ਰੱਦ ਹੋਈ ਜ਼ਿੰਦਗੀ: ਸਾਥੀ ਇਤਿਹਾਸਕਾਰ ਉਮਰ ਖਾਲਿਦ
ਜ਼ਿੰਦਗੀ ਦੇ ਮੁੱਢਲੇ ਪੜਾਅ ਦੇ ਪ੍ਰੇਮ ਪ੍ਰਸੰਗ ਕਦੇ-ਕਦਾਈਂ ਹੀ ਧੁਰ ਤੱਕ ਨਿਭਦੇ ਹਨ, ਪਰ ਸ਼ੁਰੂਆਤੀ ਪੜਾਅ ’ਚ ਪੈਦਾ ਹੋਈਆਂ ਬੌਧਿਕ ਰੁਚੀਆਂ ਅਕਸਰ ਕਾਇਮ ਰਹਿੰਦੀਆਂ ਹਨ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਜੰਗਲਾਂ ’ਚ ਰਹਿੰਦੇ ਕਬਾਇਲੀ ਲੋਕਾਂ ਦੇ ਇਤਿਹਾਸਕਾਰ ਵਜੋਂ ਕੀਤੀ ਸੀ...
ਜ਼ਿੰਦਗੀ ਦੇ ਮੁੱਢਲੇ ਪੜਾਅ ਦੇ ਪ੍ਰੇਮ ਪ੍ਰਸੰਗ ਕਦੇ-ਕਦਾਈਂ ਹੀ ਧੁਰ ਤੱਕ ਨਿਭਦੇ ਹਨ, ਪਰ ਸ਼ੁਰੂਆਤੀ ਪੜਾਅ ’ਚ ਪੈਦਾ ਹੋਈਆਂ ਬੌਧਿਕ ਰੁਚੀਆਂ ਅਕਸਰ ਕਾਇਮ ਰਹਿੰਦੀਆਂ ਹਨ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਜੰਗਲਾਂ ’ਚ ਰਹਿੰਦੇ ਕਬਾਇਲੀ ਲੋਕਾਂ ਦੇ ਇਤਿਹਾਸਕਾਰ ਵਜੋਂ ਕੀਤੀ ਸੀ ਜਿਨ੍ਹਾਂ ਦੀ ਜ਼ਿੰਦਗੀ ਨੂੰ ਬਰਤਾਨਵੀ ਬਸਤੀਵਾਦੀ ਰਾਜ ਨੇ ਬੁਰੀ ਤਰ੍ਹਾਂ ਉਲਝਾ ਦਿੱਤਾ ਸੀ। ਹਾਲਾਂਕਿ ਮੈਂ ਉਦੋਂ ਤੋਂ ਹੋਰ ਕਈ ਪਾਸੇ ਭਟਕਦਾ ਰਿਹਾ ਹਾਂ, ਪਰ ਮੈਂ ਹਮੇਸ਼ਾ ਉਸ ਖੇਤਰ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਿਆ ਹੈ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ। ਦਰਅਸਲ, ਮੈਂ ਪਿਛਲੇ ਹਫ਼ਤੇ ਇੱਕ ਨੌਜਵਾਨ ਖੋਜਾਰਥੀ ਦਾ ਡਾਕਟੋਰਲ ਥੀਸਿਸ ਪੜ੍ਹ ਰਿਹਾ ਸੀ, ਜੋ ਅਜੋਕੇ ਝਾਰਖੰਡ ਰਾਜ ਦੇ ਸਮਾਜਿਕ ਅਤੇ ਵਾਤਾਵਰਨ ਨਾਲ ਜੁੜੇ ਇਤਿਹਾਸ ’ਤੇ ਆਧਾਰਿਤ ਹੈ। ਮੈਂ ਇਸ ਥੀਸਿਸ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਮੇਰੇ ਮਨ ’ਚ ਆਇਆ ਕਿ ਮੈਨੂੰ ਇਸ ਬਾਰੇ ਲਿਖਣਾ ਚਾਹੀਦਾ ਹੈ।
