ਅਦਾਕਾਰਾ ਤਮੰਨਾ ਭਾਟੀਆ ਵੱਲੋਂ ਉੱਘੇ ਸੰਗੀਤਕਾਰ ਅਮਿਤ ਕਾਮਲੇ ਦਾ ਸਨਮਾਨ
ਈਸਾਈ ਧਰਮ ਵਿੱਚ ਗੋਸਪੇਲ ਸੰਗੀਤ ਦਾ ਵਿਸ਼ੇਸ਼ ਸਥਾਨ ਹੈ। ਇਹ ਸੰਗੀਤ ਸੱਚ ਅਤੇ ਭਰੋਸੇ ਦੇ ਬਹੁਤ ਨੇੜੇ ਮੰਨਿਆ ਜਾਂਦਾ ਹੈ ਜਿਸ ਦਾ ਈਸਾ ਮਸੀਹ ਨਾਲ ਡੂੰਘਾ ਸਬੰਧ ਹੈ। ਉੱਘੀ ਅਦਾਕਾਰਾ ਤਮੰਨਾ ਭਾਟੀਆ ਨੇ ਹੁਣੇ ਜਿਹੇ ਗੋਸਪਲ ਸੰਗੀਤ ਦੇ ਉਸਤਾਦ ਡਾ. ਅਮਿਤ ਕਾਮਲੇ ਦਾ ਸਨਮਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਡਾ. ਕਾਮਲੇ ਨੇ ਉੱਘੇ ਸੰਗੀਤਕਾਰ, ਗੀਤਕਾਰ, ਲੇਖਕ ਅਤੇ ਨਿਰਦੇਸ਼ਕ ਵਜੋੋਂ ਆਪਣੀ ਵੱਖਰੀ ਪਛਾਣ ਬਣਾਈ ਹੈ। ਆਪਣੇ ਸੰਗੀਤ ਸਦਕਾ ਉਹ ਦੁਨੀਆ ਭਰ ਦੇ ਈਸਾਈਆਂ ਤੱਕ ਆਪਣੀ ਪਹੁੰਚ ਬਣਾ ਚੁੱਕੇ ਹਨ। ਉਹ ਆਪਣੀ ਰਚਨਾਵਾਂ ਨਾਲ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ। ਐੱਸਪੀ ਬਾਲਸੁਬਰਾਮਨੀਅਮ, ਕੁਮਾਰ ਸ਼ਾਨੂ, ਉਦਿਤ ਨਰਾਇਣ, ਸ਼ਾਨ, ਸੁਰੇਸ਼ ਵਾਡਕਰ, ਅਲਕਾ ਯਾਗਨਿਕ, ਸਾਧਨਾ ਸਰਗਮ, ਕਵਿਤਾ ਕ੍ਰਿਸ਼ਨਾਮੂਰਤੀ, ਬੇਲਾ ਸ਼ੇਂਡੇ ਅਤੇ ਹੋਰ ਉੱਘੇ ਗਾਇਕਾਂ ਨਾਲ ਉਸ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ ਹੈ। ਡਾ. ਕਾਮਲੇ ਨੇ ਆਪਣੀ ਧੀ ਅਦਵਿਤਾ ਨਾਲ ‘ਯੇਸ਼ੂਆ’ ਨਾਮ ਦੀ ਰਚਨਾ ਹੁਣੇ ਜਿਹੇ ਪੇਸ਼ ਕੀਤੀ ਸੀ। ਇਸ ਰਚਨਾ ਨਾਲ ਉਸ ਦੀ ਧੀ ਨੇ ਵੱਖਰੀ ਪਛਾਣ ਬਣਾਈ ਹੈ। ਇਸ ਪਲ ਨੂੰ ਯਾਦ ਕਰਦਿਆਂ ਡਾ. ਕਾਮਲੇ ਆਖਦਾ ਹੈ ਕਿ ਈਸਾ ਮਸੀਹ ਲਈ ਗੀਤ ਗਾ ਕੇ ਆਪਣੇ ਵਿਚਾਰ ਸਾਂਝੇ ਕਰਨ ’ਤੇ ਜੋ ਸੰਤੁਸ਼ਟੀ ਮਹਿਸੂਸ ਹੁੰਦੀ ਹੈ। ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। 2016 ਵਿੱਚ ਸਥਾਪਿਤ ਡਾ. ਕਾਮਲੇ ਦੇ ਗਲੋਰੀਫਾਈ ਕਰਾਈਸਟ ਸੰਗੀਤ ਵਿਭਾਗ ਨੇ ਏਕੇ ਇੰਟਰਨੈਸ਼ਨਲ ਟੂਰਿਜ਼ਮ ਬੈਨਰ ਹੇਠ ਹਿੰਦੀ, ਮਰਾਠੀ, ਤੇਲਗੂ, ਮਲਿਆਲਮ, ਬੰਗਾਲੀ, ਪੰਜਾਬੀ, ਅਸਾਮੀ, ਖਾਸੀ, ਨਾਗਾਮੀ, ਅੰਗਰੇਜ਼ੀ ਅਤੇ ਇੱਥੋਂ ਤੱਕ ਹਿਬਰੂ ਸਣੇ ਕਈ ਭਾਸ਼ਾਵਾਂ ਵਿੱਚ ਸੌ ਤੋਂ ਜ਼ਿਆਦਾ ਗੀਤ ਤਿਆਰ ਕੀਤੇ ਹਨ। ਤਮੰਨਾ ਭਾਟੀਆ ਦਾ ਡਾ. ਕਾਮਲੇ ਨੂੰ ਸਨਮਾਨਿਤ ਕਰਨ ਦਾ ਇਹ ਕਦਮ ਇਸ ਗੱਲ ਦਾ ਪ੍ਰਮਾਣ ਹੈ ਕਿ ਈਵੈਂਜਲ ਸੰਗੀਤ ਦਿਲਾਂ ਨੂੰ ਜੋੜਨ ਅਤੇ ਬ੍ਰਹਮ ਪ੍ਰਗਟਾਵੇ ਰਾਹੀਂ ਆਤਮਾਵਾਂ ਨੂੰ ਉੱਚਾ ਚੁੱਕਣ ਵਿੱਚ ਕਿੰਨੀ ਵੱਡੀ ਭੂਮਿਕਾ ਨਿਭਾਉਂਦਾ ਹੈ।