ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਵਾਲ ਪੁੱਛਣ ਦਾ ਸਹੀ ਸਮਾਂ ਕਿਹੜਾ ?

ਅਰਵਿੰਦਰ ਜੌਹਲ ਏਅਰ ਇੰਡੀਆ ਦੇ ਬੋਇੰਗ ਹਵਾਈ ਜਹਾਜ਼ ਨੇ 12 ਮਈ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਦੇ ਕਰੀਬ ਲੰਡਨ ਜਾਣ ਲਈ ਉਡਾਣ ਭਰੀ। ਉਡਾਣ ਭਰਨ ਦੇ ਤਕਰੀਬਨ 30 ਸਕਿੰਟਾਂ ਵਿੱਚ ਹੀ ਇਹ...
Advertisement

ਅਰਵਿੰਦਰ ਜੌਹਲ

ਏਅਰ ਇੰਡੀਆ ਦੇ ਬੋਇੰਗ ਹਵਾਈ ਜਹਾਜ਼ ਨੇ 12 ਮਈ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਦੇ ਕਰੀਬ ਲੰਡਨ ਜਾਣ ਲਈ ਉਡਾਣ ਭਰੀ। ਉਡਾਣ ਭਰਨ ਦੇ ਤਕਰੀਬਨ 30 ਸਕਿੰਟਾਂ ਵਿੱਚ ਹੀ ਇਹ ਜਹਾਜ਼ ਆਸਮਾਨ ਵਿੱਚ ਪਰਵਾਜ਼ ਭਰਨ ਦੀ ਥਾਂ ਜ਼ੋਰਦਾਰ ਧਮਾਕੇ ਨਾਲ ਬੀ.ਜੇ. ਮੈਡੀਕਲ ਹਸਪਤਾਲ ਦੇ ਹੋਸਟਲ ਦੀ ਮੈੱਸ ਦੀ ਇਮਾਰਤ ’ਤੇ ਡਿੱਗਿਆ। ਚਾਰੋਂ ਪਾਸੇ ਚੀਖ-ਪੁਕਾਰ ਅਤੇ ਹਾਹਾਕਾਰ ਮੱਚ ਗਈ। ਭਿਆਨਕ ਅੱਗ ਅਤੇ ਧੂੰਏਂ ਦੇ ਗੁਬਾਰ ਤੋਂ ਬਿਨਾਂ ਹੋਰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਜਿਉਂ ਹੀ ਇਸ ਹਾਦਸੇ ਦੇ ਦ੍ਰਿਸ਼ ਟੀ.ਵੀ. ਸਕਰੀਨ ’ਤੇ ਆਉਣ ਲੱਗੇ, ਮਨ ’ਚ ਸੁੰਨ ਕਰ ਦੇਣ ਵਾਲੀ ਕੈਫ਼ੀਅਤ ਤਾਰੀ ਹੋਣ ਲੱਗੀ। ਇਹ ਗੱਲ ਆਸਮਾਨ ਛੂੰਹਦੇ ਕਾਲੇ ਧੂੰਏਂ ਤੋਂ ਹੀ ਸਮਝ ਆਉਂਦੀ ਸੀ ਕਿ ਮਰਨ ਵਾਲਿਆਂ ਦੇ ਮੂੰਹੋਂ ਕੋਈ ਆਵਾਜ਼ ਤਾਂ ਕੀ ਨਿਕਲਣੀ ਸੀ, ਉਨ੍ਹਾਂ ਦੇ ਤਾਂ ਸਰੀਰ ਵੀ ਅੱਖ ਦੇ ਫੋਰ ’ਚ ਹੀ ਰਾਖ ਹੋ ਗਏ ਕਿਉਂਕਿ ਹਵਾਈ ਜਹਾਜ਼ ਵਿਚਲੇ ਸਵਾ ਲੱਖ ਲਿਟਰ ਪੈਟਰੋਲ ਦੀ ਅੱਗ ਨੇ ਪਲਾਂ ਵਿੱਚ ਹੀ ਸਭ ਕੁਝ ਸਾੜ ਕੇ ਸੁਆਹ ਕਰ ਦਿੱਤਾ ਸੀ।

Advertisement

ਹਾਦਸੇ ਹੁੰਦੇ ਨੇ, ਕੁਝ ਦੇਰ ਹਾਹਾਕਾਰ ਮੱਚਦੀ ਹੈ, ਨੇਤਾ ਲੋਕ ਘਟਨਾ ਸਥਾਨ ਦਾ ਦੌਰਾ ਕਰਦੇ ਹਨ, ਜ਼ਖ਼ਮੀਆਂ ਨੂੰ ਮਿਲਦੇ ਹਨ, ਫੋਟੋਆਂ ਤੇ ਬਿਆਨ ਛਪਦੇ ਹਨ, ਜਾਂਚ ਦੀ ਗੱਲ ਚੱਲਦੀ ਹੈ ਪਰ ਜ਼ਮੀਨੀ ਹਕੀਕਤਾਂ ਨਹੀਂ ਬਦਲਦੀਆਂ। ਹਰ ਜਾਂਚ ਸਮੇਂ ਦੀ ਚਾਲ ਦੇ ਪੈਰਾਂ ’ਚ ਰੁਲ ਜਾਂਦੀ ਹੈ।

ਇਸ ਜਹਾਜ਼ ਵਿੱਚ 242 ਵਿਅਕਤੀ ਸਵਾਰ ਸਨ, 230 ਮੁਸਾਫ਼ਰ ਅਤੇ ਜਹਾਜ਼ ਦੇ ਚਾਲਕ ਦਲ ਦੇ 12 ਮੈਂਬਰ। ਇਨ੍ਹਾਂ ਸਾਰਿਆਂ ’ਚੋਂ ਸਿਰਫ਼ ਇੱਕ ਯਾਤਰੀ ਵਿਸ਼ਵਾਸ ਕੁਮਾਰ ਰਮੇਸ਼ ਹੀ ਬਚਿਆ ਹੈ। ਉਹ ਤਾਂ ਬਚ ਗਿਆ ਪਰ ਉਸ ਦਾ ਸਕਾ ਭਰਾ ਇਸ ਹਾਦਸੇ ਵਿੱਚ ਮਾਰਿਆ ਗਿਆ। ਇਹ ਜਹਾਜ਼ ਮੈਡੀਕਲ ਕਾਲਜ ਦੇ ਹੋਸਟਲ ਦੀ ਇਮਾਰਤ ਉੱਪਰ ਡਿੱਗਿਆ ਜਿਸ ਕਾਰਨ ਇਸ ਵਿਚਲੇ ਮੁਸਾਫ਼ਰਾਂ ਅਤੇ ਅਮਲੇ ਤੋਂ ਇਲਾਵਾ ਜ਼ਮੀਨ ਉੱਪਰ ਮਰਨ ਵਾਲਿਆਂ ਦੀ ਗਿਣਤੀ ਵੀ ਹੁਣ ਤੱਕ ਤੀਹ ਦੇ ਨੇੜੇ-ਤੇੜੇ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿੱਚ ਡਾਕਟਰ ਅਤੇ ਮੈਡੀਕਲ ਦੇ ਵਿਦਿਆਰਥੀ ਸ਼ਾਮਲ ਹਨ।

