9 August 1971: ਜਦੋਂ ਭਾਰਤ ਨੇ ਰੂਸ ਨਾਲ ਮਿਲਾਇਆ ਹੱਥ, ਬਦਲ ਗਏ ਆਲਮੀ ਸਮੀਕਰਨ
History of India Russia Relations: ਭਾਰਤ-ਰੂਸ ਸਬੰਧਾਂ ਦੇ ਇਤਿਹਾਸ ਵਿੱਚ 9 ਅਗਸਤ ਦਾ ਦਿਨ ਇੱਕ ਅਜਿਹਾ ਦਿਨ ਸੀ, ਜਿਸ ਨੇ ਦੋਵਾਂ ਮੁਲਕਾਂ ਦੇ ਰਿਸ਼ਿਤਆਂ ਦੀ ਪ੍ਰਕਿਰਿਤੀ ਨੂੰ ਦਹਾਕਿਆਂ ਤੱਕ ਨਿਰਧਾਰਿਤ ਕੀਤਾ ਅਤੇ ਤਤਕਾਲੀ ਵਿਸ਼ਵ ਦੇ ਸਮੀਕਰਨ ਵਿੱਚ ਮੁੱਢਲੇ ਬਦਲਾਅ ਕਰ ਕੇ ਦੱਖਣੀ ਏਸ਼ਿਆਈ ਦੇਸ਼ਾਂ ਦੀ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਕੀਤਾ।
ਸਾਲ 1971 ਵਿੱਚ ਇਹ ਉਹ ਸਮਾਂ ਸੀ, ਜਦੋਂ ਭਾਰਤ ਖ਼ਿਲਾਫ਼ ਅਰਮੀਕਾ, ਪਾਕਿਸਤਾਨ ਅਤੇ ਚੀਨ ਦਾ ਗੱਠਜੋੜ ਮਜ਼ਬੂਤ ਹੁੰਦਾ ਜਾ ਰਿਹਾ ਸੀ ਅਤੇ ਤਿੰਨ ਪਾਸਿਓਂ ਘਿਰੇ ਭਾਰਤ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਮਹਿਸੂਸ ਹੋਣ ਲੱਗਿਆ ਸੀ।
ਅਜਿਹੇ ਵਿੱਚ ਤਤਕਾਲੀਨ ਸੋਵੀਅਤ ਵਿਦੇਸ਼ ਮੰਤਰੀ ਆਂਦਰੇਈ ਗ੍ਰੋਮਿਕੋ ਭਾਰਤ ਆਏ ਅਤੇ 1971 ਵਿੱਚ 9 ਅਗਸਤ ਦੇ ਹੀ ਦਿਨ ਉਨ੍ਹਾਂ ਨੇ ਭਾਰਤ ਦੇ ਉਸ ਸਮੇਂ ਦੇ ਵਿਦੇਸ਼ ਮੰਤਰੀ ਸਰਦਾਰ ਸਵਰਨ ਸਿੰਘ ਨਾਲ ਸੋਵੀਅਤ ਭਾਰਤ ਸ਼ਾਂਤੀ, ਦੋਸਤਾਨਾ ਅਤੇ ਸਹਿਯੋਗ ਸੰਧੀ ’ਤੇ ਸਹੀ ਪਾਈ। ਇਹ ਸੰਧੀ ਦੋਵਾਂ ਦੇਸ਼ਾਂ ਦੇ ਦੋਸਤਾਨਾ ਸਬੰਧਾਂ ਵਿੱਚ ਮੀਲ ਪੱਥਰ ਬਣੀ।
1971 ਵਿੱਚ ਭਾਰਤ ਸਾਹਮਣੇ ਹਾਲਾਤ ਬੇਹੱਦ ਗੰਭੀਰ ਸਨ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮਾਰਚ 1971 ਵਿੱਚ ਆਮ ਚੋਣਾਂ ਕਰਈਆਂ ਅਤੇ ਫ਼ੈਸਲਾਕੁਨ ਜਿੱਤ ਦਰਜ ਕੀਤੀ, ਪਰ ਕੁੱਝ ਹੀ ਹਫਤਿਆਂ ਵਿੱਚ ਪਾਕਿਸਤਾਨ ਦੀਆਂ ਅੰਦਰੂਨੀ ਘਟਨਾਵਾਂ ਨੇ ਬਾਹਰੀ ਮਾਹੌਲ ਨੂੰ ਸੰਕਟਮਈ ਬਣਾ ਦਿੱਤਾ।