ਇਹ ਥੀਸਿਸ ਬਰਤਾਨਵੀ ਰਾਜ ਅਧੀਨ ਸਿੰਘਭੂਮ ਖੇਤਰ ਵਿੱਚ ਆਦਿਵਾਸੀ ਸਮਾਜ ’ਚ ਆਈਆਂ ਤਬਦੀਲੀਆਂ ’ਤੇ ਕੇਂਦਰਿਤ ਹੈ। ਸਭ ਤੋਂ ਪਹਿਲਾਂ ਇਹ ਦੱਸਦਾ ਹੈ ਕਿ ਈਸਟ ਇੰਡੀਆ ਕੰਪਨੀ ਨੇ ਹੌਲੀ-ਹੌਲੀ ਖੇਤਰ ’ਤੇ ਫ਼ੌਜੀ ਅਤੇ ਪ੍ਰਸ਼ਾਸਕੀ ਪਕੜ ਕਿਵੇਂ ਬਣਾਈ। ਫਿਰ ਇਹ ਵਿਸ਼ਲੇਸ਼ਣ ਕਰਦਾ ਹੈ ਕਿ ਕਿਵੇਂ ਬਸਤੀਵਾਦ ਨੇ ਸਿੰਘਭੂਮ ਦੇ ਕੁਦਰਤੀ ਨਜ਼ਾਰੇ, ਕਾਨੂੰਨੀ ਖਾਕੇ ਅਤੇ ਆਰਥਿਕ ਤੇ ਰਾਜਨੀਤਕ ਢਾਂਚਿਆਂ ਨੂੰ ਬੁਨਿਆਦੀ ਤੌਰ ’ਤੇ ਬਦਲ ਦਿੱਤਾ। ਇਸ ਵਿੱਚ ਜਿਹੜੇ ਮਹੱਤਵਪੂਰਨ ਵਿਸ਼ੇ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਵਿੱਚ ਬਸਤੀਵਾਦੀ ਜੰਗਲਾਤ ਨੀਤੀ ਦੀ ਵਪਾਰਕ ਬੇਇਨਸਾਫ਼ੀ, ਪਿੰਡ ਮੁਖੀਆਂ ਦਾ ਬਦਲਦਾ ਦਰਜਾ ਜਿਨ੍ਹਾਂ ਨੂੰ ਨਵੀਂ ਵਿਵਸਥਾ ਨਾਲ ਸਮਝੌਤਾ ਕਰਨਾ ਪਿਆ ਅਤੇ ਬਸਤੀਵਾਦੀ ਸ਼ਾਸਨ ਦੁਆਰਾ ਉਨ੍ਹਾਂ ਦੇ ਜੀਵਨ ਵਿੱਚ ਲਿਆਂਦੀ ਗਈ ਤਬਦੀਲੀ ਪ੍ਰਤੀ ਆਦਿਵਾਸੀ ਭਾਈਚਾਰਿਆਂ ਦੇ ਪ੍ਰਤੀਕਰਮ ਸ਼ਾਮਲ ਹਨ। ਵਾਤਾਵਰਨ, ਸਮਾਜ ਅਤੇ ਰਾਜਨੀਤੀ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਦਵਾਨ ਨੇ ਬੌਧਿਕ ਬਿਰਤਾਂਤ ’ਤੇ ਵੀ ਢੁੱਕਵਾਂ ਧਿਆਨ ਦਿੱਤਾ ਹੈ, ਜਿਸ ਵਿੱਚ ਸਿੰਘਭੂਮ ਦੇ ਕਬਾਇਲੀਆਂ ਬਾਰੇ ਯੂਰਪੀ ਅਧਿਕਾਰੀਆਂ ਤੇ ਭਾਰਤੀ ਮਾਨਵ-ਵਿਗਿਆਨੀਆਂ ਦੀਆਂ ਲਿਖਤਾਂ ਦਾ ਤਿੱਖਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਨੌਜਵਾਨ ਇਤਿਹਾਸਕਾਰ ਦੇ ਕਾਰਜ ਦੀਆਂ ਛੇ ਮਹੱਤਵਪੂਰਨ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਦੀ ਚਰਚਾ ਕਰਨੀ ਬਣਦੀ ਹੈ:
