DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਬੋਲੀ ਦੇ ਭਵਿੱਖ ’ਤੇ ਨਜ਼ਰ

ਪੰਜਾਬ ਦੀ ਧਰਤੀ ਉਪਜਾਊ ਅਤੇ ਵਿਲੱਖਣ ਰਣਨੀਤਕ ਟਿਕਾਣੇ ’ਤੇ ਹੋਣ ਕਰਕੇ ਇੱਥੋਂ ਦਾ ਇਤਿਹਾਸ ਕਿੰਨੀਆਂ ਹੀ ਸੱਭਿਅਤਾਵਾਂ, ਧਰਮਾਂ ਅਤੇ ਸਾਮਰਾਜਾਂ ਦੇ ਵਿਖਿਆਨਾਂ ਨਾਲ ਭਰਿਆ ਹੋਇਆ ਹੈ। ਸਿੰਧ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਆਧੁਨਿਕ ਵਿਸ਼ਵ-ਪ੍ਰਧਾਨ ਯੁੱਗ ਤੀਕਰ ਇਹ ਧਰਤੀ ਦੂਰ...

  • fb
  • twitter
  • whatsapp
  • whatsapp
Advertisement

ਪੰਜਾਬ ਦੀ ਧਰਤੀ ਉਪਜਾਊ ਅਤੇ ਵਿਲੱਖਣ ਰਣਨੀਤਕ ਟਿਕਾਣੇ ’ਤੇ ਹੋਣ ਕਰਕੇ ਇੱਥੋਂ ਦਾ ਇਤਿਹਾਸ ਕਿੰਨੀਆਂ ਹੀ ਸੱਭਿਅਤਾਵਾਂ, ਧਰਮਾਂ ਅਤੇ ਸਾਮਰਾਜਾਂ ਦੇ ਵਿਖਿਆਨਾਂ ਨਾਲ ਭਰਿਆ ਹੋਇਆ ਹੈ। ਸਿੰਧ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਆਧੁਨਿਕ ਵਿਸ਼ਵ-ਪ੍ਰਧਾਨ ਯੁੱਗ ਤੀਕਰ ਇਹ ਧਰਤੀ ਦੂਰ ਦੁਰਾਡੇ ਦੇ ਵਪਾਰੀਆਂ, ਵਿਦਵਾਨਾਂ ਅਤੇ ਯਾਤਰੂਆਂ ਨੂੰ ਆਕਰਸ਼ਕ ਕਰਦੀ ਰਹੀ ਹੈ। ਸਿੱਟੇ ਵਜੋਂ ਪੰਜਾਬ ਦੀ ਸੱਭਿਅਤਾ ਵੱਖੋ ਵੱਖਰੇ ਰੰਗਾਂ ਨਾਲ ਬੁਣੀ ਫੁਲਕਾਰੀ ਹੈ ਜਿਸਦੀ ਰੂਹ ਅਤੇ ਦਿਲਾਂ ਦੀ ਧੜਕਣ ਇੱਥੋਂ ਦੀ ਸੁਰੀਲੀ ਪੰਜਾਬੀ ਬੋਲੀ ਹੈ। ਨੈਤਿਕ ਕਦਰਾਂ ਕੀਮਤਾਂ, ਮਾਣ ਤੇ ਸੰਗੀਤ ਨਾਲ ਗੁੰਦੀ ਇਹ ਬੋਲੀ ਕਰੋੜਾਂ ਲੋਕਾਂ ਦੇ ਵਿਰਸੇ ਦਾ ਇੱਕ ਅਟੁੱਟ ਅੰਗ ਹੈ।