ਜ਼ਿੰਦਗੀ ਅਤੇ ਮੌਤ ਵਿਚਲਾ ਫ਼ਾਸਲਾ ਕਈ ਵਾਰ ਕਿਵੇਂ ਕੁਝ ਸਕਿੰਟ ਅਤੇ ਕੁਝ ਮੀਟਰ ਹੀ ਹੁੰਦਾ ਹੈ। ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਦੀ ਵੀ ਮੌਤ ਹੋ ਗਈ ਅਤੇ ਇੱਕ ਡਾਕਟਰ ਜੋੜਾ ਅਤੇ ਉਨ੍ਹਾਂ ਦੇ ਤਿੰਨ ਮਾਸੂਮ ਬੱਚੇ ਵੀ ਮੌਤ ਦੇ ਮੂੰਹ ’ਚ ਜਾ ਪਏ। ਡਾਕਟਰ ਪ੍ਰਤੀਕ ਜੋਸ਼ੀ 9 ਜੂਨ ਨੂੰ ਹੀ ਭਾਰਤ ਆਇਆ ਸੀ ਅਤੇ 12 ਜੂਨ ਨੂੰ ਆਪਣੀ ਪਤਨੀ ਡਾ. ਕੋਮੀ ਜੋਸ਼ੀ ਤੇ ਤਿੰਨਾਂ ਬੱਚਿਆਂ ਨਾਲ ਲੰਡਨ ਜਾ ਰਿਹਾ ਸੀ। ਜਹਾਜ਼ ਵਿੱਚ ਸਵਾਰ ਹੋ ਕੇ ਉਸ ਨੇ ਸਭ ਦੀ ਸੈਲਫ਼ੀ ਵੀ ਆਪਣੇ ਮਾਪਿਆਂ ਨੂੰ ਭੇਜੀ ਸੀ। ਅੱਗ ਦੇ ਇਸ ਤਾਂਡਵ ਵਿੱਚ 26 ਸਾਲਾ ਭਾਵਿਕ ਮਹੇਸ਼ਵਰੀ ਵੀ ਸੜ ਕੇ ਸੁਆਹ ਹੋ ਗਿਆ ਜਿਸ ਦਾ ਸਿਰਫ਼ ਦੋ ਦਿਨ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਨਵਵਿਆਹੁਤਾ ਅੰਕਿਤਾ ਪਟੇਲ ਦਾ ਆਪਣੇ ਪਤੀ ਕੋਲ ਜਾ ਕੇ ਵਸਣ ਦਾ ਸੁਫ਼ਨਾ ਵੀ ਇਨ੍ਹਾਂ ਅੱਗ ਦੀਆਂ ਲਾਟਾਂ ’ਚ ਸੜ ਕੇ ਸੁਆਹ ਹੋ ਗਿਆ। ਲੰਡਨ ਛੁੱਟੀਆਂ ਮਨਾਉਣ ਜਾ ਰਹੇ ਨੀਰਜ ਅਤੇ ਉਸ ਦੀ ਪਤਨੀ ਅਪਰਣਾ ਨੂੰ ਵੀ ਇਸ ਅੱਗ ਨੇ ਨਿਗਲ ਲਿਆ।

ਇਸ ਹਾਦਸੇ ’ਚ ਜ਼ਮੀਨ ਉੱਤੇ ਮਰਨ ਵਾਲਿਆਂ ਵਿੱਚ ਬੀ.ਜੇ. ਮੈਡੀਕਲ ਕਾਲਜ ਦੇ ਡਾਕਟਰ, ਵਿਦਿਆਰਥੀ ਅਤੇ ਕਈ ਕਰਮਚਾਰੀ ਵੀ ਸ਼ਾਮਲ ਹਨ। ਇਸ ਹਾਦਸੇ ਦੀਆਂ ਅਨੇਕਾਂ ਦਰਦ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਬਹੁਤ ਹੀ ਦੁਖਦਾਈ ਕਹਾਣੀ ਸੀਤਾ ਬੇਨ ਦੀ ਹੈ ਜੋ ਮੈਡੀਕਲ ਕਾਲਜ ਦੀ ਇਮਾਰਤ ਨੇੜੇ ਆਪਣਾ ਚਾਹ ਦਾ ਖੋਖਾ ਚਲਾਉਂਦੀ ਹੈ। ਉਹ ਉਸ ਮੰਦਭਾਗੇ ਦਿਨ ਕੁਝ ਦੇਰ ਲਈ ਆਪਣੇ 14 ਸਾਲਾ ਪੁੱਤਰ ਆਕਾਸ਼ ਨੂੰ ਖੋਖੇ ’ਤੇ ਛੱਡ ਕੇ ਨੇੜੇ ਹੀ ਕੋਈ ਜ਼ਰੂਰੀ ਕੰਮ ਕਰਨ ਚਲੀ ਗਈ। ਅਚਾਨਕ ਉਸ ਨੂੰ ਆਪਣੇ ਖੋਖੇ ਵਾਲੇ ਪਾਸਿਓਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਆਸਮਾਨ ਛੂੰਹਦੀਆਂ ਅੱਗ ਦੀਆਂ ਲਾਟਾਂ ਅਤੇ ਧੂੰਆਂ ਦਿਸਿਆ। ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਤੈਰ ਰਿਹਾ ਹੈ ਜਿਸ ਵਿੱਚ ਉਹ ਬਦਹਵਾਸ ਹੋ ਕੇ ਸੜਕ ’ਤੇ ਵਾਹੋਦਾਹੀ ਭੱਜੀ ਜਾਂਦੀ ਹੈ ਅਤੇ ਕਦੇ ਕਿਸੇ ਕਾਰ ਵਾਲੇ ਅਤੇ ਕਦੇ ਕਿਸੇ ਹੋਰ ਨੂੰ ਮਦਦ ਲਈ ਪੁਕਾਰਦੀ ਹੈ ਪਰ ਕੋਈ ਉਸ ਦੀ ਮਦਦ ਲਈ ਅੱਗੇ ਨਹੀਂ ਆਉਂਦਾ। ਅਖ਼ੀਰ ਡਿੱਗਦੀ-ਢਹਿੰਦੀ ਉਹ ਖ਼ੁਦ ਉਸ ਅੱਗ ਵਿੱਚ ਕੁੱਦ ਜਾਂਦੀ ਹੈ ਕਿ ਕਿਸੇ ਤਰ੍ਹਾਂ ਆਪਣੇ ਬੱਚੇ ਨੂੰ ਬਚਾ ਲਵੇ। ਆਪਣੇ ਬੱਚੇ ਨੂੰ ਤਾਂ ਉਹ ਨਹੀਂ ਬਚਾ ਸਕੀ ਪਰ ਖ਼ੁਦ 50 ਫ਼ੀਸਦੀ ਝੁਲਸ ਗਈ। ਉਹ ਇਸ ਵੇਲੇ ਇਲਾਜ ਲਈ ਹਸਪਤਾਲ ’ਚ ਦਾਖ਼ਲ ਹੈ। ਅਜੇ ਉਸ ਨੂੰ ਨਹੀਂ ਪਤਾ ਕਿ ਉਹ ਭਿਆਨਕ ਅੱਗ ਉਸ ਦੇ ਪੁੱਤਰ ਨੂੰ ਨਿਗਲ ਚੁੱਕੀ ਹੈ।