ਪਹਿਲਾ, ਪੁਰਾਣੇ ਲੇਖਕਾਂ ਵੱਲੋਂ ਆਦਿਵਾਸੀਆਂ ’ਤੇ ਲਿਖੇ ਸਾਹਿਤ ਉੱਤੇ ਪੂਰੀ ਪਕੜ, ਭਾਵੇਂ ਉਹ ਜਾਣਿਆ-ਪਛਾਣਿਆ ਹੋਵੇ ਜਾਂ ਗੁੰਮਨਾਮ, ਭਾਵੇਂ ਝਾਰਖੰਡ ਦੇ ਕਬਾਇਲੀਆਂ ’ਤੇ ਹੋਵੇ ਜਾਂ ਭਾਰਤ ਦੇ ਹੋਰਨਾਂ ਹਿੱਸਿਆਂ ਦੇ ਕਬਾਇਲੀਆਂ ’ਤੇ;
ਦੂਜਾ, ਮੌਲਿਕ ਸਰੋਤਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਲੱਭਣ ਅਤੇ ਵਰਤਣ ਦੀ ਯੋਗਤਾ। ਇਹ ਥੀਸਿਸ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰੀ ਪੁਰਾਲੇਖਾਂ, ਤੇ ਇੱਕ ਸਦੀ ਤੋਂ ਵੀ ਪਹਿਲਾਂ ਪ੍ਰਕਾਸ਼ਿਤ ਹੋਏ ਗੁੰਮਨਾਮ ਲੇਖਾਂ ਤੇ ਕਿਤਾਬਾਂ ਉੱਤੇ ਕੀਤੀ ਗਈ ਹੈਰਾਨੀਜਨਕ ਖੋਜ ’ਤੇ ਆਧਾਰਿਤ ਸੀ;
ਤੀਜੀ ਵਿਸ਼ੇਸ਼ਤਾ, ਅਧਿਐਨ ਅਧੀਨ ਖੇਤਰ ਵਿੱਚ ਫੀਲਡ ਵਰਕ ਰਾਹੀਂ ਵਾਧੂ ਗਿਆਨ ਪ੍ਰਾਪਤ ਕਰਨ ਦੀ ਇੱਛਾ। ਜਾਪਦਾ ਹੈ ਕਿ ਨੌਜਵਾਨ ਖੋਜਾਰਥੀ ਨੇ ਮਹਾਨ ਫਰਾਂਸੀਸੀ ਇਤਿਹਾਸਕਾਰ ਮਾਰਕ ਬਲੋਕ ਦੀ ਇਸ ਗੱਲ ਨੂੰ ਦਿਲੋਂ ਮੰਨਿਆ ਹੈ ਕਿ ਇੱਕ ਇਤਿਹਾਸਕਾਰ ਨੂੰ ਮੋਟੀਆਂ ਨੋਟਬੁੱਕਾਂ ਦੇ ਨਾਲ-ਨਾਲ ਮੋਟੇ ਬੂਟਾਂ ਦੀ ਵੀ ਲੋੜ ਹੁੰਦੀ ਹੈ;
ਚੌਥਾ, ਆਪਣੀਆਂ ਦਲੀਲਾਂ ਦੀ ਵਿਆਖਿਆ ਲਈ ਮੌਲਿਕ ਸਰੋਤਾਂ ਵਿੱਚੋਂ ਉੱਘੜਵੇਂ ਹਵਾਲੇ ਦੇਣ ਵਾਲੀ ਪਾਰਖੂ ਨਜ਼ਰ। ਉਦਾਹਰਣ ਵਜੋਂ, ਇਸ ਵਿੱਚ 19ਵੀਂ ਸਦੀ ਦਾ ਇੱਕ ਬਰਤਾਨਵੀ ਅਧਿਕਾਰੀ ਹੈ ਜੋ ਜੰਗਲਾਂ ਵਿੱਚ ਸ਼ਿਕਾਰ ਬਾਰੇ ਲਿਖ ਰਿਹਾ ਹੈ ਅਤੇ ਜ਼ਾਹਿਰਾ ਤੌਰ ’ਤੇ ਕਦੇ ਨਾ ਬਦਲਣ ਵਾਲੇ ਕਬਾਇਲੀ ਜੀਵਨ ਦੀ ਰੰਗੀਨ ਤਸਵੀਰ ਪੇਸ਼ ਕਰਦਾ ਹੈ: ‘ਇੱਥੇ ਸਦਾ ਨੱਚਦੀਆਂ ਅਤੇ ਗਾਉਂਦੀਆਂ ਸੰਥਾਲ ਜਨਜਾਤੀਆਂ ਹਨ, ਫੁੱਲਾਂ ਅਤੇ ਖੰਭਾਂ ਦੇ ਪਹਿਰਾਵਿਆਂ ’ਚ, ਖ਼ਾਸ ਢੰਗ ਨਾਲ ਸਜਾਈਆਂ ਬੰਸਰੀਆਂ ਦੇ ਨਾਲ, ਜੰਗਲੀ ਕੁੱਰੀਆ, ਜਾਂ ਪਹਾੜੀ ਲੋਕ ਬੋਰਾਭੂਮ ਦੀਆਂ ਲਕੀਸਿੰਨੀ ਪਹਾੜੀਆਂ ਤੋਂ; ਕੁਰਮੀ, ਟੌਂਟੀ, ਸੂੰਡੀ, ਗਵਾਲੇ, ਭੂਮੀਜੇ ਆਦਿ, ਗੂੰਜਦੇ ਨਗਾਰਿਆਂ ਦੇ ਨਾਲ, ਅਤੇ ਹੋਰ ਕਈ ਤਰ੍ਹਾਂ ਦਾ ਅਨੋਖਾ ਸੰਗੀਤ ਵਜਾਉਂਦੇ, ਤਲਵਾਰਾਂ ਤੇ ਹਰ ਕਿਸਮ ਦੇ ਤੀਰ-ਕਮਾਨਾਂ ਨਾਲ ਲੈਸ; ਸਾਦੇ ਅਤੇ ਨਿਰਮਲ, ਪਰ ਸਭ ਤੋਂ ਭਾਰੇ ਸ਼ਿਕਾਰ ਕਰਨ ਵਾਲੇ ਬਸਤਿਆਂ ਦੇ ਨਾਲ ਲੈਸ...।
ਇੱਕ ਸਦੀ ਬਾਅਦ ਦਾ ਇੱਕ ਹੋਰ ਹਵਾਲਾ, ਜੋ ਪੁਰਾਲੇਖਾਂ ਦੀ ਫਾਈਲ ਵਿੱਚੋਂ ਲੱਭਿਆ ਗਿਆ ਹੈ, ਵਿੱਚ 1920ਵਿਆਂ ਦੇ ਨਾ-ਮਿਲਵਰਤਣ ਅੰਦੋਲਨ ਵਿੱਚ ਹਿੱਸਾ ਲੈਣ ਵਾਲਾ ਇੱਕ ਵਿਅਕਤੀ ਕਹਿ ਰਿਹਾ ਹੈ (ਅਨੁਵਾਦ ਵਿੱਚ): ‘ਸਵਰਾਜ ਹੁਣ ਪ੍ਰਾਪਤ ਹੋ ਚੁੱਕਾ ਹੈ ਅਤੇ ਗਾਂਧੀ ਇਸ ਦਾ ਮੁਖੀ ਹੈ। ਅੰਗਰੇਜ਼ ਦੇਸ਼ ਛੱਡ ਰਹੇ ਹਨ ਅਤੇ ਚਾਇਬਾਸਾ ’ਚੋਂ ਕੁਝ ਅੰਗਰੇਜ਼ ਤਿੰਨ-ਚਾਰ ਮਹੀਨਿਆਂ ਵਿੱਚ ਭੱਜ ਜਾਣਗੇ। ... ਕੋਈ ਲਗਾਨ ਨਹੀਂ ਭਰਿਆ ਜਾਵੇਗਾ। ਗਾਂਧੀ ਮਹਾਤਮਾ ਇੱਕ ਸਕੂਲ ਸਥਾਪਤ ਕਰਨਗੇ ਅਤੇ ਸਰਕਾਰ ਦੇ ਸਕੂਲ ਤਬਾਹ ਕਰ ਦਿੱਤੇ ਜਾਣਗੇ। ਗਾਂਧੀ ਦੇ ਸਕੂਲ ਵਿੱਚ ਕੋਈ ਫੀਸ ਨਹੀਂ ਲਈ ਜਾਵੇਗੀ’; ਪੰਜਵਾਂ, ਆਪਣੀ ਸਮੱਗਰੀ ਨੂੰ ਸਾਫ਼ ਤੇ ਅਕਸਰ ਪ੍ਰਭਾਵਸ਼ਾਲੀ ਵਾਰਤਕ ਵਿੱਚ, ਘੱਟੋ-ਘੱਟ ਅਕਾਦਮਿਕ ਸ਼ਬਦਾਵਲੀ ਨਾਲ ਲਿਖਣ ਦੀ ਯੋਗਤਾ; ਛੇਵਾਂ, ਆਪਣੀਆਂ ਦਲੀਲਾਂ ਦੀ ਸੂਖ਼ਮ ਅਤੇ ਕੋਮਲ ਵਿਆਖਿਆ। ਖੋਜਾਰਥੀ ਨੇ ਇਹ ਖ਼ਾਸ ਸਾਵਧਾਨੀ ਵਰਤੀ ਕਿ ਕਬਾਇਲੀ ਜੀਵਨ ਦੀਆਂ ਜਿਹੜੀਆਂ ਰੂੜ੍ਹੀਵਾਦੀ ਗੱਲਾਂ ਤੋਂ ਬਸਤੀਵਾਦੀ ਅਧਿਕਾਰੀ ਤੇ ਸਮਕਾਲੀ ਕਾਰਕੁਨ ਆਮ ਤੌਰ ’ਤੇ ਜਾਣੂ ਹਨ, ਉਨ੍ਹਾਂ ਨੂੰ ਦੁਹਰਾਉਣ ਤੋਂ ਬਚਿਆ ਜਾਵੇ। ਉਹ ਉਨ੍ਹਾਂ ਲਿਖਤਾਂ ਦੀ ਇੱਕ ਵਿਚਾਰਸ਼ੀਲ ਸਮੀਖਿਆ ਕਰਦਾ ਹੈ ਜਿਹੜੀਆਂ ਬਸਤੀਵਾਦੀ ਯੁੱਗ ਤੇ ਵਰਤਮਾਨ ਦੇ ਕਬਾਇਲੀ ਰੋਸ ਪ੍ਰਦਰਸ਼ਨਾਂ ਵਿਚਕਾਰ ਇੱਕ ਸਿੱਧੀ ਲਕੀਰ ਖਿੱਚਦੀਆਂ ਹਨ, ‘ਉਹ ਪ੍ਰਦਰਸ਼ਨ ਜਿਹੜੇ ਆਦਿਵਾਸੀਆਂ ਦੀ ਦਿਲਕਸ਼ ਰਿਵਾਜ-ਆਧਾਰਿਤ ਦੁਨੀਆ ਵਿੱਚ ਅੱਜ ਦੀਆਂ ਸਰਕਾਰਾਂ ਵੱਲੋਂ ਕੀਤੀ ਗੜਬੜ ਕਾਰਨ ਸ਼ੁਰੂ ਹੋਏ।’ ਖੋਜਾਰਥੀ ਦੱਸਦਾ ਹੈ ਕਿ ਕਿਵੇਂ ਇਹ ਲਿਖਤਾਂ ‘ਲਾਜ਼ਮੀ ਤੌਰ ’ਤੇ ਆਦਿਵਾਸੀਆਂ ਨੂੰ ਸਮਰੂਪ ਭਾਈਚਾਰਿਆਂ ਵਜੋਂ ਦਰਸਾਉਣ ਦੀਆਂ ਦੋਸ਼ੀ ਹਨ, ਉਹ ਭਾਈਚਾਰੇ ਜੋ ਪ੍ਰਾਚੀਨ ਤੇ ਨਾ ਬਦਲਣ ਵਾਲੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਦੇ ਘੇਰੇ ਵਿੱਚ ਵਿਚਰਦੇ ਹਨ।’ ਦੂਜੇ ਪਾਸੇ, ਉਸ ਦੀ ਆਪਣੀ ਖੋਜ ਦਰਸਾਉਂਦੀ ਹੈ ਕਿ ‘ਹਾਲਾਂਕਿ ਬਹੁਤ ਸਾਰੇ ਆਦਿਵਾਸੀ ਸਰਕਾਰੀ ਦਖ਼ਲ ਦਾ ਵਿਰੋਧ ਕਰਦੇ ਹਨ’, ਉਨ੍ਹਾਂ ਦੇ ਹੋਰ ‘ਹਿੱਸੇ ਸਰਕਾਰ ਨਾਲ ਸਹਿਯੋਗ ਵੀ ਕਰਦੇ ਹਨ; ਕੁਝ ਆਪਣੇ ਭਾਈਚਾਰਿਆਂ ਦੇ ਅੰਦਰ ਦੂਜਿਆਂ ਮੁਕਾਬਲੇ ਆਪਣਾ ਦਰਜਾ ਬਿਹਤਰ ਕਰਨ ਲਈ ਸਮਝੌਤਾ ਵੀ ਕਰਦੇ ਹਨ’।