ਦਸੰਬਰ 1970 ਵਿੱਚ ਪਾਕਿਸਤਾਨ ਵਿੱਚ ਚੋਣਾਂ ਹੋਈਆਂ ਜਿਨ੍ਹਾਂ ਵਿੱਚ ਸ਼ੇਖ ਮੁਜ਼ੀਬੁਰ ਰਹਿਮਾਨ ਦੀ ਅਵਾਮੀ ਲੀਗ ਨੇ ਪੂਰਬੀ ਪਾਕਿਸਤਾਨ ਵਿੱਚ 169 ਵਿੱਚੋੀ 167 ਸੀਟਾਂ ਜਿੱਤੀਆਂ। ਇਹ ਬਹੁਮਤ ਉਨ੍ਹਾਂ ਨੂੰ ਕੇਂਦਰ ਸਰਕਾਰ ਬਣਾਉਣ ਦਾ ਹੱਕ ਦਿੰਦਾ ਸੀ, ਪਰ ਪੱਛਮੀ ਪਾਕਿਸਤਾਨ ਦੀ ਫੌਜ ਅਤੇ ਆਗੂ ਸੱਤਾ ਸੌਂਪਣ ਨੂੰ ਤਿਆਰ ਨਹੀਂ ਸੀ। 25 ਮਾਰਚ ਨੂੰ ਪੂਰਬੀ ਪਾਕਿਸਤਾਨ ਵਿੱਚ ਫੌਜ ਨੇ ਦਮਨ ਸ਼ੁਰੂ ਕੀਤਾ, ਜਿਸ ਨਾਲ ਲੱਖਾਂ ਸ਼ਰਨਾਰਥੀ ਭਾਰਤ ਆਉਣ ਲੱਗੇ।
ਉਨ੍ਹਾਂ ਦੀ ਗਿਣਤੀ ਇੱਕ ਕਰੋੜ ਤੱਕ ਪਹੁੰਚ ਗਈ ਜਿਸ ਨਾਲ ਭਾਰਤ ’ਤੇ ਭਾਰੀ ਬੋਝ ਪਿਆ ਅਤੇ ਫੌਜ ਦੇ ਦਖ਼ਲ ਦਾ ਦਬਾਅ ਵਧਿਆ।
ਇਸ ਦੌਰਾਨ, ਪਾਕਿਸਤਾਨ, ਅਮਰੀਕਾ ਅਤੇ ਚੀਨ ਦਰਮਿਆਨ ਸਬੰਧ ਮਜ਼ਬੂਤ ਹੋ ਰਹੇ ਸਨ। ਜੁਲਾਈ 1971 ਵਿੱਚ ਪਾਕਿਸਤਾਨ ਦੀ ਮਦਦ ਨਾਲ ਅਮਰੀਕੀ ਵਿਦੇਸ਼ ਸਲਾਹਕਾਰ ਹੈਨਰੀ ਕਿਸਿੰਜਰ ਦਾ ਗੁਪਤ ਚੀਨ ਦੌਰਾ ਹੋਇਆ ਜਿਸ ਨਾਲ ਰਾਸ਼ਟਰਪਤੀ ਨਿਕਸਨ ਦਾ ਪਾਕਿਸਤਾਨ ਪ੍ਰਤੀ ਸਤਿਕਾਰ ਅਤੇ ਭਾਰਤ ਖ਼ਿਲਾਫ਼ ਉਨ੍ਹਾਂ ਦੀ ਨਿੱਜੀ ਨਾਪਸੰਦਗੀ ਵਧੀ। ਅਮਰੀਕਾ ਨੇ ਨਾ ਸਿਰਫ਼ ਭਾਰਤ ਨੂੰ ਫੌਜੀ ਕਾਰਵਾਈ ਵਿਰੁੱਧ ਚਿਤਾਵਨੀ ਦਿੱਤੀ, ਸਗੋਂ ਚੀਨ ਨੂੰ ਵੀ ਉਤਸ਼ਾਹਿਤ ਕੀਤਾ ਕਿ ਉਹ ਲੋੜ ਪੈਣ ’ਤੇ ਦਖ਼ਲ ਦੇਵੇ।
ਅਜਿਹੇ ਮਾਹੌਲ ਵਿੱਚ ਭਾਰਤ ਨੂੰ ਸੋਵੀਅਤ ਯੂਨੀਅਨ ਦੀ ਸੁਰੱਖਿਆ ਗਾਰੰਟੀ ਦੀ ਜ਼ਰੂਰਤ ਸੀ। ਸੰਧੀ ਦੇ ਆਰਟੀਕਲ 9 ਵਿੱਚ ਇਹ ਵਿਵਸਥਾ ਸੀ ਕਿ ਜੇਕਰ ਕਿਸੇ ਵੀ ਧਿਰ ’ਤੇ ਹਮਲਾ ਹੁੰਦਾ ਹੈ ਜਾਂ ਹਮਲੇ ਦਾ ਖ਼ਤਰਾ ਖੜ੍ਹਾ ਹੁੰਦਾ ਹੈ ਤਾਂ ਦੋਵੇਂ ਮਿਲ ਕੇ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣਗੇ। ਇਸ ਭਰੋਸੇ ਨੇ ਭਾਰਤ ਨੂੰ ਵਿਸ਼ਵਾਸ ਦਿਵਾਇਆ ਕਿ ਅਮਰੀਕਾ ਅਤੇ ਚੀਨ ਸਿੱਧੇ ਤੌਰ ’ਤੇ ਯੁੱਧ ਵਿੱਚ ਸ਼ਾਮਲ ਨਹੀਂ ਹੋਣਗੇ।
