ਜਦ ਗੰਡਮੂਲਾਂ ਬੇਅਸਰ ਹੋਈਆਂ
ਗੱਲ ਬੜੀ ਪੁਰਾਣੀ ਹੈ। ਉਦੋਂ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ | ਇੱਕ ਦਿਨ ਮੇਰੀ ਮਾਂ ਅਤੇ ਗੁਆਢਣਾਂ ਗਲੀ ’ਚ ਬੈਠੀਆਂ ਗੱਲਾਂ ਕਰ ਰਹੀਆਂ ਸਨ ਕਿ ਉਥੇ ਹੱਥ ਦੇਖਣ ਵਾਲਾ ਇੱਕ ਜੋਤਸ਼ੀ ਆਇਆ ਜੋ ਆਪਣੀ ਜੋਤਿਸ਼ ਵਿਦਿਆ ਬਾਰੇ ਦੱਸ ਕੇ ਉਨ੍ਹਾਂ ’ਤੇ ਪ੍ਰਭਾਵ ਪਾਉਣ ਲੱਗਾ|
ਸਾਰੀਆਂ ਗੁਆਢਣਾਂ ਬਿਨਾ ਕਿਸੇ ਸੋਚ ਵਿਚਾਰ ਦੇ ਜੋਤਸ਼ੀ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਬਾਰੇ ਪੁੱਛਣ ਲਈ ਹੱਥ ਦਿਖਾਉਣ ਲੱਗ ਗਈਆਂ| ਉਨ੍ਹਾਂ ਦੀ ਰੀਸ ਵਿੱਚ ਮੇਰੀ ਮਾਂ ਦੀ ਵੀ ਉਤਸੁਕਤਾ ਵਧੀ ਤੇ ਉਸ ਨੇ ਮੈਨੂੰ ਘਰ ਬੈਠੇ ਨੂੰ ਆਵਾਜ਼ ਮਾਰੀ ਤੇ ਜੋਤਸ਼ੀ ਨੂੰ ਕਿਹਾ ,‘ਬਾਬਾ ਜੀ ਮੇਰਾ ਇਹ ਮੁੰਡਾ ਸੱਤਵੀਂ ਜਮਾਤ ਵਿੱਚ ਪੜ੍ਹਦੈੈ , ਇਸ ਦਾ ਹੱਥ ਦੇਖ ਕੇ ਦੱਸੋ ਕਿ ਇਹ ਕਿੰਨਾ ਕੁ ਪੜ੍ਹੇਗਾ ਤੇ ਕਿਹੜੀ ਨੌਕਰੀ ਲੱਗੇਗਾ?’
ਜੋਤਸ਼ੀ ਨੇ ਆਪਣੀ ਪੱਤਰੀ ਖੋਲ੍ਹੀ ਤੇ ਮੇਰਾ ਹੱਥ ਦੇਖਣਾ ਸ਼ੁਰੂ ਕੀਤਾ| ਉਸ ਨੇ ਮੇਰੀ ਮਾਂ ਨੂੰ ਮੇਰੀ ਜਨਮ ਤਰੀਕ ਤੇ ਮੇਰੇ ਨਾਮ ਬਾਰੇ ਪੁੱਛਿਆ| ਫੇਰ ਉਹਨੇ ਸਫ਼ੇਦ ਕਾਗਜ਼ ਤੇ ਪੈੈੱਨ ਨਾਲ ਡੱਬੀਆਂ ਜਿਹੀਆਂ ਵਾਹੀਆਂ ਤੇ ਉਨ੍ਹਾਂ ਵਿੱਚ ਆਪਣੀ ਜੋਤਿਸ਼ ਪੱਤਰੀ ਵਿਚੋਂ ਦੇਖ ਕੇ ਕੁਝ ਲਿਖਿਆ| ਫੇਰ ਓਹਨੇ ਮੇਰੀ ਮਾਂ ਨੂੰ ਕਿਹਾ, ‘ਸੁਣ ਬੀਬੀ ਜੋਤਿਸ਼ ਅਨੁਸਾਰ ਤੇਰੇ ਮੁੰਡੇ ਦਾ ਜਨਮ ਗੰਡਮੂਲਾਂ ਚ ਹੋਇਐ| ਇਸ ਦੀ ਨੌਕਰੀ ਲੱਗਣੀ ਤਾਂ ਦੂਰ ਦੀ ਗੱਲ ਇਹ ਅੱਠਵੀਂ ਜਮਾਤ ਤੋਂ ਅੱਗੇ ਪਾਸ ਨ੍ਹੀਂ ਹੋ ਸਕਦਾ| ਭਵਿੱਖ ਵਿੱਚ ਇਹ ਕਿਸੇ ਬਿਮਾਰੀ ਦੀ ਜਕੜ ਵਿੱਚ ਵੀ ਆ ਸਕਦੈੈ ਕਿਉਂਕਿ ਗੰੰਡਮੂਲਾਂ ਇਸ ਦੇ ਸਾਰੇ ਕੰਮ ਵਿਗਾੜ ਰਹੀਆਂ ਨੇ|’
ਜੋਤਸ਼ੀ ਨੇ ਮੇਰੀ ਮਾਂ ਤੋਂ ਆਪਣੀ ਦੱਛਣਾ ਲਈ ਤੇ ਚਲਾ ਗਿਆ| ਪਰ ਉਸਦੀਆਂ ਕਹੀਆਂ ਗੱਲਾਂ ਕਰਕੇ ਮੇਰੀ ਮਾਂ ਉਦਾਸ ਰਹਿਣ ਲੱਗ ਪਈ| ਮੈਂ ਸਕੂਲ ਦੀ ਛੁੱਟੀ ਤੋਂ ਬਾਅਦ ਜਦ ਘਰ ਆ ਕੇ ਵਿਹਲੇ ਸਮੇਂ ਦੋਸਤਾਂ ਨਾਲ ਖੇਡਣ ਲੱਗਦਾ ਤਾਂ ਮੇਰੀ ਮਾਂ ਨੇ ਮੈਨੂੰ ਝਿੜਕਾਂ ਦੇਣੀਆਂ ਸ਼ੁਰੂ ਕਰ ਦੇਣੀਆਂ ਤੇ ਕਹਿਣਾ,‘ ਵੇ ਆ ਕੇ ਪੜ੍ਹ ਲੈ, ਨਹੀਂ ਤਾਂ ਫੇਲ੍ਹ ਹੋਜੇਂਗਾ “।
ਉਨ੍ਹਾਂ ਦਿਨਾਂ ਵਿੱਚ ਮੈਂ ਵੀ ਕੁਝ ਲਾਪ੍ਰਵਾਹ ਸੀ | ਉਤੋਂ ਮਿੱਤਰ ਮੰਡਲੀ ਕੁਝ ਅਜਿਹੀ ਸੀ ਕਿ ਸਕੂਲ ਜਾਂਦੇ ਨੂੰ ਰਾਹ ਵਿੱਚੋਂ ਮੋੜ ਕੇ ਸਿਨਮਾ ਦੇਖਣ ਲੈ ਜਾਂਦੀ ਜਾਂਂ ਕਦੇ ਸਕੂਲ ਦੇ ਨਜ਼ਦੀਕ ਬਣੇ ਪਾਰਕ ਵਿੱਚ ਲੈ ਜਾਂਦੀ ਤੇ ਉਥੇ ਅਸੀਂ ਸਾਰਾ ਦਿਨ ਗੱਪਾਂ ਮਾਰਦਿਆਂ ਨੇ ਕੱਢ ਦੇਣਾ | ਇਉਂ ਮੈਂ ਕਈ ਕਈ ਦਿਨ ਸਕੂਲੋਂ ਗੈਰਹਾਜ਼ਰ ਹੋ ਜਾਂਦਾ|