ਲਗਾਤਾਰ ਬਦਲਦੇ ਵਕਤ ਨਾਲ ਹਰ ਬੋਲੀ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ’ਚ ਨਵੇਂ ਸ਼ੰਕੇ ਉਪਜਣੇ ਸ਼ੁਰੂ ਹੋ ਜਾਂਦੇ ਹਨ। ਪਿਛਲੇ ਪੰਜਾਹ ਕੁ ਸਾਲਾਂ ਵਿੱਚ ਸਾਇੰਸ ਅਤੇ ਤਕਨੀਕ ਨੇ ਅਜਿਹੀ ਸਪੀਡ ਨਾਲ ਤਰੱਕੀ ਕੀਤੀ ਹੈ ਕਿ ਇਹ ਨਿੱਕਾ ਸਮਾਂ ਆਪਣੇ ਆਪ ਵਿੱਚ ਇੱਕ ਯੁੱਗ ਬਣ ਗਿਆ ਹੈ। ਐਨੀ ਤਰੱਕੀ ਦੁਨੀਆ ਨੇ ਪਹਿਲੇ ਹਜ਼ਾਰ ਸਾਲਾਂ ਵਿੱਚ ਵੀ ਨਹੀਂ ਸੀ ਵੇਖੀ। ਇਸ ਤੇਜ਼ ਬਦਲਦੀ ਦੁਨੀਆ ਨਾਲ ਕਿਹੜੀ ਬੋਲੀ ਬਚੇਗੀ ਅਤੇ ਕਿਹੜੀ ਖਤਮ ਹੋ ਜਾਵੇਗੀ, ਵਰਗੇ ਸੁਆਲ ਪੈਦਾ ਹੋਣੇ ਕੁਦਰਤੀ ਹਨ। ਪੰਜਾਬੀ ਦੇ ਬੁੱਧੀਜੀਵੀਆਂ ਅਤੇ ਪੰਜਾਬੀ ਵਿਰਸੇ ਨਾਲ ਮੋਹ ਰੱਖਣ ਵਾਲਿਆਂ ਵਿੱਚ ਵੀ ਪੰਜਾਬੀ ਬੋਲੀ ਦੇ ਭਵਿੱਖ ਨੂੰ ਲੈ ਕੇ ਇੱਕ ਅਜੀਬ ਜਿਹਾ ਡਰ ਤੇ ਅਣਸੁਖਾਵਾਂਪਣ ਨਜ਼ਰ ਆਉਂਦਾ ਹੈ। ਵਿਸ਼ਵੀਕਰਨ ਦੇ ਹੋ ਰਹੇ ਬੇਲਗਾਮ ਵਾਧੇ ਕਾਰਨ ਹੋਰਨਾਂ ਬੋਲੀਆਂ ਖ਼ਾਸਕਰ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ’ਚ ਵੜਨਾ ਕਿਸੇ ਤੋਂ ਲੁਕਿਆ ਨਹੀਂ ਹੈ। ਬਹੁਤਿਆਂ ਨੂੰ ਲੱਗਦਾ ਹੈ ਕਿ ਅੰਗਰੇਜ਼ੀ ਦੀ ਇਸ ਘੁਸਪੈਠ ਕਾਰਨ ਪੰਜਾਬੀ ਦੀ ਸ਼ੁੱਧਤਾ, ਵਿਲੱਖਣਤਾ ਅਤੇ ਰੂਹ ਪਤਲੇ ਹੋ ਰਹੇ ਹਨ। ਸ਼ੁੱਧਤਾ-ਪੱਖੀ ਅਤੇ ਪਰੰਪਰਾਗਤ ਵਿਦਵਾਨਾਂ ਦੀ ਰਾਇ ਹੈ ਕਿ ਪੰਜਾਬੀ ਦੀ ਪਵਿੱਤਰਤਾ ਨੂੰ ਬਚਾਉਣ ਲਈ ਸਾਡੇ ਲਈ ਜ਼ਰੂਰੀ ਹੈ ਕਿ ਆਪਾਂ ਇਸ ਨੂੰ ਹੋਰਨਾਂ ਬੋਲੀਆਂ ਦੇ ਅਸਰ ਤੋਂ ਬਚਾ ਕੇ ਰੱਖੀਏ ਤੇ ਉਨ੍ਹਾਂ ਗ਼ੈਰ ਸ਼ਬਦਾਂ ਨੂੰ ਪੰਜਾਬੀ ਬੋਲੀ ਵਿੱਚ ਵੜ ਕੇ ਆਪਣੀ ਜ਼ੁਬਾਨ ਨੂੰ ਗੰਧਲਾ ਨਾ ਕਰਨ ਦੇਈਏ। ਉਨ੍ਹਾਂ ਦੀ ਰਾਇ ਹੈ ਕਿ ਬੋਲੀ ਦਾ ਸੁਹੱਪਣ ਤੇ ਪਾਕੀਜ਼ਗੀ ਸਿਰਫ਼ ਉਸ ਦੇ ਸ਼ੁੱਧ ਰੂਪ ਵਿੱਚ ਹੀ ਮਹਿਸੂਸ ਕੀਤੇ ਜਾ ਸਕਦੇ ਹਨ। ਜੇਕਰ ਬਾਹਰਲੀਆਂ ਭਾਸ਼ਾਵਾਂ ਬੋਲੀ ਨੂੰ ਪਤਲਾ ਕਰ ਦੇਣ ਤਾਂ ਬੋਲੀ ਨਾਂਮਾਤਰ ਦੀ ਬੋਲੀ ਬਣ ਕੇ ਰਹਿ ਜਾਂਦੀ ਹੈ।

Advertisement

ਇੱਥੇ ਇੱਕ ਬਹੁਤ ਸੰਜੀਦਾ ਸਵਾਲ ਪੈਦਾ ਹੁੰਦਾ ਹੈ-ਕੀ ਸਖ਼ਤਾਈ ਨਾਲ ਸਾਂਭੀ ਸ਼ੁੱਧਤਾ ਪੰਜਾਬੀ ਭਾਸ਼ਾ ਲਈ ਵਧੀਆ ਭਵਿੱਖ ਹੈ? ਇਸ ਆਧੁਨਿਕਤਾ ਅਤੇ ਪਰੰਪਰਾ ਵਾਲੇ ਚੁਰੱਸਤੇ ’ਤੇ ਖੜ੍ਹਿਆਂ ਇਹ ਜ਼ਰੂਰੀ ਹੈ ਕਿ ਆਪਾਂ ਭਾਸ਼ਾਈ ਵਿਕਾਸ ਦੀ ਪ੍ਰੀਕਿਰਿਆ ਅਤੇ ਲੋੜ ਉੱਤੇ ਇੱਕ ਖੁੱਲ੍ਹੀ ਨਜ਼ਰ ਮਾਰੀਏ। ਬਿਨਾਂ ਸ਼ੱਕ ਇਹ ਜ਼ਰੂਰੀ ਹੈ ਕਿ ਸਾਨੂੰ ਆਪਣੀ ਬੋਲੀ ਦੀਆਂ ਨੀਹਾਂ ਦੀ ਕਦਰ ਕਰਨੀ ਅਤੇ ਉਨ੍ਹਾਂ ਨੂੰ ਸਾਂਭਣਾ ਚਾਹੀਦਾ ਹੈ, ਪਰ ਸਾਨੂੰ ਇਹ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਬੋਲੀਆਂ ਬੇਜਾਨ ਚੀਜ਼ਾਂ ਨਹੀਂ ਹੁੰਦੀਆਂ-ਇਹ ਵੀ ਸਾਡੇ ਵਾਂਗ ਜਿਉਂਦੀਆਂ ਜਾਗਦੀਆਂ ਹਨ। ਇਹ ਵੀ ਸਾਹ ਲੈਂਦੀਆਂ, ਵਧਦੀਆਂ, ਫੁੱਲਦੀਆਂ ਨੇ ਤੇ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਦੇ ਬਦਲਦੇ ਵਾਤਾਵਰਨ ਦੇ ਅਨੁਸਾਰ ਢਾਲਦੀਆਂ ਹਨ। ਜਿਵੇਂ ਜਿਵੇਂ ਵਿਸ਼ਵੀਕਰਨ ਦੁਨੀਆ ਦੀਆਂ ਸੱਭਿਅਤਾਵਾਂ ਨੂੰ ਇਕੱਠਾ ਕਰਦਾ ਜਾ ਰਿਹਾ ਹੈ, ਕੀ ਇਹ ਸੰਭਵ ਨਹੀਂ ਕਿ ਨਵੇਂ ਸ਼ਬਦਾਂ ਨੂੰ ਅਪਣਾਉਣ ਨਾਲ ਪੰਜਾਬੀ ਸਗੋਂ ਨਰੋਈ ਹੋਵੇਗੀ। ਆਉਣ ਵਾਲੀਆਂ ਨਸਲਾਂ ਨੂੰ ਵੱਧ ਚੰਗੀ ਲੱਗੇਗੀ ਅਤੇ ਨਵੀਂ ਜੁੜਦੀ ਦੁਨੀਆ ਵਿੱਚ ਆਪਣੀ ਥਾਂ ਬਣਾ ਕੇ ਰੱਖੇਗੀ?

