ਫ਼ਾਜ਼ਿਲਕਾ ਵਿੱਚ ਮਾੜੇ ਨਿਕਾਸੀ ਪ੍ਰਬੰਧਾਂ ਕਾਰਨ ਕਿਵੇਂ ਭਰਿਆ ਹਜ਼ਾਰਾਂ ਏਕੜ ’ਚ ਪਾਣੀ
ਪਿਛਲੇ ਕੁਝ ਦਿਨਾਂ ਦੌਰਾਨ ਪਏ ਜ਼ੋਰਦਾਰ ਮੀਂਹ ਕਾਰਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਪਗ 20,000 ਏਕੜ ਵਿੱਚ ਖੜ੍ਹੀ ਫ਼ਸਲ ਪਾਣੀ ਵਿੱਚ ਡੁੱਬ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਸਥਾਨਕ ਪ੍ਰਸ਼ਾਸਨ ਦੀ ਨਾਮਾਤਰ ਸਹਾਇਤਾ ਨਾਲ ਖੁ਼ਦ ਹੀ ਹਾਲਾਤ ਸੰਭਾਲ ਰਹੇ ਹਨ।
ਪਿਛਲੇ ਤਿੰਨ ਦਹਾਕਿਆਂ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਸੇਮ ਪ੍ਰਭਾਵਿਤ ਪਿੰਡਾਂ ਵਿੱਚੋਂ ਪਾਣੀ ਦੇ ਨਿਕਾਸ ਲਈ ਲਗਪਗ ਚਾਰ ਦਰਜਨ ਡਰੇਨਾਂ ਅਤੇ ਨਾਲੇ ਬਣਾਏ ਗਏ ਹਨ ਜੋ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸਥਾਨਕ ਨਿਵਾਸੀਆਂ ਲਈ ‘ਸਰਾਪ’ ਬਣ ਗਏ ਹਨ।
ਅਬੁਲ ਖੁਰਾਣਾ, ਸਾਬੂਆਣਾ, ਖੂਈ ਖੇੜਾ ਅਤੇ ਕੋਰੀਆਂ ਵਾਲੀ ਸਮੇਤ ਕੁਝ ਪ੍ਰਮੁੱਖ ਡਰੇਨਾਂ ਵਿੱਚ ਓਵਰਫਲੋਅ ਅਤੇ ਪਾੜ ਪੈਣ ਦੀ ਰਿਪੋਰਟਾਂ ਹਨ, ਜਿਸ ਕਾਰਨ ਹਜ਼ਾਰ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ।
ਸਾਬੂਆਣਾ ਡਰੇਨ ਵਿੱਚ 100 ਫੁੱਟ ਤੋਂ ਵੱਧ ਚੌੜਾ ਪਾੜ ਪੈ ਗਿਆ, ਜਿਸ ਕਾਰਨ ਪਿੰਡ ਵਿੱਚ ਹਜ਼ਾਰਾਂ ਏਕੜ ਖੜ੍ਹੀਆਂ ਕਪਾਹ ਅਤੇ ਝੋਨੇ ਦੀਆਂ ਫਸਲਾਂ ਗੋਡੇ-ਗੋਡੇ ਪਾਣੀ ਭਰ ਗਿਆ ਹੈ।
ਕਿਹੜੇ ਖੇਤਰ ਪ੍ਰਭਾਵਿਤ ਹੋਏ ਹਨ?
