ਹਵਾਈ ਅੱਡੇ ’ਤੇ ਚਿੱਟੀ ਦਾੜ੍ਹੀ ਨਾਲ ਨਜ਼ਰ ਆਇਆ ਅਕਸ਼ੈ ਕੁਮਾਰ
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਬੁੱਧਵਾਰ ਸਵੇਰੇ ਲੰਡਨ ਵਿੱਚ ਕੁਝ ਸਮਾਂ ਬਿਤਾਉਣ ਮਗਰੋਂ ਮੁੰਬਈ ਪਰਤ ਆਇਆ। ਹਵਾਈ ਅੱਡੇ ’ਤੇ ਅਕਸ਼ੈ ਵੱਖਰੀ ਦਿਖ ਵਿੱਚ ਨਜ਼ਰ ਆਇਆ। ਉਸ ਦੀ ਦਾੜ੍ਹੀ ਚਿੱਟੀ ਸੀ। ਅਕਸ਼ੈ ਨੇ ਹਵਾਈ ਅੱਡੇ ’ਤੇ ਕਾਲਾ ਪਜ਼ਾਮਾ ਪਾਇਆ ਹੋਇਆ ਸੀ। ਉਸ ਨੇ ਸਲੇਟੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਖੁੱਲ੍ਹੀ ਜੈਕਟ ਪਾਈ ਹੋਈ ਸੀ। ਉਸ ਦੇ ਸਿਰ ’ਤੇ ਕਾਲੀ ਟੋਪੀ ਅਤੇ ਅੱਖਾਂ ’ਤੇ ਕਾਲੀ ਐਨਕ ਸੀ। ਕੰਨਾਂ ਵਿੱਚ ਈਅਰਬੱਡਸ ਲਗਾਈਂ ਅਕਸ਼ੈ ਆਪਣੇ ਅੰਦਾਜ਼ ਵਿੱਚ ਤੁਰਦਾ ਹੋਇਆ ਹਵਾਈ ਅੱਡੇ ਤੋਂ ਬਾਹਰ ਆ ਰਿਹਾ ਸੀ। ਇਸ ਦੌਰਾਨ ਆਪਣੇ ਪ੍ਰਸ਼ੰਸਕਾਂ ਨੂੰ ਅਕਸ਼ੈ ਨੇ ਖੁਸ਼ੀ ਨਾਲ ਪੋਜ਼ ਦਿੱਤੇ ਅਤੇ ਉਨ੍ਹਾਂ ਨਾਲ ਮਰਾਠੀ ਵਿੱਚ ਸੰਖੇਪ ਵਿੱਚ ਗੱਲਬਾਤ ਕੀਤੀ। ਅਕਸ਼ੈ ਆਉਣ ਵਾਲੇ ਮਹੀਨਿਆਂ ਵਿੱਚ ਪ੍ਰਿਯਦਰਸ਼ਨ ਦੀ ਫ਼ਿਲਮ ਭੂਤ ਬੰਗਲਾ ਵਿੱਚ ਦਿਖਾਈ ਦੇਵੇਗਾ। ਫ਼ਿਲਮ ਭੂਤ ਬੰਗਲਾ ਦਾ ਨਿਰਮਾਣ ਸ਼ੋਭਾ ਕਪੂਰ ਅਤੇ ਏਕਤਾ ਆਰ. ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਵੱਲੋਂ ਕੀਤਾ ਗਿਆ ਹੈ। ਇਹ ਫਿਲਮ ਦੋ ਅਪਰੈਲ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਉਹ ਅਦਾਕਾਰ ਸੈਫ਼ ਅਲੀ ਖਾਨ ਨਾਲ ਫ਼ਿਲਮ ‘ਹੈਵਾਨ’ ਵਿੱਚ ਵੀ ਦਿਖਾਈ ਦੇਵੇਗਾ। ਫਿਲਮ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਕਰੇਗਾ। ਫ਼ਿਲਮ ‘ਹੈਵਾਨ’ ਦੀ ਸ਼ੂਟਿੰਗ ਅਗਸਤ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਸੈਫ ਅਤੇ ਅਕਸ਼ੈ ਆਖਰੀ ਵਾਰ 2008 ਵਿੱਚ ਵਿਜੈ ਕ੍ਰਿਸ਼ਨਾ ਆਚਾਰੀਆ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਟਸ਼ਨ’ ਵਿੱਚ ਇਕੱਠੇ ਦਿਖਾਈ ਦਿੱਤੇ ਸਨ।