ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਅਦਾਕਾਰਾ ਕਲਿਆਣੀ ਦੀ ਸ਼ਲਾਘਾ ਕੀਤੀ
ਅਦਾਕਾਰ ਅਕਸ਼ੈ ਕੁਮਾਰ ਨੇ ਅਦਾਕਾਰਾ ਕਲਿਆਣੀ ਪ੍ਰਿਅਦਰਸ਼ਨ ਦੀ ਸ਼ਲਾਘਾ ਕੀਤੀ ਹੈ। ਅਦਾਕਾਰਾ ਦੀ ਹੁਣੇ ਜਿਹੇ ਰਿਲੀਜ਼ ਹੋਈ ਫ਼ਿਲਮ ‘ਲੋਕਾ ਚੈਪਟਰ 1: ਚੰਦਰਾ’ ਕਾਫ਼ੀ ਹਿੱਟ ਹੋਈ ਹੈ। ਅਕਸ਼ੈ ਕੁਮਾਰ ਨੇ ਕਲਿਆਣੀ ਦੇ ਪਿਤਾ ਫ਼ਿਲਮ ਨਿਰਦੇਸ਼ਕ ਪ੍ਰਿਅਦਰਸ਼ਨ ਨਾਲ ਫ਼ਿਲਮ ‘ਹੇਰਾਫੇਰੀ’, ‘ਗਰਮ ਮਸਾਲਾ’ ਅਤੇ ‘ਭੂਲ ਭੁਲੱਈਆ’ ਵਿੱਚ ਕੰਮ ਕੀਤਾ ਹੈ। ਅਕਸ਼ੈ ਨੇ ਐਕਸ ’ਤੇ ਪੋਸਟ ਪਾ ਕੇ ਕਲਿਆਣੀ ਦੀ ਸ਼ਲਾਘਾ ਕੀਤੀ ਹੈ। ਉਸ ਨੇ ਪੋਸਟ ਵਿੱਚ ਲਿਖਿਆ ਕਿ ਪ੍ਰਤਿਭਾ ਪਰਿਵਾਰ ਨਾਲ ਆਉਂਦੀ ਹੈ.. ਸੁਣਿਆ ਸੀ, ਹੁਣ ਦੇਖ ਲਿਆ ਹੈ! ਪ੍ਰਿਅਦਰਸ਼ਨ ਸਰ ਦੀ ਧੀ ਕਲਿਆਣੀ ਪ੍ਰਿਅਦਰਸ਼ਨ ਦੀ ਵਧੀਆ ਅਦਾਕਾਰੀ ਬਾਰੇ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ। ਉਸ ਨੂੰ ਅਤੇ ਫ਼ਿਲਮ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ। ਡੋਮੀਨਿਕ ਅਰੁਣ ਦੇ ਨਿਰਦੇਸ਼ਨ ਹੇਠ ਦੁਲਕਰ ਸਲਮਾਨ ਵੱਲੋਂ ਬਣਾਈ ਇਸ ਫ਼ਿਲਮ ਨੇ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਦੱਖਣ ਭਾਰਤ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ, ਜਿਸ ’ਚ ਮਹਿਲਾ ਦਾ ਕਿਰਦਾਰ ਬਹੁਤ ਮਕਬੂਲ ਹੋਇਆ ਹੈ। ਇਸ ਨੇ ਪਹਿਲੇ ਹੀ ਹਫ਼ਤੇ ਸੌ ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਫ਼ਿਲਮ ਵਿੱਚ ਨਸਲੇਨ, ਸੈਂਡੀ, ਅਰੁਣ ਕੁਰੀਅਨ, ਚੰਦੂ ਸਲੀਮ ਕੁਮਾਰ, ਨਿਸ਼ਾਂਤ ਸਾਗਰ, ਰਘੁਨਾਥ ਪਲੇਰੀ, ਵਿਜੈਰਾਘਵਨ, ਨਿੱਤਿਆ ਸ੍ਰੀ ਅਤੇ ਸਾਰਥ ਸਭਾ ਵੀ ਹੈ। ਅਕਸ਼ੈ ਫਿਲਹਾਲ ਪ੍ਰਿਅਦਰਸ਼ਨ ਨਾਲ ‘ਭੂਤ ਬੰਗਲਾ’ ਅਤੇ ‘ਹੈਵਾਨ’ ਫ਼ਿਲਮਾਂ ਵਿੱਚ ਕੰਮ ਕਰ ਰਹੇ ਹਨ। ਉਹ ਹੁਣ ਫ਼ਿਲਮ ‘ਜੌਲੀ ਐੱਲਐੱਲਬੀ 3’ ਦੇ ਰਿਲੀਜ਼ ਹੋਣ ਦੀ ਇੰਤਜ਼ਾਰ ਕਰ ਰਿਹਾ ਹੈ। ਇਹ ਫ਼ਿਲਮ 19 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਸੁਭਾਸ਼ ਕਪੂਰ ਨੇ ਦਿੱਤਾ ਹੈ। ਅਕਸ਼ੈ ਨਾਲ ਇਸ ਫ਼ਿਲਮ ਵਿੱਚ ਅਰਸ਼ਦ ਵਾਰਸੀ ਵੀ ਨਜ਼ਰ ਆਵੇਗਾ।