਹ ਸਦਾ ਭੱਜਦਾ ਰਿਹਾ। ਇਹ ਖੁਫੀਆ ਏਜੰਸੀ ਸੀਆਈਏ ਰਾਹੀਂ ਵੱਖ-ਵੱਖ ਦੇਸ਼ਾਂ ਵਿੱਚ ਰਾਜ ਪਲਟਿਆਂ ਦਾ ਦੋਸ਼ੀ ਰਿਹਾ ਹੈ। ਪੈਰਿਸ ਜਲਵਾਯੂ ਸਮਝੌਤੇ, ਇਰਾਨ ਨਾਲ ਪਰਮਾਣੂ ਸੰਧੀ, ਵਿਦੇਸ਼ੀ ਸਹਾਇਤਾ ਤੋਂ ਮੁਕਰਨ ਕਰ ਕੇ ਕੌਮਾਂਤਰੀ ਭਰੋਸੇਯੋਗਤਾ ਗੁਆ ਚੁੱਕਾ ਹੈ। ਹੁਣ ਇਹ ਟੈਰਿਫ ਜੰਗ ਵੀ ਹਾਰੇਗਾ।

1941 ਵਿੱਚ ‘ਟਾਈਮ’ ਮੈਗਜ਼ੀਨ ਸੰਸਥਾਪਕ ਹੈਨਰੀ ਲੂਸ ਨੇ ਫੜ੍ਹ ਮਾਰੀ ਸੀ ਕਿ ਅਮਰੀਕੀ ਸਰਦਾਰੀ ਹੇਠ ਵਿਸ਼ਵ ਸ਼ਾਂਤੀ ਮਜ਼ਬੂਤ ਹੋਵੇਗੀ ਜੋ ਕੋਰਾ ਝੂਠ ਸਾਬਤ ਹੋਈ ਹੈ।

ਟਰੰਪ ਜਨਵਰੀ ਵਿੱਚ ਸੱਤਾ ਸੰਭਾਲਣ ਬਾਅਦ ਅਮਰੀਕਾ ਦੀ ਬਿਮਾਰ ਆਰਥਿਕਤਾ ਸੁਧਾਰਨ ਲਈ ਵਿਸ਼ਵ ਭਰ ਦੇ ਦੇਸ਼ਾਂ ਨੂੰ ਤੰਗ ਕਰ ਰਿਹਾ ਹੈ। ਵਾਰ-ਵਾਰ ਪ੍ਰੈੱਸ, ਐਕਸ ਅਤੇ ਫੇਸਬੁੱਕ ਰਾਹੀਂ ਆਪਣੀ ਜਿੱਤਾਂ ਦੇ ਝੂਠੇ ਦਾਅਵੇ ਕਰ ਰਿਹਾ ਹੈ। ਇਸ ਦੇ ਉਲਟ, ਇਸ ਸਮੇਂ ਅਮਰੀਕੀ ਆਰਥਿਕ ਵਿਕਾਸ ਦਰ 1 ਪ੍ਰਤੀਸ਼ਤ ਹੈ; ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਆਖਿ਼ਰੀ ਛਿਮਾਹੀ ਵਿੱਚ ਇਹ 2.8 ਪ੍ਰਤੀਸ਼ਤ ਸੀ। ਅਮਰੀਕੀ ਆਰਥਿਕਤਾ ਦਾ ਖਪਤ ਵਿਕਾਸ ਘਟ ਗਿਆ ਹੈ। ਸਭ ਤੋਂ ਬੁਰਾ ਇਹ ਹੋ ਰਿਹਾ ਹੈ ਕਿ ਨਿਵੇਸ਼ ਘਟ ਗਿਆ ਹੈ। ਬਰਾਮਦ ਘਟ ਗਿਆ ਹੈ ਕਿਉਂਕਿ ਵਪਾਰਕ ਸਹਿਯੋਗੀ ਟਰੰਪ ਟੈਰਿਫਾਂ ਤੋਂ ਤੰਗ ਆ ਕੇ ਹੋਰ ਦੇਸ਼ਾਂ ਨਾਲ ਵਪਾਰ ਦੇ ਰਸਤੇ ਤਲਾਸ਼ਣ ਲੱਗ ਪਏ ਹਨ। ਹੈਰਾਨਗੀ ਇਹ ਵੀ ਹੈ ਕਿ ਟਰੰਪ ਟੈਰਿਫ ਉਲਟਾ ਮਹਿੰਗਾਈ ਅਤੇ ਬੇਰੁਜ਼ਗਾਰੀ ਕਰ ਕੇ ਅਮਰੀਕੀ ਆਰਥਿਕਤਾ ਕੁਤਰਨ ਲੱਗ ਪਏ ਹਨ। ਇਕ ਸਰਵੇਖਣ ਅਨੁਸਾਰ, ਟੈਰਿਫ ਵਾਧਿਆਂ ਦੇ ਨਤੀਜੇ ਵਜੋਂ ਅਮਰੀਕਾ ਆਪਣੇ ਲੋਕਾਂ ’ਤੇ ਟੈਕਸ ਲਾਉਣ ਲਈ ਮਜਬੂਰ ਹੋ ਰਿਹਾ ਹੈ। ਕਾਂਗਰਸ ਨੂੰ ਖ਼ਦਸ਼ਾ ਹੈ ਕਿ ਚਾਲੂ ਵਿੱਤੀ ਸਾਲ ਦੇ ਅੱਧ ਵਿੱਚ ਜੋ ਵਿੱਤੀ ਘਾਟਾ 1.3 ਟ੍ਰਿਲੀਅਨ ਡਾਲਰ ਹੋ ਚੁੱਕਾ ਹੈ, ਅਗਲੇ ਦਹਾਕੇ ਵਿੱਚ 20 ਟ੍ਰਿਲੀਅਨ ਹੋ ਜਾਵੇਗਾ।

ਬਿੱਗ ਬਿਊਟੀਫੁੱਲ ਐਕਟ ਰਾਹੀਂ ਬਾਜ਼ਾਰ ਵਿੱਚੋਂ ਉਧਾਰ ਲੈ ਕੇ ਮੁਢਲੇ ਢਾਂਚੇ ਲਈ ਪੈਕੇਜ, ਸਨਅਤਾਂ ਨੂੰ ਸਬਸਿਡੀ ਅਤੇ ਲੋਕ ਭਲਾਈ ਕੰਮਾਂ ਲਈ ਗ੍ਰਾਂਟਾਂ ਨਾਲ ਕਰਜ਼ਿਆਂ ਦੀ ਪੰਡ ਭਾਰੀ ਹੋਵੇਗੀ ਜੋ ਅਮਰੀਕਾ ਨੂੰ ਆਰਥਿਕ ਦੀਵਾਲੀਏਪਣ ਵੱਲ ਧੱਕੇਗੀ। ਰੇਅ ਡਾਲੀਓ, ਬ੍ਰਿਜਵਾਟਰ ਐਸੋਸੀਏਟਸ ਅਨੁਸਾਰ ਅਮਰੀਕੀ ਖਜ਼ਾਨੇ ਵਿੱਚ ਘਾਟਾ ਸਰਕਾਰ ਨੂੰ ਵਿਆਜ ਦਰਾਂ ਵਧਾਉਣ ਲਈ ਮਜਬੂਰ ਕਰੇਗੀ ਜਿਸ ਕਰ ਕੇ ਅਮਰੀਕੀ ਆਰਥਿਕਤਾ ‘ਮ੍ਰਿਤੂ ਚੱਕਰ’ ਵਿੱਚ ਫਸ ਸਕਦੀ ਹੈ। ਮਹਿੰਗਾਈ, ਖਪਤ ਦੀ ਕਮੀ ਕਰ ਕੇ ਮੁਨਾਫਾ ਘਟੇਗਾ। ਨਤੀਜੇ ਵਜੋਂ ਨਿਵੇਸ਼ ਘਟੇਗਾ। ਘਟ ਰਹੀ ਵਿਕਾਸ ਦਰ ਕਰ ਕੇ ਆਰਥਿਕਤਾ ਮੂਧੇ ਮੂੰਹ ਪਵੇਗੀ।

ਚੀਨ ’ਤੇ ਟੈਰਿਫਾਂ ਦੀ ਝੜੀ ਦਾ ਉਲਟਾ ਅਸਰ ਸਾਫ ਦਿਸ ਰਿਹਾ ਹੈ। ਉਸ ਦੀ ਵਿਕਾਸ ਦਰ ਚਾਲੂ ਸਾਲ ਦੀ ਦੂਜੀ ਤਿਮਾਹੀ ਵਿੱਚ 5.2 ਪ੍ਰਤੀਸ਼ਤ ਸਾਲਾਨਾ ਦਰ ਨਾਲ ਵਧੀ ਹੈ। ਅਮਰੀਕੀ ਅੰਦੇਸ਼ੇ ਦੇ ਉਲਟ ਬਰਾਮਦ ਵਿੱਚ ਵਾਧਾ ਹੋਇਆ ਹੈ। ਚੀਨ ਦਾ ਅਮਰੀਕਾ ਨਾਲ ਵਪਾਰ ਘਟਿਆ ਹੈ; ਦੱਖਣ ਪੂਰਬ ਏਸ਼ੀਆ, ਲਾਤੀਨੀ ਅਮਰੀਕਾ, ਅਫਰੀਕਾ ਅਤੇ ਘੋਰ ਵਿਰੋਧੀ ਭਾਰਤ ਨਾਲ ਵਧਿਆ ਹੈ। ਚੀਨ ਦਾ ਬੈਲਟ ਐਂਡ ਰੋਡ ਪ੍ਰਾਜੈਕਟ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਸਾਲ ਦੇ ਪਹਿਲੇ 6 ਮਹੀਨੇ ਵਿੱਚ ਉਸ ਨੇ ਇਸ ’ਤੇ 124 ਬਿਲੀਅਨ ਡਾਲਰ ਖਰਚ ਕੀਤੇ ਹਨ।

ਖੋਖਲੀ ਦੋਸ਼ਪੂਰਨ ਟੈਰਿਫ ਨੀਤੀ: ਟਰੰਪ ਦੀ ਟੈਰਿਫ ਨੀਤੀ ਖੋਖਲੀ ਅਤੇ ਦੋਸ਼ ਪੂਰਨ ਸਿੱਧ ਹੋ ਰਹੀ ਹੈ ਜੋ ਧਮਕੀਆਂ, ਧੌਂਸ, ਡਰਾਵੇ, ਏਕਾਧਿਕਾਰ, ਬਸਤੀਵਾਦੀ ਸਾਮਰਾਜਵਾਦ ’ਤੇ ਆਧਾਰਿਤ ਹੋਣ ਕਰ ਕੇ ਬੁਰੀ ਤਰ੍ਹਾਂ ਅਸਫਲ ਹੋ ਰਹੀ ਹੈ। ਅਮਰੀਕੀ ਲੋਕ ਗਲਤੀ ਸੁਧਾਰਦੇ ਹੋਏ ਉਸ ਦੀਆਂ ਨੀਤੀਆਂ ਵਿਰੁੱਧ ਆਪਣੇ ਅਤੇ ਅਮਰੀਕੀ ਰਾਸ਼ਟਰ ਦੇ ਗਲੋਬਲ ਭਾਈਚਾਰੇ ਵਿੱਚ ਸਨਮਾਨ ਦੀ ਰਾਖੀ ਲਈ ਖੜ੍ਹੇ ਹੋ ਰਹੇ ਹਨ। ਕਰੀਬ 15 ਮਹੀਨੇ ਵਿੱਚ ਮੱਧਕਾਲੀ ਚੋਣਾਂ ਹੋਣ ਜਾ ਰਹੀਆਂ ਹਨ ਜੋ ਅਕਸਰ ਸੱਤਾਧਾਰੀ ਧਿਰ ਵਿਰੁੱਧ ਜਾਂਦੀਆਂ ਹਨ। ਜੇ ਡੈਮੋਕ੍ਰੈਟ ਕਾਂਗਰਸ ਅਤੇ ਸੈਨੇਟ ਵਿੱਚ ਲੀਡ ਹਾਸਿਲ ਕਰਦੇ ਹਨ ਤਾਂ ਟਰੰਪ ਲਈ ਵੱਡੀਆਂ ਪ੍ਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ।