ਤਬਦੀਲੀ ਕੁਦਰਤੀ ਸੁਭਾਅ

ਤਬਦੀਲੀ ਭਾਸ਼ਾਵਾਂ ਦਾ ਕੁਦਰਤੀ ਸੁਭਾਅ ਹੈ। ਬੋਲੀਆਂ ਕਿਸੇ ਸਥਾਈ ਚਟਾਨ ਵਾਂਗ ਨਹੀਂ ਹੁੰਦੀਆਂ, ਜਿਹੜੀਆਂ ਗੁਜ਼ਰਦੇ ਵਕਤ ਤੋਂ ਬੇਖ਼ਬਰ ਇੱਕ ਥਾਂ ਟਿਕੀਆਂ ਰਹਿਣ। ਇਹ ਤਾਂ ਉਸ ਸ਼ੀਸ਼ੇ ਵਾਂਗ ਹੁੰਦੀਆਂ ਹਨ ਜਿਸ ਵਿੱਚ ਆਪਾਂ ਇਨਸਾਨ ਦੇ ਸਫ਼ਰ ਦੀਆਂ ਸੱਭਿਅਕ, ਰਾਜਨੀਤਕ, ਆਰਿਥਕ ਤਬਦੀਲੀਆਂ ਅਤੇ ਜੱਦੋਜਹਿਦ ਨੂੰ ਵੇਖ ਸਕਦੇ ਹਾਂ। ਬੋਲੀਆਂ ਵੀ ਜਿਉਂਦੇ ਜੀਵ ਜੰਤੂਆਂ ਦੇ ਵਾਂਗ ਤਬਦੀਲੀ ਦੇ ਬਹਾਅ ਵਿੱਚ ਫਸੀਆਂ ਹਨ ਅਤੇ ਇਨਸਾਨੀ ਵਿਕਾਸ ਦੇ ਨਾਲ ਨਾਲ ਆਪਣਾ ਰੂਪ ਬਦਲਦੀਆਂ ਰਹਿੰਦੀਆਂ ਹਨ। ਬੋਲੀ ਦਾ ਹਰ ਸੁਰ, ਹਰ ਸ਼ਬਦ, ਹਰ ਵਾਕ-ਰਚਨਾ ਹਜ਼ਾਰਾਂ ਮਨੁੱਖੀ ਤਜਰਬਿਆਂ, ਰੂਪਾਂਤਰਾਂ ਅਤੇ ਮਿਲਵਰਤਣਾਂ ਦੀ ਪੈੜ ਹੁੰਦਾ ਹੈ। ਇਸ ਤਬਦੀਲੀ ਦਾ ਮਤਲਬ ਇਹ ਨਹੀਂ ਕਿ ਪੰਜਾਬੀ ਪਤਲੀ ਹੋ ਰਹੀ ਹੈ ਜਾਂ ਆਪਾ ਗਵਾ ਰਹੀ ਹੈ। ਇਹ ਤਾਂ ਪੰਜਾਬੀਆਂ ਦੇ ਉਸ ਉਤੇਜਿਤ ਸਫ਼ਰ ਦੀ ਕਹਾਣੀ ਹੈ ਜਿਸ ਵਿੱਚ ਉਹ ਵੰਨ ਸੁਵੰਨੇ ਖਿਆਲਾਂ ਨਾਲ ਖੇਡਦੇ, ਤਕਨੀਕੀ ਵਿਕਾਸ ਨਾਲ ਮੋਢਾ ਡਾਹੁੰਦੇ ਅਤੇ ਵੱਖੋ ਵੱਖਰੀਆਂ ਸੱਭਿਅਤਾਵਾਂ ਨਾਲ ਮੋਢੇ ਘਸਾਉਂਦੇੇ ਰਹੇ ਹਨ। ਬੋਲੀ ਦਾ ਲਗਾਤਾਰ ਵਿਕਾਸ, ਬੋਲੀ ਦੀ ਜਿਊਣ-ਸ਼ਕਤੀ ਅਤੇ ਲਚਕੀਲੇਪਣ ਦੀ ਨਿਸ਼ਾਨੀ ਹੁੰਦਾ ਹੈ ਕਿ ਕਿਵੇਂ ਉਹ ਬੋਲੀ ਪੂਰੀ ਧੜਕਣ ਨਾਲ ਜ਼ਿੰਦਾ ਰਹਿ ਸਕਦੀ ਹੈ ਅਤੇ ਆਪਣੇ ਪੁਰਾਣੇ ਨੂੰ ਸਾਂਭਦੀ, ਨਵੇਂ ਨੂੰ ਗਲਵੱਕੜੀ ਵਿੱਚ ਲੈ ਸਕਦੀ ਹੈ।

