ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੌਣ ਗੱਦਾਰ, ਕੌਣ ਸਜ਼ਾ ਦਾ ਹੱਕਦਾਰ ?

ਅਰਵਿੰਦਰ ਜੌਹਲ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਗੱਦਾਰਾਂ ਅਤੇ ਦੇਸ਼ਧ੍ਰੋਹੀਆਂ ਦੀ ਗਿਣਤੀ ਵਿੱਚ ਕੁਝ ਜ਼ਿਆਦਾ ਹੀ ਵਾਧਾ ਨਹੀਂ ਹੋ ਗਿਆ ਲਗਦਾ? ਬਿਲਕੁਲ ਜੀ, ਏਦਾਂ ਹੀ ਹੈ। ਇਸ ਸੂਚੀ ਵਿੱਚ ਨਵਾਂ ਨਾਂ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜੁੜ...
Advertisement

ਅਰਵਿੰਦਰ ਜੌਹਲ

ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਗੱਦਾਰਾਂ ਅਤੇ ਦੇਸ਼ਧ੍ਰੋਹੀਆਂ ਦੀ ਗਿਣਤੀ ਵਿੱਚ ਕੁਝ ਜ਼ਿਆਦਾ ਹੀ ਵਾਧਾ ਨਹੀਂ ਹੋ ਗਿਆ ਲਗਦਾ? ਬਿਲਕੁਲ ਜੀ, ਏਦਾਂ ਹੀ ਹੈ। ਇਸ ਸੂਚੀ ਵਿੱਚ ਨਵਾਂ ਨਾਂ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜੁੜ ਗਿਆ ਹੈ। ਮੀਡੀਆ ’ਚ ਚਾਰੇ ਪਾਸੇ ਰੌਲਾ ਹੈ, ‘‘ਦਿਲਜੀਤ ਦਾ ਬਾਈਕਾਟ ਕਰੋ- ਉਸ ਦੀ ਫਿਲਮ ‘ਸਰਦਾਰ ਜੀ-3’ ਨੂੰ ਦੇਸ਼ ਵਿੱਚ ਰਿਲੀਜ਼ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ।’’ ‘ਸਰਦਾਰ ਜੀ-3’ ਵਿਚਲੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਕਰ ਕੇ ਸਾਰੇ ਮੁੱਖ ਧਾਰਾ ਦੇ ਚੈਨਲ ਦਿਲਜੀਤ ਦੋਸਾਂਝ ਨੂੰ ‘ਗੱਦਾਰ’ ਸਾਬਤ ਕਰਨ ਵਿੱਚ ਰੁੱਝੇ ਹੋਏ ਹਨ। ਹੋਰ ਤਾਂ ਹੋਰ ਦਿਲਜੀਤ ਨੂੰ ਬਾਰਡਰ-2 ਵਿੱਚੋਂ ਕੱਢਣ ਲਈ ਵੀ ਦਬਾਅ ਬਣਾਇਆ ਜਾ ਰਿਹਾ ਹੈ।

Advertisement

