ਆਲੀਆ ਭੱਟ ਵੱਲੋਂ ਦਿਲਜੀਤ ਦੋਸਾਂਝ ਨੂੰ ਵਧਾਈਆਂ
ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਕੌਮਾਂਤਰੀ ਐਮੀ ਐਵਾਰਡ ਲਈ ਬਿਹਤਰੀਨ ਅਦਾਕਾਰ ਵਜੋਂ ਚੋਣ ਹੋਣ ’ਤੇ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਨੂੰ ਫਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਕੀਤੀ ਅਦਾਕਾਰੀ ਲਈ ਚੁਣਿਆ ਗਿਆ ਹੈ।...
ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਕੌਮਾਂਤਰੀ ਐਮੀ ਐਵਾਰਡ ਲਈ ਬਿਹਤਰੀਨ ਅਦਾਕਾਰ ਵਜੋਂ ਚੋਣ ਹੋਣ ’ਤੇ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਨੂੰ ਫਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਕੀਤੀ ਅਦਾਕਾਰੀ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਫਿਲਮ ‘ਅਮਰ ਸਿੰਘ ਚਮਕੀਲਾ’ ਇੰਟਰਨੈਸ਼ਨਲ ਐਮੀ ਐਵਾਰਡ 2025 ਲਈ ਚੁਣੀ ਗਈ ਹੈ। ਇਸ ਫਿਲਮ ਵਿੱਚ ਦਿਲਜੀਤ ਨੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਅਦਾ ਕੀਤੀ ਸੀ। ਗਾਇਕ ਚਮਕੀਲਾ ਨੂੰ ਸਾਲ 1988 ਵਿੱਚ 27 ਸਾਲ ਦੀ ਉਮਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਮਤਿਆਜ਼ ਅਲੀ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਪਰਿਨੀਤੀ ਚੋਪੜਾ ਵੀ ਸੀ। ਦਿਲਜੀਤ ਨੂੰ ਬਿਹਤਰੀਨ ਅਦਾਕਾਰੀ ਵਰਗ ਵਿੱਚ ਚੁਣਿਆ ਗਿਆ ਹੈ। ਇਸੇ ਤਰ੍ਹਾਂ ਉਸ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਵੀ ਟੀਵੀ ਮੂਵੀ/ਮਿਨੀ-ਸੀਰੀਜ਼ ਵਰਗ ਵਿੱਚ ਚੁਣਿਆ ਗਿਆ ਹੈ। ਅਦਾਕਾਰ ਦਿਲਜੀਤ ਨਾਲ ਸਾਲ 2016 ਵਿੱਚ ‘ਉੜਤਾ ਪੰਜਾਬ’ ਫਿਲਮ ਵਿੱਚ ਕੰਮ ਕਰਨ ਵਾਲੀ ਅਦਾਕਾਰਾ ਆਲੀਆ ਭੱਟ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਸਟੋਰੀ ਸਾਂਝੀ ਕੀਤੀ ਹੈ। ਉਸ ਨੇ ਅਦਾਕਾਰ ਦਿਲਜੀਤ ਅਤੇ ਫਿਲਮ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ ਹੈ। ਬਿਹਤਰੀਨ ਅਦਾਕਾਰ ਵਰਗ ਵਿੱਚ ਦਿਲਜੀਤ ਦਾ ਮੁਕਾਬਲਾ ‘ਲੁਡਵਿਗ’ ਲਈ ਡੇਵਿਡ ਮਿਸ਼ੇਲ (ਯੂ ਕੇ), ‘ਯੋ ਐਡਿਕਟੋ’ ਲਈ ਓਰੀਓਲ ਪਲਾ (ਸਪੇਨ), ‘ਵਨ ਹੰਡਰੇਡ ਈਅਰਜ਼ ਆਫ ਸੋਲੀਟਿਊਡ’ ਲਈ ਡੀਏਗੋ ਵਾਸਕੇਜ਼ (ਕੋਲੰਬੀਆ) ਨਾਲ ਹੋਵੇਗਾ। ਦਿਲਜੀਤ ਦੀ ਇਹ ਫਿਲਮ ਸਾਲ 2024 ਵਿੱਚ ਰਿਲੀਜ਼ ਹੋਈ ਸੀ। ਇਸ ਨੂੰ ਵੱਡੀ ਗਿਣਤੀ ਦਰਸ਼ਕਾਂ ਨੇ ਪਸੰਦ ਕੀਤਾ ਸੀ। ਫਿਲਮ ਦੇ ਹੋਰਨਾਂ ਕਲਾਕਾਰਾਂ ਵਿੱਚ ਕੁਲਵਿੰਦਰ ਕੌਰ, ਨਿਸ਼ਾ ਬਾਨੋ, ਅੰਜੁਮ ਬੱਤਰਾ ਆਦਿ ਸ਼ਾਮਲ ਸਨ।