ਤਬਦੀਲੀ ਦੀ ਮਿਸਾਲ ਅੰਗਰੇਜ਼ੀ ਭਾਸ਼ਾ

ਤੁਲਨਾਤਮਕ ਤੌਰ ’ਤੇ ਆਪਾਂ ਅੰਗਰੇਜ਼ੀ ਬੋਲੀ ਵੱਲ ਨਜ਼ਰ ਮਾਰਦੇ ਹਾਂ। ਜੇਕਰ ਆਪਾਂ ਐਲਿਜ਼ਾਬੈਥ ਦੌਰ ਦੇ ਇੰਗਲੈਂਡ ਵਿੱਚ ਇੱਕ ਫੇਰੀ ਮਾਰੀਏ ਤਾਂ ਸ਼ੇਕਸਪੀਅਰ ਦੇ ‘ਸਮਾਂ-ਮੁਕਤ’ ਡਰਾਮੇ ਮੁਲਕ ਦੇ ਥੀਏਟਰਾਂ ’ਚ ਖੇਡੇ ਜਾਂਦੇ ਮਿਲਣਗੇ, ਪਰ ਉਹ ਅੰਗਰੇਜ਼ੀ, ਅੱਜ ਦੇ ਇੱਕੀਵੀਂ ਸਦੀ ਦੇ ਅੰਗਰੇਜ਼ੀ ਕੰਨਾਂ ਨੂੰ ਇੱਕ ਵਿਦੇਸ਼ੀ ਬੋਲੀ ਲੱਗਦੀ ਹੈ। ਸ਼ੇਕਸਪੀਅਰ ਦੇ ਡਰਾਮਿਆਂ ਦੀ ਉਹ ਵਿਸਥਾਰਪੂਰਵਕ, ਭਰਪੂਰ ਸ਼ੈਲੀ, ਵਿਲੱਖਣ ਧੁਨ, ਸ਼ਬਦਾਵਲੀ, ਲਹਿਜ਼ਾ, ਅਜੋਕੀ ਅੰਗਰੇਜ਼ੀ ਬੋਲਣ ਵਾਲੇ ਲਈ ਇੱਕ ਚੁਣੌਤੀ ਹੈ ਤੇ ਇਸ ਪਏ ਵਕਤੀ ਪਾੜ ਨੂੰ ਅਨੁਵਾਦਾਂ ਰਾਹੀਂ ਪੂਰਾ ਕੀਤਾ ਜਾਂਦਾ ਹੈ। ਪਰ ਕੀ ਇਸ ਪਾੜ ਨੂੰ ਅੰਗਰੇਜ਼ੀ ਬੋਲਣ ਵਾਲੇ ਡਰ ਜਾਂ ਖ਼ਤਰੇ ਵਾਲੀ ਐਨਕ ਨਾਲ ਵੇਖਦੇ ਨੇ ਅਤੇ ਉਹਦੀ ਸ਼ੁੱਧਤਾ ’ਤੇ ਸ਼ੱਕ ਕਰਦੇ ਹਨ? ਨਹੀਂ, ਸੱਚਾਈ ਸਗੋਂ ਉਸ ਦੇ ਉਲਟ ਹੈ। ਅੰਗਰੇਜ਼ੀ ਜ਼ੁਬਾਨ ਦੇ ਇਸ ਬਦਲਦੇ ਰੂਪ ਨੇ ਅੰਗਰੇਜ਼ੀ ਬੋਲੀ ਨੂੰ ਅਤੇ ਉਸ ਦੀ ਹੋਂਦ ਨੂੰ ਪਤਲਾ ਨਹੀਂ ਕੀਤਾ; ਇਹ ਤਬਦੀਲੀ ਤਾਂ ਸਗੋਂ ਅੰਗਰੇਜ਼ੀ ਦੇ ਅਨੋਖੇ ਸਫ਼ਰ ਦੀ ਇੱਕ ਦਿਲਚਸਪ ਕਹਾਣੀ ਬਣ ਗਈ ਹੈ। ਨਾਲ ਹੀ ਇਹ ਤਬਦੀਲੀ ਇਸ ਗੱਲ ਦੀ ਸਬੂਤ ਹੈ ਕਿ ਕਿਵੇਂ ਮੱਧਕਾਲੀ ਮਹਾਰਾਜਿਆਂ ਦੀਆਂ ਅਦਾਲਤਾਂ ਤੋਂ ਲੈ ਕੇ ਅਜੋਕੇ ਡਿਜੀਟਲ ਪਲੈਟਫਾਰਮ ਤੀਕਰ, ਅੰਗਰੇਜ਼ੀ ਜ਼ੁਬਾਨ ਆਪਣੇ ਆਪ ਨੂੰ ਵਾਤਾਵਰਨ ਦੇ ਅਨੁਕੂਲ ਬਣਾਉਂਦੀ, ਉਸ ਵਿੱਚ ਘੁਲਮਿਲ ਜਾਂਦੀ ਅਤੇ ਵਿਕਾਸ ਦਾ ਹਿੱਸਾ ਬਣਦੀ ਰਹੀ ਏ। ਅੰਗਰੇਜ਼ੀ ਦਾ ਇਤਿਹਾਸ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਕਿਵੇਂ ਇਹ ਲਾਤੀਨੀ, ਫਰਾਂਸੀਸੀ, ਜਰਮਨ ਤੇ ਹੋਰ ਅਨੇਕਾਂ ਭਾਸ਼ਾਵਾਂ ਦੀ ਸ਼ਬਦਾਵਲੀ ਨੂੰ ਆਪਣੇ ਆਪ ਵਿੱਚ ਸਮਾਉਂਦੀ ਅਤੇ ਉਨ੍ਹਾਂ ਸ਼ਬਦਾਂ ਨੂੰ ਆਪਣੇ ਰੂਪ ਵਿੱਚ ਰੰਗਦੀ ਰਹੀ ਹੈ। ਅੰਗਰੇਜ਼ੀ ਦੀ ਦੂਜੀਆਂ ਭਾਸ਼ਾਵਾਂ ਨਾਲ ਇੱਕਮਿੱਕ ਹੋਣ ਅਤੇ ਉਨ੍ਹਾਂ ਦੇ ਸ਼ਬਦਾਂ ਨੂੰ ਆਪਣੇ ਰੂਪ ਵਿੱਚ ਢਾਲ਼ ਲੈਣ ਦੀ ਸਮਰੱਥਾ ਇਸ ਬੋਲੀ ਦੇ ਤਕੜੇਪਣ ਅਤੇ ਬਹੁਰੂਪਤਾ ਦਾ ਸਬੂਤ ਹੈ। ਵਿਸ਼ਵਕਰਨੀ ਤਬਦੀਲੀਆਂ ਦੇ ਭਾਰ ਥੱਲੇ ਆ, ਖਤਮ ਹੋਣ ਦੀ ਜਗ੍ਹਾ ਅੰਗਰੇਜ਼ੀ ਜ਼ੁਬਾਨ ਵਧਦੀ ਫੁੱਲਦੀ ਗਈ, ਬੇਲੋੜੀ ਹੋਣ ਤੋਂ ਬਚਣ ਲਈ ਬਦਲਦੀ ਗਈ, ਲੋਕਾਂ ਦੇ ਕੰਮ ਆਉਂਦੀ ਗਈ ਤੇ ਦੁਨੀਆ ਦੀਆਂ ਦੂਰ ਦੁਰੇਡੀਆਂ ਥਾਵਾਂ ਤੀਕਰ ਪ੍ਰਭਾਵਸ਼ਾਲੀ ਬਣੀ ਰਹੀ।