ਸੂਤਰਾਂ ਨੇ ਦੱਸਿਆ ਕਿ ਕਾਬੁਲ ਸ਼ਾਹ ਖੁੱਬਣ ਵਿੱਚ ਲਗਪਗ 3000 ਏਕੜ, ਟਾਹਲੀਵਾਲਾ ਬੋਦਲਾ ਵਿੱਚ 1500 ਏਕੜ, ਸ਼ਾਜਰਾਣਾ ਵਿੱਚ 1200 ਏਕੜ, ਖਿਓ ਵਾਲੀ ਢਾਬ ਵਿੱਚ 1000 ਏਕੜ, ਬਾਰੇ ਕਾ ਅਤੇ ਚਹਿਲਾਂ ਵਾਲੀ ਪਿੰਡਾਂ ਵਿੱਚ 800 ਏਕੜ ਜ਼ਮੀਨ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਸੈਂਕੜੇ ਏਕੜ ਵਿੱਚ ਮੀਂਹ ਦਾ ਪਾਣੀ ਭਰ ਗਿਆ ਹੈ।
ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਸਬ-ਡਿਵੀਜ਼ਨ ਦੇ ਅਬੁਲ ਖੁਰਾਣਾ ਅਤੇ ਖੂਈ ਖੇੜਾ ਡਰੇਨਾਂ ਨੇ ਵਰਿਆਮ ਖੇੜਾ, ਧੀਂਗਨ ਵਾਲੀ, ਰੁਕਨਪੁਰਾ ਉਰਫ਼ ਖੂਈ ਖੇੜਾ, ਪੱਤੀ ਬਿੱਲਾ ਅਤੇ ਦਲਮੀਰ ਖੇੜਾ ਸਮੇਤ ਕਈ ਪਿੰਡ ਵਿੱਚ ਪਾਣੀ ਭਰ ਗਿਆ ਹੈ।
ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਦੱਸਿਆ ਕਿ ਮੌਜਗੜ੍ਹ, ਦੀਵਾਨ ਖੇੜਾ, ਸੱਪਾਂ ਵਾਲੀ, ਦਲਮੀਰ ਖੇੜਾ ਅਤੇ ਖੂਈਆਂ ਸਰਵਰ ਸਮੇਤ ਪੰਜ ਪਿੰਡਾਂ ਦੇ ਬਾਗਾਂ ਵਿੱਚ ਮੀਂਹ ਦਾ ਪਾਣੀ ਦਾਖਲ ਹੋ ਗਿਆ ਹੈ। ਉਨ੍ਹਾਂ ਕਿਹਾ, “ਜੇਕਰ ਅਗਲੇ ਤਿੰਨ ਦਿਨਾਂ ਦੌਰਾਨ ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਇਆ ਤਾਂ ਕਿੰਨੂ ਅਤੇ ਹੋਰ ਫਲਾਂ ਨੂੰ ਭਾਰੀ ਨੁਕਸਾਨ ਹੋਵੇਗਾ।”
ਹੜ੍ਹ ਕਿਉਂ ਆ ਰਹੇ ਹਨ?
ਜਾਖੜ ਨੇ ਦੋਸ਼ ਲਾਇਆ ਕਿ ਨਾਲਿਆਂ ਦੀ ਸਫਾਈ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ, “ਡਰੇਨਾਂ ਅਤੇ ਨਹਿਰਾਂ ਦੀ ਸਾਫ਼-ਸਫ਼ਾਈ 'ਤੇ ਹਰ ਸਾਲ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ ਸਥਿਤੀ ਬਦਤਰ ਹੈ।” ਉਨ੍ਹਾਂ ਇਸ ਸਬੰਧੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾੜ ਤੋਂ ਬਚਣ ਲਈ ਨਹਿਰਾਂ ਦੇ ਗੇਟ ਖੋਲ੍ਹ ਦਿੱਤੇ ਸਨ ਤਾਂ ਜੋ ਪਾਣੀ ਨੂੰ ਡਰੇਨਾਂ ਵੱਲ ਮੋੜਿਆ ਜਾ ਸਕੇ। ਹਾਲਾਂਕਿ, ਕਥਿਤ ਕੁਪ੍ਰਬੰਧ ਦੇ ਮੱਦੇਨਜ਼ਰ ਡਰੇਨਾਂ ਵਿੱਚ ਲਗਾਤਾਰ ਮੀਂਹ ਦੇ ਪਾਣੀ ਦੇ ਨਾਲ ਨਾਲ ਵਾਧੂ ਪਾਣੀ ਦਾ ਨਿਕਾਸ ਨਹੀਂ ਹੋ ਸਕਿਆ ਜਿਸ ਕਾਰਨ ਡਰੇਨਾਂ ਵਿੱਚ ਪਾਣੀ ਓਵਰਫਲੋਅ ਹੋ ਗਿਆ ਅਤੇ ਪਾੜ ਪੈ ਗਏ।
ਅਧਿਕਾਰਤ ਸੂਤਰਾਂ ਅਨੁਸਾਰ, ਫਾਜ਼ਿਲਕਾ ਜ਼ਿਲ੍ਹੇ ਦੇ 37 ਨੀਵੇਂ ਪਿੰਡਾਂ ਦੀ ਪਛਾਣ ਕੀਤੀ ਗਈ ਹੈ। ਜਦੋਂ ਵਾਧੂ ਪਾਣੀ ਛੱਡਿਆ ਜਾਂਦਾ ਹੈ ਅਤੇ ਮੀਂਹ ਪੈਂਦਾ ਹੈ ਤਾਂ ਇਨ੍ਹਾਂ ਪਿੰਡਾਂ ਵਿੱਚ ਸਮੱਸਿਆ ਹੋਰ ਵੱਧ ਜਾਂਦੀ ਹੈ।
ਜ਼ਿਆਦਾਤਰ ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ ਡਰੇਨਾਂ ਦੀ ਸਹੀ ਢੰਗ ਨਾਲ ਸਾਫ਼-ਸਫਾਈ ਨਾ ਹੋਣ ਕਾਰਨ ਸਥਿਤੀ ਹੋਰ ਬਦਤਰ ਹੋ ਗਈ। ਕਈ ਥਾਵਾਂ 'ਤੇ ਡਰੇਨਾਂ ਟੁੱਟ ਗਈਆਂ ਅਤੇ ਓਵਰਫਲੋਅ ਪਾਣੀ ਖੇਤਾਂ ਵਿੱਚ ਵੜ ਗਿਆ ਜਿਸ ਕਾਰਨ ਕੁੱਝ ਹਿੱਸਿਆਂ ਵਿੱਚ 20,000 ਏਕੜ ਤੋਂ ਰਕਬੇ ਵਿੱਚ ਬੀਜੀਆਂ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ ਜਿਸ ਵਿੱਚ ਕਪਾਹ, ਝੋਨੇ ਅਤੇ ਮੱਕੀ ਸ਼ਾਮਲ ਹਨ।
ਅਧਿਕਾਰੀ ਸਥਿਤੀ ਨਾਲ ਕਿਵੇਂ ਨਜਿੱਠ ਰਹੇ ਹਨ?