ਹਾਲਾਂਕਿ, ਇਸ ਥੀਸਿਸ ’ਚ ਕੁਝ ਖ਼ਾਮੀਆਂ ਵੀ ਹਨ। ਵਿਦਵਾਨ ਨੇ ਕੁਝ ਮਹੱਤਵਪੂਰਨ ਸਹਾਇਕ ਸਰੋਤਾਂ ਨੂੰ ਅਣਡਿੱਠ ਕਰ ਦਿੱਤਾ ਸੀ ਜੋ ਸਿੱਧੇ ਤੌਰ ’ਤੇ ਉਸ ਦੇ ਕੰਮ ਨਾਲ ਜੁੜੇ ਹੋਏ ਹਨ, ਜਿਵੇਂ ਕਿ ਟੀ ਐਨ ਮਦਾਨ ਦੀਆਂ ਭਾਰਤੀ ਮਾਨਵ-ਵਿਗਿਆਨ ਦੇ ਇਤਿਹਾਸ ਬਾਰੇ ਲਿਖਤਾਂ। ਮੈਂ ਚਾਹੁੰਦਾ ਸੀ ਕਿ ਉਸ ਨੇ ਲੋਕ-ਕਥਾਵਾਂ ਅਤੇ ਜ਼ੁਬਾਨੀ ਇਤਿਹਾਸ ਦੀ ਵਧੇਰੇ ਵਰਤੋਂ ਕੀਤੀ ਹੁੰਦੀ। ਇਸ ਦੇ ਨਾਲ ਹੀ ਮੂਲ ਸਰੋਤਾਂ ਤੋਂ ਲਏ ਸਾਰੇ ਹਵਾਲੇ ਓਨੇ ਪ੍ਰਭਾਵਸ਼ਾਲੀ ਨਹੀਂ ਸਨ ਜਿੰਨੇ ਮੈਂ ਇਸ ਲੇਖ ਵਿੱਚ ਉਜਾਗਰ ਕੀਤੇ ਹਨ। ਕੁਝ ਬਹੁਤ ਲੰਮੇ ਸਨ ਅਤੇ ਬਿਰਤਾਂਤ ਨੂੰ ਕਮਜ਼ੋਰ ਕਰਦੇ ਸਨ।
ਫਿਰ ਵੀ, ਇਹ ਮੇਰੇ ਦੁਆਰਾ ਕਿਸੇ ਭਾਰਤੀ ਦੇ ਪੜ੍ਹੇ ਗਏ ਸਭ ਤੋਂ ਵੱਧ ਸੁੱਘੜ ਡਾਕਟੋਰਲ ਖੋਜ ਕਾਰਜਾਂ ਵਿੱਚੋਂ ਇੱਕ ਸੀ। ਆਮ ਤੌਰ ’ਤੇ ਇਸ ਮਿਆਰ ਦਾ ਇੱਕ ਥੀਸਿਸ ਕੁਝ ਸਾਲਾਂ ਬਾਅਦ ਕਿਤਾਬ ਵਜੋਂ ਪ੍ਰਕਾਸ਼ਿਤ ਹੁੰਦਾ ਹੈ, ਜਿਸ ਦੀਆਂ ਕਮੀਆਂ-ਪੇਸ਼ੀਆਂ ਨੂੰ ਇੱਕ ਚੰਗੇ ਸੰਪਾਦਕ ਵੱਲੋਂ ਦੂਰ ਕੀਤਾ ਜਾਂਦਾ ਹੈ। ਜੇਕਰ ਕੋਈ ਵਾਤਾਵਰਨ/ਸਮਾਜਿਕ ਇਤਿਹਾਸ ਦੇ ਇਸ ਖੇਤਰ ਵਿੱਚ ਹੋਰਨਾਂ ਮੁਕਾਬਲੇ ਦੇ ਕਾਰਜਾਂ ਨੂੰ ਦੇਖਦਾ ਹੈ, ਜਿਵੇਂ ਕਿ ਨੰਦਿਨੀ ਸੁੰਦਰ ਦੀ ‘ਸਬਾਲਟਰਨਜ਼ ਐਂਡ ਸਾਵਰਨਜ਼’ ਅਤੇ ਮਹੇਸ਼ ਰੰਗਾਰਾਜਨ ਦੀ ‘ਫੈਂਸਿੰਗ ਦਿ ਫੋਰੈਸਟ’, ਤਾਂ ਉਨ੍ਹਾਂ ਦੋਵਾਂ ਨੂੰ ਥੀਸਿਸ ਜਮ੍ਹਾਂ ਕਰਾਉਣ ਅਤੇ ਕਿਤਾਬ ਪ੍ਰਕਾਸ਼ਿਤ ਕਰਵਾਉਣ ਦੇ ਵਿੱਚ ਸਿਰਫ਼ ਕੁਝ ਸਾਲਾਂ ਦਾ ਸਮਾਂ ਲੱਗਾ। ਲਗਭਗ ਇੰਨੇ ਹੀ ਫ਼ਰਕ ਨਾਲ ਹਾਲੀਆ ਇਤਿਹਾਸਕ ਖੋਜ ਕਾਰਜ ਛਪੇ ਹਨ, ਜਿਵੇਂ ਕਿ ਭਵਾਨੀ ਰਮਨ, ਆਦਿੱਤਿਆ ਬਾਲਾਸੁਬਰਾਮਣੀਅਨ, ਨਿਖਿਲ ਮੈਨਨ ਅਤੇ ਦਿਨਯਾਰ ਪਟੇਲ ਦੇ ਕਾਰਜ, ਜੋ ਸਾਰੇ ਡਾਕਟੋਰਲ ਖੋਜ ਕਾਰਜਾਂ ਵਜੋਂ ਸ਼ੁਰੂ ਕੀਤੇ ਗਏ ਸਨ।