ਤਾਕਤਵਰ ਅਤੇ ਜਾਗਦੀ ਜ਼ਮੀਰ ਵਾਲੇ ਦੇਸ਼ ਉਸ ਦੇ ਬਸਤੀਵਾਦ ਅਤੇ ਥਾਣੇਦਾਰੀ ਨੂੰ ਅੱਖਾਂ ਦਿਖਾਉਣ ਲੱਗ ਪਏ ਹਨ। ਚੀਨ, ਰੂਸ ਬਾਅਦ ਭਾਰਤ ਰੂਸ ਤੋਂ ਤੇਲ ਅਤੇ ਹਥਿਆਰ ਖਰੀਦ ਸਬੰਧੀ ਡਟ ਗਿਆ ਹੈ। ਉਸ ਨੇ ਕਿਹਾ ਹੈ ਕਿ ਜੇ ਯੂਕਰੇਨ ਦਾ ਫਿਕਰ ਹੈ ਤਾਂ ਰੂਸ ਤੋਂ ਯੂਰੇਨੀਅਮ ਅਤੇ ਖਾਦਾਂ ਦੀ ਖਰੀਦ ਬੰਦ ਕਰੋ। ਗਾਜ਼ਾ ਬਰਬਾਦੀ, ਨਸਲਘਾਤ, ਭੁੱਖਮਰੀ ਲਈ ਕੌਣ ਜਿ਼ੰਮੇਵਾਰ ਹੈ? ਕੈਨੇਡਾ ਨੇ ਇਸ ਦੀ ਜ਼ਰਾ ਪ੍ਰਵਾਹ ਨਹੀਂ ਕੀਤੀ। ਉਹ ਫਲਸਤੀਨ ਨੂੰ ਮਾਨਤਾ ਦੇ ਰਿਹਾ ਹੈ। ਆਸਟਰੇਲੀਆ ਸੁਪਰ ਮਾਰਕੀਟ ਨੇ ਅਮਰੀਕੀ ਬੀਫ ਖਰੀਦਣ ਤੋਂ ਨਾਂਹ ਕਰ ਦਿੱਤੀ ਹੈ। ਬ੍ਰਾਜ਼ੀਲ ਨੇ ਕਰਾਰਾ ਜਵਾਬ ਦਿੱਤਾ ਹੈ। ਤਨਜ਼ ਕੀਤਾ ਹੈ ਕਿ ਜੇ ਟਰੰਪ ਬ੍ਰਾਜ਼ੀਲਅਨ ਹੁੰਦਾ ਤਾਂ 6 ਜਨਵਰੀ 2021 ਦੇ ਕੈਪਟਲ ਹਮਲੇ ਦੇ ਦੋਸ਼ੀ ਵਜੋਂ ਜੇਲ੍ਹ ਵਿੱਚ ਹੁੰਦਾ। ਡੇਵਡ ਫਰਮ ਅਨੁਸਾਰ ਤਿੰਨ ਚੌਥਾਈ ਗਲੋਬਲ ਆਰਥਿਕਤਾ ਵਾਲੇ ਰਾਸ਼ਟਰ ਕੀ ਮੂਰਖ ਹਨ ਜੋ ਇੱਕ ਚੌਥਾਈ ਆਰਥਿਕਤਾ ਵਾਲੇ ਅਮਰੀਕਾ ਤੋਂ ਭੀਖ ਮੰਗਣਗੇ। ਅੰਦਰਖਾਤੇ ਦੁਖੀ ਅਮਰੀਕੀ ਫੈਡਰਲ ਰਿਜ਼ਰਵ ਗਵਰਨਰ ਐਡੀਆਨਾ ਕੁਗਲਰ ਨੇ ਅਸਤੀਫਾ ਦੇ ਦਿੱਤਾ ਹੈ। ਇੰਝ ਭਾਸਦਾ ਹੈ ਕਿ ਟੈਰਿਫ ਨੀਤੀ ਨਾਲ ਟਰੰਪ ਦਾ ਮੂਧੇ ਮੂੰਹ ਡਿੱਗਣਾ ਨਿਸ਼ਚਿਤ ਹੈ।

ਸੰਪਰਕ: +1-289-829-2929

Advertisement
×