ਬੋਲੀ ਦੀ ਬਣਤਰ: ਵਿਆਕਰਨ ਅਤੇ ਵਾਕ-ਰਚਨਾ

ਬੋਲੀਆਂ, ਮਨੁੱਖੀ ਭਾਵਨਾਵਾਂ ਨੂੰ ਪੇਸ਼ ਕਰਨ ਤੇ ਉਨ੍ਹਾਂ ਦੀ ਵਿਆਖਿਆ ਕਰਨ ਦਾ ਇੱਕ ਜ਼ਰੀਆ ਹੁੰਦੀਆਂ ਹਨ। ਹਰ ਬੋਲੀ ਇੱਕ ਗੁੰਝਲਦਾਰ ਤਾਣਾਬਾਣਾ ਹੁੰਦੀ ਹੈ ਜਿਹੜੀ ਪ੍ਰਚੱਲਤ ਸ਼ਬਦਾਂ ਦੀ ਵਰਤੋਂ, ਵੱਖੋ ਵੱਖਰੇ ਰੰਗਾਂ ਅਤੇ ਸਾਈਜ਼ ਵਾਲੇ ਮਣਕਿਆਂ ਦੇ ਤੌਰ ’ਤੇ ਕਰਦੀ ਹੈ। ਸ਼ਬਦਾਵਲੀ ਉਹ ਮਣਕੇ ਹੁੰਦੇ ਹਨ ਜਿਨ੍ਹਾਂ ਰਾਹੀਂ ਭਾਸ਼ਾ ਆਪਣੀ ਗੱਲ ਸਮਝਾ ਸਕਦੀ ਹੈ, ਪਰ ਕਿਸੇ ਵੀ ਭਾਸ਼ਾ ਦੀ ਜੜ੍ਹ ਉਹਦੀ ਵਿਆਕਰਨ ਅਤੇ ਵਾਕ-ਰਚਨਾ ਹੁੰਦੀ ਹੈ, ਜਿਸ ਨਾਲ ਉਸ ਦੀ ਇਕਾਗਰਤਾ ਅਤੇ ਡੂੰਘਾਈ ਦਾ ਪਤਾ ਲੱਗਦਾ ਹੈ। ਵਿਆਕਰਨ ਤੇ ਵਾਕ ਰਚਨਾ ਭਾਸ਼ਾ ਦੇ ਇੰਜਨੀਅਰ ਹੁੰਦੇ ਹਨ ਜਿਹੜੇ ਮਣਕਿਆਂ ਨੂੰ ਫਿਕਰਿਆਂ ਦਾ ਰੂਪ ਦਿੰਦੇ ਹਨ ਤਾਂ ਜੋ ਗੱਲ ਨੂੰ, ਸੌਖਿਆਂ ਅਤੇ ਸਹੀ ਵਹਾਅ ਵਿੱਚ ਸਮਝਾਇਆ ਜਾ ਸਕੇ।

ਇੱਕ ਵਾਰ ਮੈਂ ਚੰਡੀਗੜ੍ਹ ਕਿਸੇ ਕਾਨਫਰੰਸ ਵਿੱਚ ਬੈਠਾ ਜਾਵੇਦ ਅਖ਼ਤਰ ਨੂੰ ਸੁਣ ਰਿਹਾ ਸਾਂ। ਉਨ੍ਹਾਂ ਇੱਕ ਬੜਾ ਦਿਲਚਸਪ ਸਵਾਲ ਪੁੱਛਿਆ। ‘ਯੇ ਹਾਲ ਏਅਰ ਕੰਡੀਸ਼ਨਡ ਹੈ? ਕੀ ਇਹ ਫਿਕਰਾ ਹਿੰਦੀ ਦਾ ਹੈ ਜਾਂ ਇੰਗਲਿਸ਼ ਦਾ? ਉਨ੍ਹਾਂ ਖ਼ੁਦ ਹੀ ਇਸ ਦਾ ਜਵਾਬ ਦਿੱਤਾ ਕਿ ਬੇਸ਼ੱਕ ਇਸ ਫਿਕਰੇ ਵਿੱਚ ਤਿੰਨ ਵੱਡੇ ਲਫਜ਼ ਅੰਗਰੇਜ਼ੀ ਅਤੇ ਸਿਰਫ਼ ਦੋ ਤੇ ਉਹ ਵੀ ਸਭ ਤੋਂ ਨਿੱਕੇ, ਹਿੰਦੀ ਦੇ ਹਨ। ਇਹ ਫਿਕਰਾ ਹਿੰਦੀ ਦਾ ਹੀ ਹੈ ਕਿਉਂਕਿ ਇਸ ਵਿੱਚ ਵਿਆਕਰਨ ਤੇ ਵਾਕ ਰਚਨਾ ਹਿੰਦੀ ਦੀ ਹੈ। ਮੈਂ ਇਸ ਦੇ ਉਲਟ ਇੱਕ ਫਿਕਰਾ ਬਣਾ ਕੇ ਵੇਖਿਆ- ‘ਦਿਸ ਕਮਰਾ ਇਜ਼ ਪੂਰਾ ਠੰਢਾ।’ ਘੋਖ ਕੇ ਵੇਖੋ ਤਾਂ ਬਿਨਾਂ ਸ਼ੱਕ, ਇਹ ਫਿਕਰਾ ਅੰਗਰੇਜ਼ੀ ਦਾ ਹੈ ਜਿਸ ਵਿੱਚ ਤਿੰਨ ਪੰਜਾਬੀ ਦੇ ਸ਼ਬਦ ਵਰਤੇ ਗਏ ਹਨ।

