ਪੰਜਾਬੀ ਟ੍ਰਿਬਿਊਨ ਨਾਲ ਅਭੁੱਲ ਯਾਦਾਂ ਦਾ ਸਫ਼ਰ
15 ਅਗਸਤ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਪੰਜਾਬੀ ਟ੍ਰਿਬਿਊਨ ਦੀ ਸਥਾਪਤੀ ਦਾ ਵੀ ਦਿਨ ਹੈ। ਇਸ ਦੇ ਪਹਿਲੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੋਂ ਲੈ ਕੇ ਮੌਜੂਦਾ ਸੰਪਾਦਕ ਅਰਵਿੰਦਰ ਜੌਹਲ ਨੇ ਪੰਜਾਬੀ ਟ੍ਰਿਬਿਊਨ ਦੀ ਨਿਰਪੱਖ, ਲੋਕ ਪੱਖੀ, ਸਾਹਿਤਕ ਅਤੇ ਮਿਆਰੀ ਪੱਤਰਕਾਰੀ ਉੱਤੇ ਨਿਡਰਤਾ ਅਤੇ ਸੁਹਿਰਦਤਾ ਨਾਲ ਪਹਿਰਾ ਦਿੰਦੇ ਹੋਏ ਹਮੇਸ਼ਾ ਲੋਕ ਪੱਖੀ ਮੁੱਦਿਆਂ, ਸਮਾਜਿਕ ਸਰੋਕਾਰਾਂ, ਵਿਗਿਆਨਕ ਚੇਤਨਾ, ਧਰਮ ਨਿਰਪੱਖਤਾ ਅਤੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਸ਼ਿੱਦਤ ਨਾਲ ਆਵਾਜ਼ ਬੁਲੰਦ ਕੀਤੀ ਹੈ ਤੇ ਦੇਸ਼ ਵਿਦੇਸ਼ ਵਿੱਚ ਚੇਤਨ ਪਾਠਕਾਂ ਦਾ ਵਿਸ਼ਾਲ ਵਰਗ ਪੈਦਾ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਯਕੀਨਨ, ਅਖ਼ਬਾਰ ਦੇ ਹਰ ਵਿਭਾਗ ਨਾਲ ਜੁੜੇ ਸਮੂਹ ਕਾਮਿਆਂ, ਖਾਸ ਕਰ ਕੇ ਸੰਪਾਦਕੀ ਮੰਡਲ ਦੀ ਸਮਰਪਿਤ ਭਾਵਨਾ, ਟੀਮ ਵਰਕ ਅਤੇ ਸਖ਼ਤ ਮਿਹਨਤ ਇਸ ਸਫ਼ਰ ਵਿੱਚ ਸ਼ਾਮਿਲ ਰਹੀ ਹੈ।
ਸਮੇਂ-ਸਮੇਂ ਅਖ਼ਬਾਰ ਦੇ ਬੇਹੱਦ ਦਿਲਚਸਪ ਅਤੇ ਮਕਬੂਲ ਕਾਲਮਾਂ ਜਗਤ ਤਮਾਸ਼ਾ, ਅੱਠਵਾਂ ਕਾਲਮ, ਖਰੀਆਂ ਖਰੀਆਂ, ਗੱਲਾਂ ’ਚੋਂ ਗੱਲ, ਅੱਜ ਕੱਲ੍ਹ, ਅੰਗ ਸੰਗ ਆਦਿ ਨੇ ਅਖ਼ਬਾਰ ਨੂੰ ਮਿਆਰੀ ਪੱਤਰਕਾਰੀ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ ਅਤੇ ਪਾਠਕਾਂ ਨੂੰ ਵਿਗਿਆਨਕ ਚੇਤਨਾ, ਸਵੈ-ਵਿਸ਼ਵਾਸ, ਸੰਘਰਸ਼, ਜਮਹੂਰੀ ਅਧਿਕਾਰਾਂ, ਨੈਤਿਕ ਕਦਰਾਂ-ਕੀਮਤਾਂ, ਆਜ਼ਾਦੀ, ਬਰਾਬਰੀ, ਸਮਾਜਿਕ ਨਿਆਂ, ਸਾਹਿਤ, ਕਲਾ, ਸਭਿਆਚਾਰ, ਰੰਗਮੰਚ, ਤਰਕਸ਼ੀਲਤਾ, ਸਿਹਤ, ਸਿੱਖਿਆ, ਵਿਰਾਸਤ, ਖੇਤੀ, ਵਪਾਰ, ਧਰਮ ਆਦਿ ਵਿਸ਼ਿਆਂ ਸਬੰਧੀ ਵੱਖ-ਵੱਖ ਅੰਕਾਂ ਰਾਹੀਂ ਮਿਆਰੀ ਜਾਣਕਾਰੀ ਅਤੇ ਗਿਆਨ ਹਾਸਿਲ ਕਰਵਾਇਆ।
ਪੰਜਾਬੀ ਟ੍ਰਿਬਿਊਨ ਨੇ ‘ਤੁਹਾਡੀ ਚਿੱਠੀ ਮਿਲੀ’, ‘ਪਾਠਕਾਂ ਦੇ ਖ਼ਤ’ ਅਤੇ ‘ਡਾਕ ਐਤਵਾਰ ਦੀ’ ਵਰਗੇ ਕਾਲਮਾਂ ਰਾਹੀਂ ਪਾਠਕਾਂ ਨੂੰ ਖੁੱਲ੍ਹੇ ਵਿਚਾਰ ਪ੍ਰਗਟ ਕਰਨ ਅਤੇ ਕਈ ਪਾਠਕਾਂ ਨੂੰ ਲੇਖਕ ਬਣਨ ਦਾ ਮੌਕਾ ਦਿੱਤਾ। ਇਸ ਤੋਂ ਇਲਾਵਾ ਸਿਆਸਤਦਾਨਾਂ, ਪੁਲੀਸ ਤੇ ਸਿਵਲ ਪ੍ਰਸ਼ਾਸਨ, ਪ੍ਰਦੂਸ਼ਣ ਫੈਲਾਉਣ ਵਾਲੇ ਕਾਰਪੋਰੇਟ ਅਦਾਰਿਆਂ ਤੇ ਪਾਖੰਡੀ ਬਾਬਿਆਂ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਪਰਦਾਫਾਸ਼ ਕਰਦੀਆਂ ਬੇਬਾਕ ਸੰਪਾਦਕੀਆਂ ਅਤੇ ਖੋਜੀ ਪੱਤਰਕਾਰਾਂ ਦੀਆਂ ਲੋਕ ਪੱਖੀ ਸਰੋਕਾਰਾਂ ਨਾਲ ਸਬੰਧਿਤ ਤੱਥ ਖੋਜ ਰਿਪੋਰਟਾਂ ਨੇ ਪਾਠਕਾਂ ਵਿੱਚ ਪੰਜਾਬੀ ਟ੍ਰਿਬਿਊਨ ਦੀ ਭਰੋਸੇਯੋਗਤਾ ਬਣਾਉਣ ਅਤੇ ਇਸ ਦਾ ਲੋਕ ਪੱਖੀ ਮਿਆਰ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਖ਼ਬਾਰ ਨੇ ਅਸ਼ਲੀਲਤਾ, ਅੰਧ-ਵਿਸ਼ਵਾਸ ਅਤੇ ਸਨਸਨੀ ਫੈਲਾਉਣ ਵਾਲੀਆਂ ਖ਼ਬਰਾਂ ਅਤੇ ਲੇਖ ਕਦੀ ਪ੍ਰਕਾਸ਼ਿਤ ਨਹੀਂ ਕੀਤੇ।