ਇੱਕ ਦਿਨ ਸਾਡੀ ਜਮਾਤ ਦੇ ਇੰਚਾਰਜ ਮਾਸਟਰ ਨੇ ਸਾਡੇ ਘਰੇ ਸੁਨੇਹਾ ਭੇਜਿਆ ਕਿ ‘ਤੁਹਾਡਾ ਮੁੰਡਾ ਪਿਛਲੇ ਚਾਰ ਦਿਨਾਂਂ ਤੋਂ ਸਕੂਲੋਂ ਗੈਰਹਾਜ਼ਰ ਹੈ, ਉਹਨੂੰ ਸਕੂਲ ਭੇਜੋ|’ ਇਹ ਸੁਣ ਕੇ ਮੇਰੀ ਮਾਂ ਦਾ ਗੁੱਸਾ ਤੇ ਡਰ ਹੋਰ ਵਧ ਗਿਆ| ਮਾਂ ਨੇ ਉਸ ਦਿਨ ਮੈਨੂੰ ਚੰਗਾ ਕੁਟਾਪਾ ਚਾੜ੍ਹਿਆ| ਮਾਂ ਨਾਲੇ ਮੈਨੂੰ ਕੁੱਟੀ ਜਾਵੇ, ਨਾਲੇ ਰੋਈ ਜਾਵੇ ਤੇ ਨਾਲੇ ਕਹੀ ਜਾਵੇ ,‘ਵੇ ਰੁੜ੍ਹ ਜਾਣਿਆ ਜੋਤਸ਼ੀ ਠੀਕ ਹੀ ਕਹਿੰਦਾ ਸੀ ਕਿ ਤੂੰ ਨ੍ਹੀਂ ਅੱਠਵੀਂਂ ਟੱਪਦਾ|’
ਪੇਪਰਾਂ ਦਾ ਵੇਲਾ ਆ ਗਿਆ| ਮਾਂ ਦੀ ਕੁੱਟ ਦਾ ਮੇਰੇ ’ਤੇ ਡੂੰਘਾ ਅਸਰ ਸੀ | ਮੈਂ ਸੱਤਵੀ ਦੇ ਪੇਪਰ ਪੜ੍ਹਾਈ ਕਰਕੇ ਦਿੱਤੇ| ਅੱਠਵੀ ਅਤੇ ਨੌਵੀਂ ਵੀ ਚੰਗੇ ਨੰਬਰਾਂ ਨਾਲ ਪਾਸ ਕਰ ਲਈ| ਜੋਤਸ਼ੀ ਦੀ ਕਹੀ ਗੱਲ ਮਾਂ ਨੂੰ ਤਾਂ ਸ਼ਾਇਦ ਭੁੱਲ ਗਈ ਪਰ ਮੇਰੇ ਅਚੇਤ ਮਨ ਵਿੱਚ ਰੜਕਦੀ ਰਹੀ| ਦਸਵੀਂਂ ਜਮਾਤ ਵਿੱਚ ਮੈਂ ਪੜ੍ਹਾਈ ਦੇ ਨਾਲ ਨਾਲ ਬਾਕਸਿੰਗ ਖੇਡ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ| ਇਸ ਖੇਡ ਵਿੱਚ ਪੰਜਾਬ ਪੱਧਰ ਦੇ ਮੁਕਾਬਲੇ ਵਿੱਚੋਂ ਮੈਂ ਪਹਿਲੇ ਸਾਲ ਹੀ ਦੂਸਰੀ ਪੁਜ਼ੀਸਨ ਹਾਸਿਲ ਕਰ ਸਿਲਵਰ ਮੈਡਲ ਜਿੱਤ ਗਿਆ ਤੇ ਰਾਸ਼ਟਰੀ ਮੁਕਾਬਲੇ ਦੇ ਕੈਂਪ ਲਈ ਚੁਣਿਆ ਗਿਆ| ਸਕੂਲੀ ਪੜ੍ਹਾਈ ਤੋਂ ਬਾਅਦ ਮੈਂ ਕਾਲਜ ਵਿਖੇੇ ਪ੍ਰੈੱਪ ਜਮਾਤ ਵਿੱਚ ਦਾਖਲਾ ਲੈ ਲਿਆ ਤੇ ਬਾਕਸਿੰਗ ਦੀ ਖੇਡ ਵੀ ਜਾਰੀ ਰੱਖੀ ਤੇ ਜਿੱਤਾਂ ਪ੍ਰਾਪਤ ਕਰਦਾ ਬੀਏ ਪਾਸ ਕਰ ਗਿਆ|
ਮੈਨੂੰ ਮੇਰੇ ਕੋਚ ਨੇ ਸਲਾਹ ਦਿੱਤੀ ਕਿ ਹੁਣ ਤੂੰ ਡੀ.ਪੀ.ਐਡ. ਦਾ ਕੋਰਸ ਕਰ ਲੈ| ਮੈਂ ਪਟਿਆਲਾ ਦੇ ਫਿਜ਼ੀਕਲ ਐਜੂਕੇਸ਼ਨ ਕਾਲਜ ਵਿਚੋਂ ਡੀ.ਪੀ.ਐਡ, ਐਮ.ਪੀ.ਐਡ. ਅਤੇ ਐਮ.ਫਿਲ. ਦੀਆਂ ਤਿੰਨੋਂ ਜਮਾਤਾਂ ਲਗਾਤਾਰ ਪਾਸ ਕਰਕੇ ਨਿਕਲਿਆ| ਫਿਰ ਮੇਰੀ ਸਿਲੈਕਸ਼ਨ ਪੀ ਪੀ ਐੱਸਸੀ ਰਾਹੀ ਰੈਗੂਲਰ ਲੈਕਚਰਾਰ ਵਜੋਂ ਹੋਈ ਤੇ ਮੈਂ ਸਰਕਾਰੀ ਨੌਕਰੀ ਵਿੱਚ ਆ ਗਿਆ| ਮੈਂ ਪੰਜਾਬੀ ਯੂਨੀਵਰਸਿਟੀ ਤੋਂ ਪੀ ਐੱਚਡੀ ਦੀ ਡਿਗਰੀ ਵੀ ਹਾਸਿਲ ਕੀਤੀ ਤੇ ਐਸੋਸੀਏਟ ਪ੍ਰੋਫੈਸਰ ਬਣ ਗਿਆ ਤੇ ਹੁਣ ਮੈਂ ਤਰੱਕੀ ਉਪਰੰਤ ਸਰਕਾਰੀ ਕਾਲਜ ਵਿੱਚ ਬਤੌਰ ਪ੍ਰਿੰਸੀਪਲ ਤਾਇਨਾਤ ਹਾਂਂ|
ਜੋਤਸ਼ੀ ਦੁਆਰਾ ਕਹੀਆਂ ਗੱਲਾਂ ਮੇਰੀ ਲਗਨ , ਮਿਹਨਤ , ਦ੍ਰਿੜ ਇਰਾਦੇ , ਮਾਪਿਆਂ ਅਤੇ ਪ੍ਰਮਾਤਮਾ ਦੇ ਆਸ਼਼ੀਰਵਾਦ ਸਦਕਾ ਝੂਠੀਆਂ ਅਤੇ ਬੇਅਸਰ ਸਾਬਿਤ ਹੋ ਗਈਆਂ| ਮੇਰੇ ਤੋਂ ਵੱਧ ਇਹ ਹੋਰ ਕੌਣ ਜਾਣਦਾ ਹੈ ਕਿ ਆਪਣੀ ਕਿਸਮਤ ਬੰਦਾ ਆਪ ਲਿਖਦਾ ਹੈ।
ਸੰਪਰਕ: 94176-65241