ਇਸ ਦਲੀਲ ਦੇ ਮੱਦੇਨਜ਼ਰ ਇਹ ਸਾਫ਼ ਹੈ ਕਿ ਦੂਜੀ ਭਾਸ਼ਾ ਦੇ ਸ਼ਬਦਾਂ ਨੂੰ ਅਪਣਾ ਲੈਣਾ ਭਾਸ਼ਾ ਲਈ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੁੰਦੀ; ਇਹ ਤਾਂ ਸਗੋਂ ਭਾਸ਼ਾ ਨੂੰ ਵਿਕਸਤ ਅਤੇ ਅਮੀਰ ਹੋਣ ਦੇ ਮੌਕੇ ਪ੍ਰਦਾਨ ਕਰਦਾ ਹੈ। ਜਿਵੇਂ ਦਰਿਆ, ਚੋਆਂ ਅਤੇ ਨਦੀ ਨਾਲਿਆਂ ਦਾ ਪਾਣੀ ਲੈ ਲੈ ਕੇ, ਹੌਲੀ ਹੌਲੀ ਵੱਡਾ ਤੇ ਤਾਕਤਵਰ ਬਣ ਜਾਂਦਾ ਹੈ, ਇਸੇ ਤਰ੍ਹਾਂ ਬੋਲੀਆਂ, ਦੂਜੀਆਂ ਬੋਲੀਆਂ ਦੀ ਸ਼ਬਦਾਵਲੀ ਨੂੰ ਗਲਵੱਕੜੀ ਪਾ ਕੇ ਆਪਣੇ ਆਪ ਨੂੰ ਨਰੋਆ ਤੇ ਬਦਲਦੀ ਦੁਨੀਆ ਦੇ ਅਨੁਕੂਲ ਕਰ ਲੈਂਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਕੋਈ ਬੋਲੀ ਪਤਲੀ ਨਹੀਂ ਹੁੰਦੀ ਤੇ ਨਾਂ ਹੀ ਆਪੇ ਨੂੰ ਗਵਾਉਂਦੀ ਹੈ। ਇਹ ਤਾਂ ਸਗੋਂ ਲੋਕਾਂ, ਖ਼ਾਸ ਕਰ ਨਵੀਆਂ ਪੀੜ੍ਹੀਆਂ ਵਿੱਚ ਆਪਣੇ ਲਈ ਨਵੀਂ ਚਾਹਤ ਪੈਦਾ ਕਰਦੀ ਹੈ ਤੇ ਉਹ ਇਸ ਬੋਲੀ ਨੂੰ ਸਿੱਖਦੇ ਹਨ ਤਾਂ ਜੋ ਉਹ ਉਹਨੂੰ ਸੌਖਿਆਂ ਵਰਤ ਸਕਣ, ਨਾ ਕਿ ਇਸ ਕਰਕੇ ਕਿ ਇਹ ਉਨ੍ਹਾਂ ਦੇ ਪੁਰਖਿਆਂ ਦੀ ਜਾਇਦਾਦ ਹੈ, ਜਿਸ ਨੂੰ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਭਾਰ ਹੈ। ਕਿਸੇ ਬੋਲੀ ਦੀ ਆਪਣੇ ਮੂਲ ਰੂਪ ਨੂੰ ਗਵਾਏ ਬਿਨਾਂ ਬਦਲ ਲੈਣ ਦੀ ਸਮਰੱਥਾ ਤਾਂ ਜੋ ਉਹ ਦੂਜੀਆਂ ਬੋਲੀਆਂ ਨਾਲ ਜੁੜੀ ਰਹਿ ਸਕੇ, ਲੋਕਾਂ ਦੀ ਲੋੜ ਨੂੰ ਪੂਰਾ ਕਰ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਨਾਲ ਜੋੜੀ ਰੱਖ ਸਕੇੇ, ਉਸ ਬੋਲੀ ਦੇ ਨਰੋਏ ਅਤੇ ਲਚਕੀਲੇਪਣ ਦੀ ਪਛਾਣ ਹੁੰਦੀ ਹੈ।

ਵਿਕਾਸ ’ਤੇ ਝਾਤ, ਭਵਿੱਖ ’ਤੇ ਇੱਕ ਨਜ਼ਰ

ਅੱਜ ਦੇ ਵਿਸ਼ਵੀਕਰਨ ਯੁੱਗ ਵਿੱਚ ਜਿੱਥੇ ਦੁਨੀਆ ਡਿਜੀਟਲ ਰੂਪ ਵਿੱਚ ਜੁੜ ਚੁੱਕੀ ਹੈ, ਅੰਗਰੇਜ਼ੀ ਬੋਲੀ ਦਾ ਦੁਨੀਆ ਦੀ ਸਟੇਜ ’ਤੇ ਉੱਭਰ ਕੇ ਆਉਣਾ ਕਿਸੇ ਤੋਂ ਲੁਕਿਆ ਨਹੀਂ ਹੈ। ਆਪਣੇ ਇਤਿਹਾਸ, ਦੂਜੇ ਮੁਲਕਾਂ ਉੱਤੇ ਜਿੱਤਾਂ, ਵਪਾਰ ਅਤੇ ਸੱਭਿਅਤਾ ਦੀਆਂ ਨੀਹਾਂ ’ਤੇ ਖੜੋ ਕੇ ਅੰਗਰੇਜ਼ੀ ਦਾ ਬਾਕੀ ਬੋਲੀਆਂ ਦੇ ਉੱਤੋਂ ਸਿਰ ਕੱਢ ਲੈਣ ਦਾ ਕਾਰਨ ਕੱਟੜਤਾ ਨਹੀਂ, ਸਗੋਂ ਇਹ ਇਸ ਬੋਲੀ ਦੇ ਲਚਕੀਲੇਪਣ ਅਤੇ ਅਡੈਪਟੇਬਿਲਿਟੀ-ਮਤਲਬ ਵਾਤਾਵਰਨ ਦੇ ਅਨੁਕੂਲ ਹੋ ਸਕਣ ਦੀ ਯੋਗਤਾ ਹੈ। ਇਸੇ ਲਚਕੀਲੇਪਣ ਅਤੇ ਅਨੁਕੂਲ ਹੋ ਸਕਣ ਸਦਕਾ ਅੰਗਰੇਜ਼ੀ ਵਿਭਿੰਨ ਖਿਆਲਾਂ, ਸੱਭਿਆਚਾਰਾਂ ਤੇ ਵਿਕਾਸਾਂ ਦੇ ਨਾਲ ਇੱਕਮਿੱਕ ਹੁੰਦੀ ਰਹੀ ਹੈ। ਹਰ ਸਾਲ ਆਪਾਂ ਵੇਖਦੇ ਹਾਂ ਕਿਵੇਂ, ਕਿੰਨੇ ਹੀ ਨਵੇਂ ਸ਼ਬਦ ਜਿਹੜੇ ਅੰਗਰੇਜ਼ੀ ਦੀ ਡਿਕਸ਼ਨਰੀ ਵਿੱਚ ਜੋੜੇ ਜਾਂਦੇ ਹਨ, ਕਿਵੇਂ ਵੱਖੋ ਵੱਖਰੀਆਂ ਬੋਲੀਆਂ, ਸੱਭਿਆਤਾਵਾਂ ਤੇ ਤਕਨੀਕੀ ਵਿਕਾਸ ਵਿੱਚੋਂ ਲਏ ਹੁੰਦੇ ਹਨ।