ਇਨ੍ਹਾਂ ਕਿਤਾਬਾਂ ਨੂੰ ਵਿਆਪਕ ਤੌਰ ’ਤੇ ਪੜ੍ਹਿਆ ਤੇ ਸਰਾਹਿਆ ਗਿਆ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਹੁਣੇ ਮੈਂ ਜਿਹੜਾ ਥੀਸਿਸ ਪੜ੍ਹਿਆ ਹੈ, ਉਹ ਵੀ ਇੱਕ ਕਿਤਾਬ ਵਜੋਂ ਪ੍ਰਕਾਸ਼ਿਤ ਹੋਣ ’ਤੇ ਵਿਆਪਕ ਤੌਰ ’ਤੇ ਸਰਾਹਿਆ ਜਾਵੇਗਾ। ਹਾਲਾਂਕਿ ਦੁੱਖ ਦੀ ਗੱਲ ਇਹ ਹੈ ਕਿ ਇਹ ਥੀਸਿਸ 2018 ਵਿੱਚ ਜਮ੍ਹਾਂ ਕਰਾਇਆ ਗਿਆ ਸੀ, ਪਰ ਅਜੇ ਤੱਕ ਕਿਤਾਬ ਦੇ ਰੂਪ ਵਿੱਚ ਸਾਹਮਣੇ ਨਹੀਂ ਆਇਆ। ਇਹ ਇਸ ਲਈ ਹੈ ਕਿਉਂਕਿ ਖੋਜਾਰਥੀ ਦਾ ਨਾਮ ਉਮਰ ਖਾਲਿਦ ਹੈ। ਜ਼ਾਲਿਮ ਤੇ ਸਜ਼ਾ ਦੇਣ ’ਤੇ ਅੜੀ ਇੱਕ ਸਰਕਾਰ ਨੇ ਢਿੱਲੀ ਨਿਆਂ ਪ੍ਰਣਾਲੀ ਦੇ ਨਾਲ ਮਿਲ ਕੇ - ਇਹ ਕਾਲਮ ਲਿਖੇ ਜਾਣ ਤੱਕ- ਇਸ ਪ੍ਰਤਿਭਾਸ਼ਾਲੀ ਇਤਿਹਾਸਕਾਰ ਨੂੰ ਬਿਨਾਂ ਜ਼ਮਾਨਤ ਤੋਂ ਪੰਜ ਸਾਲਾਂ ਤੋਂ ਵੱਧ ਬਿਨਾਂ ਕਿਸੇ ਰਸਮੀ ਦੋਸ਼ ਦੇ ਜੇਲ੍ਹ ਵਿੱਚ ਰੱਖਿਆ ਹੋਇਆ ਹੈ।
ਮੈਂ ਖ਼ੁਦ ਡਾ. ਉਮਰ ਖਾਲਿਦ ਨੂੰ ਕਦੇ ਮਿਲਿਆ ਨਹੀਂ ਹਾਂ ਅਤੇ ਨਾ ਹੀ ਗੱਲ ਕੀਤੀ ਹੈ। ਹਾਲਾਂਕਿ, ਦਸੰਬਰ 2019 ਵਿੱਚ ਅਸੀਂ ਦੋਵਾਂ ਨੇ ਇੱਕ ਪੱਖਪਾਤੀ ਕਾਨੂੰਨ ਖਿਲਾਫ਼ ਸ਼ਾਂਤਮਈ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ, ਉਸ ਨੇ ਦਿੱਲੀ ਅਤੇ ਮੈਂ ਬੰਗਲੂਰੂ ਵਿੱਚ। ਉਦੋਂ ਤੋਂ ਬਾਅਦ ਦੇ ਸਾਲਾਂ ਵਿੱਚ ਮੈਂ ਕਈ ਵਾਰ ਸੋਚਿਆ ਕਿ ਸਾਡੇ ਜੀਵਨ ਦੇ ਰਾਹ ਇੰਨੇ ਵੱਖਰੇ ਕਿਉਂ ਹਨ ਅਤੇ ਇਸ ਦੇ ਕਾਰਨ ਕੀ ਹਨ ਕਿ ਮੈਂ ਆਪਣੀ ਖੋਜ ਅਤੇ ਲਿਖਤ ਜਾਰੀ ਰੱਖਣ ਦੇ ਯੋਗ ਰਿਹਾ ਜਦਕਿ ਉਹ ਨਹੀਂ ਰਿਹਾ, ਕਿਉਂਕਿ ਮੇਰਾ ਪਹਿਲਾ ਨਾਮ ਰਾਮਚੰਦਰ ਹੈ ਨਾ ਕਿ ਉਮਰ?