ਜਦੋਂ ਕਿਸੇ ਭਿਆਨਕ ਹਾਦਸੇ ’ਚ ਇੱਕ ਵੀ ਜਾਨ ਜਾਂਦੀ ਹੈ ਤਾਂ ਉਸ ਤੋਂ ਕਈ ਜ਼ਿੰਦਗੀਆਂ ਪ੍ਰਭਾਵਿਤ ਹੁੰਦੀਆਂ ਹਨ। ਇਹ ਹਾਦਸਾ, ਜਿਸ ’ਚ ਪੌਣੇ ਤਿੰਨ ਸੌ ਦੇ ਕਰੀਬ ਜਾਨਾਂ ਜਾ ਚੁੱਕੀਆਂ ਹਨ, ਕਿੰਨੇ ਹੀ ਲੋਕਾਂ ਨੂੰ ਸਿਸਕਦਿਆਂ, ਰੋਂਦਿਆਂ, ਕੁਰਲਾਉਂਦਿਆਂ ਛੱਡ ਗਿਆ ਹੋਵੇਗਾ, ਇਸ ਦਾ ਪੂਰਾ ਅੰਦਾਜ਼ਾ ਲਾਉਣਾ ਅਜੇ ਮੁਸ਼ਕਿਲ ਹੈ। ਇਹ ਨਹੀਂ ਕਿ ਇਹ ਜਹਾਜ਼ ਕਿਸੇ ਚੰਗੀ ਕੰਪਨੀ ਦਾ ਨਹੀਂ ਸੀ, ਇਹ ਵੀ ਨਹੀਂ ਸੀ ਕਿ ਇਸ ਨੂੰ ਚਲਾਉਣ ਵਾਲੇ ਪਾਇਲਟ ਤੇ ਉਸ ਦੇ ਸਹਿਯੋਗੀ ਪਾਇਲਟ ਦਾ ਜਹਾਜ਼ ਉਡਾਉਣ ਦਾ ਤਜਰਬਾ ਘੱਟ ਸੀ ਪਰ ਫਿਰ ਕੁਝ ਸਕਿੰਟਾਂ ਵਿੱਚ ਅਜਿਹਾ ਕੀ ਵਾਪਰਿਆ ਕਿ ਇਹ ਜਹਾਜ਼ ਅੱਗ ਦਾ ਗੋਲਾ ਬਣ ਗਿਆ?