ਭਾਸ਼ਾਈ ਵਿਕਾਸ ਦੇ ਚੁਰਸਤੇ ’ਤੇ ਖਲੋਤੀ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਦੇ ਇਸ ਚੜ੍ਹਾਈ ਵਾਲੇੇ ਸਫ਼ਰ ਤੋਂ ਕਈ ਗੱਲਾਂ ਸਿੱਖਣ ਦੀ ਲੋੜ ਹੈ। ਪੰਜਾਬੀ ਨੂੰ ਅੰਗਰੇਜ਼ੀ ਦੇ ਵਿਸ਼ਵੀਕਰਨ ਰਸੂਖ ਤੋਂ ਡਰਨ ਜਾਂ ਨਿਰਾਸ਼ ਹੋਣ ਦੀ ਜਗ੍ਹਾ ਅੰਗਰੇਜ਼ੀ ਦੇ ਇਸ ਸਫ਼ਰ ਤੋਂ ਆਪਣੇ ਲਈ ਨਕਸ਼ੇ ਕਦਮ ਤਿਆਰ ਕਰਨ ਦੀ ਜ਼ਰੂਰਤ ਹੈ ਕਿ ਕਿਵੇਂ ਇਹਨੇ, ਇਸ ਘਸ ਰਹੀਆਂ ਹੱਦਾਂ ਵਾਲੀ ਨਵੀਂ ਦੁਨੀਆ ਵਿੱਚ ਪ੍ਰਫੁੱਲਤ ਹੋਣਾ ਹੈ। ਭਵਿੱਖ ਲਈ ਤਿਆਰ ਹੋਣ ਦਾ ਮਤਲਬ ਇਸ ਵਿਸ਼ਵੀਕਰਨ ਬਗੀਚੇ ਨੂੰ ਇੱਕ ਜੰਗੀ ਮੈਦਾਨ ਵਾਂਗੂ ਨਹੀਂ, ਸਗੋਂ ਉਸ ਬੁਣੀ ਜਾ ਰਹੀ ਨਵੀਂ ਫੁਲਕਾਰੀ ਵਾਂਗ ਵੇਖਣ ਦੀ ਲੋੜ ਹੈ, ਜਿਸ ਵਿੱਚ ਹਰ ਜਿਉਂਦੀ ਬੋਲੀ, ਇੱਕ ਵਿਲੱਖਣ ਰੰਗ ਵਾਲੇ ਧਾਗੇ ਵਾਂਗ ਹੋਵੇਗੀ, ਜਿਸ ਬਿਨਾਂ ਇਹ ਫੁਲਕਾਰੀ ਪੂਰੀ ਨਹੀਂ ਲੱਗੇਗੀ।

ਇਸੇ ਦਲੀਲ ਨੂੰ ਅੱਗੇ ਤੋਰਦਿਆਂ ਜੇਕਰ ਪੰਜਾਬੀ ‘ਉਹਨੇ ਮੇਰੇ ਸਿਰ ਵਿੱਚ ਸਟੋਨ ਮਾਰਿਆ’ ਜਾਂ ‘ਟਰੀਜ਼ ਤੋਂ ਲੀਵਜ਼ ਫਾਲ ਕਰ ਰਹੇ ਨੇ’ ਵਰਗੇ ਫਿਕਰਿਆਂ ਨੂੰ ਸਵੀਕਾਰ ਕਰ ਲਵੇ ਤਾਂ ਇਸ ਨਾਲ ਪੰਜਾਬੀ ਬੋਲੀ ਨੂੰ ਢਾਹ ਲੱਗਣਾ ਨਹੀਂ ਆਖਾਂਗੇ। ਸਗੋਂ ਇੱਕ ਦਿਨ ਆਉਣ ਵਾਲੀਆਂ ਪੀੜ੍ਹੀਆਂ ਲਈ ਸਕੂਲ, ਗਲਾਸ, ਸਟੇਸ਼ਨ, ਤੇ ਪੇਪਰ ਵਰਗੇ ਸ਼ਬਦਾਂ ਵਾਂਗ ਸਟੋਨ, ਟਰੀਜ਼, ਲੀਵਜ਼ ਤੇ ਫਾਲ ਵਰਗੇ ਸ਼ਬਦ ਵੀ ਪੰਜਾਬੀ ਜ਼ੁਬਾਨ ਦਾ ਅਟੁੱਟ ਹਿੱਸਾ ਲੱਗਣ ਲੱਗ ਜਾਣਗੇ। ਇਹ ਸਬੂਤ ਹੋਵੇਗਾ, ਪੰਜਾਬੀ ਦੀ ਚੱਲਦੀ ਨਬਜ਼ ਦਾ ਅਤੇ ਇਸ ਦੇ ਧੜਕਦੇ ਦਿਲ ਦਾ। ਸਿੱਟੇ ਵਜੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਬੋਲੀ ਆਪਣੀ ਤਾਕਤ ਅਤੇ ਪ੍ਰਸੰਗਿਕਤਾ ਬਣਾਈ ਰੱਖ ਸਕੇੇਗੀ।

