ਅਕਸ਼ੈ ਕੁਮਾਰ ਨੇ ਜੁਹੂ ਬੀਚ ਦੀ ਸਫ਼ਾਈ ਕੀਤੀ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ, ਅੰਮ੍ਰਿਤਾ ਫੜਨਵੀਸ ਨੇ ਮੁੰਬਈ ਦੇ ਜੁਹੂ ਬੀਚ ’ਤੇ ਗਣਪਤੀ ਵਿਸਰਜਨ ਮਗਰੋਂ ਸਫ਼ਾਈ ਮੁਹਿੰਮ ਚਲਾਈ। ਉਨ੍ਹਾਂ ਬੀਚ ’ਤੇ ਇਹ ਸਫ਼ਾਈ ਮੁਹਿੰਮ ਆਪਣੀ ਫਾਊਂਡੇਸ਼ਨ ਦਿਵਿਯਾਜ ਫਾਊਂਡੇਸ਼ਨ ਵੱਲੋਂ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਦੇ ਸਹਿਯੋਗ ਨਾਲ ਚਲਾਈ। ਇਸ ਵਿੱਚ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ। ਇਸ ਸਬੰਧੀ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਅਕਸ਼ੈ ਕੁਮਾਰ ਗੰਦੇ ਕੱਪੜੇ, ਬੋਤਲਾਂ, ਫੁੱਲਾਂ ਦੇ ਹਾਰ ਆਦਿ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ। ਬੀ ਐੱਮ ਸੀ ਦੇ ਕਮਿਸ਼ਨਰ ਭੂਸ਼ਨ ਗਗਰਾਨੀ ਨੇ ਵੀ ਇਸ ਸਫ਼ਾਈ ਵਿੱਚ ਸ਼ਮੂਲੀਅਤ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਜੁਹੂ ਬੀਚ ’ਤੇ ਸਫ਼ਾਈ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁਹਿੰਮ ਵਿੱਚ ਸ਼ਾਮਲ ਹੋਏ ਵੱਡੀ ਗਿਣਤੀ ਲੋਕਾਂ ਵੱਲੋਂ ਕੀਤੇ ਕੰਮ ਤੋਂ ਖ਼ੁਸ਼ ਹਨ। ਇਸ ਮੁਹਿੰਮ ਵਿੱਚ ਬੀ ਐੱਮ ਸੀ ਸਣੇ ਕਈ ਹੋਰ ਜਥੇਬੰਦੀਆਂ ਨੇ ਉਨ੍ਹਾਂ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਚ ਸਾਫ਼-ਸੁਥਰੇ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਤਿਉਹਾਰ ਮਨਾਉਣਾ ਸਾਡਾ ਹੱਕ ਹੈ, ਉਸੇ ਤਰ੍ਹਾਂ ਸਾਫ਼-ਸਫ਼ਾਈ ਵੀ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਅੰਮ੍ਰਿਤਾ ਨੇ ਕਿਹਾ, ‘‘ਮੈਂ ਇਸ ਸਫ਼ਾਈ ਮੁਹਿੰਮ ਜ਼ਰੀਏ ਨੌਜਵਾਨਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਕੋਲ ਸਿਰਫ਼ ਇੱਕ ਹੀ ਧਰਤੀ ਹੈ। ਇਸ ਦੀ ਸਫ਼ਾਈ ਅਤੇ ਸੰਭਾਲ ਦੀ ਜ਼ਿੰਮੇਵਾਰੀ ਵੀ ਸਾਡੀ ਹੈ ਕਿਉਂਕਿ ਅਜਿਹਾ ਕਰਨ ਲਈ ਕੋਈ ਏਲੀਅਨ ਨਹੀਂ ਆਉਣਗੇ। ਇਸ ਦੀ ਸਫ਼ਾਈ ਸਾਨੂੰ ਖ਼ੁਦ ਹੀ ਕਰਨੀ ਪਵੇਗੀ।’’ ਇਸ ਸਫ਼ਾਈ ਮੁਹਿੰਮ ਵਿੱਚ ਮੁੱਖ ਮੰਤਰੀ ਦੀ ਧੀ ਦਿਵਿਜਾ ਫੜਨਵੀਸ ਨੇ ਵੀ ਹਿੱਸਾ ਲਿਆ।