ਦੇਸ਼ਭਗਤੀ ਦੇ ਮੈਦਾਨ ’ਚ ਕਿਸ ਦੀ ਹਾਰ ?
ਅੱਜ ਜਦੋਂ ਅਖ਼ਬਾਰ ਤੁਹਾਡੇ ਹੱਥਾਂ ’ਚ ਪੁੱਜੇਗਾ ਤਾਂ ਰਾਤ ਵੇਲੇ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਏਸ਼ੀਆ ਕੱਪ ਦੇ ਫਾਈਨਲ ਲਈ ਮੈਦਾਨ ’ਚ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਇਹ ਮਹਿਜ਼ ਖੇਡ ਮੁਕਾਬਲਾ ਨਹੀਂ ਹੋਵੇਗਾ ਸਗੋਂ ਇਸ ਦੇ ਪਿਛੋਕੜ ’ਚ ਵਾਪਰੀਆਂ ਘਟਨਾਵਾਂ ਇੱਕ-ਇੱਕ ਕਰਕੇ ਲੋਕਾਂ ਦੇ ਜ਼ਿਹਨ ’ਚ ਮੁੜ ਤਾਜ਼ਾ ਹੋ ਜਾਣਗੀਆਂ। ਇੱਕ ਘਟਨਾ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਫਿਲਮ ‘ਸਰਦਾਰ ਜੀ 3’ ਨਾਲ ਜੁੜੀ ਹੋਈ ਹੈ। ਇਸ ਫਿਲਮ ’ਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਮੁੱਖ ਭੂਮਿਕਾ ਸੀ। ਆਪਣੇ ਆਪ ਨੂੰ ‘ਰਾਸ਼ਟਰਵਾਦੀ’ ਦੱਸਣ ਵਾਲਿਆਂ ਨੇ ਇਸ ਕਾਰਨ ਦਿਲਜੀਤ ਦੀ ਦੇਸ਼ਭਗਤੀ ’ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਏ ਸਨ। ਇਹ ਜਮਾਤ ਉਸ ਨੂੰ ‘ਦੇਸ਼ ਧ੍ਰੋਹੀ’ ਤੱਕ ਦੱਸ ਰਹੀ ਸੀ ਤੇ ਮੀਡੀਆ ਨੇ ਵੀ ਅਜਿਹੇ ਬਿਰਤਾਂਤ ਨੂੰ ਉੱਚੀ ਸੁਰ ਦਿੰਦਿਆਂ ਆਪਣੇ ਪ੍ਰਾਈਮ ਟਾਈਮ ਦੀਆਂ ਲੜੀਵਾਰ ਬਹਿਸਾਂ ਉਸ ਨੂੰ ‘ਦੇਸ਼ ਧ੍ਰੋਹੀ’ ਠਹਿਰਾਉਣ ਦੇ ਲੇਖੇ ਲਾ ਦਿੱਤੀਆਂ ਸਨ। ਕਿਹਾ ਗਿਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਦੇਸ਼ ਨੂੰ ਇਹ ਗਵਾਰਾ ਨਹੀਂ ਕਿ ਪਾਕਿਸਤਾਨੀ ਅਦਾਕਾਰਾਂ ਵਾਲੀ ਫਿਲਮ ਦੇਸ਼ ਵਿੱਚ ਰਿਲੀਜ਼ ਕੀਤੀ ਜਾਵੇ; ਇਹ ਇੱਕ ਤਰ੍ਹਾਂ ਨਾਲ ਪਹਿਲਗਾਮ ਦੀ ਬੈਸਰਨ ਵਾਦੀ ’ਚ ਦਹਿਸ਼ਤਗਰਦਾਂ ਵੱਲੋਂ 22 ਅਪਰੈਲ ਨੂੰ ਸ਼ਹੀਦ ਕੀਤੇ ਗਏ 26 ਨਾਗਰਿਕਾਂ ਦੀ ਸ਼ਹਾਦਤ ਦਾ ਨਿਰਾਦਰ ਹੋਵੇਗਾ। ਦਿਲਜੀਤ ਨੇ ਉਦੋਂ ਬਥੇਰੀਆਂ ਦਲੀਲਾਂ ਦਿੱਤੀਆਂ ਕਿ ਜਿਸ ਵੇਲੇ ਇਹ ਫਿਲਮ ਸ਼ੂਟ ਹੋਈ ਸੀ, ਉਦੋਂ ਦੋਹਾਂ ਦੇਸ਼ਾਂ ਵਿਚਾਲੇ ਕਿਸੇ ਤਰ੍ਹਾਂ ਦਾ ਕੋਈ ਤਣਾਅ ਨਹੀਂ ਸੀ। ਓਦਾਂ ਵੀ ਕਲਾ, ਸਾਹਿਤ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਨੂੰ ਸਿਆਸਤ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ ਪਰ ਦੇਸ਼ ਪਿਆਰ ’ਚ ਸਰਾਬੋਰ ਉਸ ਮਾਹੌਲ ’ਚ ਦਿਲਜੀਤ ਨੂੰ ਸਵਾਲ ਕੀਤੇ ਗਏ ਕਿ ਕੀ ਇੱਕ ਫਿਲਮ ਸਾਡੇ ਦੇਸ਼ ਦੇ ਸ਼ਹੀਦਾਂ ਦੀ ਸ਼ਹਾਦਤ ਤੋਂ ਉੱਪਰ ਹੋ ਗਈ? ਬੈਸਰਨ ਵਾਦੀ ਦੇ ਸ਼ਹੀਦਾਂ ਖਾਤਰ ਅਜਿਹੀਆਂ ਸੌ ਫਿਲਮਾਂ ਅਤੇ ਉਨ੍ਹਾਂ ’ਤੇ ਲੱਗੇ ਕਰੋੜਾਂ ਰੁਪਏ ਕੁਰਬਾਨ ਕੀਤੇ ਜਾ ਸਕਦੇ ਹਨ। ਕਈ ਫਿਲਮ ਐਸੋਸੀਏਸ਼ਨਾਂ ਅਤੇ ਕੁਝ ਪੰਜਾਬੀ ਗਾਇਕਾਂ ਨੇ ਵੀ ਲੰਮੀਆਂ-ਚੌੜੀਆਂ ਇੰਟਰਵਿਊਜ਼ ਦੇ ਕੇ ਅਤੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਦਿਲਜੀਤ ਨੂੰ ‘ਲਾਹਨਤਾਂ’ ਪਾਈਆਂ ਅਤੇ ਕਿਹਾ ਕਿ ਸਾਰਿਆਂ ਲਈ ਦੇਸ਼ ਹੀ ਸਭ ਤੋਂ ਉੱਤੇ ਹੋਣਾ ਚਾਹੀਦਾ ਹੈ। ਦਿਲਜੀਤ ਦੀ ਫਿਲਮ ’ਤੇ ਦੇਸ਼ ਵਿੱਚ ਪਾਬੰਦੀ ਲਾਉਣ ਲਈ ਦਬਾਅ ਪਾਇਆ ਜਾਣ ਲੱਗਾ ਤਾਂ ਫਿਲਮ ਦੇ ਪ੍ਰੋਡਿਊਸਰਾਂ ਨੇ ਇਸ ਮਾਹੌਲ ਨੂੰ ਦੇਖਦਿਆਂ ਚੁੱਪਚਾਪ ਇਸ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰ ਕੇ ਬਾਕੀ ਦੁਨੀਆ ’ਚ ਰਿਲੀਜ਼ ਕਰਨ ਦਾ ਫ਼ੈਸਲਾ ਕਰ ਲਿਆ। ਪਰ ਬੀਤੇ ਦਿਨੀਂ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਦਿਲਜੀਤ ਆਪਣੇ ਇੱਕ ਸ਼ੋਅ ਦੌਰਾਨ ਦੇਸ਼ ਦੇ ਤਿਰੰਗੇ ਝੰਡੇ ਨੂੰ ਦੇਖਦਿਆਂ ਭਾਵੁਕ ਹੋ ਉੱਠਿਆ ਅਤੇ ਉਸ ਦੀਆਂ ਭਾਵਨਾਵਾਂ ਜ਼ੁਬਾਨ ’ਤੇ ਆ ਗਈਆਂ। ਭਾਰਤ ਤੇ ਪਾਕਿਸਤਾਨ ਵਿਚਾਲੇ ਹੋ ਰਹੇ ਏਸ਼ੀਆ ਕੱਪ ਮੁਕਾਬਲੇ ਦੇ ਮੱਦੇਨਜ਼ਰ ਉਸ ਨੇ ਸਮੁੱਚੀ ‘ਦੇਸ਼ਭਗਤ’ ਜਮਾਤ ਅਤੇ ਮੀਡੀਆ ’ਤੇ ਤਿੱਖੀ ਚੋਟ ਕਰਦਿਆਂ ਕਿਹਾ, ‘‘ਇਹ ਮੇਰੇ ਦੇਸ਼ ਦਾ ਝੰਡਾ ਹੈ ਜਿਸ ਦੀ ਹਮੇਸ਼ਾ ਰਿਸਪੈਕਟ ਹੈ। ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਮੇਰੀ ਜੋ ਫਿਲਮ ‘ਸਰਦਾਰ ਜੀ’ ਆਈ ਸੀ, ਉਹ ਫਰਵਰੀ ’ਚ ਬਣੀ ਸੀ, ਤਦ ਪਹਿਲਾਂ ਹੀ ਮੈਚ (ਭਾਰਤ-ਪਾਕਿਸਤਾਨ ਵਿਚਾਲੇ) ਚੱਲ ਰਹੇ ਸਨ। ਫਿਰ ਪਹਿਲਗਾਮ ’ਚ ਦਹਿਸ਼ਤੀ ਹਮਲਾ ਹੋਇਆ। ਫਿਰ ਮੈਂ ਉਸ ਦੀ ਨਿੰਦਾ ਕੀਤੀ ਅਤੇ ਹੁਣ ਅਰਦਾਸ ਕਰਦਾ ਹਾਂ ਕਿ ਜਿਨ੍ਹਾਂ ਲੋਕਾਂ ਨੇ ਇਹ ਹਮਲਾ ਕੀਤਾ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਅਸੀਂ ਪੂਰੀ ਤਰ੍ਹਾਂ ਦੇਸ਼ ਦੇ ਨਾਲ ਹਾਂ।’’
ਇਸ ਤੋਂ ਬਾਅਦ ਉਹ ਪੂਰੇ ਦੇਸ਼ ਅੱਗੇ ਸਵਾਲ ਖੜ੍ਹਾ ਕਰਦਾ ਹੈ, ਜਿਸ ਦਾ ‘ਦੇਸ਼ ਪ੍ਰੇਮੀ’ ਤਾਕਤਾਂ ਕੋਲ ਵੀ ਕੋਈ ਜਵਾਬ ਨਹੀਂ। ਉਸ ਦਾ ਕਹਿਣਾ ਹੈ, ‘‘ਮੇਰੀ ਫਿਲਮ ਤੇ ਮੈਚ ਵਿੱਚ ਬਹੁਤ ਫਰਕ ਹੈ। ਮੇਰੀ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਅਤੇ ਮੈਚ ਪਹਿਲਗਾਮ ਹਮਲੇ ਤੋਂ ਬਾਅਦ ਹੋ ਰਹੇ ਹਨ। ਨੈਸ਼ਨਲ ਮੀਡੀਆ ’ਚ ਕਿਹਾ ਗਿਆ ਕਿ ਦਿਲਜੀਤ ਦੁਸਾਂਝ ਤਾਂ ਦੇਸ਼ ਦੇ ਵਿਰੁੱਧ ਹੈ।…ਮੈਨੂੰ ਬਹੁਤ ਦੁੱਖ ਹੋਇਆ ਪਰ ਮੈਂ ਕੁਝ ਨਹੀਂ ਬੋਲਿਆ। ਸਭ ਕੁਝ ਆਪਣੇ ਅੰਦਰ ਰੱਖਿਆ। ਜ਼ਿੰਦਗੀ ਤੋਂ ਮੈਂ ਇਹ ਸਿੱਖਿਆ ਹੈ ਕਿ ਕੋਈ ਤੁਹਾਡੇ ਬਾਰੇ ਕੁਝ ਵੀ ਬੋਲੇ, ਉਸ ਜ਼ਹਿਰ ਨੂੰ ਆਪਣੇ ਅੰਦਰ ਨਹੀਂ ਆਉਣ ਦੇਣਾ। ਇਸੇ ਲਈ ਮੈਂ ਚੁੱਪ ਰਿਹਾ ਪਰ ਅੱਜ ਮੈਨੂੰ ਸਾਹਮਣੇ ਦੇਸ਼ ਦਾ ਝੰਡਾ ਦਿਖਾਈ ਦਿੱਤਾ ਤਾਂ ਮੈਥੋਂ ਬੋਲੇ ਬਿਨਾਂ ਨਹੀਂ ਰਿਹਾ ਗਿਆ।’’
ਦਿਲਜੀਤ ਨੇ ਬਿਲਕੁਲ ਸਹੀ ਮੌਕੇ ’ਤੇ ਇਹ ਸਵਾਲ ਉਠਾਇਆ ਹੈ। ਦੇਸ਼ਭਗਤੀ ਦੇ ਨਵੇਂ ਮਾਪਦੰਡਾਂ ਅਨੁਸਾਰ ਕੀ ਪਾਕਿਸਤਾਨ ਨਾਲ ਏਸ਼ੀਆ ਕੱਪ ਖੇਡਣਾ ਦੇਸ਼ਭਗਤੀ ਦੇ ਦਾਇਰੇ ’ਚ ਆਉਂਦਾ ਹੈ? ਕੀ ਅਜਿਹਾ ਕਰ ਕੇ ਬੈਸਰਨ ਦੇ ਸ਼ਹੀਦਾਂ ਦਾ ‘ਆਦਰ’ ਕੀਤਾ ਜਾ ਰਿਹਾ ਹੈ? ਸੱਤਾ ਨੂੰ ਪੁੱਛੇ ਗਏ ਅਜਿਹੇ ਹੀ ਇੱਕ ਸਵਾਲ ਦੇ ਜਵਾਬ ’ਚ ਅਨੁਰਾਗ ਠਾਕੁਰ ਨੇ ਗੋਲਮੋਲ ਗੱਲ ਕਰਦਿਆਂ ਕਿਹਾ ਸੀ, ‘‘ਮਲਟੀਨੈਸ਼ਨਲ ਟੂਰਨਾਮੈਂਟ ਜੋ ਏ ਸੀ ਸੀ ਅਤੇ ਆਈ ਸੀ ਸੀ ਕਰਵਾਉਂਦੀ ਹੈ, ਉੱਥੇ ਕਿਸੇ ਵੀ ਦੇਸ਼ ਲਈ ਹਿੱਸਾ ਲੈਣਾ ਮਜਬੂਰੀ ਜਾਂ ਜ਼ਰੂਰੀ ਹੋ ਜਾਂਦਾ ਹੈ। ਜੇ ਹਿੱਸਾ ਨਹੀਂ ਲਓਗੇ ਤਾਂ ਟੂਰਨਾਮੈਂਟ ਤੋਂ ਬਾਹਰ ਹੋ ਜਾਓਗੇ। ਉਸ ਮੈਚ ਨੂੰ ਛੱਡਣਾ ਪਵੇਗਾ ਅਤੇ ਦੂਜੀ ਟੀਮ ਨੂੰ ਉਸ ਦੇ ਪੁਆਇੰਟ ਵੀ ਮਿਲ ਜਾਣਗੇ। ਇਸ ਦੀ ਬਜਾਏ ਜੋ ਤੁਹਾਡੀ ਪ੍ਰਤੀਬੱਧਤਾ ਹੈ, ਚਾਹੇ ਕੋਈ ਖੇਡ ਹੈ, ਉਸ ’ਚ ਮਲਟੀਨੈਸ਼ਨਲ ਟੂਰਨਾਮੈਂਟ ’ਚ ਤੁਹਾਨੂੰ ਖੇਡਣਾ ਹੀ ਪੈਂਦਾ ਹੈ।’’ ਇਸ ਜਵਾਬ ਪਿਛਲਾ ਉਸ ਦਾ ਤਰਕ ਕਿਸੇ ਨੂੰ ਸਮਝ ਨਹੀਂ ਪਿਆ। ਇਹ ਉਹੀ ਅਨੁਰਾਗ ਠਾਕੁਰ ਹੈ, ਜਿਸ ਨੇ ‘ਦੇਸ਼ਭਗਤੀ’ ’ਚ ਚੂਰ ਹੋ ਕੇ ਨਾਅਰਾ ਲਾਇਆ ਸੀ, ‘‘ਦੇਸ਼ ਕੇ ਗੱਦਾਰੋਂ ਕੋ, ਗੋਲੀ ...।’’
