ਪੰਜਾਬ ’ਚ ਅਫ਼ਰੀਕੀ ਸਵਾਈਨ ਬੁਖਾਰ ਕਿਉਂ ਫੈਲਿਆ ਅਤੇ ਇਹ ਮਨੁੱਖਾਂ ਨੂੰ ਪ੍ਰਭਾਵਿਤ ਕਿਉਂ ਨਹੀਂ ਕਰਦਾ ?
ਪਟਿਆਲਾ ਜ਼ਿਲ੍ਹੇ ਦੇ ਇੱਕ ਸੂਰ ਫਾਰਮ ਵਿੱਚ ਅਫਰੀਕੀ ਸਵਾਈਨ ਬੁਖਾਰ (ASF) ਦੇ ਫੈਲਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਅਫ਼ਸਰਾਂ ਨੇ ਤੁਰੰਤ ਕਾਰਵਾਈ ਕੀਤੀ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੂਰੇ ਜ਼ਿਲ੍ਹੇ ਵਿੱਚ ਸੂਰ ਮਾਲਕਾਂ ਨੁੂੰ ਚੌਕਸ ਰਹਿਣ ਅਤੇ ਅਧਿਕਾਰੀਆਂ ਵੱਲੋਂ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਅਫਰੀਕੀ ਸਵਾਈਨ ਬੁਖਾਰ (ASF) ਇੱਕ ਬਹੁਤ ਹੀ ਜ਼ਿਆਦਾ ਲਾਗ ਵਾਲੀ ਅਤੇ ਗੰਭੀਰ ਵਾਇਰਲ ਬਿਮਾਰੀ ਹੈ, ਜੋ ਸੂਰਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਸਵਾਈਨ ਫੀਵਰ ਦੀ ਕੋਈ ਵੈਕਸੀਨ ਨਾ ਹੋਣ ਕਰਕੇ ਇਹ ਵਾਇਰਸ ਫਾਰਮਾਂ ਵਿੱਚ ਸੂਰਾਂ ਦੀ ਪੂਰੀ ਆਬਾਦੀ ਨੁੂੰ ਮਿਟਾ ਸਕਦਾ ਹੈ। ਛੋਟੇ ਕਿਸਾਨਾਂ ਲਈ ਇਹ ਗੰਭੀਰ ਆਰਥਿਕ ਖ਼ਤਰਾ ਪੈਦਾ ਕਰ ਸਕਦਾ ਹੈ।
ਕੀ ਮਨੁੱਖ ਖ਼ਤਰੇ ਵਿੱਚ ਹਨ?
ਮਨੁੱਖ ਇਸ ਤੋਂ ਪ੍ਰਭਾਵਿਤ ਨਹੀਂ ਹੁੰਦੇ। ਪਰ ਅਫਰੀਕੀ ਸਵਾਈਨ ਬੁਖਾਰ (ASF) ਨੁੂੰ ਪਸ਼ੂਆਂ ਦੀ ਜੈਵ ਵਿਭਿੰਨਤਾ ਅਤੇ ਖਾਦ ਸੁਰੱਖਿਆ ਲਈ ਇੱਕ ਵੱਡਾ ਖਤਰਾ ਮੰਨਿਆ ਜਾਂਦਾ ਹੈ। ਵਿਸ਼ਵ ਓਰਗੇਨਾਈਜੇਸ਼ਨ ਫਾਰ ਐਨੀਮਲ ਹੈਲਥ (WOAH) ਇਸ ਦੇ ਰੋਕਥਾਮ ਅਤੇ ਸਮੂਹਿਕ ਤੌਰ ‘ਤੇ ਖਤਮ ਕਰਨ ਦੇ ਯਤਨਾਂ ਵਿੱਚ ਗਲੋਬਲ ਸਹਿਯੋਗ ਜਾਰੀ ਰੱਖਦਾ ਹੈ।
ਜਦੋਂ ਕਿ ਮਨੁੱਖ ਇਸ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ, ASF ਨੂੰ ਪਸ਼ੂਆਂ ਦੀ ਜੈਵਿਕ ਵਿਭਿੰਨਤਾ ਅਤੇ ਭੋਜਨ ਸੁਰੱਖਿਆ ਲਈ ਵੱਡਾ ਖ਼ਤਰਾ ਮੰਨਿਆ ਜਾਂਦਾ ਹੈ। ਵਿਸ਼ਵ ਪਸ਼ੂ ਸਿਹਤ ਸੰਗਠਨ (WOAH) ਇਸ ਦੀ ਰੋਕਥਾਮ ਅਤੇ ਸਮੂਹਿਕ ਤੌਰ ’ਤੇ ਖਤਮ ਕਰਨ ਲਈ ਵਿਸ਼ਵ ਪੱਧਰੀ ਯਤਨਾਂ ਵਿੱਚ ਸਹਿਯੋਗ ਜਾਰੀ ਰੱਖਦਾ ਹੈ ਵੱਖ-ਵੱਖ ਖੋਜ ਪੱਤਰਾਂ ਵਿੱਚ ਇਹ ਦੱਸਿਆ ਗਿਆ ਕਿ ਇਹ ਵਾਇਰਸ ਸਿਰਫ਼ ਸੂਰਾਂ ਨੁੂੰ ਪ੍ਰਭਾਵਿਤ ਕਰਦਾ ਹੈ। ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਕਲਾਸੀਕਲ ਸਵਾਈਨ ਫੀਵਰ ਨਾਲੋਂ ਇਸ ਨੁੂੰ ਵੱਖਰਾ ਕਰਨਾ ਬਹੁਤ ਮੁਸ਼ਕਲ ਹੈ, ਕਿਉਂਕਿ ਇਨ੍ਹਾਂ ਦੇ ਲੱਛਣ ਆਪਸ ਵਿੱਚ ਮਿਲਦੇ ਹਨ।
ਡਾ. ਯਾਦਵ ਨੇ ਦੱਸਿਆ, “ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ। ਇਸ ਵਾਇਰਸ ਕਰਕੇ ਸੂਰਾਂ ਵਿੱਚ ਇਸ ਦੀ ਮੌਤ ਦਰ 100 ਫੀਸਦ ਹੈ। ਇਸ ਲਈ ਸਾਰੇ ਸੂਰ ਪਾਲਕਾਂ ਨੁੂੰ ਵਾਇਰਸ ਨੁੂੰ ਰੋਕਣ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਪ੍ਰਭਾਵਿਤ ਖੇਤਰਾਂ ਨੂੰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਪ੍ਰਭਾਵੀ ਇਲਾਕਿਆਂ ਵਿੱਚ ਜ਼ਿੰਦਾ ਤੇ ਮਰੇ ਹੋਏ ਜੰਗਲੀ ਸੂਰਾਂ ਸਣੇ ਉਨ੍ਹਾਂ ਨਾਲ ਸਬੰਧਤ ਉਤਪਾਦਾਂ ਦੀ ਆਵਾਜਾਈ ’ਤੇ ਪਾਬੰਦੀ ਲਾ ਦਿੱਤੀ ਗਈ ਹੈ।
ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਰਾਜੀਵ ਗਰੋਵਰ ਨੇ ਕਿਹਾ ਕਿ ਅਮਰੀਕੀ ਸਵਾਈਨ ਫੀਵਰ (ASF) ਸੰਕਰਮਿਤ ਜਾਨਵਰਾਂ, ਗੰਦਾ ਚਾਰਾ ਅਤੇ ਸੂਰ ਨਾਲ ਬਣੇ ਉਤਪਾਦਾਂ ਰਾਹੀਂ ਫੈਲਦਾ ਹੈ ਪਰ ਇਹ ਵਾਇਰਸ ਮਨੁੱਖਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਲੋਕਾਂ ਨੂੰ ਘਬਰਾਉਣ ਦਾ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਬਿਮਾਰੀ ਸਿਰਫ਼ ਸੂਰਾਂ ਤੱਕ ਹੀ ਸੀਮਤ ਹੈ।