ਇਹ ਸਵਾਲ ਅੱਜ ਸਾਡੇ ਆਪਣੇ ਹੀ ਦੇਸ਼ ’ਚ ਨਹੀਂ ਸਗੋਂ ਦੁਨੀਆ ਭਰ ਦੇ ਲੋਕਾਂ ਦੀ ਜ਼ੁਬਾਨ ’ਤੇ ਹੈ। ਦੇਸੀ, ਵਿਦੇਸ਼ੀ ਜਾਂਚ ਏਜੰਸੀਆਂ ਤੇ ਸਰਕਾਰਾਂ ਜਾਂਚ ਜ਼ਰੂਰ ਕਰਵਾਉਣਗੀਆਂ ਪਰ ਉਨ੍ਹਾਂ ਵੱਲੋਂ ਕੱਢੇ ਜਾਣ ਵਾਲੇ ਸਿੱਟੇ ਪਤਾ ਨਹੀਂ ਕਦ ਤੱਕ ਲੋਕਾਂ ਸਾਹਮਣੇ ਆਉਣਗੇ। ਹਵਾਬਾਜ਼ੀ ਖੇਤਰ (Aviation Sector) ਇੱਕ ਬਹੁਤ ਹੀ ਮਹਿੰਗਾ ਖੇਤਰ ਹੈ ਜਿਸ ਵਿੱਚ ਅਰਬਾਂ-ਖਰਬਾਂ ਡਾਲਰਾਂ ਦਾ ਨਿਵੇਸ਼ ਵੀ ਹੈ ਤੇ ਮੁਨਾਫ਼ਾ ਵੀ।

