ਅਕਸ਼ੈ ਕੁਮਾਰ ਨੇ 58ਵਾਂ ਜਨਮ ਦਿਨ ਮਨਾਇਆ
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਮੰਗਲਵਾਰ ਨੂੰ ਆਪਣਾ 58ਵਾਂ ਜਨਮ ਦਿਨ ਮਨਾਇਆ। ਇਸ ਦੌਰਾਨ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਉਸ ਨੇ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਅਤੇ ਹੌਸਲਾ ਵਧਾਉਣ ਵਾਲਿਆਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਅਦਾਕਾਰ ਨੇ ਕਿਹਾ ਕਿ ਤਿੰਨ ਦਹਾਕਿਆਂ ਤੋਂ ਦਰਸ਼ਕਾਂ ਵੱਲੋਂ ਉਸ ਨੂੰ ਬੇਹੱਦ ਪਿਆਰ ਦਿੱਤਾ ਗਿਆ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਉਹ ਆਪਣੀਆਂ ਫਿਲਮਾਂ ਦੇ ਪੋਸਟਰ ਅੱਗੇ ਖੜ੍ਹਾ ਦਿਖਾਈ ਦੇ ਰਿਹਾ ਹੈ। ਅਦਾਕਾਰ ਨੂੰ ਫਿਲਮਾਂ ਵਿੱਚ ਕੰਮ ਕਰਦਿਆਂ 34 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਉਸ ਨੇ 150 ਤੋਂ ਜ਼ਿਆਦਾ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, ‘‘58 ਸਾਲ ਦੀ ਜ਼ਿੰਦਗੀ, 34 ਸਾਲ ਫਿਲਮਾਂ ਵਿੱਚ, 150 ਤੋਂ ਜ਼ਿਆਦਾ ਫਿਲਮਾਂ ਅਤੇ ਇਹ ਗਿਣਤੀ ਜਾਰੀ ਹੈ...ਹਰ ਉਸ ਵਿਅਕਤੀ ਦਾ ਧੰਨਵਾਦ ਜਿਸ ਨੇ ਕਦੇ ਮੇਰੇ ’ਤੇ ਯਕੀਨ ਕੀਤਾ, ਟਿਕਟ ਖ਼ਰੀਦਿਆ, ਮੈਨੂੰ ਫਿਲਮ ਲਈ ਸਾਈਨ ਕੀਤਾ, ਮੇਰੀਆਂ ਫਿਲਮਾਂ ਬਣਾਈਆਂ ਤੇ ਨਿਰਦੇਸ਼ਨ ਕੀਤਾ ਅਤੇ ਮੇਰਾ ਮਾਰਗਦਰਸ਼ਨ ਕੀਤਾ। ਇਹ ਸਫ਼ਰ ਜਿੰਨਾ ਮੇਰਾ ਹੈ, ਓਨਾ ਹੀ ਤੁਹਾਡਾ ਵੀ ਹੈ।’’ ਅਕਸ਼ੈ ਕੁਮਾਰ ਨੇ ਸਾਲ 1991 ਵਿੱਚ ਆਈ ਫਿਲਮ ‘ਸੌਗੰਧ’ ਵਿੱਚ ਪਹਿਲੀ ਵਾਰ ਮੁੱਖ ਕਿਰਦਾਰ ਅਦਾ ਕੀਤਾ ਸੀ। ਸਾਲ 1992 ਵਿੱਚ ਆਈ ਉਸ ਦੀ ਫਿਲਮ ‘ਖਿਲਾੜੀ’ ਨੇ ਉਸ ਨੂੰ ਸਫ਼ਲ ਅਦਾਕਾਰ ਵਜੋਂ ਸਥਾਪਿਤ ਕੀਤਾ। ਅਕਸ਼ੈ ਕੁਮਾਰ ਫ਼ਿਲਹਾਲ ‘ਜੌਲੀ ਐੱਲ ਐੱਲ ਬੀ 3’ ਰਿਲੀਜ਼ ਕਰਨ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ। ਇਸ ਫਿਲਮ ਵਿੱਚ ਅਕਸ਼ੈ ਕੁਮਾਰ ਨਾਲ ਅਰਸ਼ਦ ਵਾਰਸੀ ਵੀ ਨਜ਼ਰ ਆਵੇਗਾ। ਇਹ ਫਿਲਮ 19 ਸਤੰਬਰ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ।