‘ਗਾਂਧੀ-ਮੰਤਰਾਜ਼ ਆਫ ਕੰਪੈਸ਼ਨ’ ਨਾਲ ਮਹਾਤਮਾ ਗਾਂਧੀ ਨੂੰ ਸੰਗੀਤਕ ਸ਼ਰਧਾਂਜਲੀ ਭੇਟ
ਨਵੀਂ ਦਿੱਲੀ:
ਗ੍ਰੈਮੀ ਐਵਾਰਡ ਜੇਤੂ ਰਿੱਕੀ ਕੇਜ ਅਤੇ ਮਾਸਾ ਤਾਕੁਮੀ, ਬ੍ਰਿਟ ਐਵਾਰਡ ਲਈ ਨਾਮਜ਼ਦ ਟੀਨਾ ਗੁਓ ਅਤੇ ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਐਲਬਮ ‘ਗਾਂਧੀ-ਮੰਤਰਾਜ਼ ਆਫ ਕੰਪੈਸ਼ਨ’ ਨਾਲ ਮਹਾਤਮਾ ਗਾਂਧੀ ਦੇ ਜੀਵਨ ਅਤੇ ਆਦਰਸ਼ਾਂ ਨੂੰ ਸੰਗੀਤਕ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਸੰਗੀਤਕ ਐਲਬਮ ਵਿੱਚ ਦੁਨੀਆ ਭਰ ਦੇ 200 ਤੋਂ ਵੱਧ ਕਲਾਕਾਰਾਂ ਦੀਆਂ ਆਵਾਜ਼ਾਂ ਅਤੇ ਪ੍ਰਤਿਭਾ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਗਾਂਧੀ ਦੇ ਅਹਿੰਸਾ, ਸ਼ਾਂਤੀ, ਸਹਿਣਸ਼ੀਲਤਾ ਅਤੇ ਵਾਤਾਵਰਣ ਚੇਤਨਾ ਦੇ ਫਲਸਫ਼ੇ ਨੂੰ ਸੰਗੀਤ ਰਾਹੀਂ ਫੈਲਾਇਆ ਜਾ ਸਕੇ। ਐਲਬਮ ਦੇ ਨਿਰਮਾਤਾਵਾਂ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਗਾਂਧੀ ਦਾ ਸੰਦੇਸ਼ ਅੱਜ ਵੀ ਓਨਾ ਹੀ ਸਾਰਥਕ ਹੈ, ਜਿੰਨਾ ਪਹਿਲਾਂ ਸੀ। ਰਿੱਕੀ ਕੇਜ ਨੇ ਕਿਹਾ, ‘‘ਮਹਾਤਮਾ ਗਾਂਧੀ ਨੇ ਮਾਰਟਿਨ ਲੂਥਰ ਕਿੰਗ ਜੂਨੀਅਰ ਤੋਂ ਲੈ ਕੇ ਨੈਲਸਨ ਮੰਡੇਲਾ ਤੱਕ ਪੀੜ੍ਹੀਆਂ ’ਚ ਤਬਦੀਲੀ ਲਿਆਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਪ੍ਰੇਰਿਤ ਕੀਤਾ ਹੈ। ਇਹ ਐਲਬਮ ਇਸੇ ਮਸ਼ਾਲ ਨੂੰ ਬਲਦੀ ਰੱਖਣ ਲਈ ਸਾਡੀ ਨਿਮਰ ਪੇਸ਼ਕਸ਼ ਹੈ। ਜਿਵੇਂ ਗਾਂਧੀ ਦਾ ਸੰਦੇਸ਼ ਦੁਨਿਆ ਭਰ ’ਚ ਪਹੁੰਚਿਆ, ਉਸੇ ਤਰ੍ਹਾਂ ਸੰਗੀਤ ਵਿੱਚ ਵੀ ਸਰਹੱਦਾਂ ਪਾਰ ਕਰਨ ਦੀ ਤਾਕਤ ਹੈ।’’ ਸੰਗੀਤਕ ਐਲਬਮ ‘ਗਾਂਧੀ’ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਅਤੇ ਗ੍ਰੈਮੀ ਪੁਰਸਕਾਰ ਜੇਤੂ ਰਿੱਕੀ ਕੇਜ ਵਿਚਕਾਰ ਵਿਲੱਖਣ ਸਹਿਯੋਗ ਨੂੰ ਦਰਸਾਉਂਦਾ ਹੈ। ਐਲਬਮ ਦੇ ਟ੍ਰੇਲਰ ਵਿੱਚ ਸੰਗੀਤਕਾਰ ਰਿੱਕੀ ਕੇਜ ਨੇ ਕੈਲਾਸ਼ ਸਤਿਆਰਥੀ ਨਾਲ ਆਪਣੇ ਸਹਿਯੋਗ ਦੇ ਪਿੱਛੇ ਦੀ ਕਹਾਣੀ ਦਾ ਖੁਲਾਸਾ ਕੀਤਾ। ਸੰਗੀਤਕਾਰ ਅਤੇ ਨੋਬੇਲ ਪੁਰਸਕਾਰ ਜੇਤੂ ਦਾ ਸਹਿਯੋਗ 2024 ਵਿੱਚ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਇਹ ਜੋੜੀ ਭਾਰਤ ਭਰ ਵਿੱਚ ਚਾਰ-ਸ਼ਹਿਰਾਂ ਦੇ ਸੰਗੀਤ ਸਮਾਰੋਹ ਦੇ ਦੌਰੇ ਵਿੱਚ ਸ਼ਾਮਲ ਹੋਈ ਸੀ।’’ ਜ਼ਿਕਰਯੋਗ ਹੈ ਕਿ ਐਲਬਮ ‘ਗਾਂਧੀ-ਮੰਤਰਾਜ਼ ਆਫ ਕੰਪੈਸ਼ਨ’ 14 ਜੁਲਾਈ ਨੂੰ ਰਿਲੀਜ਼ ਹੋਵੇਗੀ। -ਏਐੱਨਆਈ