ਇਸ ਜਹਾਜ਼ ਦਾ ਬਲੈਕ ਬਾਕਸ ਮਿਲ ਚੁੱਕਾ ਹੈ ਜਿਸ ਤੋਂ ਇਹ ਪਤਾ ਲੱਗ ਸਕੇਗਾ ਕਿ ਆਖ਼ਰੀ ਘੜੀਆਂ ਦੌਰਾਨ ਜਹਾਜ਼ ’ਚ ਕੀ ਵਾਪਰਿਆ। ਐੱਨ.ਆਈ.ਏ. ਅਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਵੀ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਹੈ। ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਉੱਚ-ਪੱਧਰੀ ਜਾਂਚ ਕਮੇਟੀ ਵੀ ਕਾਇਮ ਕੀਤੀ ਗਈ ਹੈ। ਬੋਇੰਗ ਕੰਪਨੀ ਦੇ ਜਾਂਚਕਰਤਾ ਵੀ ਭਾਰਤ ਦਾ ਦੌਰਾ ਕਰਨਗੇ ਜੋ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨਗੇ। ਉਹ ਇਹ ਵੀ ਦੇਖਣਗੇ ਕਿ ਜਹਾਜ਼ ਦਾ ਰੱਖ-ਰਖਾਓ ਠੀਕ ਸੀ ਜਾਂ ਨਹੀਂ। ਖ਼ੈਰ, ਬੋਇੰਗ ਜਹਾਜ਼ਾਂ ਦੇ ਮਿਆਰ ’ਤੇ ਬੀਤੇ ’ਚ ਵੀ ਕਈ ਸਵਾਲ ਉੱਠ ਚੁੱਕੇ ਹਨ। ਇਸ ਜਾਂਚ ਦੇ ਕੀ ਸਿੱਟੇ ਨਿਕਲਣਗੇ, ਇਸ ਨਾਲ ਉਨ੍ਹਾਂ ਪਰਿਵਾਰਾਂ ਦਾ ਕੁਝ ਨਹੀਂ ਸੰਵਰਨਾ ਜਿਨ੍ਹਾਂ ਦੇ ਜੀਆਂ ਦੀ ਇਸ ਹਾਦਸੇ ’ਚ ਮੌਤ ਹੋ ਗਈ ਪਰ ਇਸ ਨਾਲ ਸੋਗ ’ਚ ਡੁੱਬੇ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦੀ ਯਕੀਨਦਹਾਨੀ ਤਾਂ ਕਰਵਾਈ ਜਾ ਸਕਦੀ ਹੈ ਕਿ ਭਵਿੱਖ ’ਚ ਅਜਿਹਾ ਕੋਈ ਹਾਦਸਾ ਨਾ ਵਾਪਰਨ ਦੇਣ ਲਈ ਦੇਸ਼ ਵੱਲੋਂ ਕੀ-ਕੀ ਕਦਮ ਚੁੱਕੇ ਜਾ ਰਹੇ ਹਨ। ਹੌਸਲਾ ਬੰਨ੍ਹਾਉਣਾ ਤਾਂ ਦੂਰ ਦੀ ਗੱਲ, ਕੇਂਦਰੀ ਗ੍ਰਹਿ ਮੰਤਰੀ ਨੇ ਜਦੋਂ ਹਾਦਸੇ ਮਗਰੋਂ ਅਹਿਮਦਾਬਾਦ ਦਾ ਦੌਰਾ ਕੀਤਾ ਤਾਂ ਉਨ੍ਹਾਂ ਉੱਥੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘‘ਇਹ ਦੁਰਘਟਨਾ ਹੈ, ਇਸ ਨੂੰ ਕੋਈ ਰੋਕ ਨਹੀਂ ਸਕਦਾ ਸੀ। ਗਰਮੀ ਬਹੁਤ ਸੀ ਅਤੇ ਹਵਾਈ ਜਹਾਜ਼ ’ਚ ਈਂਧਣ ਬਹੁਤ ਭਰਿਆ ਹੋਇਆ ਸੀ। ਬਚਣ ਦਾ ਕੋਈ ਮੌਕਾ ਨਹੀਂ ਸੀ।’’ ਹਾਦਸੇ ਬਾਰੇ ਕੀ ਏਦਾਂ ਦਾ ਤਰਕ ਦਿੱਤਾ ਜਾ ਸਕਦਾ ਹੈ? ਸੰਵੇਦਨਹੀਣਤਾ ਦੀ ਸਿਖ਼ਰ ਤਾਂ ਉਦੋਂ ਹੋਈ ਜਦੋਂ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਵੱਲੋਂ ਘਟਨਾ ਸਥਾਨ ਦੇ ਦੌਰੇ ਮੌਕੇ ਉਨ੍ਹਾਂ ਦਾ ਚਿਹਰਾ ਕੇਂਦਰ ’ਚ ਰੱਖ ਕੇ ਬਾਕਾਇਦਾ ਰੀਲ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ। ਉਹ ਰੀਲ ਐਡਿਟ ਕਰਕੇ ਬੈਂਕਗਰਾਊਂਡ ਸੰਗੀਤ ਵੀ ਦਿੱਤਾ ਹੋਇਆ ਸੀ। ਫਿਰ ਲੋਕਾਂ ਵੱਲੋਂ ਆਲੋਚਨਾ ਮਗਰੋਂ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਤਾਂ ਦੱਸਿਆ ਕਿ ਸਰਕਾਰ ਨੇ ਉੱਚ-ਪੱਧਰੀ ਕਮੇਟੀ ਕਾਇਮ ਕੀਤੀ ਹੈ ਪਰ ਇਹ ਨਹੀਂ ਦੱਸਿਆ ਕਿ ਜਾਂਚ ਦਾ ਦਾਇਰਾ ਕੀ ਹੋਵੇਗਾ। ਇਹ ਕਮੇਟੀ ਸੋਮਵਾਰ ਤੋਂ ਆਪਣੀਆਂ ਮੀਟਿੰਗਾਂ ਸ਼ੁਰੂ ਕਰਕੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਹਾਦਸੇ ਬਾਰੇ ਜਾਂਚ ਰਿਪੋਰਟ ਪੇਸ਼ ਕਰੇਗੀ। ਪ੍ਰੈੱਸ ਕਾਨਫਰੰਸ ’ਚ ਜਦੋਂ ਪੱਤਰਕਾਰਾਂ ਦੇ ਸਵਾਲ ਪੁੱਛਣ ਦਾ ਵੇਲਾ ਆਇਆ ਤਾਂ ਮੰਤਰੀ ਜੀ ਬਿਨਾਂ ਸਵਾਲਾਂ ਦਾ ਜਵਾਬ ਦਿੱਤੇ ਇਹ ਕਹਿ ਕੇ ਉੱਠ ਗਏ ਕਿ ਸਵਾਲਾਂ ਦਾ ਜਵਾਬ ਦੇਣ ਦਾ ਇਹ ਸਹੀ ਵੇਲਾ ਨਹੀਂ ਹੈ। ਪੱਤਰਕਾਰਾਂ ਵੱਲੋਂ ਫਿਰ ਵੀ ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਦਾ ਕਹਿਣਾ ਸੀ, ‘‘ਸਹੀ ਸਮੇਂ ’ਤੇ ਅਸੀਂ ਸਵਾਲਾਂ ਦਾ ਜਵਾਬ ਦੇਵਾਂਗੇ।’’ ਪਰ ਕੀ ਇਨ੍ਹਾਂ ਸਾਰੇ ਸਵਾਲਾਂ ਦੇ ਸਹੀ ਜਵਾਬ ਕਦੇ ਮਿਲ ਸਕਣਗੇ?

Advertisement