ਇਹ ਉਹੀ ਦਿਲਜੀਤ ਹੈ ਜਿਸ ਦੇ ਵਿਦੇਸ਼ਾਂ ’ਚ ਹੋਏ ਸਫ਼ਲ ‘ਦਿਲ ਲੂਮੀਨਾਟੀ ਟੂਰ’ ਤੋਂ ਬਾਅਦ ਸਮੁੱਚਾ ਦੇਸ਼, ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੋਸਾਂਝ ਕਲਾਂ ਤੋਂ ਉੱਠੇ ਇਸ ਨੌਜਵਾਨ ’ਤੇ ਮਾਣਮੱਤਾ ਹੋਇਆ ਫਿਰਦਾ ਸੀ। ਇਸੇ ਟੂਰ ਦੌਰਾਨ ਵੈਨਕੂਵਰ ਦਾ ਬੀਸੀ ਪੈਲੇਸ ਸਟੇਡੀਅਮ, ਜਿਸ ਦੀ ਸਮਰੱਥਾ ਪੰਜਾਹ ਹਜ਼ਾਰ ਤੋਂ ਵੀ ਵੱਧ ਦੀ ਹੈ, ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ ਇਸ ਦੀਆਂ ਟਿਕਟਾਂ ਵੀ ਵਿਦੇਸ਼ ’ਚ ਵੱਖ-ਵੱਖ ਥਾਈਂ ਹੋਏ ਉਸ ਦੇ ਬਾਕੀ ਸ਼ੋਅਜ਼ ਵਾਂਗ ਪੂਰੀ ਤਰ੍ਹਾਂ ਵਿਕ ਗਈਆਂ ਸਨ। ਉਸ ਦਾ ਇਹ ਲੂਮੀਨਾਟੀ ਟੂਰ ਸਾਡੇ ਦੇਸ਼ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਵੀ ਬਹੁਤ ਸਫ਼ਲ ਰਿਹਾ। ਹਰ ਸੂਬੇ ਦੇ ਲੋਕਾਂ ਨੇ ਆਪੋ ਆਪਣੇ ਸ਼ਹਿਰਾਂ ’ਚ ਆਏ ਦਿਲਜੀਤ ਨੂੰ ਖ਼ੂਬ ਪਿਆਰ, ਮੁਹੱਬਤ ਦਿੱਤੀ; ਹਾਲਾਂਕਿ ਗੀਤ ਉਸ ਨੇ ਵਧੇਰੇ ਕਰਕੇ ਪੰਜਾਬੀ ਹੀ ਗਾਏ। ਬੌਂਬੇ ਵਿਚਲੇ ਉਸ ਦੇ ਸ਼ੋਅ ਦੀਆਂ ਟਿਕਟਾਂ ਤਾਂ ਰਿਕਾਰਡ 50 ਸਕਿੰਟਾਂ ’ਚ ਹੀ ਵਿਕ ਗਈਆਂ ਸਨ। ਕਦੇ ਇਹੋ ਟੀਵੀ ਚੈਨਲ ਉਸ ਦੀ ਕੋਚੇਲਾ ਵਿਚਲੀ ਪੇਸ਼ਕਾਰੀ, ਜਿੱਥੇ ਉਸ ਨੇ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਨੂੰ ਆਪਣੇ ਨਾਲ ਨੱਚਣ ਲਈ ਮਜਬੂਰ ਕਰ ਦਿੱਤਾ ਸੀ, ਦੇ ਸੋਹਲੇ ਗਾਉਂਦੇ ਨਹੀਂ ਸਨ ਥੱਕਦੇ ਪਰ ਹੁਣ ਉਹੀ ਵਾਰ ਵਾਰ ਦਿਲਜੀਤ ਦੋਸਾਂਝ ਨੂੰ ਪਾਣੀ ਪੀ ਪੀ ਕੇ ਭੰਡਦਿਆਂ ‘ਗੱਦਾਰ’ ਦੱਸ ਰਹੇ ਹਨ। ਦਿਲਜੀਤ ਪਹਿਲਾ ਅਜਿਹਾ ਪੰਜਾਬੀ ਗਾਇਕ ਸੀ ਜੋ ਜਿੰਮੀ ਫੈਲਨ ਦੇ ‘ਦਿ ਟੂਨਾਈਟ ਸ਼ੋਅ’ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਇਆ। ਅਮਰੀਕੀ ਚੈਨਲ ‘ਐਨਬੀਸੀ’ ’ਤੇ ਇਹ ਸ਼ੋਅ 1954 ਤੋਂ ਚੱਲਦਾ ਆ ਰਿਹਾ ਹੈ, ਜਿਸ ਨੂੰ ਇਸ ਅਰਸੇ ਦੌਰਾਨ ਕਈ ਵੱਖ ਵੱਖ ਉੱਘੇ ਹੋਸਟ ਪੇਸ਼ ਕਰਦੇ ਰਹੇ ਹਨ। ਅਮਰੀਕਾ ’ਚ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਕਲਾਕਾਰ ਇਸ ਸ਼ੋਅ ’ਚ ਆ ਗਿਆ ਤਾਂ ਸਮਝੋ ਉਸ ਦਾ ਆਪਣੀ ਕਲਾ ਦੇ ਖੇਤਰ ’ਚ ਨਵੀਆਂ ਸਿਖਰਾਂ ਵੱਲ ਸਫ਼ਰ ਸ਼ੁਰੂ ਹੋ ਗਿਆ। ਇਸ ਸ਼ੋਅ ਵਿੱਚ ਦਿਲਜੀਤ ਨੇ ਪੰਜਾਬੀ ਗੀਤ ਗਾਏ ਅਤੇ ਉਸ ਦਾ ਪਹਿਰਾਵਾ ਵੀ ਦੇਸੀ ਸੀ। ਇਸ ਪ੍ਰੋਗਰਾਮ ਦੀ ਸਿਖ਼ਰ ਉਦੋਂ ਹੋ ਨਿਬੜੀ ਜਦੋਂ ਦਿਲਜੀਤ ਨੇ ਜਿੰਮੀ ਫੈਲਨ ਦੇ ਮੂੰਹੋਂ ‘ਸਤਿ ਸ੍ਰੀ ਅਕਾਲ’ ਬੁਲਵਾਈ ਅਤੇ ਨਾਲ ਹੀ ਉਸ ਮੰਚ ਤੋਂ ਬੜੇ ਮਾਣ ਨਾਲ ਆਖਿਆ, ‘‘ਪੰਜਾਬੀ ਆ ਗਏ ਓਏ।’’ ਉਸ ਪ੍ਰੋਗਰਾਮ ਵਿੱਚ ਲਾਈਵ ਆਡੀਐਂਸ (ਦਰਸ਼ਕ) ਵਜੋਂ ਬੁਲਾਏ ਗਏ ਪੰਜਾਬੀਆਂ ਲਈ ਉਹ ਬਹੁਤ ਹੀ ਮਾਣਮੱਤੇ ਪਲ ਸਨ ਜਦੋਂ ਦਿਲਜੀਤ ਦੇ ਪਿੱਛੇ ਜਿੰਮੀ ਫੈਲਨ ਨੇ ਵੀ ਕਿਹਾ, ‘‘ਪੰਜਾਬੀ ਆ ਗਏ ਓਏ।’’ ਤੇ ਫਿਰ ਉਸ ਮੰਚ ’ਤੇ ਪੰਜਾਬੀ ਛਾਅ ਹੀ ਗਏ।

ਇਸ ਵੇਲੇ ਦੇਸ਼ ਵਿੱਚ ਉਸ ਦੀ ਫਿਲਮ ‘ਸਰਦਾਰ ਜੀ-3’ ਵਿੱਚ ਅਦਾਕਾਰਾ ਤੇ ਹੋਰ ਕਲਾਕਾਰ ਪਾਕਿਸਤਾਨੀ ਹੋਣ ਕਰਕੇ ਉਸ ਨੂੰ ਆਪਣੇ ਹੀ ਦੇਸ਼ ਵਿੱਚ ਚਾਰੇ ਪਾਸਿਉਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਮਾਹੌਲ ਦੇ ਮੱਦੇਨਜ਼ਰ ਵ੍ਹਾਈਟ ਹਿੱਲ ਪ੍ਰੋਡਕਸ਼ਨ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਵੱਲੋਂ ਮਿਲ ਕੇ ਬਣਾਈ ਗਈ ਇਸ ਪੰਜਾਬੀ ਹਾਰਰ ਕਾਮੇਡੀ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਦਿਲਜੀਤ ਨੇ ਖ਼ੁਦ ਕਿਹਾ ਕਿ ਇਸ ਸਾਰੇ ਵਿਵਾਦ ਕਾਰਨ ਫਿਲਮ ਦੇ ਪ੍ਰੋਡਿਊਸਰਾਂ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੰਘ ਨੇ ਇਸ ਨੂੰ ਵਿਦੇਸ਼ ਵਿੱਚ ਹੀ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫਿਲਮ ਹੁਣ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਦਿਲਜੀਤ ਦੀ ਇਸ ਫਿਲਮ ਖ਼ਿਲਾਫ਼ ਦੇਸ਼ ਵਿੱਚ ਲਗਾਤਾਰ ਮਾਹੌਲ ਸਿਰਜ ਰਹੇ ਲੋਕਾਂ ਨੂੰ ਜਦੋਂ ਇਹ ਲੱਗਿਆ ਕਿ ਹੁਣ ਤਾਂ ਪ੍ਰੋਡਿਊਸਰਾਂ ਨੇ ਭਾਰਤ ’ਚ ਰਿਲੀਜ਼ ਨਾ ਕਰਨ ਦਾ ਫ਼ੈਸਲਾ ਲੈ ਲਿਆ ਤਾਂ ਅੱਗੋਂ ਇਹ ਬਿਰਤਾਂਤ ਸ਼ੁਰੂ ਹੋ ਗਿਆ ਕਿ ਇਸ ਨੂੰ ਦੇਸ਼ ਦੀ ਕੋਈ ਪਰਵਾਹ ਹੀ ਨਹੀਂ। ਪਹਿਲਾਂ ਤਾਂ ਇਸ ਨੇ ਪਾਕਿਸਤਾਨੀ ਅਦਾਕਾਰਾ ਨੂੰ ਫਿਲਮ ’ਚ ਲਿਆ ਤੇ ਹੁਣ ਇਹ ਕਹਿੰਦਾ ਹੈ ਕਿ ਇਸ ਫਿਲਮ ਨੂੰ ਭਾਰਤ ’ਚ ਰਿਲੀਜ਼ ਹੀ ਨਹੀਂ ਕੀਤਾ ਜਾਵੇਗਾ। ਜਦੋਂ ਫਿਲਮ ਦੀ ਰਿਲੀਜ਼ ਨੂੰ ਲੈ ਕੇ ਬਖੇੜਾ ਕਰਨ ਦਾ ਮੁੱਦਾ ਵੀ ਆਲੋਚਕਾਂ ਹੱਥੋਂ ਨਿਕਲ ਗਿਆ ਤਾਂ ਅਗਲਾ ਰੌਲਾ ਇਹ ਪਾਇਆ ਜਾਣ ਲੱਗਾ ਕਿ ਦਿਲਜੀਤ ਨੂੰ ਬਾਰਡਰ-2 ਵਿੱਚੋਂ ਕੱਢਿਆ ਜਾਵੇ। ਵਿਦੇਸ਼ ’ਚ ਇਸੇ ਫਿਲਮ ਦੇ ਪ੍ਰਚਾਰ ਦੌਰਾਨ ਪੁੱਛੇ ਗਏ ਇੱਕ ਸਵਾਲ ਦੇ ਜਵਾਬ ’ਚ ਦਿਲਜੀਤ ਨੇ ਵੀ ਅੱਗਿਉਂ ਕਹਿ ਦਿੱਤਾ ਕਿ ਉਸ ਦੀ ਬੌਲੀਵੁੱਡ ਫਿਲਮਾਂ ’ਚ ਕੰਮ ਕਰਨ ’ਚ ਕੋਈ ਦਿਲਚਸਪੀ ਨਹੀਂ। ਉਸ ਨੂੰ ਆਪਣਾ ਗੀਤ ਅਤੇ ਸੰਗੀਤ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ। ਹੁਣ ਉਸ ਦੀ ਟਿੱਪਣੀ ਮਗਰੋਂ ਕਿਹਾ ਜਾਣ ਲੱਗਾ ਹੈ ਕਿ ਉਸ ਵਿੱਚ ਬਹੁਤ ‘ਈਗੋ’ ਹੈ ਅਤੇ ਮੁਆਫ਼ੀ ਮੰਗਣ ਵਿੱਚ ਉਸ ਨੂੰ ਸ਼ਰਮ ਆਉਂਦੀ ਹੈ। ਦਿਲਜੀਤ ਆਪਣਾ ਪੱਖ ਵਾਰ-ਵਾਰ ਸਪੱਸ਼ਟ ਕਰਦਿਆਂ ਦੱਸ ਚੁੱਕਾ ਹੈ ਕਿ ਜਿਸ ਵੇਲੇ ਇਸ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ, ਉਸ ਵੇਲੇ ਦੋਹਾਂ ਦੇਸ਼ਾਂ ਦੇ ਸਬੰਧ ਸੁਖਾਵੇਂ ਸਨ ਅਤੇ ਕਿੱਧਰੇ ਕੋਈ ਕਸ਼ੀਦਗੀ ਨਹੀਂ ਸੀ। ਪੰਜਾਬੀ ਗਾਇਕ ਮੀਕਾ ਸਿੰਘ ਨੇ ਤਾਂ ਉਸ ਨੂੰ ਜਾਅਲੀ (ਫੇਕ) ਗਾਇਕ ਤੇ ਗ਼ੈਰ-ਜ਼ਿੰਮੇਵਾਰ ਵਿਅਕਤੀ ਤੱਕ ਕਰਾਰ ਦੇ ਦਿੱਤਾ। ਵੱਖ ਵੱਖ ਟੀਵੀ ਚੈਨਲਾਂ ’ਤੇ ਇਸ ਵਿਸ਼ੇ ’ਤੇ ਬੋਲਦਿਆਂ ਉਹ ਇਹ ਸੁਝਾਅ ਦੇਣ ਤੱਕ ਗਿਆ ਕਿ ਕਿਉਂ ਨਹੀਂ ਦਿਲਜੀਤ ਨੇ ਹਾਨੀਆ ਆਮਿਰ ਨੂੰ ਕੱਢ ਕੇ ਫਿਲਮ ਨੂੰ ਨਵੇਂ ਸਿਰਿਓਂ ਸ਼ੂਟ ਕਰ ਲਿਆ। ਖ਼ੈਰ, ਜਦੋਂ ਆਪਣਾ ਪੈਸਾ ਨਾ ਲੱਗਿਆ ਹੋਵੇ ਤਾਂ ਅਜਿਹੀਆਂ ਸਲਾਹਾਂ ਦੇਣੀਆਂ ਔਖੀਆਂ ਨਹੀਂ ਹੁੰਦੀਆਂ। ਵੈਸੇ ਦੂਜਿਆਂ ਨੂੰ ਸਲਾਹ ਦੇਣ ਦੀ ਥਾਂ ਗਾਇਕ ਨੂੰ ਇਕਾਗਰਤਾ ਨਾਲ ਆਪਣੇ ਰਿਆਜ਼ ’ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਮੀਕਾ ਨੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੇ ਇੱਕ ਲੰਮੇ ਨੋਟ ’ਚ ਆਖਿਆ, ‘‘ਜਦੋਂ ਦੇਸ਼ ਦੀ ਇੱਜ਼ਤ ਦਾ ਸੁਆਲ ਹੋਵੇ ਤਾਂ ਸਰਹੱਦ ਪਾਰ ਦੇ ਕਲਾਕਾਰਾਂ ਨਾਲ ਸਮੱਗਰੀ ਰਿਲੀਜ਼ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ।’’ ਇਸੇ ਸੰਦਰਭ ’ਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦੇ ਹੱਕ ’ਚ ਨਿੱਤਰਦਿਆਂ ਗੁਆਂਢੀ ਮੁਲਕ ਦੇ ਲੋਕਾਂ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਇਹ ਗੱਲ ਕਿਉਂ ਭੁੱਲ ਜਾਂਦੇ ਹਨ ਕਿ ਸਾਡੀਆਂ ਬਹੁਤੀਆਂ ਭਾਰਤੀ ਫਿਲਮਾਂ ’ਚ ਪਾਕਿਸਤਾਨੀ ਗੀਤਾਂ ਦੀ ਹੀ ਨਕਲ ਕੀਤੀ ਜਾਂਦੀ ਹੈ। ਉਸ ਨੇ ਕਿਹਾ ਕਿ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਕਿਸੇ ਪਾਕਿਸਤਾਨੀ ਕਲਾਕਾਰ ਨੂੰ ਭਾਰਤੀ ਫਿਲਮ ’ਚ ਲਿਆ ਜਾਵੇ ਤਾਂ ਫਿਰ ਉਸ ਗੀਤ, ਸੰਗੀਤ ਦਾ ਕੀ ਕੀਤਾ ਜਾਵੇ ਜਿਹੜਾ ਆਪਾਂ ਕਿਸੇ ਨਾ ਕਿਸੇ ਰੂਪ ’ਚ ਪਾਕਿਸਤਾਨ ਵਾਲੇ ਪਾਸਿਉਂ ਚੁੱਕਿਆ ਹੈ? ਇਹ ਦੋਹਰੇ ਮਾਪਦੰਡ ਕਿਉਂ? ਮੀਕਾ ਵਰਗੇ ‘ਜ਼ਿੰਮੇਵਾਰ’ ਵਿਅਕਤੀ ਨੂੰ ਹੀ ਚਾਹੀਦਾ ਹੈ ਕਿ ਉਹ ਅਜਿਹੇ ਗੀਤ-ਸੰਗੀਤ ਦੀ ਨਿਸ਼ਾਨਦੇਹੀ ਕਰ ਕੇ ਉਸ ਨੂੰ ਭਾਰਤੀ ਫਿਲਮਾਂ ਵਿੱਚੋਂ ਕਢਵਾਉਣ ਦੇ ਕਾਰਜ ਦਾ ਝੰਡਾਬਰਦਾਰ ਬਣੇ। ਦੇਸ਼ ਲਈ ਏਨਾ ਛੋਟਾ ਜਿਹਾ ਕਾਰਜ ਕਰਨਾ ਉਸ ਦੇ ਲਈ ਕਿੱਡੀ ਕੁ ਵੱਡੀ ਗੱਲ ਹੈ!