ਡਾ. ਰਾਜੀਵ ਨੇ ਕਿਹਾ, “ਇਸ ਵਾਇਰਸ ਦੇ ਖ਼ਤਰੇ ਨੂੰ ਕੰਟਰੋਲ ਕਰਨ ਲਈ ਇੱਕ ਜ਼ਿਲ੍ਹਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਫੈਲਾਅ ਦੀ ਪਛਾਣ ਕਰਨ ਲਈ ਵੱਖ-ਵੱਖ ਥਾਵਾਂ ਤੋਂ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਖੇਤਾਂ ਵਿੱਚ ਜਾਨਵਰਾਂ, ਲੋਕਾਂ ਅਤੇ ਉਤਪਾਦਾਂ ਦੀ ਆਵਾਜਾਈ ਨੂੰ ਸੀਮਤ ਕਰਨ।
ਇਹ ਖ਼ਤਰਾ ਪਿਛਲੇ ਹਫ਼ਤੇ ਉਸ ਵੇਲੇ ਸਾਹਮਣੇ ਆਇਆ ਜਦੋਂ ਰਾਵਸ ਬ੍ਰਾਹਮਣਨ ਪਿੰਡ ਦੇ ਇੱਕ ਫਾਰਮ ਵਿੱਚ ਸੂਰਾਂ ਦੀ ਅਚਾਨਕ ਮੌਤਾਂ ਦੀ ਰਿਪੋਰਟ ਆਈ। ਪਸ਼ੂ ਪਾਲਣ ਵਿਭਾਗ ਨੇ ਪੋਸਟਮਾਰਟਮ ਜਾਂਚ ਕੀਤੀ ਅਤੇ ਨਮੂਨੇ ਖੇਤਰੀ ਰੋਗ ਨਿਦਾਨ ਪ੍ਰਯੋਗਸ਼ਾਲਾ (RDDL) ਜਲੰਧਰ ਨੂੰ ਭੇਜੇ। ਨਮੂਨੇ ਬਾਅਦ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਉਰਿਟੀ ਐਨੀਮਲ ਡਿਸੀਜ਼ (NIHSAD) ਭੋਪਾਲ ਭੇਜ ਦਿੱਤੇ ਗਏ, ਜਿਸ ਨੇ ਅਫਰੀਕੀ ਸਵਾਈਨ ਫੀਵਰ ਦੀ ਪੁਸ਼ਟੀ ਕੀਤੀ।
1921 ਵਿੱਚ ਕੀਨੀਆ ਵਿੱਚ ਇਸ ਦੀ ਪਹਿਲੀ ਰਿਪੋਰਟ ਤੋਂ ਬਾਅਦ ਇਹ ਬਿਮਾਰੀ ਯੂਰਪ, ਅਫਰੀਕਾ ਅਤੇ ਏਸ਼ੀਆ ਦੇ ਕਰੀਬ 30 ਦੇਸ਼ਾਂ ਤੋਂ ਰਿਪੋਰਟ ਕੀਤੀ ਗਈ ਹੈ। ਭਾਰਤ ਵਿੱਚ ਇਹ ਪਹਿਲੀ ਵਾਰ ਮਈ 2020 ਵਿੱਚ ਰਿਪੋਰਟ ਕੀਤੀ ਗਈ ਸੀ ਜਦੋਂ 3,701 ਸੂਰਾਂ ਦੀ ਮੌਤ ਹੋ ਗਈ ਸੀ।
ਮਾਹਿਰਾਂ ਅਨੁਸਾਰ ਇਸ ਨਾਲ ਨਜਿਠਣ ਲਈ ਵੈਕਸੀਨ ਦੀ ਗੈਰ ਮੋਜੂਦਗੀ ਕਾਰਨ ਇਸ ਨੁੂੰ ਸਿਰਫ਼ ਬਾਇਓ-ਸਕਿਉਰਿਟੀ ਉਪਾਅ ਜਿਵੇਂ ਕਿ ਸੰਕ੍ਰਮਿਤ ਪਸ਼ੂਆਂ ਨੂੰ ਵੱਖ ਕਰਨਾ, ਮਾਰਨਾ ਅਤੇ ਸਾਫ਼-ਸਫਾਈ ਕਰਕੇ ਹੀ ਕੰਟਰੋਲ ਕੀਤਾ ਜਾ ਰਿਹਾ। ਕਿਸਾਨਾਂ ਨੁੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਜਾਨਵਰਾਂ ਦੇ ਨਾਲ ਸੰਪਰਕ ’ਚੋਂ ਬਚਣ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਟੀਮਾਂ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ।