ਉਪ ਰਾਸ਼ਟਰਪਤੀ ਦੀ ਚੋਣ
ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਸੀ ਪੀ ਰਾਧਾਕ੍ਰਿਸ਼ਨਨ ਦੀ ਚੋਣ ਦੇਸ਼ ਦੀ ਸੰਵਿਧਾਨਕ ਯਾਤਰਾ ’ਚ ਲਗਾਤਾਰਤਾ ਅਤੇ ਤਬਦੀਲੀ, ਦੋਵਾਂ ਨੂੰ ਦਰਸਾਉਂਦੀ ਹੈ। ਸੱਤਾਧਾਰੀ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਦੇ ਨਾਮਜ਼ਦ ਉਮੀਦਵਾਰ ਨੇ ਵਿਰੋਧੀ ਧਿਰ ਦੇ ਉਮੀਦਵਾਰ ਬੀ ਸੁਦਰਸ਼ਨ ਰੈੱਡੀ ਨੂੰ 152 ਵੋਟਾਂ ਨਾਲ ਹਰਾਇਆ, ਜੋ ਸਰਕਾਰ ਦੀ ਵਿਧਾਨਕ ਤਾਕਤ ਅਤੇ ਸੰਗਠਨਾਤਮਕ ਅਨੁਸ਼ਾਸਨ ਨੂੰ ਉਭਾਰਦਾ ਹੈ। ਭਾਜਪਾ ਲਈ ਰਾਧਾਕ੍ਰਿਸ਼ਨਨ ਦੀ ਚੋਣ ਰਣਨੀਤਕ ਹੈ। ਆਰਐੱਸਐੱਸ ’ਚ ਡੂੰਘੀਆਂ ਜੜ੍ਹਾਂ ਵਾਲੇ ਤਾਮਿਲਨਾਡੂ ਦੇ ਤਜਰਬੇਕਾਰ ਸਿਆਸੀ ਨੇਤਾ, ਰਾਧਾਕ੍ਰਿਸ਼ਨਨ ਪਾਰਟੀ ’ਚ ਕਈ ਮੋਹਰੀ ਭੂਮਿਕਾਵਾਂ ਨਿਭਾਅ ਚੁੱਕੇ ਹਨ ਅਤੇ ਦੋ ਵਾਰ ਲੋਕ ਸਭਾ ਮੈਂਬਰ ਰਹੇ ਹਨ। ਉਨ੍ਹਾਂ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਲਿਆ ਕੇ ਐੱਨਡੀਏ ਨੇ ਨਾ ਸਿਰਫ਼ ਵਫ਼ਾਦਾਰੀ ਅਤੇ ਤਜਰਬੇ ਨੂੰ ਇਨਾਮ ਦਿੱਤਾ ਹੈ, ਸਗੋਂ ਕੌਮੀ ਰਾਜਨੀਤੀ ਵਿੱਚ ਦੱਖਣੀ ਚਿਹਰੇ ਨੂੰ ਪੇਸ਼ ਕਰਨ ਦੇ ਆਪਣੇ ਇਰਾਦੇ ਦਾ ਵੀ ਸੰਕੇਤ ਦਿੱਤਾ ਹੈ। ਇਸ ਦੇ ਪ੍ਰਭਾਵ ਦੱਖਣ ਵਿੱਚ ਭਾਜਪਾ ਦਾ ਆਪਣਾ ਰਸੂਖ਼ ਡੂੰਘਾ ਕਰਨ ਦੀਆਂ ਕੋਸ਼ਿਸ਼ਾਂ ’ਤੇ ਪੈਣਗੇ, ਜਿੱਥੇ ਇਹ ਰਵਾਇਤੀ ਤੌਰ ’ਤੇ ਚੋਣਾਂ ’ਚ ਬਹੁਤ ਪਿੱਛੇ ਰਹਿੰਦੀ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫ਼ੈਸਲਾ ਉਨ੍ਹਾਂ ਦੀ ਵਿਰਾਸਤ ਨੂੰ ਵੀ ਦਰਸਾਉਂਦਾ ਹੈ ਉਨ੍ਹਾਂ ਨੇਤਾਵਾਂ ਦਾ ਸਨਮਾਨ ਕਰਨਾ ਜਿਨ੍ਹਾਂ ਨੇ ਪਾਰਟੀ ਦੇ ਮਾੜੇ ਸਮਿਆਂ ਦੌਰਾਨ ਦ੍ਰਿੜ੍ਹਤਾ ਨਾਲ ਅੱਜ ਵਾਲੀ ਭਾਜਪਾ ਦਾ ਨਿਰਮਾਣ ਕੀਤਾ।