ਅਧਿਕਾਰੀਆਂ ਅਨੁਸਾਰ ਮੀਂਹ ਤੇ ਪਾਣੀ ਦੇ ਓਵਰਫੋਲਅ ਕਾਰਨ ਫਾਜ਼ਿਲਕਾ ਸਬ-ਡਿਵੀਜ਼ਨ ਵਿੱਚ 14,600 ਏਕੜ ਅਤੇ ਅਬੋਹਰ ਸਬ-ਡਿਵੀਜ਼ਨ ਵਿੱਚ ਲਗਪਗ 6,000 ਏਕੜ ਰਕਬਾ ਡੁੱਬ ਗਿਆ। ਉਨ੍ਹਾਂ ਕਿਹਾ ਕਿ ਮੌਨਸੂਨ ਸੀਜ਼ਨ ਤੋਂ ਤਿੰਨ ਮਹੀਨੇ ਪਹਿਲਾਂ ਡਰੇਨਾਂ ਦੀ ਸਫ਼ਾਈ ਕਰਨਾ ਲਾਜ਼ਮੀ ਹੈ।
ਫਾਜ਼ਿਲਕਾ ਦੇ ਡਰੇਨੇਜ ਵਿਭਾਗ ਦੇ ਐਕਸੀਅਨ ਗੁਰਵੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਵਿਭਾਗ ਵੱਲੋਂ ਫੌਰੀ ਕਾਰਵਾਈ ਕੀਤੇ ਜਾਣ ਕਾਰਨ ਕੁਝ ਦਿਨਾਂ ਵਿੱਚ ਸਥਿਤੀ ਆਮ ਹੋ ਜਾਵੇਗੀ।
ਡਰੇਨਾਂ ਦੀ ਸਫਾਈ ਨਾ ਕੀਤੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਸਫ਼ਾਈ ਸਹੀ ਢੰਗ ਨਾਲ ਨਾ ਕੀਤੀ ਜਾਂਦੀ ਤਾਂ ਪਾਣੀ ਖੇਤਾਂ ਵਿੱਚੋਂ ਡਰੇਨਾਂ ਵਿੱਚ ਨਹੀਂ ਜਾ ਸਕਦਾ ਸੀ।
ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸੰਪਰਕ ਕਰਨ 'ਤੇ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਜਲਦੀ ਹੀ ਜਾਰੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਦੇੇਣ ਲਈ ਢੁੱਕਵੀਂ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ।
ਕਿਸਾਨਾਂ ਨੂੰ ਲਗਪਗ ਹਰ ਸਾਲ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਜਦੋਂ ਉਨ੍ਹਾਂ ਤੋਂ ਇਸ ਦਾ ਪੱਕਾ ਹੱਲ ਕੱਢਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਾਲੀਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਾੜ ਅਤੇ ਓਵਰਫਲੋਅ ਦੀਆਂ ਸਮੱਸਿਆਵਾ ਨੂੰ ਰੋਕਿਆ ਜਾ ਸਕੇ।
ਮਾਹਿਰਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਪੱਕੇ ਹੱਲ ਲਈ ਨੀਵੇਂ ਅਤੇ ਸੇਮ ਪ੍ਰਭਾਵਿਤ ਖੇਤਰਾਂ ਤੋਂ ਡਰੇਨਾਂ ਅਤੇ ਨਾਲਿਆਂ ਤੱਕ ਜ਼ਮੀਨਦੋਜ਼ਪਾਈਪਾਂ ਪਾਈਆਂ ਜਾਣ ਤਾਂ ਜੋ ਵਾਧੂ ਪਾਣੀ ਨੂੰ ਤੁਰੰਤ ਕੱਢਿਆ ਜਾ ਸਕੇ।