ਮੇਰੇ ਪਿਤਾ ਜੀ ਜੋਗਿੰਦਰ ਸਿੰਘ ਵਿਗਿਆਨਕ ਸੋਚ ਦੇ ਧਾਰਨੀ ਸਨ ਅਤੇ ਪ੍ਰੀਤ ਲੜੀ ਤੇ ਪੰਜਾਬੀ ਅਖ਼ਬਾਰ ਅਜੀਤ ਦੇ ਪੱਕੇ ਪਾਠਕ ਸਨ ਪਰ 15 ਅਗਸਤ 1978 ਨੂੰ ਘਰ ਵਿੱਚ ਪੰਜਾਬੀ ਟ੍ਰਿਬਿਊਨ ਦੀ ਆਮਦ ਨਾਲ ਮੇਰੀ ਮਾਨਸਿਕਤਾ ਅੰਦਰ ਵਿਗਿਆਨਕ ਚੇਤਨਾ ਦਾ ਹੋਰ ਪਾਸਾਰ ਹੋਣਾ ਸ਼ੁਰੂ ਹੋ ਗਿਆ। ਉਦੋਂ ਇਸ ਦੀ ਕੀਮਤ 25 ਪੈਸੇ ਹੁੰਦੀ ਸੀ। ਪਹਿਲੇ ਦਿਨ ਤੋਂ ਹੀ ਪੰਜਾਬੀ ਟ੍ਰਿਬਿਊਨ ਦਾ ਸਥਾਈ ਪਾਠਕ ਹੋਣ ਦਾ ਅਜਿਹਾ ਭੁਸ ਪਿਆ ਕਿ ਜਦੋਂ ਤਕ ਪੰਜਾਬੀ ਟ੍ਰਿਬਿਊਨ ਨਾ ਪੜ੍ਹਾਂ ਸਕੂਨ ਨਹੀਂ ਮਿਲਦਾ।
1983 ਵਿੱਚ ਐੱਮਏ (ਫਿਲਾਸਫੀ) ਕਰਨ ਤੋਂ ਬਾਅਦ ਮੈਂ ਪੰਜਾਬੀ ਟ੍ਰਿਬਿਊਨ ਦੇ ਕਾਲਮ ‘ਤੁਹਾਡੀ ਚਿੱਠੀ ਮਿਲੀ’ ਲਈ ਅਖ਼ਬਾਰ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ। ਕੁਝ ਸਮਾਂ ਪਾ ਕੇ ਮੇਰਾ ਚਿੱਠੀਆਂ ਲਿਖਣ ਦਾ ਮਕਸਦ ਸਿਰਫ ਲੇਖ, ਲੇਖਕ ਅਤੇ ਅਖ਼ਬਾਰ ਦੀ ਪ੍ਰਸ਼ੰਸਾ ਕਰਨ ਤੱਕ ਸੀਮਤ ਨਹੀਂ ਰਿਹਾ ਬਲਕਿ ਉਸ ਵਿਸ਼ੇ ਬਾਰੇ ਆਪਣੇ ਮੌਲਿਕ ਵਿਚਾਰ ਪ੍ਰਗਟ ਕਰਨ ਦੀ ਸੋਝੀ ਬਣ ਗਈ।
ਇਸ ਦੌਰਾਨ ਅਖ਼ਬਾਰ ਵਿੱਚ ਪ੍ਰਸਿੱਧ ਸਾਹਿਤਕਾਰਾਂ ਦੇ ਵਿਗਿਆਨਕ ਚੇਤਨਾ ਨਾਲ ਸਬੰਧਿਤ ਲੇਖ ਪੜ੍ਹਨ, ਤਰਕਸ਼ੀਲ ਲਹਿਰ ਨਾਲ ਜੁੜਨ, ਘਰ ਪਰਿਵਾਰ ਵਿੱਚ ਵਿਗਿਆਨਕ ਵਿਚਾਰਾਂ ਦਾ ਮਾਹੌਲ ਹੋਣ ਕਰ ਕੇ ਮਨ ਵਿੱਚ ਵਿਗਿਆਨਕ ਚੇਤਨਾ, ਤਰਕਸ਼ੀਲ ਵਿਦਵਾਨਾਂ, ਵਿਗਿਆਨੀਆਂ ਅਤੇ ਸਮਾਜਿਕ ਵਿਸ਼ਿਆਂ ਬਾਰੇ ਲੇਖ ਲਿਖਣ ਦੀ ਇੱਛਾ ਉਸਲਵੱਟੇ ਲੈਣ ਲੱਗੀ। ਇਸ ਕੋਸ਼ਿਸ਼ ਵਜੋਂ 29 ਜੂਨ 1986 ਨੂੰ ਅਖ਼ਬਾਰ ਦੇ ਸਿਹਤ ਵਿਗਿਆਨ ਅੰਕ ਵਿੱਚ ਮੇਰਾ ਸਭ ਤੋਂ ਪਹਿਲਾ ਲੇਖ ‘ਦਿਲ ਅਤੇ ਦਿਮਾਗ’ ਪ੍ਰਕਾਸ਼ਿਤ ਹੋਇਆ ਜਿਸ ਦਾ ਮੈਨੂੰ 30 ਰੁਪਏ ਸੇਵਾਫਲ ਮਨੀਆਰਡਰ ਰਾਹੀਂ ਪ੍ਰਾਪਤ ਹੋਇਆ। ਹੁਣ ਤੱਕ ‘ਪਾਠਕਾਂ ਦੇ ਖ਼ਤ’ ਹੇਠ 1200 ਦੇ ਲਗਭਗ ਚਿੱਠੀਆਂ ਲਿਖਣ ਅਤੇ ਵੱਖ-ਵੱਖ ਵਿਸ਼ਿਆਂ ’ਤੇ 200 ਤੋਂ ਵੱਧ ਮੌਲਿਕ ਲੇਖ ਪ੍ਰਕਾਸ਼ਿਤ ਹੋਣ ਦਾ ਸਫ਼ਰ ਤੈਅ ਕੀਤਾ।
