ਐਸ਼ਵਰਿਆ ਨੇ ਸਾਂਝੀਆਂ ਕੀਤੀਆਂ ਧੀ ਅਤੇ ਪਿਤਾ ਦੀਆਂ ਤਸਵੀਰਾਂ
ਬੌਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਸ਼ੁੱਕਰਵਾਰ ਨੂੰ ਆਪਣੇ ਪਿਤਾ ਮਰਹੂਮ ਕ੍ਰਿਸ਼ਨਰਾਜ ਰਾਏ ਨੂੰ ਯਾਦ ਕੀਤਾ। ਅਜੇ ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੀ ਧੀ ਦਾ 14ਵਾਂ ਜਨਮ ਦਿਨ ਮਨਾਇਆ ਸੀ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਧੀ ਅਰਾਧਿਆ ਬੱਚਨ ਤੇ ਆਪਣੇ ਪਿਤਾ ਮਰਹੂਮ ਕ੍ਰਿਸ਼ਨਰਾਜ ਰਾਏ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਆਪਣੀ ਅਤੇ ਅਰਾਧਿਆ ਦੀਆਂ ਉਹ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਦੋਵੇਂ ਕ੍ਰਿਸ਼ਨਰਾਜ ਦੀ ਫੋਟੋ ਕੋਲ ਆਸ਼ੀਰਵਾਦ ਲੈਂਦੀਆਂ ਦਿਖਾਈ ਦੇ ਰਹੀਆਂ ਹਨ। ਇਸ ਨਾਲ ਪਾਈ ਪੋਸਟ ਵਿੱਚ ਉਸ ਨੇ ਲਿਖਿਆ ਹੈ, ‘‘ਜਨਮ ਦਿਨ ਮੁਬਾਰਕ ਹੋਵੇ ਪਿਆਰੇ ਪਿਤਾ ਜੀ। ਸਾਡੀ ਧੀ ਦੇ 14 ਸਾਲਾਂ ਦੀ ਹੋਣ ’ਤੇ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ।’’ ਜ਼ਿਕਰਯੋਗ ਹੈ ਕਿ ਕ੍ਰਿਸ਼ਨਰਾਜ ਦਾ ਦੇਹਾਂਤ 18 ਮਾਰਚ 2017 ਵਿੱਚ ਮੁੰਬਈ ਦੇ ਇੱਕ ਹਸਪਤਾਲ ਵਿੱਚ ਹੋ ਗਿਆ ਸੀ। ਐਸ਼ਵਰਿਆ ਆਖਰੀ ਵਾਰ ਸਾਲ 2023 ਵਿੱਚ ਮਣੀਰਤਨਮ ਦੀ ਤਾਮਿਲ ਫਿਲਮ ‘ਪੋਨੀਯਿਨ ਸੇਲਵਨ 2’ ਵਿੱਚ ਨਜ਼ਰ ਆਈ ਸੀ। ਇਸ ਫਿਲਮ ਵਿੱਚ ਉਸ ਨਾਲ ਕਈ ਵੱਡੇ ਕਲਾਕਾਰ ਵਿਕਰਮ, ਰਵੀ ਮੋਹਨ, ਕਾਰਤੀ, ਤ੍ਰਿਸ਼ਾ ਕਿਸ਼ਨਨ ਆਦਿ ਨੇ ਵੀ ਕੰਮ ਕੀਤਾ ਸੀ।