‘ਦੇਸ਼ਭਗਤੀ’ ਨਾਲ ਓਤ-ਪੋਤ ਬਿਆਨਾਂ ’ਚ ਜਦੋਂ ਤੁਸੀਂ ਦੇਸ਼ ਪਿਆਰ ਲਈ ਵੱਡੀ ਤੋਂ ਵੱਡੀ ਕੀਮਤ ਤਾਰਨ ਦੇ ‘ਉੱਚੇ ਮਾਪਦੰਡ’ ਤੈਅ ਕਰ ਲਓਗੇ ਤਾਂ ਤੁਹਾਡੇ ਕੋਲੋਂ ਸਵਾਲ ਤਾਂ ਪੁੱਛੇ ਹੀ ਜਾਣਗੇ ਕਿ ਦੇਸ਼ ਦੇ ਮਾਣ-ਸਨਮਾਨ ਅੱਗੇ ਮੈਚ ’ਚ ਮਿਲਣ ਵਾਲੇ ਪੁਆਇੰਟਸ ਅਤੇ ਖੇਡ ਖੇਡਣ ਦੀਆਂ ਮਜਬੂਰੀਆਂ ਕੀ ਮਾਅਨੇ ਰੱਖਦੀਆਂ ਹਨ? ਇਨ੍ਹਾਂ ਮਾਪਦੰਡਾਂ ’ਤੇ ਸਿਰਫ਼ ਦੂਜਿਆਂ ਦੀ ਹੀ ਨਹੀਂ ਸਗੋਂ ਇਸ ਨੂੰ ਤੈਅ ਕਰਨ ਵਾਲਿਆਂ ਦੀ ਵੀ ਪਰਖ ਤਾਂ ਹੋਵੇਗੀ ਹੀ।
ਸੱਤਾਧਾਰੀ ਧਿਰ ਦਾ ਇੱਕ ਪੱਕਾ ਹਮਾਇਤੀ, ਜੋ ਆਪਣੇ ਆਪ ਨੂੰ ਵੱਡਾ ਚਿੰਤਕ ਅਤੇ ਅਕਾਮੀਸ਼ੀਅਨ ਸਮਝਦਾ ਹੈ, ਨੂੰ ਇੱਕ ਪ੍ਰੋਗਰਾਮ ਦੌਰਾਨ ਸਾਹਮਣੇ ਬੈਠੇ ਦਰਸ਼ਕਾਂ ’ਚੋਂ ਇੱਕ ਲੜਕੀ ਨੇ ਇਹ ਪੁੱਛ ਲਿਆ ਕਿ ਭਾਰਤ ਹੁਣ ਪਾਕਿਸਤਾਨ ਨਾਲ ਏਸ਼ੀਆ ਕੱਪ ਕਿਉਂ ਖੇਡ ਰਿਹਾ ਹੈ ਜਦੋਂਕਿ ਪਹਿਲਗਾਮ ਦਹਿਸ਼ਤੀ ਘਟਨਾ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ‘ਖ਼ੂਨ ਅਤੇ ਪਾਣੀ ਨਾਲ ਨਾਲ ਨਹੀਂ ਵਹਿ ਸਕਦੇ ਅਤੇ ਖ਼ੂਨ ਤੇ ਖੇਡ ਵੀ ਨਾਲ ਨਾਲ ਨਹੀਂ ਹੋ ਸਕਦੇ’’। ਚਾਣਚੱਕ ਅਜਿਹਾ ਸੁਆਲ ਸੁਣ ਕੇ ਉਹ ਵਿਅਕਤੀ ਅਸਹਿਜ ਹੋ ਗਿਆ। ਇਸ ਸੁਆਲ ਨੂੰ ਮੰਚ ’ਤੇ ਸੱਜੇ-ਖੱਬੇ ਕਰਨ ਦੀ ਨਾਕਾਮ ਕੋਸ਼ਿਸ਼ ਕਰਦਿਆਂ ਅਖੀਰ ਛਿੱਥਾ ਪੈਂਦਿਆਂ ਉਸ ਨੇ ਜਵਾਬ ਦਿੱਤਾ, ‘‘ਦੇਖੀਏ ਹਮਨੇ ਖ਼ੂਨ ਔਰ ਪਾਨੀ ਕਾ ਕਹਾ ਥਾ, ਹਮਨੇ ਕ੍ਰਿਕਟ ਕਾ ਨਹੀਂ ਕਹਾ ਥਾ।’’ ਹਕੀਕਤ ਇਹ ਹੈ ਕਿ ਜੋ ਸੁਆਲ ਉਸ ਲੜਕੀ ਨੇ ਜਨਤਕ ਤੌਰ ’ਤੇ ਪੁੱਛ ਲਿਆ, ਉਹ ਦੇਸ਼ ਦੇ ਕਰੋੜਾਂ ਵਾਸੀਆਂ ਦੇ ਮਨਾਂ ’ਚ ਵੀ ਤਾਂ ਹੋਵੇਗਾ। ਬੈਸਰਨ ਵਾਦੀ ’ਚ ਸ਼ਹੀਦ ਹੋਏ ਸ਼ੁਭਮ ਦਿਵੇਦੀ ਦੀ ਵਿਧਵਾ ਐਸ਼ਾਨਿਆ ਦਿਵੇਦੀ ਨੇ ਵੀ ਭਾਰਤ ਦੇ ਪਾਕਿਸਤਾਨ ਨਾਲ ਮੈਚ ਖੇਡਣ ਬਾਰੇ ਜਨਤਕ ਤੌਰ ’ਤੇ ਸੁਆਲ ਉਠਾਏ ਸਨ। ਉਸ ਨੇ ਦੇਸ਼ ਵਾਸੀਆਂ ਨੂੰ ਮੈਚ ਦਾ ਬਾਈਕਾਟ ਕਰਨ ਦੀ ਭਾਵੁਕ ਅਪੀਲ ਕੀਤੀ ਸੀ।
ਖ਼ੈਰ, ਅਜਿਹੀਆਂ ਸਾਰੀਆਂ ਦਲੀਲਾਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਮੈਚ ਖੇਡਿਆ ਗਿਆ ਪਰ ਦੇਸ਼ ਵਿਚਲੇ ਅਜਿਹੇ ਤਲਖ਼ ਮਾਹੌਲ ਦੇ ਮੱਦੇਨਜ਼ਰ ਭਾਰਤ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਏ। ਇਸ ਤਰ੍ਹਾਂ ਦੇ ਦਾਅਵੇ ਵੀ ਕੀਤੇ ਗਏ ਕਿ ਦੋਵਾਂ ਮੈਚਾਂ ਵਿੱਚ ਪਾਕਿਸਤਾਨ ਨੂੰ ਹਰਾ ਕੇ ਬੈਸਰਨ ਵਾਦੀ ਦੀ ਘਟਨਾ ਦਾ ਬਦਲਾ ਲੈ ਲਿਆ ਗਿਆ ਹੈ। ਜਿਨ੍ਹਾਂ ਦੇ ਪਰਿਵਾਰ ਦੇ ਜੀਅ ਇਸ ਹਮਲੇ ’ਚ ਮਾਰੇ ਗਏ, ਕੀ ਉਨ੍ਹਾਂ ਨੂੰ ‘ਅਜਿਹਾ ਬਦਲਾ’ ਲੈਣ ਦੀ ਦਲੀਲ ਨਾਲ ਕਾਇਲ ਕੀਤਾ ਜਾ ਸਕਦਾ ਹੈ? ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਖਿਡਾਰੀਆਂ ਨੂੰ ਵੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿ ਜੇਕਰ ਹੱਥ ਨਾ ਮਿਲਾ ਕੇ ਖੇਡ ਭਾਵਨਾ ਦੀ ਉਲੰਘਣਾ ਹੀ ਕਰਨੀ ਸੀ ਤਾਂ ਪਾਕਿਸਤਾਨ ਨਾਲ ਖੇਡਣ ਦੀ ਕੀ ਲੋੜ ਪਈ ਸੀ?