ਇਸ ਵਿਵਾਦ ’ਚ ਦਿਲਜੀਤ ਹੀ ਨਹੀਂ, ਹਾਨੀਆ ਆਮਿਰ ਨੂੰ ਵੀ ਆਪਣੇ ਦੇਸ਼ ਵਿੱਚ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਹਾਨੀਆ ਤੋਂ ਪਹਿਲਾਂ ਫਵਾਦ ਖਾਨ ਇਸੇ ਤਰ੍ਹਾਂ ਆਲੋਚਨਾ ਦਾ ਨਿਸ਼ਾਨਾ ਰਿਹਾ। ਫਵਾਦ ਦੀ ਫਿਲਮ ‘ਅਬੀਰ ਗੁਲਾਲ’ ਦੇ ਰਿਲੀਜ਼ ’ਤੇ ਤਾਂ ਪਹਿਲਗਾਮ ਹਮਲੇ ਮਗਰੋਂ ਪਾਬੰਦੀ ਲਗਾ ਦਿੱਤੀ ਗਈ ਸੀ। ਪਾਕਿਸਤਾਨ ਦੇ ਕਲਾਕਾਰ ਭਾਈਚਾਰੇ ਨੇ ਇਨ੍ਹਾਂ ਦੋਹਾਂ ਤੇ ਹੋਰ ਕਲਾਕਾਰਾਂ ਨੂੰ ਭਾਰਤੀ ਫਿਲਮਾਂ ’ਚ ਕੰਮ ਕਰਨ ਲਈ ਬਹੁਤ ਬੁਰਾ ਭਲਾ ਆਖਿਆ। ਇਨ੍ਹਾਂ ਨੂੰ ਸਵਾਲ ਕੀਤਾ ਗਿਆ, ‘‘ਜਦੋਂ ਉੱਥੇ (ਭਾਰਤ ਵਿੱਚ) ਤੁਹਾਡੀ ਕੋਈ ਇੱਜ਼ਤ ਹੀ ਨਹੀਂ ਤਾਂ ਤੁਸੀਂ ਵਾਰ ਵਾਰ ਉੱਥੇ ਕੀ ਲੈਣ ਜਾਂਦੇ ਹੋ? ਪੈਸੇ ਭਾਵੇਂ ਘੱਟ ਹੀ ਮਿਲਣ ਪਰ ਆਪਣੇ ਦੇਸ਼ (ਪਾਕਿਸਤਾਨ) ’ਚ ਕੰਮ ਕਰੋ।’’ ਫਵਾਦ ਖਾਨ ਨੂੰ ‘ਐ ਦਿਲ ਹੈ ਮੁਸ਼ਕਿਲ’ ਵੇਲੇ ਵੀ ਅਜਿਹੀ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬੀ ਫਿਲਮਾਂ ’ਚ ਪਾਕਿਸਤਾਨ ਦੇ ਬਹੁਤ ਸਾਰੇ ਚਰਿੱਤਰ ਅਭਿਨੇਤਾ ਕੰਮ ਕਰਦੇ ਹਨ ਜਿਨ੍ਹਾਂ ’ਚ ਨਾਸਿਰ ਚਿਨਿਓਟੀ, ਨਸੀਮ ਵਿੱਕੀ, ਇਫਤਿਖਾਰ ਠਾਕੁਰ, ਜਫਰੀ ਖਾਨ, ਸਲੀਮ ਅਲਬੇਲਾ ਜਿਹੇ ਅਦਾਕਾਰਾਂ ਦੇ ਨਾਂ ਸ਼ਾਮਿਲ ਹਨ। ਚੜ੍ਹਦੇ ਪੰਜਾਬ ਦੀਆਂ ਪੰਜਾਬੀ ਫਿਲਮਾਂ ਪਾਕਿਸਤਾਨੀ ਸਿਨੇਮਿਆਂ ਵਿੱਚ ਵੀ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਲੋਕ ਚਾਅ ਨਾਲ ਦੇਖਦੇ ਹਨ। ਪਾਕਿਸਤਾਨ ’ਚ ਜਦੋਂ ਇਨ੍ਹਾਂ ਕਲਾਕਾਰਾਂ ਦੀ ਲਾਹ-ਪਾਹ ਹੋ ਰਹੀ ਸੀ ਤਾਂ ਉੱਥੇ ਵੀ ਕੋਈ ਇਨ੍ਹਾਂ ਦੇ ਹੱਕ ’ਚ ਨਹੀਂ ਸੀ ਨਿੱਤਰਿਆ।

ਕਿਹਾ ਜਾਂਦਾ ਹੈ ਕਿ ਕਲਾਕਾਰ ਅਤੇ ਅਦੀਬ ਸਭ ਦੇ ਸਾਂਝੇ ਹੁੰਦੇ ਹਨ। ਇਨ੍ਹਾਂ ਸਮਿਆਂ ’ਚ ਸਾਡੀ ਸਭ ਤੋਂ ਵੱਡੀ ‘ਪ੍ਰਾਪਤੀ’ ਇਹੋ ਰਹੀ ਹੈ ਕਿ ਅਸੀਂ ਕਲਾ ਅਤੇ ਕਲਾਕਾਰਾਂ ਵਿਚਾਲੇ ਵੀ ਕੰਧਾਂ ਉਸਾਰਨੀਆਂ ਸਿੱਖ ਲਈਆਂ ਹਨ। ਪਹਿਲਗਾਮ ਹਮਲੇ ਦੇ ਸੰਦਰਭ ਵਿੱਚ ਹੁਣ ਕਲਾਕਾਰਾਂ ’ਚ ਵੰਡੀਆਂ ਪਾਉਣ ਦੀ ਗੱਲ ਕਰਨ ਵਾਲੇ ਉਦੋਂ ਕਿੱਥੇ ਸਨ ਜਦੋਂ ਇਸ ਹਮਲੇ ’ਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ ਹਿਮਾਂਸ਼ੀ ਨਰਵਾਲ, ਕਰਨਲ ਸੋਫੀਆ ਕੁਰੈਸ਼ੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦੇ ਫ਼ੈਸਲੇ ਦਾ ਐਲਾਨ ਕਰਨ ਵਾਲੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਧੀ ਨੂੰ ਇੱਜ਼ਤ ਨੂੰ ਸੋਸ਼ਲ ਮੀਡੀਆ ’ਤੇ ਰੋਲਿਆ ਜਾ ਰਿਹਾ ਸੀ? ਉਸ ਵੇਲੇ ਇਨ੍ਹਾਂ ਧੀਆਂ ਭੈਣਾਂ ਦੇ ਹੱਕ ’ਚ ਨਾ ਡਟਣ ਵਾਲੇ ਕੀ ਗੱਦਾਰ ਨਹੀਂ ਕਹਾਉਣਗੇ? ਜ਼ਰਾ ਸੋਚੋ... ਇਨ੍ਹਾਂ ਗੱਦਾਰਾਂ ਦਾ ਹੁਣ ਕੀ ਕਰਨਾ ਹੈ?

Advertisement