ਆਦਿਤੀ ਰਾਓ ਹੈਦਰੀ ਨੂੰ ਮਿਲੇਗਾ ‘ਡਾਇਵਰਸਿਟੀ ਇਨ ਸਿਨੇਮਾ’ ਪੁਰਸਕਾਰ
ਬੌਲੀਵੁੱਡ ਅਦਾਕਾਰਾ ਆਦਿਤੀ ਰਾਓ ਹੈਦਰੀ ਨੂੰ ਆਗਾਮੀ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) ਦੌਰਾਨ ‘ਡਾਇਵਰਸਿਟੀ ਇਨ ਸਿਨੇਮਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਖੁਲਾਸਾ ਅੱਜ ਫਿਲਮ ਮੇਲੇ ਦੇ ਪ੍ਰਬੰਧਕਾਂ ਨੇ ਕੀਤਾ ਹੈ। ਉਨ੍ਹਾਂ ਆਖਿਆ ਕਿ ਅਦਾਕਾਰਾ ਫਿਲਮ ਮੇਲੇ ਵਿੱਚ ਮਹਿਮਾਨ ਵਜੋਂ ਸ਼ਿਰਕਤ ਕਰੇਗੀ। ਆਦਿਤੀ ਰਾਓ ਨੂੰ ਸਿਨੇਮਾ ਅਹਿਮ ਯੋਗਦਾਨ ਲਈ ਜਾਣਿਆ ਜਾਂਦਾ ਹੈ ਅਤੇ ਉਸ ਨੇ ਵੱਖ-ਵੱਖ ਭਾਸ਼ਾਵਾਂ ’ਚ ਬਣਾਈਆਂ ਫਿਲਮਾਂ ’ਚ ਆਪਣੀ ਅਦਾਕਾਰੀ ਦੀ ਛਾਪ ਛੱਡੀ ਹੈ। ਜਾਣਕਾਰੀ ਅਨੁਸਾਰ ਆਦਿਤੀ ਰਾਓ ਨੇ ਫਿਲਮ ‘ਹੀਰਾਮੰਡੀ’ ਵਿੱਚ ਬੀਬੋ ਜਾਨ ਦੇ ਕਿਰਦਾਰ ਨਾਲ ਲੋਕਾਂ ’ਚ ਆਪਣੀ ਪਛਾਣ ਬਣਾਈ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਉਹ ਆਪਣੀ ਅਦਾਕਾਰੀ ਸਦਕਾ ਵਿਸ਼ਵ ਭਰ ’ਚ ਪਰਦੇ ’ਤੇ ਛਾਈ ਹੋਈ ਹੈ। ਮੇਲੇ ਦੀ ਨਿਰਦੇਸ਼ਕ ਮਿੱਤੂ ਭੌਮਿਕ ਲੰਗੇ ਨੇ ਅਦਾਕਾਰਾ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ ਆਦਿਤੀ ਰਾਓ ਦੀ ਅਦਾਕਾਰੀ ਦਾ ਕਮਾਲ ਹੈ। ਜਾਣਕਾਰੀ ਅਨੁਸਾਰ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਆਗਾਮੀ 14 ਤੋਂ 24 ਅਗਸਤ ਤੱਕ ਮੈਲਬਰਨ ’ਚ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੌਰਾਨ ਫਿਲਮਾਂ ਦਿਖਾਈਆਂ ਜਾਣਗੀਆਂ ਤੇ ਆਈਐੱਫਐੱਫਐੱਮ ਪੁਰਸਕਾਰ ਦਿੱਤੇ ਜਾਣਗੇ।