ਇਹ ਸੰਧੀ ਆਲਮੀ ਹਾਲਤਾਂ ਅਤੇ ਭਾਰਤ-ਸੋਵੀਅਤ ਸਬੰਧਾਂ ਦੇ ਵਿਕਾਸ ਦਾ ਨਤੀਜਾ ਸੀ। ਇਸਨੇ 1970 ਅਤੇ 80 ਦੇ ਦਹਾਕੇ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕੀਤਾ। ਹਾਲਾਂਕਿ, ਅਫਗਾਨਿਸਤਾਨ ਵਿੱਚ ਸੋਵੀਅਤ ਦਖਲਅੰਦਾਜ਼ੀ (1979) ’ਤੇ ਭਾਰਤ ਨੇ ਨਿੱਜੀ ਤੌਰ 'ਤੇ ਅਸਹਿਮਤੀ ਪ੍ਰਗਟਾਈ ਪਰ ਜਨਤਕ ਤੌਰ 'ਤੇ ਵਿਰੋਧ ਨਹੀਂ ਕੀਤਾ। 1980 ਦੇ ਦਹਾਕੇ ਵਿੱਚ ਪਾਕਿਸਤਾਨ ਪ੍ਰਮਾਣੂ ਸ਼ਕਤੀ ਬਣ ਗਿਆ ਅਤੇ ਅਮਰੀਕਾ ਨੇ ਇਸ ਵੱਲ ਅੱਖਾਂ ਮੀਟ ਲਈਆਂ, ਜਦੋਂਕਿ ਭਾਰਤ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਵਿੱਚ ਅਸਮਰੱਥ ਰਿਹਾ।
ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਭਾਰਤ-ਰੂਸ ਨੇ 1993 ਵਿੱਚ ਦੋਸਤੀ ਅਤੇ ਸਹਿਯੋਗ ਦੀ ਨਵੀਂ ਸੰਧੀ ’ਤੇ ਦਸਤਖ਼ਤ ਕੀਤੇ, ਪਰ ਇਸ ਵਿੱਚ 1971 ਦੀ ਧਾਰਾ 9 ਵਰਗੀ ਕੋਈ ਵਿਵਸਥਾ ਨਹੀਂ ਸੀ। ਉਦੋਂ ਤੋਂ ਦੁਵੱਲੇ ਸਬੰਧਾਂ ਦੀ ਪ੍ਰਕਿਰਤੀ ਕਾਫ਼ੀ ਬਦਲ ਚੁੱਕੀ ਹੈ। ਹਾਲਾਂਕਿ ਦੋਵੇਂ ਦੇਸ਼ ਅਜੇ ਵੀ ਇੱਕ-ਦੂਜੇ ਦੀ ਖੇਤਰੀ ਅਖੰਡਤਾ ਪ੍ਰਤੀ ਵਚਨਬੱਧ ਹਨ।
ਦੇਸ਼-ਦੁਨੀਆ ਦੇ ਇਤਿਹਾਸ ਵਿੱਚ 9 ਅਗਸਤ ਦੀ ਤਰੀਕ ’ਤੇ ਦਰਜ ਹੋਰ ਅਹਿਮ ਘਟਨਾਵਾਂ ਦੀ ਸਿਲਸਿਲੇਵਾਰ ਵੇਰਵਾ ਇਸ ਤਰ੍ਹਾਂ ਹੈ:-
1173 : ਇਟਲੀ ਵਿੱਚ ਵਿਸ਼ਵ ਪ੍ਰਸਿੱਧ ਪੀਸਾ ਦੀ ਝੁਕੀ ਹੋਈ ਮੀਨਾਰ ਦੀ ਉਸਾਰੀ ਸ਼ੁਰੂ।
1683 : ਇੱਕ ਐਲਾਨਨਾਮੇ ਰਾਹੀਂ ਬ੍ਰਿਟਿਸ਼ ਰਾਜਸ਼ਾਹੀ ਨੇ ਈਸਟ ਇੰਡੀਆ ਕੰਪਨੀ ਨੂੰ ਏਸ਼ੀਆ ਵਿੱਚ ਸ਼ਾਂਤੀ ਜਾਂ ਯੁੱਧ ਦਾ ਐਲਾਨ ਕਰਨ ਦੀ ਸ਼ਕਤੀ ਦਿੱਤੀ।
1831 : ਅਮਰੀਕਾ ਵਿੱਚ ਪਹਿਲੀ ਵਾਰ ਭਾਫ਼ ਦੇ ਇੰਜਣ ਵਾਲੀ ਰੇਲ ਗੱਡੀ ਚੱਲੀ।
1892 : ਥਾਮਸ ਅਲਵਾ ਐਡੀਸਨ ਨੇ ਟੂ-ਵੇਅ ਟੈਲੀਗ੍ਰਾਫ਼ ਦਾ ਪੇਟੈਂਟ ਕਰਵਾਇਆ
1925 : ਕ੍ਰਾਂਤੀਕਾਰੀਆਂ ਨੇ ਕਾਕੋਰੀ ਵਿੱਚ ਇੱਕ ਰੇਲ ਗੱਡੀ ਲੁੱਟ ਲਈ। ਕ੍ਰਾਂਤੀਕਾਰੀਆਂ ਦਾ ਮਕਸਦ ਰੇਲਗੱਡੀ ਤੋਂ ਸਰਕਾਰੀ ਖਜ਼ਾਨਾ ਲੁੱਟ ਕੇ ਉਨ੍ਹਾਂ ਪੈਸਿਆਂ ਨਾਲ ਹਥਿਆਰ ਖ਼ਰੀਦਣਾ ਸੀ।
1942 : ਮਹਾਤਮਾ ਗਾਂਧੀ ਨੂੰ ਬ੍ਰਿਟਿਸ਼ ਸਰਕਾਰ ਨੇ ਗ੍ਰਿਫਤਾਰ ਕੀਤਾ।
1945 : ਅਮਰੀਕਾ ਨੇ ਜਾਪਾਨ ਦੇ ਨਾਗਾਸਾਕੀ ਸ਼ਹਿਰ ’ਤੇ ਪ੍ਰਮਾਣੂ ਬੰਬ ਸੁੱਟੇ।
1971 : ਭਾਰਤ‘ਰੂਸ ਦੋਸਤਾਨਾ ਸੰਧੀ ’ਤੇ ਦਸਤਖ਼ਤ।
1999 : ਰੂਸ ਦੇ ਰਾਸ਼ਟਰਪਤੀ ਬੋਰਿਸ ਯੇਲਤਸਿਨ ਨੇ ਪ੍ਰਧਾਨ ਮੰਤਰੀ ਸਰਗੇਈ ਸਟੇਪਸ਼ਿਨ ਨੂੰ ਬਰਖਾਸਤ ਕਰ ਕ। ਖੁਫੀਆ ਸੇਵਾ ਦੇ ਮੁਖੀ ਵਲਾਦਿਮੀਰ ਪੂਤਿਨ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ।
2005: ਨਾਸਾ ਦਾ ਮਨੁੱਖੀ ਪੁਲਾੜਯਾਨ ਡਿਸਕਵਰੀ 14 ਦਿਨਾਂ ਦੀ ਆਪਣੀ ਸਾਹਸੀ ਅਤੇ ਜੋਖਮ ਵਾਲੇ ਸਫ਼ਰ ਮਗਰੋਂ ਕੈਲੀਫੋਰਨੀਆ ਸਥਿਤ ਏਅਰਬੇਸ ’ਤੇ ਸੁਰੱਖਿਅਤ ਉਤਰਿਆ।
2023: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸਲਾਹ ’ਤੇ ਰਾਸ਼ਟਰਪਤੀ ਆਰਿਫ ਅਲਵੀ ਨੇ ਸੰਸਦ ਦੇ ਹੇਠਲੇ ਸਦਨ ‘ਨੈਸ਼ਨਲ ਅਸੈਂਬਲੀ’ ਨੂੰ ਭੰਗ ਕਰ ਦਿੱਤਾ।
2024: ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨੁਸ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਹਲਫ਼ ਲਿਆ।