ਇਨ੍ਹਾਂ ਆਲੋਚਨਾਵਾਂ ਦਰਮਿਆਨ ਉੱਘੇ ਕ੍ਰਿਕਟਰ ਸੁਨੀਲ ਗਾਵਸਕਰ ਨੇ ਖਿਡਾਰੀਆਂ ਦੇ ਹੱਕ ’ਚ ਨਿੱਤਰਦਿਆਂ ਕਿਹਾ ਕਿ ਇਹ (ਖੇਡ ਖੇਡਣ ਦਾ) ਫ਼ੈਸਲਾ ਖਿਡਾਰੀਆਂ ਦਾ ਨਹੀਂ ਸਗੋਂ ਸਰਕਾਰ ਦਾ ਹੁੰਦਾ ਹੈ। ਇਤਫ਼ਾਕ ਦੇਖੋ ਕਿ ਟੂਰਨਾਮੈਂਟ ਵਿੱਚ ਜਿਸ ਟੀਮ ਨਾਲ ਮੈਚ ਖੇਡਣ ਬਾਰੇ ਦੇਸ਼ ’ਚ ਸੁਆਲ ਉੱਠ ਰਹੇ ਸਨ, ਭਾਰਤੀ ਟੀਮ ਨੂੰ ਉਸੇ ਨਾਲ ਦੋ ਮੈਚ ਖੇਡਣ ਮਗਰੋਂ ਫਾਈਨਲ ਮੈਚ ਵੀ ਇਸੇ ਨਾਲ ਖੇਡਣਾ ਪੈ ਰਿਹਾ ਹੈ।
ਖੇਡਾਂ ਦਾ ਮੈਦਾਨ ਜਿੱਥੇ ਜਿੱਤ-ਹਾਰ ਦਾ ਫ਼ੈਸਲਾ ਕਰਦਾ ਹੈ, ਉੱਥੇ ਇਹ ਖੇਡ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਪ੍ਰਤੀਕ ਵੀ ਹੁੰਦਾ ਹੈ, ਜਿਸ ਵਿੱਚ ਕਿਸੇ ਵੀ ਸੂਰਤ ਸਿਆਸਤ ਦਾ ਦਖ਼ਲ ਨਹੀਂ ਹੋਣਾ ਚਾਹੀਦਾ। ਖੇਡ ਦਾ ਮੈਦਾਨ ਖਿਡਾਰੀਆਂ ਤੋਂ ਖੇਡ ਭਾਵਨਾ ਅਤੇ ਖੇਡਾਂ ਦੀਆਂ ਰਵਾਇਤਾਂ ਦੀ ਪਾਲਣਾ ਦੀ ਮੰਗ ਕਰਦਾ ਹੈ। ਜੇਕਰ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾ ਕੇ ਖੇਡਾਂ ਦੀਆਂ ਰਵਾਇਤਾਂ ਦੀ ਪਾਲਣਾ ਨਹੀਂ ਕੀਤੀ ਤਾਂ ਪਾਕਿਸਤਾਨੀ ਖਿਡਾਰੀਆਂ ਹਾਰਿਸ ਰਾਊਫ਼ ਅਤੇ ਸਾਹਿਬਜ਼ਾਦਾ ਫ਼ਰਹਾਨ ਨੇ ਵੀ ਭੜਕਾਊ ਇਸ਼ਾਰੇ ਅਤੇ ਹਰਕਤਾਂ ਕਰ ਕੇ ਖੇਡ ਭਾਵਨਾ ਨੂੰ ਡੂੰਘੀ ਸੱਟ ਮਾਰੀ ਹੈ। ਅੱਜ ਦੀ ਰਾਤ ਦੁਬਈ ਦਾ ਮੈਦਾਨ ਇਸ ਗੱਲ ਦਾ ਗਵਾਹ ਬਣੇਗਾ ਕਿ ਦੋਹਾਂ ਗੁਆਂਢੀ ਦੇਸ਼ਾਂ ਦੇ ਖਿਡਾਰੀ ਖੇਡ ਭਾਵਨਾ ਦੀ ਪਾਲਣਾ ਕਰਨਗੇ ਜਾਂ ਫਿਰ... ... ...?