ਮੈਂ ਡਾ. ਖਾਲਿਦ ਬਾਰੇ ਇੱਥੇ ਇਸ ਲਈ ਲਿਖਿਆ ਹੈ ਕਿਉਂਕਿ ਆਧੁਨਿਕ ਭਾਰਤ ਦੇ ਇੱਕ ਇਤਿਹਾਸਕਾਰ ਵਜੋਂ ਮੈਂ ਉਸ ਦੇ ਵਿਦਵਤਾ ਭਰਪੂਰ ਕੰਮ ਦੀ ਡੂੰਘਾਈ ਅਤੇ ਸ਼ਾਨ ਦੀ ਕਦਰ ਕਰਨ ਦੀ ਸਥਿਤੀ ਵਿੱਚ ਹਾਂ। ਪਰ ਜਿਉਂ ਹੀ ਮੈਂ ਇਸ ਲੇਖ ਨੂੰ ਸਮਾਪਤ ਕਰਦਾ ਹਾਂ, ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਬਹੁਤ ਸਾਰੇ ਨੇਕ, ਇਮਾਨਦਾਰ ਪੁਰਸ਼ਾਂ ਤੇ ਔਰਤਾਂ ਵਿੱਚੋਂ ਇੱਕ ਹੈ, ਜੋ ਪੁਲੀਸ ਵੱਲੋਂ ਆਪਣੇ ਰਾਜਨੀਤਕ ਆਕਾਵਾਂ ਦੇ ਆਦੇਸ਼ਾਂ ’ਤੇ ਜਲਦਬਾਜ਼ੀ ’ਚ ਦਾਇਰ ਕੀਤੇ ਗਏ ਸੰਦੇਹਪੂਰਨ ਕੇਸਾਂ ਤਹਿਤ ਜੇਲ੍ਹ ਵਿੱਚ ਸੜ ਰਹੇ ਹਨ। ਇਨ੍ਹਾਂ ਵਿੱਚੋਂ ਕਈ ਭਾਰਤੀ ਵਿਦਵਾਨ ਅਤੇ ਖੋਜਕਾਰ ਵੀ ਹਨ। ਦੂਸਰੇ ਸਮਾਜ ਸੇਵਕ ਅਤੇ ਸਿਵਿਲ ਸੁਸਾਇਟੀ ਕਾਰਕੁਨ ਹਨ, ਜਿਨ੍ਹਾਂ ਨੇ ਆਪਣੇ ਜੀਵਨ ਅਤੇ ਕਾਰਜਾਂ ਰਾਹੀਂ ਖ਼ੁਦ ਨੂੰ ਅਹਿੰਸਾ ਅਤੇ ਭਾਰਤੀ ਸੰਵਿਧਾਨ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਦਰਸਾਇਆ ਹੈ। ਇਹ ਸ਼ਾਇਦ ਅਨੇਕਵਾਦ ਅਤੇ ਲੋਕਤੰਤਰ ਪ੍ਰਤੀ ਵਚਨਬੱਧਤਾ ਹੈ, ਜਿਸ ਨੇ ਉਨ੍ਹਾਂ ਨੂੰ ਸੱਤਾਧਾਰੀ ਸ਼ਾਸਨ ਦੀਆਂ ਤਾਨਾਸ਼ਾਹ ਅਤੇ ਬਹੁਗਿਣਤੀਵਾਦੀ ਪ੍ਰਵਿਰਤੀਆਂ ਦੇ ਸ਼ਿਕਾਰ ਬਣਾ ਦਿੱਤਾ ਹੈ। ਇਸੇ ਲਈ ਸਾਡੇ ਇਹ ਖ਼ਾਸ ਨੌਜਵਾਨ ਨਾਗਰਿਕ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਹਨੇਰੀਆਂ, ਗੰਦੀਆਂ ਅਤੇ ਅਸੁਰੱਖਿਅਤ ਜੇਲ੍ਹਾਂ ਵਿੱਚ ਬਿਤਾਉਣ ਲਈ ਮਜਬੂਰ ਹੋ ਗਏ ਹਨ, ਜਦੋਂਕਿ ਉਹ ਸਾਡੇ ਗਣਰਾਜ ’ਚ ਹੋਰ ਅਹਿਮ ਯੋਗਦਾਨ ਪਾ ਸਕਦੇ ਹਨ। ਨਿਸ਼ਚਿਤ ਤੌਰ ’ਤੇ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਜੱਜ ਉਹ ਆਜ਼ਾਦੀ ਪ੍ਰਦਾਨ ਕਰਨ ਲਈ ਸ਼ਾਲੀਨਤਾ ਤੇ ਹਿੰਮਤ ਲੱਭਣ ਜਿਸ ਤੋਂ ਇਨ੍ਹਾਂ ਸਾਰਿਆਂ ਨੂੰ ਵਾਂਝੇ ਰੱਖਿਆ ਗਿਆ ਹੈ।
ਈ-ਮੇਲ: ramachandraguha@gmail.com