ਉਨ੍ਹਾਂ ਦੀ ਚੋਣ ‘ਇੰਡੀਆ’ ਗੁੱਟ ਨੂੰ ਸਾਂਝਾ ਮੋਰਚਾ ਖੋਲ੍ਹਣ ਵਿੱਚ ਆਈ ਮੁਸ਼ਕਿਲ ਨੂੰ ਵੀ ਉਜਾਗਰ ਕਰਦੀ ਹੈ। ਹਾਰ ਦਾ ਫ਼ਰਕ ਸਿਰਫ ਐੱਨਡੀਏ ਦੀ ਤਾਕਤ ਨੂੰ ਹੀ ਨਹੀਂ, ਬਲਕਿ ਵਿਰੋਧੀ ਧਿਰ ਦੀ ਫੁੱਟ ਅਤੇ ਕਰਾਸ-ਵੋਟਿੰਗ ਨੂੰ ਵੀ ਦਰਸਾਉਂਦਾ ਹੈ। ਵਿਰੋਧੀ ਧਿਰ ਲਈ ਇਹ ਇੱਕ ਹੋਰ ਚਿਤਾਵਨੀ ਹੈ ਕਿ ਪ੍ਰਤੀਕਾਤਮਕ ਮੁਕਾਬਲੇ ਕਿਸੇ ਤਾਲਮੇਲ ਵਾਲੀ ਰਣਨੀਤੀ ਦਾ ਬਦਲ ਨਹੀਂ ਹੋ ਸਕਦੇ। ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ‘ਇੰਡੀਆ’ ਗੁੱਟ ਦੀ ਫੁੱਟ ਉੱਭਰ ਕੇ ਸਾਹਮਣੇ ਆਈ ਹੈ, ਜਿਸ ਦਾ ਸੱਤਾਧਾਰੀਆਂ ਨੇ ਪੂਰਾ ਲਾਹਾ ਲਿਆ।
ਉਪ ਰਾਸ਼ਟਰਪਤੀ ਸਿਰਫ਼ ਰਸਮੀ ਸ਼ਖ਼ਸੀਅਤ ਤੋਂ ਕਿਤੇ ਵੱਧ ਹੈ। ਰਾਜ ਸਭਾ ਦੇ ਸਾਬਕਾ ਚੇਅਰਮੈਨ ਵਜੋਂ ਰਾਧਾਕ੍ਰਿਸ਼ਨਨ ਉਪਰਲੇ ਸਦਨ ਵਿੱਚ ਬਹਿਸਾਂ ਦੀ ਪ੍ਰਧਾਨਗੀ ਕਰਨਗੇ ਜਿੱਥੇ ਵੱਖ-ਵੱਖ ਕਾਰਨਾਂ ਕਰ ਕੇ ਅਕਸਰ ਹਲਚਲ ਰਹਿੰਦੀ ਹੈ। ਉਨ੍ਹਾਂ ਲਈ ਚੁਣੌਤੀ ਇਹ ਹੋਵੇਗੀ ਕਿ ਆਪਣੀਆਂ ਗਹਿਰੀਆਂ ਵਿਚਾਰਧਾਰਕ ਮਾਨਤਾਵਾਂ ਦੇ ਬਾਵਜੂਦ, ਉਹ ਸਦਨ ਦੀ ਕਾਰਵਾਈ ਨੂੰ ਨਿਰਪੱਖਤਾ ਨਾਲ ਕਿਵੇਂ ਚਲਾਉਂਦੇ ਹਨ। ਸੰਸਦ ਦੀ ਭਰੋਸੇਯੋਗਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਸਦਨ ਦੇ ਚੇਅਰਮੈਨ ਨੂੰ ਵੱਖ-ਵੱਖ ਪਾਰਟੀਆਂ ਦੇ ਫ਼ਰਕ ਤੋਂ ਪਰ੍ਹੇ ਕਿੰਨਾ ਸਤਿਕਾਰ ਮਿਲਦਾ ਹੈ। ਅਜਿਹੇ ਸਮੇਂ ਜਦੋਂ ਸੰਸਦੀ ਕੰਮ-ਕਾਜ ਜਨਤਕ ਪੜਤਾਲ ਵਿਚੋਂ ਲੰਘ ਰਿਹਾ ਹੈ, ਜੇਕਰ ਰਾਧਾਕ੍ਰਿਸ਼ਨਨ ਪੱਖਪਾਤੀ ਦਬਾਅ ਤੋਂ ਉੱਪਰ ਉੱਠ ਸਕਦੇ ਹਨ, ਵਿਧਾਨਕ ਬਹਿਸ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਰਾਜ ਸਭਾ ਦੀ ਮਾਣ-ਮਰਿਆਦਾ ਦੀ ਰਾਖੀ ਕਰ ਸਕਦੇ ਹਨ ਤਾਂ ਉਨ੍ਹਾਂ ਦੀ ਵਿਰਾਸਤ ਪਾਰਟੀ ਦੀ ਵਫ਼ਾਦਾਰੀ ਤੋਂ ਕਿਤੇ ਅੱਗੇ ਵਧੇਗੀ।