ਫ਼ਿਲਮ ‘ਆਈ ਹੇਟ ਲਵ ਸਟੋਰੀਜ਼’ ਦੇ 15 ਸਾਲ ਪੂਰੇ
ਨਵੀਂ ਦਿੱਲੀ:
ਅਦਾਕਾਰਾ ਸੋਨਮ ਕਪੂਰ ਅਤੇ ਅਦਾਕਾਰ ਇਮਰਾਨ ਖ਼ਾਨ ਦੀ ਫ਼ਿਲਮ ‘ਆਈ ਹੇਟ ਲਵ ਸਟੋਰੀਜ਼’ ਨੇ ਅੱਜ ਆਪਣੀ ਰਿਲੀਜ਼ ਦਾ ਡੇਢ ਦਹਾਕਾ ਪੂਰਾ ਕਰ ਲਿਆ ਹੈ। ਪੁਨੀਤ ਮਲਹੋਤਰਾ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਦਾ ਨਿਰਮਾਣ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਅਤੇ ਰਾਨੀ ਸਕੂਰਵਾਲਾ ਦੀ ਯੂਟੀਵੀ ਮੋਸ਼ਨ ਪਿਕਚਰਜ਼ ਅਧੀਨ ਹੋਇਆ ਸੀ। ਦੋ ਜੁਲਾਈ, 2010 ਨੂੰ ਰਿਲੀਜ਼ ਹੋਈ ਇਹ ਫ਼ਿਲਮ ਬਾਕਸ ਆਫ਼ਿਸ ’ਤੇ ਹਿੱਟ ਹੋਈ ਸੀ। ਸੋਨਮ ਕਪੂਰ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝਾ ਕਰਦਿਆਂ ਲਿਖਿਆ ਹੈ ਕਿ ‘ਆਈ ਹੇਟ ਲਵ ਸਟੋਰੀਜ਼’ ਦੇ 15 ਸਾਲ। ਇਸ ਮੌਕੇ ਧਰਮਾ ਪ੍ਰੋਡਕਸ਼ਨ ਨੇ ਫ਼ਿਲਮ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ ਤੇ ਲਿਖਿਆ ਹੈ ਕਿ ਦੋ ਵਿਰੋਧੀ ਵਿਅਕਤੀਤਵ ਆਕਰਸ਼ਿਤ ਹੋਏ ਅਤੇ ਸਾਨੂੰ ਜ਼ਿੰਦਗੀ ਭਰ ਦੀ ਪ੍ਰੇਮ ਕਹਾਣੀ ਦੇ ਦਿੱਤੀ....ਆਈ ਹੇਟ ਲਵ ਸਟੋਰੀਜ਼ ਦੇ 15 ਸਾਲ। ਕਰਨ ਜੌਹਰ ਅਤੇ ਇਮਰਾਨ ਖ਼ਾਨ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਪੋਸਟ ਪਾਈ ਹੈ। ਫ਼ਿਲਮ ‘ਆਈ ਹੇਟ ਲਵ ਸਟੋਰੀਜ਼’ ਦੀ ਕਹਾਣੀ ਇੱਕ ਰੁਮਾਂਟਿਕ ਔਰਤ ਸਿਮਰਨ (ਸੋਨਮ ਕਪੂਰ) ਅਤੇ ਪਿਆਰ ਦੇ ਬਿਲਕੁਲ ਖ਼ਿਲਾਫ਼ ਜੈ (ਇਮਰਾਨ ਖ਼ਾਨ) ’ਤੇ ਕੇਂਦਰਿਤ ਸੀ। ਵਿਰੋਧੀ ਵਿਚਾਰਧਾਰਾ ਹੋਣ ਦੇ ਬਾਵਜੂਦ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ। ਫ਼ਿਲਮ ਵਿੱਚ ਸਮੀਰ ਦਤਾਨੀ, ਬੂਨਾ ਅਬਦੁੱਲਾ ਅਤੇ ਸਮੀਰ ਸੋਨੀ ਨੇ ਵੀ ਕੰਮ ਕੀਤਾ ਹੈ। -ਪੀਟੀਆਈ