ਜੰਗੀ ਵਿਰਾਸਤ
ਆਸਲ ਉਤਾੜ ਵਿਖੇ ਪੰਜਾਬ ਦਾ ਪਹਿਲਾ ਫ਼ੌਜੀ ਵਿਰਾਸਤੀ ਸਥਾਨ ਭਾਰਤ ਦੇ ਇਤਿਹਾਸ ਦੇ ਫ਼ੈਸਲਾਕੁਨ ਪਲ ਨੂੰ ਢੁੱਕਵੀਂ ਸ਼ਰਧਾਂਜਲੀ ਹੈ। 8 ਤੋਂ 10 ਸਤੰਬਰ ਤੱਕ ਪੰਜਾਬ ਦੇ ਖੇਮਕਰਨ ਸੈਕਟਰ ਵਿੱਚ ਹੋਈ ਇਹ ਝੜਪ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਟੈਂਕ ਨਾਲ ਲੜੀਆਂ ਗਈਆਂ ਸਭ ਤੋਂ ਵੱਡੀਆਂ ਲੜਾਈਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਜੰਗ ਦੀ 60ਵੀਂ ਵਰ੍ਹੇਗੰਢ ਮਨਾਉਣ ਲਈ ਫ਼ੌਜ ਅਤੇ ‘ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ’ ਨੇ ਆਸਲ ਉਤਾੜ ਵਿੱਚ ਪੰਜਾਬ ਦਾ ਪਹਿਲਾ ਫ਼ੌਜੀ ਵਿਰਾਸਤੀ ਸਥਾਨ ਖੋਲ੍ਹਣ ਲਈ ਸਾਂਝ ਪਾਈ ਹੈ। ਨਵਾਂ ਅਜਾਇਬ ਘਰ, ਫੋਟੋ ਗੈਲਰੀ ਅਤੇ ਆਡੀਓ-ਵਿਜ਼ੂਅਲ ਸਹੂਲਤਾਂ ਹੁਣ ਸਿਪਾਹੀਆਂ ਦੀ ਬਹਾਦਰੀ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਪਿੰਡ ਵਾਸੀਆਂ ਦੀ ਦ੍ਰਿੜ੍ਹਤਾ ਦੇ ਪ੍ਰਮਾਣ ਵਜੋਂ ਮੌਜੂਦ ਹਨ।
ਇਹ ਵੇਲੇ ਸਿਰ ਚੁੱਕਿਆ ਗਿਆ ਕਦਮ ਹੈ, ਕਿਉਂਕਿ ਜਦੋਂ ਤੱਕ ਇਤਿਹਾਸ ਨੂੰ ਸਾਂਭਿਆ ਨਹੀਂ ਜਾਂਦਾ, ਅਕਸਰ ਇਸ ਦੇ ਲੋਪ ਹੋਣ ਦਾ ਖ਼ਤਰਾ ਰਹਿੰਦਾ ਹੈ। ਪੰਜਾਬ ਵਰਗੇ ਸੂਬੇ ਜਿਸ ਨੇ 1947 ਵਾਲੀ ਵੰਡ ਦੀ ਉਥਲ-ਪੁਥਲ ਅਤੇ ਬਾਅਦ ਦੇ ਸੰਘਰਸ਼ਾਂ ਤੋਂ ਫੱਟ ਖਾਧੇ ਹਨ, ਲਈ ਇਸ ਜੰਗ ਦਾ ਸਤਿਕਾਰ ਕਰਨਾ ਸਿਰਫ਼ ਫ਼ੌਜੀ ਸੋਭਾ ਤੇ ਸਨਮਾਨ ਨਾਲ ਜੁੜਿਆ ਹੋਇਆ ਨਹੀਂ, ਸਗੋਂ ਇਹ ਸਾਂਝੀ ਯਾਦ ਉੱਤੇ ਮੁੜ ਹੱਕ ਜਤਾਉਣ ਅਤੇ ਇਸ ਨੂੰ ਸਾਂਭਣ ਬਾਰੇ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਆਸਲ ਉਤਾੜ ਨੂੰ ਸੈਰ-ਸਪਾਟਾ ਅਤੇ ਵਿਦਿਅਕ ਕੇਂਦਰ ਵਜੋਂ ਵਿਕਸਤ ਕਰੇ। ਇਸ ਜਗ੍ਹਾ ਵਿੱਚ ਨੌਜਵਾਨਾਂ ਲਈ ਦੇਸ਼ ਪ੍ਰੇਮ ਦੀ ਸਿੱਖਿਆ ਦਾ ਕੇਂਦਰ ਅਤੇ ਵਿਰਾਸਤੀ ਸੈਰ-ਸਪਾਟੇ ਦਾ ਧੁਰਾ, ਦੋਵੇਂ ਬਣਨ ਦੀਆਂ ਸੰਭਾਵਨਾਵਾਂ ਮੌਜੂਦ ਹੈ। ਇੱਥੋਂ ਦੀਆਂ ਯਾਦਗਾਰਾਂ ਨੂੰ ਜਾਨਦਾਰ ਥਾਵਾਂ ਵਿੱਚ ਬਦਲਿਆ ਜਾਣਾ ਚਾਹੀਦਾ ਹੈ ਜਿੱਥੇ ਬਹਾਦਰੀ, ਕੁਰਬਾਨੀ ਅਤੇ ਰਣਨੀਤੀ ਦੀਆਂ ਗਾਥਾਵਾਂ ਨੂੰ ਸਨਮਾਨ ਨਾਲ ਦੁਬਾਰਾ ਸੁਣਾਇਆ ਜਾਂਦਾ ਹੈ।
ਇਸ ਦੇ ਨਾਲ ਹੀ ਆਸਲ ਉਤਾੜ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੁਰੱਖਿਆ ਨੂੰ ਕਦੇ ਵੀ ਯਕੀਨੀ ਮੰਨ ਕੇ ਨਹੀਂ ਚੱਲਿਆ ਜਾ ਸਕਦਾ। ਜੰਗਾਂ ਸਿਰਫ਼ ਹਥਿਆਰਾਂ ਨਾਲ ਹੀ ਨਹੀਂ, ਸਗੋਂ ਇੱਛਾ ਸ਼ਕਤੀ, ਸੰਗਠਨ ਅਤੇ ਭਾਈਚਾਰਕ ਸਹਾਇਤਾ ਨਾਲ ਵੀ ਲੜੀਆਂ ਜਾਂਦੀਆਂ ਹਨ। ਇਸ ਇਤਿਹਾਸ ਉੱਤੇ ਮੁੜ ਝਾਤ ਮਾਰਦਿਆਂ ਭਾਰਤ ਨੂੰ ਨਵੀਆਂ ਚੁਣੌਤੀਆਂ (ਅਤਿਵਾਦ ਤੋਂ ਲੈ ਕੇ ਸਾਈਬਰ ਯੁੱਧ ਤੱਕ) ਦੇ ਯੁੱਗ ਵਿੱਚ ਲਚਕਤਾ ਦੇ ਸਬਕ ਸਿੱਖਣੇ ਚਾਹੀਦੇ ਹਨ। ਇਸ ਲਈ ਆਸਲ ਉਤਾੜ ਵਿਰਾਸਤੀ ਪ੍ਰਾਜੈਕਟ ਦੀ ਅਹਿਮੀਅਤ ਯਾਦਗਾਰ ਤੋਂ ਕਿਤੇ ਜ਼ਿਆਦਾ ਹੈ। ਇਹ ਯਾਦ ਅਤੇ ਜ਼ਿੰਮੇਵਾਰੀ ਵਿਚਕਾਰ ਅਜਿਹਾ ਪੁਲ ਹੈ, ਜੋ ਨਾਗਰਿਕਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਭਵਿੱਖ ਲਈ ਸਿਆਣਪ ਨਾਲ ਤਿਆਰੀ ਕਰਦਿਆਂ ਉਹ ਅਤੀਤ ਨੂੰ ਵੀ ਯਾਦ ਰੱਖਣ। ਅਤੀਤ ਅਤੇ ਇਤਿਹਾਸ ਸਾਡੇ ਵਰਤਮਾਨ ਅੰਦਰ ਸਦਾ ਨਵੇਂ ਰੰਗ ਭਰਦੇ ਹਨ। ਇਸ ਲਈ ਇਸ ਨੂੰ ਹਰ ਕੋਣ ਦੇ ਦੇਖਣਾ ਚਾਹੀਦਾ ਹੈ।