ਭਾਰਤੀ ਫਿਲਮ ਫੈਸਟੀਵਲ ’ਚ ਮੁੱਖ ਮਹਿਮਾਨ ਹੋਣਗੇ ਆਮਿਰ ਖ਼ਾਨ
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ (ਆਈਐੱਫਐੱਫਐੱਮ) ਦੇ 16ਵੇਂ ਐਡੀਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਹ ਫੈਸਟੀਵਲ 14 ਤੋਂ 25 ਅਗਸਤ ਤੱਕ ਕਰਵਾਇਆ ਜਾਵੇਗਾ। ਫਿਲਮ ਫੈਸਟੀਵਲ ਦੇ ਪ੍ਰਬੰਧਕਾਂ ਨੇ ਅੱਜ ਆਪਣੇ ਇੰਸਟਾਗ੍ਰਾਮ ਖਾਤੇ ਰਾਹੀਂ ਆਮਿਰ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਵਿੱਚ ਅਦਾਕਾਰ-ਕਾਮੇਡੀਅਨ ਵੀਰ ਦਾਸ ਵੀ ਮਹਿਮਾਨ ਵਜੋਂ ਸ਼ਾਮਲ ਹੋਣਗੇ। ਫਿਲਮ ਫੈਸਟੀਵਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਆਮਿਰ ਦੀਆਂ ਪ੍ਰਾਪਤੀਆਂ ਸਿਨੇਮਾ ਦਰਸ਼ਕਾਂ ਲਈ ਪ੍ਰੇਰਨਾਸਰੋਤ ਹਨ। ਆਈਐੱਫਐੱਫਐੱਮ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੈਲਬੌਰਨ 2025 ਦਾ ਭਾਰਤੀ ਫਿਲਮ ਫੈਸਟੀਵਲ ਇਸ ਸ਼ਖਸੀਅਤ ਦਾ ਸਵਾਗਤ ਕਰਨ ’ਤੇ ਮਾਣ ਮਹਿਸੂਸ ਕਰ ਰਿਹਾ ਹੈ ਜਿਸ ਦਾ ਪ੍ਰਭਾਵ ਸਰਹੱਦਾਂ ਤੇ ਭਾਸ਼ਾਵਾਂ ਤੋਂ ਪਾਰ ਤੱਕ ਹੈ।’ ਂਇਸ ਤੋਂ ਬਾਅਦ ਪ੍ਰਸੰਸਕਾਂ ਨੇ ਆਮਿਰ ਖਾਨ ਦੇ ਕਿਰਦਾਰ ਦੀ ਸ਼ਲਾਘਾ ਕਰਦਿਆਂ ਕਈ ਪੋਸਟਾਂ ਪਾਈਆਂ। ਆਈਐੱਫਐੱਫਐੱਮ ਨੇ ਆਮਿਰ ਦੀ ਸੱਭਿਆਚਾਰਕ ਤੌਰ ’ਤੇ ਪ੍ਰਭਾਵਸ਼ਾਲੀ ਫਿਲਮ ‘ਤਾਰੇ ਜ਼ਮੀਨ ਪਰ’ ਦਾ ਖਾਸ ਜ਼ਿਕਰ ਕੀਤਾ। ਇਸ ਫਿਲਮ ਦਾ ਨਿਰਦੇਸ਼ਨ ਅਤੇ ਨਿਰਮਾਣ ਆਮਿਰ ਨੇ ਕੀਤਾ ਸੀ। ਆਮਿਰ ਨੇ ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਇਆ ਸੀ। ਇਹ ਫਿਲਮ ਬਾਕਸ ਆਫਿਸ ’ਤੇ ਹਿੱਟ ਹੋਈ ਸੀ। -ਏਐੱਨਆਈ