ਅਭਿਸ਼ੇਕ ਬੱਚਨ ਨੂੰ ਪੁਰਸਕਾਰ ਮਿਲਣ ’ਤੇ ਪਿਤਾ ਖ਼ੁਸ਼
ਅਦਾਕਾਰ ਅਮਿਤਾਭ ਬੱਚਨ ਨੇ ‘ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬੌਰਨ’ (ਆਈਐੱਫਐੈੱਫਐੱਮ) ਵਿੱਚ ‘ਬਿਹਤਰੀਨ ਅਦਾਕਾਰ’ ਦਾ ਪੁਰਸਕਾਰ ਮਿਲਣ ’ਤੇ ਆਪਣੇ ਪੁੱਤਰ ਅਭਿਸ਼ੇਕ ਬੱਚਨ ਦੀ ਸ਼ਲਾਘਾ ਕੀਤੀ ਹੈ। ਉਸ ਨੇ ਇਸ ਪੁਰਸਕਾਰ ਨੂੰ ਪਰਿਵਾਰ ਦਾ ਗੌਰਵ ਅਤੇ ਸਨਮਾਨ ਦੱਸਿਆ ਹੈ। ਜ਼ਿਕਰਯੋਗ ਹੈ ਕਿ ਅਭਿਸ਼ੇਕ ਬੱਚਨ ਨੂੰ ਫ਼ਿਲਮ ‘ਆਈ ਵਾਂਟ ਟੂ ਟਾਕ’ ਵਿੱਚ ਉਸ ਦੀ ਅਦਾਕਾਰੀ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਸਮਾਗਮ ਵੀਰਵਾਰ ਨੂੰ ਸ਼ੁਰੂ ਹੋਇਆ ਸੀ ਜੋ 24 ਅਗਸਤ ਨੂੰ ਸਮਾਪਤ ਹੋਵੇਗਾ। ਅਮਿਤਾਭ ਬੱਚਨ ਨੇ ਅੱਜ ਆਪਣੇ ਬਲੌਗ ’ਤੇ ਅਭਿਸ਼ੇਕ ਬੱਚਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪਹਿਲੀ ਤਸਵੀਰ ਵਿੱਚ ਅਭਿਸ਼ੇਕ ਨੇ ਪੁਰਸਕਾਰ ਦੀ ਟਰਾਫ਼ੀ ਫੜੀ ਹੋਈ ਹੈ ਜਦੋਂਕਿ ਦੂਜੀ ਵਿੱਚ ਉਨ੍ਹਾਂ ਦੀ ਤਸਵੀਰ ਇੱਕ ਮੈਗਜ਼ੀਨ ਦੇ ਕਵਰ ਪੇਜ਼ ’ਤੇ ਦਿਖਾਈ ਦਿੰਦੀ ਹੈ। ਅਦਾਕਾਰ ਅਮਿਤਾਭ ਬੱਚਨ ਨੇ ਲਿਖਿਆ, ‘ਪੂਰੇ ਬ੍ਰਹਿਮੰਡ ਵਿੱਚ ਸਭ ਤੋਂ ਖ਼ੁਸ਼ ਪਿਤਾ...ਅਭਿਸ਼ੇਕ, ਤੁਸੀਂ ਪਰਿਵਾਰ ਦਾ ਗੌਰਵ ਅਤੇ ਸਨਮਾਨ ਹੋ....ਤੁਸੀਂ ਆਪਣੇ ਦਾਦਾ ਦੀ ਵਿਰਾਸਤ ਨੂੰ ਬਹਾਦਰੀ ਅਤੇ ਸਖ਼ਤ ਮਿਹਨਤ ਨਾਲ ਅੱਗੇ ਵਧਾ ਰਹੇ ਹੋ।’ ਅਮਿਤਾਭ ਨੇ ਕਿਹਾ ਕਿ ਕੁੱਝ ਸਾਲ ਪਹਿਲਾਂ ਉਸ ਨੇ ਆਪਣੇ ਪੁੱਤਰ ਦੀ ਫ਼ਿਲਮ ਅਤੇ ਉਸ ਦੀ ਅਦਾਕਾਰੀ ਦੀ ਪ੍ਰਸ਼ੰਸਾ ਕੀਤੀ ਸੀ ਪਰ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ ਸੀ। ਅੱਜ ਉਸ ਮਜ਼ਾਕ ਨੂੰ ਇਸ ਪੁਰਸਕਾਰ ਵੇਲੇ ਮਿਲੀ ਪ੍ਰਸ਼ੰਸਾ ਅਤੇ ਤਾਲੀਆਂ ਨੇ ਦਬਾ ਦਿੱਤਾ ਹੈ। ਉਸ ਨੇ ਆਪਣੇ ਪੁੱਤਰ ਨੂੰ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਅਤੇ ਉਸ ਦੀ ਸ਼ਲਾਘਾ ਕੀਤੀ।