ਇਥੇ ਇੱਕ ਵਿਸ਼ੇਸ਼ ਘਟਨਾ ਦਾ ਜ਼ਿਕਰ ਜ਼ਰੂਰੀ ਹੈ। ਸਾਡਾ ਹਾਕਰ ਕਈ ਵਾਰ ਪੰਜਾਬੀ ਟ੍ਰਿਬਿਊਨ ਦੀ ਜਗ੍ਹਾ ਕੋਈ ਹੋਰ ਅਖ਼ਬਾਰ ਸੁੱਟ ਜਾਂਦਾ ਸੀ। ਇਕ ਦਿਨ ਮੈਂ ਉਹਨੂੰ ਉਚੇਚਾ ਬੁਲਾ ਕੇ ਕਿਹਾ ਕਿ ਪੰਜਾਬੀ ਟ੍ਰਿਬਿਊਨ ਦੀ ਜਗ੍ਹਾ ਹੋਰ ਕੋਈ ਅਖਬਾਰ ਨਹੀਂ ਸੁੱਟਣੀ; ਨਹੀਂ ਤਾਂ ਪੈਸੇ ਕੱਟੇ ਜਾਣਗੇ। ਕਰੋਨਾ ਕਾਲ ਵੇਲੇ ਜਦੋਂ ਤਕਰੀਬਨ ਸਭ ਨੇ ਅਖ਼ਬਾਰ ਲੈਣੇ ਬੰਦ ਕਰ ਦਿੱਤੇ ਤਾਂ ਹਾਕਰ ਨੂੰ ਕਿਹਾ ਕਿ ਜੇ ਮੁਹੱਲੇ ਵਿੱਚ ਕੋਈ ਕਰੋਨਾ ਦੇ ਡਰੋਂ ਅਖ਼ਬਾਰ ਲੈਣ ਤੋਂ ਮਨਾ ਕਰ ਦਵੇ ਤਾਂ ਸਾਰੀਆਂ ਅਖ਼ਬਾਰਾਂ ਘਰ ਸੁੱਟ ਜਾਇਆ ਕਰ, ਇਸ ਦੇ ਪੈਸੇ ਵੀ ਮਿਲਣਗੇ। ਉਹ ਬੜਾ ਹੈਰਾਨ ਕਿ ਜਿਹੜਾ ਸ਼ਖ਼ਸ ਇਕ-ਇਕ ਅਖ਼ਬਾਰ ਦੇ ਪੈਸੇ ਕੱਟ ਲੈਂਦਾ ਸੀ, ਉਹ ਤਿੰਨ ਮਹੀਨੇ ਰੋਜ਼ਾਨਾ ਤਿੰਨ ਹੋਰ ਅਖ਼ਬਾਰਾਂ ਦਾ ਭੁਗਤਾਨ ਖੁਸ਼ੀ-ਖੁਸ਼ੀ ਕਰ ਰਿਹਾ ਹੈ। ਜਦੋਂ ਉਸ ਨੂੰ ਪੰਜਾਬੀ ਟ੍ਰਿਬਿਊਨ ਹੋਰ ਅਖ਼ਬਾਰਾਂ ਤੋਂ ਕਿਉਂ ਵੱਖਰੀ ਹੈ, ਬਾਰੇ ਦੱਸਿਆ ਤਾਂ ਫਿਰ ਉਸ ਨੇ ਕਦੀ ਭੁੱਲ ਕੇ ਵੀ ਪੰਜਾਬੀ ਟ੍ਰਿਬਿਊਨ ਤੋਂ ਬਗੈਰ ਹੋਰ ਕੋਈ ਅਖ਼ਬਾਰ ਨਹੀਂ ਸੁੱਟੀ।
ਕਰੋਨਾ ਕਾਲ ਵਿੱਚ ਪੰਜਾਬੀ ਟ੍ਰਿਬਿਊਨ ਨੇ ਕਰੋਨਾ ਦਾ ਡਰ ਦੂਰ ਕਰਨ ਲਈ ਉੱਘੇ ਸਿਹਤ ਮਾਹਿਰ ਡਾ. ਸ਼ਿਆਮ ਸੁੰਦਰ ਦੀਪਤੀ ਦੇ ਲੇਖ ਹਰ ਰੋਜ਼ ਪ੍ਰਕਾਸ਼ਿਤ ਕਰ ਕੇ ਪਾਠਕਾਂ ਵਿੱਚ ਕਰੋਨਾ ਤੋਂ ਬਚਾਅ ਅਤੇ ਬਿਮਾਰੀ ਨਾਲ ਲੜਨ ਦੀ ਵਿਗਿਆਨਕ ਸੋਚ ਅਤੇ ਸਵੈ-ਵਿਸ਼ਵਾਸ ਪੈਦਾ ਕੀਤਾ। ਇਸੇ ਤਰ੍ਹਾਂ 2020 ਵਿੱਚ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਜਿਸ ਮਿਆਰੀ ਪੱਤਰਕਾਰੀ ਦਾ ਸਬੂਤ ਪੰਜਾਬੀ ਟ੍ਰਿਬਿਊਨ ਨੇ ਦਿੱਤਾ, ਉਸ ਨੂੰ ਸਮਾਜ ਦੇ ਹਰ ਵਰਗ, ਖਾਸ ਕਰ ਕੇ ਸਮੁੱਚੀ ਕਿਸਾਨੀ ਅਤੇ ਕਿਸਾਨ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਸਲਾਹਿਆ।
2003 ਵਿੱਚ ਅਖ਼ਬਾਰ ਦੇ ਪੰਝੀ ਸਾਲ ਮੁਕੰਮਲ ਹੋਣ ’ਤੇ ਜਦੋਂ ਪਾਠਕ ਮੰਚ ਮਿਲਣੀ ਸਮਾਗਮ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਕਰਵਾਏ ਗਏ ਤਾਂ ਉਦੋਂ ਵੀ ਇਸ ਖੇਤਰ ਦੇ ਵੱਡੀ ਗਿਣਤੀ ਪਾਠਕਾਂ ਨੂੰ ਸੁਨੇਹੇ ਲਾਉਣ ਅਤੇ ਸਮਾਗਮਾਂ ਵਿੱਚ ਖੁਦ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲਿਆ।
ਅੱਜ ਵੀ ਪੰਜਾਬੀ ਟ੍ਰਿਬਿਊਨ ਨੂੰ ਪੜ੍ਹੇ ਲਿਖੇ ਵਰਗ, ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਦਾ ਅਖ਼ਬਾਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਜਦਕਿ ਇਹ ਆਮ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ, ਸਨਅਤੀ ਕਾਮਿਆਂ, ਦੁਕਾਨਦਾਰਾਂ, ਰਿਕਸ਼ਾ ਚਾਲਕਾਂ, ਚਾਹ ਦੀਆਂ ਦੁਕਾਨਾਂ, ਦਫ਼ਤਰਾਂ, ਟਰੇਡ ਯੂਨੀਅਨ ਦਫ਼ਤਰਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਪਿੰਡਾਂ ਦੀਆਂ ਸੱਥਾਂ ਦਾ ਅਖ਼ਬਾਰ ਬਣਨਾ ਚਾਹੀਦਾ ਹੈ। ਇਸ ਦੀ ਮਕਬੂਲੀਅਤ ਬਰਕਰਾਰ ਰੱਖਣ ਅਤੇ ਪਾਠਕਾਂ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ ਵੱਖ-ਵੱਖ ਪਹਿਲੂਆਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ; ਇਸ਼ਤਿਹਾਰਬਾਜ਼ੀ ਦੇ ਨਾਲ-ਨਾਲ ਪਾਠਕਾਂ ਦੇ ਹਿੱਤਾਂ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਹੈ।
ਸਮੇਂ-ਸਮੇਂ ਅਖ਼ਬਾਰ ਦੀਆਂ ਨੀਤੀਆਂ ਵਿੱਚ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਆਉਣ ਦੇ ਬਾਵਜੂਦ ਪਾਠਕ ਇਸ ਨੂੰ ਅਥਾਹ ਪਿਆਰ ਕਰਦੇ ਅਤੇ ਸਤਿਕਾਰ ਦਿੰਦੇ ਹਨ। ਹੁਣ ਮੁਲਕ ਵਿਚਲੇ ਮੌਜੂਦਾ ਲੋਕ ਵਿਰੋਧੀ, ਗ਼ੈਰ-ਜਮਹੂਰੀ, ਫਿਰਕੂ ਅਤੇ ਕਾਰਪੋਰੇਟ ਪੱਖੀ ਹਾਲਾਤ ਦੇ ਮੱਦੇਨਜ਼ਰ ਲੋਕ ਇਸ ਅਦਾਰੇ ਤੋਂ ਆਸ ਕਰਦੇ ਹਨ ਕਿ ਪੰਜਾਬੀ ਟ੍ਰਿਬਿਊਨ ਪਹਿਲਾਂ ਵਾਂਗ ਹੀ ਦਬਾਅ ਮੁਕਤ ਹੋ ਕੇ ਪੂਰੀ ਨਿਡਰਤਾ, ਨਿਰਪੱਖਤਾ ਅਤੇ ਸੁਹਿਰਦਤਾ ਨਾਲ ਮਿਆਰੀ ਪੱਤਰਕਾਰੀ ਉੱਤੇ ਪਹਿਰਾ ਦਿੰਦੇ ਹੋਏ ਲੋਕ ਮਸਲਿਆਂ, ਸਮਾਜਿਕ ਸਰੋਕਾਰਾਂ, ਜਮਹੂਰੀ ਸੰਘਰਸ਼ਾਂ, ਪੀੜਤ ਧਿਰਾਂ ਅਤੇ ਵਿਗਿਆਨਕ ਚੇਤਨਾ ਦੇ ਖੇਤਰ ਵਿੱਚ ਲੋਕਾਂ ਦੇ ਹੱਕ ਵਿੱਚ ਭੁਗਤਣ ਦੀ ਨੈਤਿਕ ਜ਼ਿੰਮੇਵਾਰੀ ਨਿਭਾਏਗਾ; ਹਕੂਮਤਾਂ ਦੀਆਂ ਲੋਕ ਵਿਰੋਧੀ, ਨਿਆਂ ਵਿਰੋਧੀ, ਫ਼ਿਰਕੂ ਅਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਜਾਰੀ ਰੱਖੇਗਾ। ਅਦਾਰਾ ਪੰਜਾਬੀ ਟ੍ਰਿਬਿਊਨ ਅਤੇ ਇਸ ਦੇ ਸਮਰਪਿਤ ਕਾਮਿਆਂ ਨੂੰ ਅੱਜ ਇਸ ਦੇ 47 ਸਾਲ ਦੇ ਸਫਲਤਾ ਭਰਪੂਰ ਸਫ਼ਰ ਲਈ ਮੁਬਾਰਕਾਂ ਅਤੇ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ।
ਸੰਪਰਕ: 76960-30173