ਬੋਲੀ ਨੂੰ ਬਚਾਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਸ ਦੁਆਲੇ ਕੋਈ ਕੰਧ ਖੜ੍ਹੀ ਕਰ ਦੇਈਏ ਤਾਂ ਜੋ ਉਹ ਬਾਹਰੀ ਅਸਰਾਂ ਤੋਂ ਬਚੀ ਰਹਿ ਸਕੇ। ਇਹਨੂੰ ਬਚਾਉਣ ਦਾ ਇੱਕੋ ਤਰੀਕਾ ਹੈ ਕਿ ਇਹਨੂੰ ਬੋਲਣ ਵਾਲੇ, ਸਿੱਧੇ ਜਾਂ ਅਸਿੱਧੇ ਤੌਰ ’ਤੇ ਦੂਜੀਆਂ ਸੱਭਿਅਤਾਵਾਂ, ਬਦਲਦੀ ਤਕਨਾਲੋਜੀ ਤੇ ਵਿਕਸਤ ਹੋ ਰਹੀਆਂ ਦੂਜੀਆਂ ਬੋਲੀਆਂ ਦੇ ਲਗਾਤਾਰ ਸੰਪਰਕ ਵਿੱਚ ਰਹਿਣ। ਬੋਲੀਆਂ ਸਿਰਫ਼ ਸੰਪਰਕ ਦਾ ਸਾਧਨ ਹੀ ਨਹੀਂ ਹੁੰਦੀਆਂ, ਇਹ ਜਿਉਂਦੀਆਂ ਜਾਗਦੀਆਂ ਚੀਜ਼ਾਂ ਨੇ, ਜਿਨ੍ਹਾਂ ਨੂੰ ਆਪਣੀ ਧੜਕਣ ਕਾਇਮ ਰੱਖਣ ਲਈ, ਸਾਹ ਲੈਣ, ਵਧਣ ਫੁੱਲਣ ਅਤੇ ਬਦਲਦੇ ਵਾਤਾਵਰਨ ਨਾਲ ਸੰਪਰਕ ਰੱਖਣ ਦੀ ਲੋੜ ਹੁੰਦੀ ਹੈ। ਮਨੁੱਖੀ ਇਤਿਹਾਸ ਦੱਸਦਾ ਹੈ ਕਿ ਉਹੀ ਬੋਲੀਆਂ ਜਿਉਂਦੀਆਂ ਜਾਗਦੀਆਂ ਅਤੇ ਧੜਕਦੀਆਂ ਰਹਿੰਦੀਆਂ ਹਨ ਜਿਹੜੀਆਂ ਮਨੁੱਖੀ ਤਜਰਬਿਆਂ ਦੇ ਵਿਕਸਤ ਹੋ ਰਹੇ ਬਗੀਚੇ ਦੇ ਨਾਲ ਨਾਲ ਪੁੰਗਰਦੀਆਂ ਰਹਿੰਦੀਆਂ ਹਨ। ਹੱਦਾਂ ਵਿੱਚ ਸੀਮਤ ਰੱਖੀਆਂ ਬੋਲੀਆਂ ਹੌਲੀ ਹੌਲੀ ਅਲੋਪ ਜਾਂ ਅਪ੍ਰਸੰਗਿਕ ਹੋ ਜਾਂਦੀਆਂ ਹਨ।

ਆਪਣੀ ਇਸ ਰਸਮਈ ਅਤੇ ਗਹਿਰਾਈਆਂ ਭਰੀ ਪੰਜਾਬੀ ਬੋਲੀ ਦਾ ਵਿਰਸਾ ਸਦੀਆਂ ਪੁਰਾਣਾ ਹੈ। ਇਹ ਲੋਕਾਂ ਦੀ ਰੂਹ ਅਤੇ ਉਨ੍ਹਾਂ ਦੇ ਹਠ ਅਤੇ ਵਿਕਾਸ ਦੀ ਕਹਾਣੀ ਹੈ। ਆਪਣੇ ਲੰਮੇ ਸਫ਼ਰ ਦੌਰਾਨ, ਪੁਰਾਣੇ ਸ਼ਾਸਤਰਾਂ ਅਤੇ ਗੁਰਬਾਣੀ ਤੋਂ ਲੈ ਕੇ ਅਜੋਕੇ ਡਿਜੀਟਲ ਯੁੱਗ ਤੀਕ ਇਹ ਬੋਲੀ ਬਹੁਤ ਤਬਦੀਲੀਆਂ ਵਿੱਚੋਂ ਲੰਘੀ ਹੈ ਅਤੇ ਆਪਣੇ ਆਪੇ ਨੂੰ ਗਵਾਏ ਬਗੈਰ ਇਸ ਨੇ ਫ਼ਾਰਸੀ, ਅਰਬੀ, ਸੰਸਕ੍ਰਿਤ ਤੇ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਨੂੰ ਆਪਣਾ ਬਣਾ ਲਿਆ ਹੈ। ਇਸਦੀ ਇਹ ਅਨੁਕੂਲਤਾ ਇਹਦੀ ਤਾਕਤ ਅਤੇ ਵਾਤਾਵਰਨ ਅਨੁਸਾਰ ਢਲ ਸਕਣ ਦੀ ਯੋਗਤਾ ਦਾ ਸਬੂਤ ਹੈ।

ਪੰਜਾਬੀ ਦੀ ਅਹਿਮੀਅਤ ਨੂੰ ਹਮੇਸ਼ਾਂ ਬਰਕਰਾਰ ਰੱਖਣ ਲਈ ਇਸ ਦੇ ਸੁਨਹਿਰੀ ਵਿਰਸੇ ਅਤੇ ਭਵਿੱਖ ਲਈ ਲੋੜੀਂਦੀ ਤਬਦੀਲੀ ਵਿਚਕਾਰ ਇੱਕ ਸੰਤੁਲਨ ਕਾਇਮ ਰੱਖਣ ਦੀ ਲੋੜ ਹੈ। ਪੰਜਾਬੀ ਬੋਲੀ ਸਿਰ ਉੱਚਾ ਕਰਕੇ ਭਵਿੱਖ ਵਿੱਚ ਵਿਚਰ ਸਕੇ ਇਸ ਲਈ ਇਸ ਨੂੰ ਆਪਣੇ ਭਰਪੂਰ ਵਿਰਸੇ ਦੇ ਨਾਲ ਨਾਲ, ਬਦਲਦੀ ਹਵਾ, ਨਵੇਂ ਵਿਚਾਰਾਂ, ਨਵੀਆਂ ਧਾਰਨਾਵਾਂ ਨਾਲ ਜੁੜੇ ਰਹਿਣ ਦੀ ਲੋੜ ਹੈ। ਪੁਰਾਣੇ ਅਤੇ ਨਵੇਂ-ਪਿਰਤ ਅਤੇ ਵਿਕਾਸ ਦੇ ਸੁਮੇਲ ਨਾਲ ਪੰਜਾਬੀ ਦੀ ਧੜਕਣ ਹਮੇਸ਼ਾਂ ਬਣੀ ਰਹੇਗੀ ਅਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਵਿੱਚ ਵਸਦੀ ਰਹੇਗੀ।

* ਲੇਖਕ ਅਮਰੀਕਾ ਰਹਿੰਦਾ ਹੈ।

Advertisement
×